ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਹੜ੍ਹਾਂ ਨਾਲ ਪੰਜਾਬ ਬੁਰੀ ਤਰ੍ਹਾਂ ਝੰਬਿਆ ਗਿਆ ਹੈ। ਫ਼ਸਲਾਂ ਤਬਾਹ ਹੋ ਗਈਆਂ ਹਨ। ਪਸ਼ੂ ਧਨ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ ਵੀ ਵੱਡੀ ਤਬਾਹੀ ਹੋਈ ਤੇ ਹੋ ਰਹੀ ਹੈ। ਅਜਿਹੇ ਭਿਆਨਕ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਵੱਲ ਪਿੱਠ ਕਰਕੇ ਖੜ੍ਹੀ ਹੈ, ਜਿਵੇਂ ਇਸ ਤਬਾਹੀ ਨਾਲ਼ ਉਸ ਦਾ ਕੋਈ ਵਾਸਤਾ ਹੀ ਨਾ ਹੋਵੇ। ਇਹ ਵਰਤਾਰਾ ਅਤਿ ਨਿੰਦਣਯੋਗ ਅਤੇ ਨਾ ਬਖਸ਼ਣ ਯੋਗ ਹੈ। ਪ੍ਰੈਸ ਨੂੰ ਇਹ ਬਿਆਨ ਜਾਰੀ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਆਲ ਇੰਡੀਆ ਕਿਸਾਨ ਸਭਾ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਚਮਕੌਰ ਸਿੰਘ ਬ੍ਰਮੀ ਨੇ ਕਿਹਾ ਕਿ ਪੰਜਾਬ ਦੇ ਡੈਮਾਂ ‘ਤੇ ਕੇਂਦਰ ਸਰਕਾਰ ਕਾਬਜ਼ ਹੋ ਗਈ ਹੈ। ਪਰ ਪੰਜਾਬ ਦੀ ਔਖੀ ਘੜ੍ਹੀ ਵਿੱਚ ਅੱਖਾਂ ਮੀਟੀ ਬੈਠੀ ਹੈ। ਜੀ.ਐਸ.ਟੀ. ਰਾਹੀਂ ਸੂਬਿਆਂ ਦੀ ਆਮਦਨ ਦਾ ਵੱਡਾ ਹਿੱਸਾ ਕੇਂਦਰ ਸਰਕਾਰ ਕੋਲ਼ ਚਲਾ ਜਾਂਦਾ ਹੈ। ਕੇਂਦਰੀ ਭਾਜਪਾ ਸਰਕਾਰ ਕੋਲ ਵੱਡੇ ਫੰਡ ਪਏ ਹਨ। ਲੋਕ ਖਾਸ ਕਰਕੇ ਪੇਂਡੂ ਕਿਸਾਨ ਤੇ ਮਜ਼ਦੂਰ ਬੁਰੀ ਤਰ੍ਹਾਂ ਤਬਾਹ ਹੋ ਰਹੇ ਹਨ, ਪਰ ਕੇਂਦਰ ਸਰਕਾਰ ਆਪਣੇ ਹੀ ਮਜ਼ੇ ਵਿੱਚ ਹੈ। ਕੇਂਦਰੀ ਕੋਟੇ ਵਿਚੋਂ ਇਸ ਤ੍ਰਾਸਦੀ ਸਮੇਂ ਕੁੱਝ ਵੀ ਨਹੀਂ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਫੋਕਾ ਦਿਲਾਸਾ ਵੀ ਨਹੀਂ ਦਿੱਤਾ ਜਾ ਰਿਹਾ, ਜਿਵੇਂ ਕਿ ਹੜ੍ਹ ਮਾਰੇ ਲੋਕ ਦੂਰ ਦੁਸ਼ਮਣ ਦੇਸ਼ ਦੇ ਹੋਣ। ਅਜਿਹੀ ਆਫ਼ਤ ਸਮੇਂ ਤਾਂ ਇਹਨਾਂ ਹਾਲਾਤਾਂ ਨੂੰ ਕੌਮੀ ਆਫ਼ਤ ਸਮਝਦਿਆਂ ਇੱਕ ਦਮ ਵੱਡੀ ਸਹਾਇਤਾ ਦੇਣਾ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ। ਜੇਕਰ ਇਹਨਾਂ ਰਾਜਾਂ ਵਿੱਚ ਭਾਜਪਾ ਸਰਕਾਰ ਹੁੰਦੀ ਤਾਂ ਇਸੇ ਤਰ੍ਹਾਂ ਕੇਂਦਰ ਲਾ-ਪਰਵਾਹੀ ਵਰਤਦੀ, ਇਹ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਹੋਰ ਪੀੜਤ ਲੋਕ ਮੁੜ ਉੱਠ ਖਲੋਣਗੇ ਪਰ ਕੇਂਦਰ ਸਰਕਾਰ ਦਾ ਜ਼ਾਲਮਾਨਾ ਰਵਈਆ ਕਦੇ ਨਹੀਂ ਭੁਲਾਉਣਗੇ। ਇਸ ਬਿਆਨ ਨਾਲ਼ ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਰਾਜਿੰਦਪਾਲ ਸਿੰਘ ਔਲਖ, ਸੁਰਿੰਦਰ ਸਿੰਘ ਜਲਾਲਦੀਵਾਲ, ਨਛੱਤਰ ਸਿੰਘ ਪੰਧੇਰਖੇੜੀ, ਜੰਗ ਸਿੰਘ ਸਿਰਥਲਾ, ਕੁਲਦੀਪ ਸਿੰਘ ਸਾਹਾਬਣਾ, ਮਨੂੰ ਬੁਆਣੀ, ਗੁਰਮੇਲ ਸਿੰਘ ਮੇਲ੍ਹੀ ਸਿਆੜ, ਕੇਵਲ ਸਿੰਘ ਮਜ਼ਾਲੀਆਂ, ਮਨਜੀਤ ਸਿੰਘ ਮੰਸੂਰਾਂ, ਭਰਪੂਰ ਸਿੰਘ ਸਵੱਦੀ, ਮਨਜੀਤ ਸਿੰਘ ਪੌਤ, ਆਤਮਾ ਸਿੰਘ ਕੋਟਾਲਾ, ਪਰਮਜੀਤ ਸਿੰਘ ਦੁੱਗਰੀ, ਗੁਰਨਾਮ ਸਿੰਘ ਬਹਾਦਰਕੇ, ਜੱਸਾ ਬਿਲਗਾ ਆਦਿ ਨੇ ਸਹਿਮਤੀ ਪ੍ਰਗਟ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



