ਕਪੂਰਥਲਾ (ਕੌੜਾ ) – ਕੇਂਦਰ ਸਰਕਾਰ ਬਦਲਾ ਲਊ ਨੀਤੀ ਤਹਿਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਧੱਕੇ ਨਾਲ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਕੇ ਇਸ ਦੇ ਪਾਣੀਆਂ, ਬਿਜਲੀ ਘਰਾਂ ਅਤੇ ਹੋਰ ਸਰੋਤਾਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੀ ਹੈ, ਜ਼ੋ ਕਿ ਪੰਜਾਬ ਨਾਲ਼ ਬਹੁਤ ਵੱਡੀ ਬੇਇਨਸਾਫ਼ੀ ਹੋਵੇਗੀ। ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਹਲਕੇ ਦੇ ਉੱਘੇ ਕਿਸਾਨ ਆਗੂਆਂ ਜਥੇਦਾਰ ਪਰਮਜੀਤ ਸਿੰਘ ਖਾਲਸਾ, ਤਰਲੋਚਨ ਸਿੰਘ ਮੋਮੀ ਅਤੇ ਲਖਵਿੰਦਰ ਸਿੰਘ ਸ਼ਾਹਜਹਾਨ ਪੁਰ ਨੇ ਕਿਹਾ ਬੀ.ਬੀ.ਐਮ.ਬੀ ਦਾ ਪੰਜਾਬ ਦੀ ਤਰੱਕੀ ਲਈ ਬਹੁਤ ਵੱਡਾ ਯੋਗਦਾਨ ਹੈ।ਪਰ ਕੇਂਦਰ ਸਰਕਾਰ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਅਧਿਕਾਰ ਖੇਤਰ ਵਿੱਚ ਲਿਆਉਣਾ ਚਾਹੁੰਦੀ ਹੈ ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਜਦੋਂ ਦੀ ਭਾਜਪਾ ਸਰਕਾਰ ਦੇਸ਼ ਦੀ ਸੱਤਾ ਤੇ ਕਾਬਜ਼ ਹੋਈ ਹੈ ਤੇ ਉਂਦੋ ਤੋਂ ਹੀ ਰਾਜਾਂ ਦੇ ਸੰਘੀ ਢਾਂਚੇ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਵੱਡੀ ਕੀਮਤ ਚੁਕਾਉਣੀ ਪਈ ਹੈ ਪਰ ਕੇਂਦਰ ਵਿੱਚ ਆਈਆਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਨਾਲ਼ ਵਿਤਕਰਾ ਕੀਤਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏਗਾ ਤਾਂ ਪੰਜਾਬ ਦੇ ਲੋਕ ਦਿੱਲੀ ਨੂੰ ਘੇਰਾ ਪਾਉਣ ਤੋਂ ਫਿਰ ਪਿੱਛੇ ਨਹੀਂ ਹੱਟਣਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਅੰਦਰ ਅੰਨ ਦਾ ਸੰਕਟ ਸੀ ਤਾਂ ਪੰਜਾਬ ਦੇ ਲੋਕਾਂ ਨੇ ਸਖ਼ਤ ਮਿਹਨਤ ਕਰਦਿਆਂ ਭਾਰਤ ਦੇ ਅੰਨ ਭੰਡਾਰ ਭਰ ਦਿੱਤੇ ਜਿਸ ਲਈ ਪੰਜਾਬੀਆਂ ਨੂੰ ਵੱਡੀ ਕੀਮਤ ਚੁਕਾਉਣੀ ਪਈ।ਜੇ ਦੇਸ਼ ਦੀ ਆਜ਼ਾਦੀ ਗੱਲ ਕਰੀਏ ਤਾਂ ਉੱਥੇ ਵੀ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਦੇ ਕੇ ਸੰਤਾਪ ਹੰਢਾਇਆ ਪਰ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਉਸ ਸਮੇਂ ਕੇਂਦਰੀ ਸਰਕਾਰਾਂ ਨੇ ਹਮੇਸ਼ਾ ਹੀ ਵਿਤਕਰਾ ਕੀਤਾ ਹੈ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਦੀ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਉਹ ਗੰਭੀਰ ਨਤੀਜਿਆਂ ਲਈ ਤਿਆਰ ਰਹੇ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly