ਕੇਂਦਰੀ ਆਡਿਟ ਟੀਮ ਵੱਲੋਂ ਸਕੂਲਾਂ ਦੀ ਜਾਂਚ

ਚੰਡੀਗੜ੍ਹ (ਸਮਾਜ ਵੀਕਲੀ):  ਦਿੱਲੀ ਦੀ ਡਾਇਰੈਕਟਰ ਆਫ ਆਡਿਟ (ਸੈਂਟਰਲ) ਦੀ ਟੀਮ ਵੱਲੋਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਸਬੰਧੀ ਸਕੂਲਾਂ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਟੀਮ ਵੱਲੋਂ ਆਉਂਦੇ ਦਿਨਾਂ ਵਿੰਚ ਹੋਰ ਸਕੂਲਾਂ ਨੂੰ ਵੀ ਜਾਂਚ ਦੇ ਘੇਰੇ ਹੇਠ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰ ਨੇ ਯੂਟੀ ਦੇ ਸਿੱਖਿਆ ਅਧਿਕਾਰੀਆਂ ਤੋਂ ਵਿਦਿਆਰਥਣਾਂ ਦੇ ਵਜ਼ੀਫੇ ਦੇ ਸਮੇਂ ਸਿਰ ਵੇਰਵੇ ਨਾ ਭੇਜਣ ਕਾਰਨ ਜਵਾਬ ਮੰਗਿਆ ਸੀ।

ਜਾਣਕਾਰੀ ਅਨੁਸਾਰ ਕੇਂਦਰ ਵੱਲੋਂ ਨੌਵੀਂ ਤੇ ਦਸਵੀਂ ਜਮਾਤ ਦੇ ਐੱਸਸੀ/ਐੱਸਟੀ ਵਰਗ ਦੇ ਵਿਦਿਆਰਥੀਆਂ ਨੂੰ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਸਕੀਮ ਆਫ ਇੰਸੈਂਟਿਵ ਟੂ ਗਰਲਜ਼ ਫਾਰ ਸੈਕੰਡਰੀ ਐਜੂਕੇਸ਼ਨ (ਐਨਐਸਆਈਜੀਐਸਈ) ਤਹਿਤ ਐੱਸਸੀ ਤੇ ਐੱਸਟੀ ਵਰਗ ਦੀਆਂ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਦੇ ਤਿੰਨ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਹ ਅਦਾਇਗੀ ਉਨ੍ਹਾਂ ਵਿਦਿਆਰਥਣਾਂ ਨੂੰ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਅੱਠਵੀਂ ਜਮਾਤ ਪਾਸ ਕੀਤੀ ਹੁੰਦੀ ਹੈ ਅਤੇ ਰਾਜ ਸਰਕਾਰ, ਸਰਕਾਰੀ ਏਡਿਡ ਤੇ ਲੋਕਲ ਬਾਡੀ ਦੇ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਦਾਖਲਾ ਲਿਆ ਹੁੰਦਾ ਹੈ। ਇਸ ਸਬੰਧੀ ਮਨਿਸਟਰੀ ਆਫ ਐਜੂਕੇਸ਼ਨ ਦੇ ਅੰਡਰ ਸੈਕਟਰੀ ਗਜ ਮੋਹਨ ਮੀਨਾ ਨੇ ਯੂਟੀ ਦੇ ਸਿੱਖਿਆ ਸਕੱਤਰ ਨੂੰ ਪੱਤਰ ਲਿਖਿਆ ਸੀ ਕਿ ਯੂਟੀ ਦੇ ਸਿੱਖਿਆ ਵਿਭਾਗ ਨੇ ਸਾਲ 2012-13, 2013-14, 2014-15, 2015-16, 2016-17 ਤੇ ਉਸ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੇ ਆਧਾਰ ਕਾਰਡ, ਬੈਂਕ ਖਾਤੇ ਤੇ ਹੋਰ ਵੇਰਵੇ ਸਹੀ ਨਹੀਂ ਭੇਜੇ ਜਿਸ ਕਾਰਨ ਇਨ੍ਹਾਂ ਸਾਲਾਂ ਦੀ ਸਕਾਲਰਸ਼ਿਪ ਦੀ ਅਦਾਇਗੀ ਨਹੀਂ ਹੋ ਸਕੀ।

ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਆਡਿਟ ਟੀਮ ਵੱਲੋਂ ਸਕੂਲਾਂ ਵੱਲੋਂ ਕੇਂਦਰ ਨੂੰ ਭੇਜੀ ਜਾਣਕਾਰੀ ਦੇ ਸਾਲ 2017-18 ਤੋਂ 2021-22 ਦੇ ਵੇਰਵੇ ਜਾਂਚੇ ਜਾਣਗੇ। ਇਹ ਪਤਾ ਲੱਗਿਆ ਹੈ ਕਿ ਕਈ ਸਕੂਲਾਂ ਨੇ ਵਿਦਿਆਰਥੀਆਂ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਇਸ ਕਰਕੇ ਟੀਮ ਵੱਲੋਂ ਸਕੂਲਾਂ ਵਿੱਚ ਜਾ ਕੇ ਜਾਂਚ ਕੀਤੀ ਜਾਵੇਗੀ।

ਕੇਂਦਰੀ ਟੀਮ ਨੇ ਵੇਰਵੇ ਅਜੇ ਸਾਂਝੇ ਨਹੀਂ ਕੀਤੇ: ਡਾਇਰੈਕਟਰ

ਡਾਇਰੈਕਟਰ (ਸਕੂਲ ਸਿੱਖਿਆ) ਪਾਲਿਕਾ ਅਰੋੜਾ ਨੇ ਦੱਸਿਆ ਕਿ ਟੀਮ ਵੱਲੋਂ ਆਉਂਦੇ ਦਿਨਾਂ ਵਿੱਚ ਹੋਰ ਸਕੂਲਾਂ ਦੀ ਜਾਂਚ ਕੀਤੀ ਜਾਵੇਗੀ ਪਰ ਟੀਮ ਨੇ ਕਿਸੇ ਨਾਲ ਵੀ ਜਾਂਚ ਦੇ ਵੇਰਵੇ ਸਾਂਝੇ ਨਹੀਂ ਕੀਤੇ। ਇਸ ਟੀਮ ਦੇ ਇਕ ਮੈਂਬਰ ਨੇ ਦੱਸਿਆ ਕਿ ਟੀਮ ਵੱਲੋਂ ਸਕੂਲਾਂ ਵਿੱਚ ਰਹਿ ਗਈਆਂ ਘਾਟਾਂ ਸਬੰਧੀ ਜਾਂਚ ਤੋਂ ਬਾਅਦ ਸਕੂਲਾਂ ਨੂੰ ਨੋਟਿਸ ਦਿੱਤੇ ਜਾਣਗੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਕੇਂਦਰੀ ਆਡਿਟ ਟੀਮ ਵੱਲੋਂ ਸ਼ੁੱਕਰਵਾਰ ਤੋਂ ਸਕੂਲਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਤਰੀ ਨੇ ਪੁਲੀਸ ਨੂੰ ਨਸ਼ਿਆਂ ਵਿਰੁੱਧ ਹਫ਼ਤੇ ਦੇ ਅੰਦਰ ਅੰਦਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ
Next articleਗ਼ਜ਼ਲ