ਕਿਸਾਨਾਂ ਤੇ ਸਿੱਖ ਕੌਮ ਨਾਲ ਵਿਤਕਰਾ ਕਰ ਰਿਹੈ ਕੇਂਦਰ: ਹਰਸਿਮਰਤ ਕੌਰ

ਨਵੀਂ ਦਿੱਲੀ (ਸਮਾਜ ਵੀਕਲੀ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਸਣੇ ਸਿੱਖ ਕੌਮ ਨਾਲ ਵਿਤਕਰਾ ਕਰ ਰਹੀ ਹੈ। ਸੰਸਦ ਵਿੱਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਬਹਿਸ ਵਿੱਚ ਭਾਗ ਲੈਂਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਨਾਕਾਮ ਰਹੀ ਹੈ। ਬੀਬੀ ਬਾਦਲ ਨੇ ਦੱਸਿਆ ਕਿ ਪਿਛਲੇ 9 ਸਾਲਾਂ ਵਿੱਚ ਗਰੀਬ ਹੋਰ ਗਰੀਬ ਹੋਇਆ ਹੈ। ਜਿਨ੍ਹਾਂ ਨੂੰ ’ਅੱਛੇ ਦਿਨ’ ਦਿਖਾਉਣ ਦਾ ਵਾਅਦਾ ਕੀਤਾ ਗਿਆ ਸੀ, ਉਨ੍ਹਾਂ ਨੂੰ ਅਤਿ ਦੀ ਮਹਿੰਗਾਈ, ਕਰਜ਼ਾ ਤੇ ਭੁੱਖਮਰੀ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਬੀਬੀ ਬਾਦਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਸਿੱਖ ਕੌਮ ਨਾਲ ਵਿਤਕਰਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਜਬਰ-ਜਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਬਿਲਕੀਸ ਬਾਨੋ ਜਬਰ-ਜਨਾਹ ਮਾਮਲੇ ਦੇ ਦੋਸ਼ੀਆਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਪਰ ਬੰਦੀ ਸਿੰਘ ਜਿਨ੍ਹਾਂ ਨੇ ਪਿਛਲੇ 30 ਸਾਲਾਂ ਵਿੱਚ ਉਮਰ ਕੈਦ ਨਾਲੋਂ ਦੁੱਗਣੀ ਸਜ਼ਾ ਕੱਟ ਲਈ ਹੈ, ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਹਰਿਆਣਾ ਵਿਚਲੇ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਤੋਂ ਮੁਕਤ ਕਰਨ ਲਈ ਵੱਖਰੀ ਪ੍ਰਬੰਧਕ ਕਮੇਟੀ ਬਣਾਈ ਗਈ ਹੈ।

Previous articleਹੈਦਰਾਬਾਦ ਤੋਂ ਬੀਆਰਐੱਸ ਆਗੂ ਕਵਿਤਾ ਨਾਲ ਸਬੰਧਤ ਸੀਏ ਗ੍ਰਿਫ਼ਤਾਰ
Next articleਪੀਐੱਮਓ ਨੇ ਨੀਤੀ ਆਯੋਗ ਦੀਆਂ ਸਿਫ਼ਾਰਿਸ਼ਾਂ ਨੂੰ ਅਣਗੌਲਿਆ ਕਿਉਂ ਕੀਤਾ: ਕਾਂਗਰਸ