ਪੰਚਕੂਲਾ (ਸਮਾਜ ਵੀਕਲੀ): ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਅੱਜ ਇੱਥੇ ਨਾਢਾ ਸਾਹਿਬ ਵਿਖੇ ਇਕੱਠੇ ਹੋਏ। ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦੇ ਸੱਦੇ ਤਹਿਤ ਚੰਡੀਗੜ੍ਹ ਵਿੱਚ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਜਾ ਰਹੇ ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਅਤੇ ਕਿਸਾਨ ਆਗੂ ਯੋਗਿੰਦਰ ਯਾਦਵ ਨੇ ਕੀਤੀ। ਰੋਸ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਸਮੇਤ ਹੋਰ ਕਿਸਾਨ ਆਗੂਆਂ ਨੇ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ। ਗੁਰਦੁਆਰਾ ਨਾਢਾ ਸਾਹਿਬ ਗੁਰਦੁਆਰਾ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਸਿਰੋਪਾਓ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮਗਰੋਂ ਸ੍ਰੀ ਚੜੂਨੀ ਅਤੇ ਸ੍ਰੀ ਯਾਦਵ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਹੱਦਾਂ ’ਤੇ ਕਿਸਾਨ ਅੰਦੋਲਨ ਦੇ ਅੱਜ ਸੱਤ ਮਹੀਨੇ ਪੂਰੇ ਹੋ ਚੁੱਕੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
ਹਰਿਆਣਾ ਪੁਲੀਸ ਦੀ ਸਖ਼ਤ ਨਾਕਾਬੰਦੀ ਨੂੰ ਤੋੜਦਿਆਂ ਕਿਸਾਨ ਚੰਡੀਗੜ੍ਹ ਵਿੱਚ ਦਾਖ਼ਲ ਹੋਏ। ਨਾਢਾ ਸਾਹਿਬ ਤੋਂ ਚੱਲੇ ਕਿਸਾਨਾਂ ਨੇ ਸਭ ਤੋਂ ਪਹਿਲਾਂ ਮਾਜਰੀ ਚੌਕ ਵਿੱਚ ਬੈਰੀਕੇਡ ਤੋੜਿਆ। ਇਸ ਮਗਰੋਂ ਟੈਂਕ ਚੌਕ ਸੈਕਟਰ-2 ਵਿੱਚ ਕੀਤੀ ਸਖ਼ਤ ਨਾਕਾਬੰਦੀ ਤੋੜਦਿਆਂ ਕਿਸਾਨਾਂ ਨੇ ਸ਼ਕਤੀ ਭਵਨ ਚੌਕ ਅਤੇ ਸੈਕਟਰ-17/18 ਲਗਾਏ ਬੈਰੀਕੇਡ ਵੀ ਕੁਝ ਹੀ ਮਿੰਟਾਂ ਵਿੱਚ ਖਦੇੜਦਿਆਂ ਰਾਹ ਬਣਾ ਲਿਆ। ਇੱਥੇ ਚੰਡੀਗੜ੍ਹ ਅਤੇ ਹਰਿਆਣਾ ਪੁਲੀਸ ਨੇ ਵੱਡੇ-ਵੱਡੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਕਿਸਾਨਾਂ ਦੇ ਰੋਹ ਅੱਗੇ ਬੇਵੱਸ ਹੋ ਗਈ। ਕਿਸਾਨਾਂ ਨੇ ਰਾਜਪਾਲ ਦੇ ਨਾਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਮੰਗ ਪੱਤਰ ਅਤੇ ਯਾਦ ਪੱਤਰ ਸੌਂਪਿਆ।
ਪੰਚਕੂਲਾ ਪੁਲੀਸ ਨੇ ਹਰਿਆਣਾ ਦੇ ਕਿਸਾਨਾਂ ਨੂੰ ਪੰਚਕੂਲਾ ਵਿੱਚ ਰੋਕਣ ਲਈ 13 ਕੰਪਨੀਆਂ ਲਗਾਈਆਂ ਸਨ ਅਤੇ 1870 ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਹੋਏ ਸਨ। ਪੰਚਕੂਲਾ ਨਾਲ ਲਗਦੀਆਂ ਸਾਰੀਆਂ ਹੱਦਾਂ ’ਤੇ ਪੁਲੀਸ ਨੇ ਭਾਰੀ ਨਾਕਾਬੰਦੀ ਕੀਤੀ ਹੋਈ ਸੀ। ਇਹ ਨਾਕੇ ਯਮੁਨਾਨਗਰ ਤੋਂ ਪੰਚਕੂਲਾ ਨੈਸ਼ਨਲ ਹਾਈਵੇਅ-7, ਜ਼ੀਰਕਪੁਰ ਸ਼ਿਮਲਾ ਹਾਈਵੇਅ-5 ਤੋਂ ਇਲਾਵਾ ਪੰਚਕੂਲਾ ਦੇ ਵੱਖ ਵੱਖ ਚੌਕਾਂ ’ਤੇ ਲਗਾਏ ਗਏ ਸਨ। ਕਿਸਾਨ ਆਗੂ ਡਾ. ਹਰਨੇਕ ਸਿੰਘ ਹਰੀ ਨੇ ਦੱਸਿਆ ਕਿ ਕਿਸਾਨ ਮਾਰਚ ਵਿੱਚ ਪੰਚਕੂਲਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਸਮੇਤ ਮਹਿਲਾਵਾਂ ਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly