ਮੇਰੇ ਲੋਕਾਂ ਦੇ ਹੱਕਾਂ ਦੀ ਬਹਾਲੀ ਤੱਕ, ਮੈਂ ਮਰਨ ਵਾਲਾ ਨਹੀਂ: ਫਾਰੂਕ ਅਬਦੁੱਲਾ

ਜੰਮੂ (ਸਮਾਜ ਵੀਕਲੀ) : ਨੈਸ਼ਨਲ ਕਾਨਫਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਜੰਮੂ ਤੇ ਕਸ਼ਮੀਰ ਦੇ ਲੋਕਾਂ ਦੇ ਸੰਵਿਧਾਨਕ ਹੱਕਾਂ ਦੀ ਬਹਾਲੀ ਤਕ ਉਹ ਸਾਹ ਨਹੀਂ ਛੱਡਣਗੇ। ਪਿਛਲੇ ਇਕ ਸਾਲ ਵਿੱਚ ਪਹਿਲੀ ਵਾਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਬਦੁੱਲਾ ਨੇ ਭਾਵੁਕ ਹੁੰਦਿਆਂ ਕਿਹਾ, ‘ਜਦੋਂ ਤਕ ਮੇਰੇ ਲੋਕਾਂ ਦੇ ਹੱਕ ਬਹਾਲ ਨਹੀਂ ਹੁੰਦੇ, ਮੈਂ ਮਰਨ ਵਾਲਾ ਨਹੀਂ…ਮੈਂ ਇਥੇ ਆਪਣੇ ਲੋਕਾਂ ਲਈ ਖੜ੍ਹਾ ਹਾਂ ਅਤੇ ਜਿਸ ਦਿਨ ਮੈਂ ਆਪਣਾ ਕੰਮ ਪੂਰਾ ਕਰ ਲਵਾਂਗਾ, ਇਸ ਦੁਨੀਆ ਨੂੰ ਅਲਵਿਦਾ ਆਖ ਜਾਵਾਂਗਾ।’

ਇਥੇ ਸ਼ੇਰ-ਏ-ਕਸ਼ਮੀਰ ਭਵਨ ਵਿੱਚ ਪਾਰਟੀ ਵਰਕਰਾਂ ਦੇ ਰੂਬਰੂ ਹੁੰਦਿਆਂ ਐੱਨਸੀ ਮੁਖੀ ਨੇ ਕਿਹਾ ਕਿ ਭਾਜਪਾ ‘ਝੂਠੇ ਵਾਅਦੇ’ ਕਰਕੇ ਨਾ ਸਿਰਫ਼ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਬਲਕਿ ‘ਪੂਰੇ ਦੇਸ਼ ਨੂੰ ਗੁੰਮਰਾਹ’ ਕਰ ਰਹੀ ਹੈ। ਅਬਦੁੱਲਾ ਨੇ ਕਿਹਾ ਕਿ ਭਾਜਪਾ ਨੇ ਕਸ਼ਮੀਰੀ ਪੰਡਤਾਂ ਨੂੰ ‘ਵੋਟ ਬੈਂਕ’ ਵਜੋਂ ਵਰਤਿਆ ਹੈ ਤੇ ਭਾਈਚਾਰੇ ਨੂੰ ਅਜੇ ਵੀ ਵਾਦੀ ਵਿੱਚ ਪਰਤਣ ਤੇ ਮੁੜ ਵਸੇਬੇ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ ਅਸਲ ਵਿਕਾਸ ਉਦੋਂ ਆਏਗਾ ਜਦੋਂ ਇਥੇ ਲੋਕਾਂ ਦੀ ਸਰਕਾਰ ਹੋਵੇਗੀ। ਉਨ੍ਹਾਂ ਜੰਮੂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਦੀਵਾਲੀ ਮੌਕੇ ਪਟਾਖੇ ਨਾ ਚਲਾਉਣ।

Previous articleਕਰਤਾਰਪੁਰ ਸਾਹਿਬ ਮਾਮਲਾ: ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
Next articleਰੇਲਵੇ ਟਰੈਕ ਦਾ ਨਿਰੀਖਣ ਕਰਦੇ ਬਰਨਾਲਾ ਦੇ ਐੱਸਐੱਸਪੀ ਤੇ ਐੱਸਪੀ ਜ਼ਖ਼ਮੀ