ਵਿਦਿਆਰਥੀਆਂ ਨੂੰ ਸੁਰੱਖਿਅਤ ਲਿਆਵੇ ਕੇਂਦਰ: ਮਾਨ

ਚੰਡੀਗੜ੍ਹ (ਸਮਾਜ ਵੀਕਲੀ):  ‘ਆਪ’ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਯੂਕਰੇਨ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਘਰ ਵਾਪਸ ਲਿਆਉਣ ਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਏਅਰ ਲਾਈਨਜ਼ ਕੰਪਨੀਆਂ ਵੱਲੋਂ ਜਹਾਜ਼ਾਂ ਦੀਆਂ ਟਿੱਕਟਾਂ ਦੀ ਕੀਮਤ ’ਚ ਕੀਤੇ ਕਈ ਗੁਣਾ ਵਾਧੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਸੰਕਟ ’ਚ ਘਿਰੇ ਲੋਕਾਂ ਦੀ ਅੰਨ੍ਹੀ ਲੁੱਟ ਹੈ, ਜਿਸ ਲਈ ਸਰਕਾਰ ਜ਼ਿੰਮੇਵਾਰ ਹੈ। ਸ੍ਰੀ ਮਾਨ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਵਿਚਕਾਰ ਬਣੇ ਅਣਸੁਖਾਵੇਂ ਹਲਾਤ ਕਾਰਨ ਯੂਕਰੇਨ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਯੂਕਰੇਨ ਛੱਡ ਕੇ ਵਾਪਸ ਆਉਣ ਦੇ ਆਦੇਸ਼ ਤਾਂ ਜਾਰੀ ਕੀਤੇ ਹਨ, ਪਰ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਮਾਪਿਆਂ ਨੇ ਯੂਕਰੇਨ ਸਥਿਤ ਭਾਰਤੀ ਅੰਬੈਸੀ ’ਤੇ ਕਿਸੇ ਵੀ ਤਰ੍ਹਾਂ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ।

ਸੂਬਾ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਏਅਰ ਇੰਡੀਆ ਕੰਪਨੀ ਨੂੰ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਹੈ, ਜਿਸ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਜੰਗ ਦੇ ਸਮੇਂ ’ਚ ਪ੍ਰਾਈਵੇਟ ਏਅਰਲਾਈਨਜ਼ ਕੰਪਨੀਆਂ ਵਿੱਤੀ ਲਾਭ ਕਮਾਉਣ ’ਚ ਜੁੱਟ ਗਈਆਂ ਹਨ। ਇਸ ਦੇ ਨਾਲ ਹੀ ਯੂਕਰੇਨ ਵਿੱਚ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਘਰੇਲੂ ਸਾਮਾਨ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀਆਂ ਹਨ। ‘ਆਪ’ ਆਗੂ ਨੇ ਕੇਂਦਰ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਨੂੰ ਯੂਕਰੇਨ ’ਚੋਂ ਪੰਜਾਬ ਸਮੇਤ ਦੇਸ਼ ਦੇ ਵਿਦਿਆਰਥੀਆਂ ਤੇ ਯਾਤਰੀਆਂ ਨੂੰ ਸੁਰੱਖਿਅਤ ਦੇਸ਼ ਲਿਆਉਣ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ: ਅੰਦੋਲਨ ਪ੍ਰਬੰਧਕਾਂ ਨੂੰ ਜ਼ਮਾਨਤ ਤੋਂ ਇਨਕਾਰ
Next articleਭਾਰਤ ਤੇ ਫਰਾਂਸ ਦੇ ਸਬੰਧ ਅਚਾਨਕ ਆਈਆਂ ਤਬਦੀਲੀਆਂ ਤੋਂ ਮੁਕਤ: ਜੈਸ਼ੰਕਰ