ਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਿਆ: ਸਿੱਧੂ

ਪਟਿਆਲਾ (ਸਮਾਜ ਵੀਕਲੀ): : ਪਿੰਡ ਜਲਾਲਪੁਰ ਵਿੱਚ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਕਾਨੂੰਨ ਬਣਾਉਣਾ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜਿਸ ’ਚ ਕੇਂਦਰ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ। ਇਸ ਦੇ ਬਾਵਜੂਦ ਖੇਤੀ ਕਾਨੂੰਨ ਥੋਪ ਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਭਾਵੇਂ ਰਹਿੰਦੇ ਕਾਰਜਕਾਲ ਦੌਰਾਨ ਸਾਰੇ ਵਰਗਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ ਪਰ ਕਿਸਾਨਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨ ਮੁਕੰਮਲ ਤੌਰ ’ਤੇ ਰੱਦ ਕਰਨ ਲਈ ਪੰਜਾਬ ਸਰਕਾਰ ਨੂੰ ਐੱਸਵਾਈਐੱਲ ਦੇ ਮਾਮਲੇ ’ਤੇ ਪਾਣੀਆਂ ਦੇ ਸਮਝੌਤੇ ਰੱਦ ਕਰਨ ਵਾਂਗ ਦਲੇਰਾਨਾ ਕਦਮ ਚੁੱਕਣੇ ਚਾਹੀਦੇ ਹਨ।

ਭਾਵੇਂ ਕਿ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਜਲਾਲਪੁਰ ਦੇ ਘਰ ਆਏ ਸਨ ਪਰ ਪਿਛਲੇ ਦਿਨੀਂ ਕੁਝ ਕਾਂਗਰਸੀ ਕਾਰਕੁਨਾਂ ਵੱਲੋਂ ਜਲਾਲਪੁਰ ਦੀ ਨੁਕਤਾਚੀਨੀ ਕਰਨ ਮਗਰੋਂ ਸਿੱਧੂ ਬਤੌਰ ਪ੍ਰਧਾਨ ਅੱਜ ਵੀ ਦੋ ਮੰਤਰੀਆਂ, ਦੋ ਵਿਧਾਇਕਾਂ ਤੇ ਹੋਰਾਂ ਸਮੇਤ ਖੁਦ ਚੱਲ ਕੇ ਜਲਾਲਪੁਰ ਦੇ ਘਰ ਪੁੱਜੇ। ਜਲਾਲਪੁਰ ਦੇ ਘਰ ਪਹੁੰਚਦਿਆਂ ਹੀ ਸਿੱਧੂ ਨੇ ਕਿਹਾ ਕਿ ਜਲਾਲਪੁਰ ਦੀ ਚੋਣ ਨੂੰ ਉਹ (ਸਿੱਧੂ) ਆਪਣੀ ਚੋਣ ਸਮਝ ਕੇ ਲੜਨਗੇ, ਇਸ ਲਈ ਜਲਾਲਪੁਰ ਦਾ ਵਿਰੋਧ ਕਰਨ ਦੀ ਕੋਈ ਵੀ ਕਾਰਵਾਈ ਸਿੱਧੇ ਰੂਪ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਵਿਰੋਧਤਾ ਦੇ ਤੁੱਲ ਹੋਵੇਗੀ। ਇਸ ਮੌਕੇ ਵਿਧਾਇਕ ਤਰਲੋਚਨ ਸਿੰਘ ਭਾਈਕੋਟ, ਜ਼ਿਲ੍ਹਾ ਪਰਿਸ਼ਦ ਮੈਂਬਰ ਜੌਲੀ ਜਲਾਲਪੁਰ, ਅਮਰਜੀਤ ਕੌਰ ਜਲਾਲਪੁਰ, ਨਰਪਿੰਦਰ ਭਿੰਦਾ, ਬਲਰਾਜ ਸਿੰਘ ਨੌਸ਼ਹਿਰਾ, ਹਰਦੀਪ ਲਾਡਾ ਤੇ ਮੰਗਤ ਜੰਗਪੁਰਾ ਮੌਜੂਦ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹੇਦਾਰ ਤੇ ਪਟਵਾਰੀਆਂ ਦੀ ਭਰਤੀ ਪ੍ਰੀਖਿਆ ਲਈ 550 ਤੋਂ ਵੱਧ ਕੇਂਦਰ ਬਣੇ
Next articleਕੱਚੇ ਡਰਾਈਵਰਾਂ ਤੇ ਕੰਡਕਟਰਾਂ ਨੇ ਚਾਰ ਘੰਟੇ ਸੀਲ ਰੱਖੇ ਦੋ ਦਰਜਨ ਬੱਸ ਅੱਡੇ