ਕੁੰਨੂਰ (ਤਾਮਿਲ ਨਾਡੂ) (ਸਮਾਜ ਵੀਕਲੀ) : ਚੀਫ਼ ਆਫ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਸਮੇਤ 13 ਹੋਰਨਾਂ ਦੀ ਅੱਜ ਇਥੇ ਤਾਮਿਲ ਨਾਡੂ ਦੇ ਕੁੰਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ। ਭਾਰਤੀ ਹਵਾਈ ਸੈਨਾ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ੁਰੂਆਤੀ ਜਾਂਚ ਵਿੱਚ ਮੌਸਮ ਦੀ ਖਰਾਬੀ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਐੱਮਆਈ-17 ਵੀਅੇੈੱਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਮੌਕੇ ਇਸ ਵਿੱਚ ਸੀਡੀਐੱਸ ਰਾਵਤ ਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਦੇ ਹੋਰ ਅਧਿਕਾਰੀ ਤੇ ਸਟਾਫ਼ ਵੀ ਸਵਾਰ ਸੀ। ਹਾਦਸੇ ਦਾ ਇਕੋ ਇਕ ਜ਼ਖ਼ਮੀ ਗਰੁੱਪ ਕੈਪਟਨ ਵਰੁਣ ਸਿੰਘ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਭਾਰਤੀ ਹਵਾਈ ਸੈਨਾ ਨੇ ਹਾਦਸੇ ਦੀ ਜਾਂਚ ਲਈ ‘ਕੋਰਟ ਆਫ ਇਨਕੁਆਇਰੀ’ ਦੇ ਹੁਕਮ ਦਿੱਤੇ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰਨਾਂ ਨੇ ਹਾਦਸੇ ’ਤੇ ਦੁੱਖ਼ ਦਾ ਇਜ਼ਹਾਰ ਕਰਦਿਆਂ ਆਪਣੇ ਸ਼ੋਕ ਸੁਨੇਹਿਆਂ ਵਿੱਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਰਾਜਨਾਥ ਸਿੰਘ, ਰਾਵਤ ਦੇ ਘਰ ਵੀ ਗਏ ਤੇ ਉਨ੍ਹਾਂ ਦੀ ਧੀ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਰਕਾਰ ਨੇ ਕਿਹਾ ਕਿ ਉਹ ਇਸ ਹਾਦਸੇ ਨੂੰ ਲੈ ਕੇ ਭਲਕੇ ਸੰਸਦ ਵਿੱਚ ਅਧਿਕਾਰਤ ਬਿਆਨ ਦੇਵੇਗੀ। ਇਸ ਦੌਰਾਨ ਸਰਕਾਰ ਨੇ ਭਲਕੇ ਰਾਸ਼ਟਰੀ ਸੋਗ ਐਲਾਨਣ ਦਾ ਫੈਸਲਾ ਕੀਤਾ ਹੈ। ਜਨਰਲ ਰਾਵਤ ਤੇ ਹੋਰਨਾਂ ਦੀਆਂ ਦੇਹਾਂ ਨੂੰ ਭਲਕੇ ਦਿੱਲੀ ਲਿਆਂਦਾ ਜਾਵੇਗਾ। ਸ਼ਾਮ ਨੂੰ ਸ਼ਰਧਾਂਜਲੀ ਸਮਾਗਮ ਹੋਵੇਗਾ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਆਗੂ ਸ਼ਾਮਲ ਹੋਣਗੇ।
ਅੰਤਿਮ ਅਧਿਕਾਰਤ ਸੂਤਰਾਂ ਨੇ ਸਥਾਨਕ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਕੋਇੰਬਟੂਰ ਨਜ਼ਦੀਕ ਭਾਰਤੀ ਹਵਾਈ ਸੈਨਾ ਦੇ ਸੁਲੂਰ ਬੇਸ ਤੋਂ ਕੁੰਨੂਰ/ਵੈਲਿੰਗਟਨ ਲਈ ਉਡਾਣ ਭਰਨ ਵਾਲਾ ਹੈਲੀਕਾਪਟਰ ਕਾਫੀ ਹੇਠਾਂ ਉੱਡ ਰਿਹਾ ਸੀ ਤੇ ਇਸ ਮੌਕੇ ਨੀਲਗਿਰੀ ਦੀਆਂ ਵਾਦੀਆਂ ਵਿੱਚ ਧੁੰਦ ਛਾਈ ਹੋਈ ਸੀ। ਚਸ਼ਮਦੀਦਾਂ ਨੇ ਕਿਹਾ ਕਿ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਮਗਰੋਂ ਰੁੱਖਾਂ ਵਿਚ ਦੀ ਹੁੰਦਾ ਹੋਇਆ ਜ਼ਮੀਨ ’ਤੇ ਆ ਡਿੱਗਾ। ਡਿੱਗਦੇ ਸਾਰ ਹੈਲੀਕਾਪਟਰ ਨੂੰ ਅੱਗ ਲੱਗ ਗਈ। ਇਕ ਚਸ਼ਮਦੀਦ ਨੇ ਹੈਲੀਕਾਪਟਰ ਦੇ ਡਿੱਗਣ ਮੌਕੇ ਇਸ ਦੇ ਇਕ ਘਰ ਨਾਲ ਘਸਰ ਕੇ ਜਾਣ ਦੀ ਪੁਸ਼ਟੀ ਕੀਤੀ ਹੈ, ਪਰ ਘਰ ਖਾਲੀ ਹੋਣ ਕਰਕੇ ਕਿਸੇੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਂਜ ਘਰ ਦੀ ਇਮਾਰਤ ਨੂੰ ਨੁਕਸਾਨ ਜ਼ਰੂਰ ਪੁੱਜਾ।
ਸੀਡੀਐੱਸ ਰਾਵਤ ਤੇ ਹੋਰਨਾਂ ਨੂੰ ਲੈ ਕੇ ਹੈਲੀਕਾਪਟਰ ਅੱਜ ਸਵੇੇਰੇ ਸਾਢੇ ਦਸ ਵਜੇ ਦੇ ਕਰੀਬ ਕੁੰਨੂਰ ਲਈ ਰਵਾਨਾ ਹੋਇਆ ਸੀ ਤੇ ਇਸ ਨੇ ਇਕ ਘੰਟੇ ਮਗਰੋਂ ਵੈਲਿੰਗਟਨ ਦੇ ਡਿਫੈਂਸ ਸਟਾਫ਼ ਕਾਲਜ ਵਿੱਚ ਉਤਰਨਾ ਸੀ। ਰਸਤੇ ਵਿੱਚ ਇਹ ਜੰਗਲੀ ਇਲਾਕੇ ਉਪਰੋਂ ਲੰਘਦਿਆਂ ਪਹਾੜੀ ਨੀਲਗਿਰੀ ਜ਼ਿਲ੍ਹੇ ਦੇ ਕਾਟੇਰੀ-ਨਨਚੰਪਨਛਤਰਮ ਇਲਾਕੇ ’ਚ ਹਾਦਸਾਗ੍ਰਸਤ ਹੋ ਗਿਆ। ਜ਼ਮੀਨ ’ਤੇ ਡਿੱਗਦੇ ਹੀ ਹੈਲੀਕਾਪਟਰ ’ਚ ਜ਼ੋਰਦਾਰ ਧਮਾਕਾ ਹੋਇਆ ਤੇ ਇਸ ਦੇ ਕਈ ਟੁਕੜੇ ਹੋ ਗਏ। ਸਥਾਨਕ ਲੋਕਾਂ ਨੇ ਮੌਕੇ ’ਤੇ ਪੁੱਜ ਕੇ ਜ਼ਖ਼ਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀਆਂ ਉੱਚੀਆਂ ਲਪਟਾਂ ਕਰਕੇ ਉਹ ਕਿਸੇ ਤਰ੍ਹਾਂ ਦੀ ਸਹਾਇਤਾ ਕਰਨ ਵਿਚ ਨਾਕਾਮ ਰਹੇ। ਉਂਜ ਵੱਡਾ ਹਾਦਸਾ ਟਲ ਗਿਆ ਕਿਉਂਕਿ ਹੈਲੀਕਾਪਟਰ ਜਿੱਥੇ ਡਿੱਗਾ ਉਥੋਂ ਮਨੁੱਖੀ ਵਸੋਂ ਬਹੁਤੀ ਦੂਰ ਨਹੀਂ ਸੀ। ਅੱੱਗ ਨੇ ਨੇੜਲੇ ਰੁੱਖਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਰਕੇ ਰਾਹਤ ਕਰਮੀਆਂ ਨੂੰ ਅੱਗ ’ਤੇ ਕਾਬੂ ਪਾਉਣ ਵਿੱਚ ਖਾਸੀ ਮੁਸ਼ੱਕਤ ਕਰਨੀ ਪਈ। ਉਨ੍ਹਾਂ ਬੁਰੀ ਤਰ੍ਹਾਂ ਝੁਲਸੀਆਂ ਦੇਹਾਂ ਤੇ ਵੱਖ ਵੱਖ ਥਾਈਂਂ ਖਿੰਡੇ ਸਰੀਰ ਦੇ ਅੰਗਾਂ ਨੂੰ ਸਟਰੈੱਚਰ ’ਤੇ ਰੱਖ ਕੇ ਉਥੇ ਖੜ੍ਹੀਆਂ ਐਂਬੂਲੈਂਸਾਂ ਤੱਕ ਪਹੁੰਚਾਇਆ। ਸੂਤਰਾਂ ਨੇ ਕਿਹਾ ਕਿ ਹੈਲੀਕਾਪਟਰ ਡਿਫੈਂਸ ਸਰਵਸਿਜ਼ ਸਟਾਫ਼ ਕਾਲਜ ਜਾ ਰਿਹਾ ਸੀ, ਜਿਥੇ ਸੀਡੀਐੱਸ ਬਿਪਿਨ ਰਾਵਤ ਤੇ ਥਲ ਸੈਨਾ ਮੁਖੀ ਐੱਮ.ਐੱਮ.ਨਰਵਾਣੇ ਨੇ ਸਟਾਫ਼ ਕੋਰਸ ਨਾਲ ਸਬੰਧਤ ਫੈਕਲਟੀ ਤੇ ਵਿਦਿਆਰਥੀ ਅਫ਼ਸਰਾਂ ਨੂੰ ਸੰਬੋਧਨ ਕਰਨਾ ਸੀ।
ਹੈਲੀਕਾਪਟਰ ਵਿੱਚ ਕੁੱਲ 14 ਜਣੇ ਸਵਾਰ ਸਨ, ਜਿਨ੍ਹਾਂ ਵਿੱਚ ਸੀਡੀਐੈੱਸ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਤੋਂ ਇਲਾਵਾ ਬ੍ਰਿਗੇਡੀਅਰ ਐੱਲ.ਐੱਸ.ਲਿੱਦੜ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਿਤੇਂਦਰ ਕੁਮਾਰ, ਨਾਇਕ ਵਿਵੇਕ ਕੁਮਾਰ, ਨਾਇਕ ਬੀ.ਸਾਈ.ਤੇਜਾ ਤੇ ਹਵਲਦਾਰ ਸਤਪਾਲ, ਦੋ ਪਾਇਲਟ, ਇਕ ਗਰੁੱਪ ਕੈਪਟਨ ਤੇ ਗੰਨਰ ਸ਼ਾਮਲ ਸਨ। ਜਾਣਕਾਰੀ ਅਨੁਸਾਰ ਸੀਡੀਐੱਸ ਰਾਵਤ ਤੇ ਉਨ੍ਹਾਂ ਦੀ ਪਤਨੀ ਅਤੇ ਸਟਾਫ਼ ਦੇ ਸੱਤ ਮੈਂਬਰਾਂ ਨੇ ਅੱਜ ਸਵੇਰੇ 8:47 ਵਜੇ ਦਿੱਲੀ ਤੋਂ ਕੋਇੰਬਟੂਰ ਨੇੜਲੇ ਸੁਲੂਰ ਹਵਾਈ ਬੇਸ ਲਈ ਉਡਾਣ ਭਰੀ ਸੀ। ਅੱਗੇ ਉਹ ਐੱਮਆਈ17ਵੀ5 ਹੈਲੀਕਾਪਟਰ ’ਤੇ 11:34 ਵਜੇ ਦੇ ਕਰੀਬ ਵੈਲਿੰਗਟਨ ਲਈ ਰਵਾਨਾ ਹੋਏ। ਕੁੰਨੂਰ ਤੋਂ ਸੱਤ ਕਿਲੋਮੀਟਰ ਪਹਿਲਾਂ ਜੰਗਲੀ ਖੇਤਰ ਵਿੱਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਮਗਰੋਂ ਦੁਪਹਿਰੇ 12:22 ਵਜੇ ਦੇ ਕਰੀਬ ਹੈਲੀਕਾਪਟਰ ਦਾ ਏਅਰ ਟਰੈਫਿਕ ਕੰਟਰੋਲਰ ਨਾਲੋਂ ਸੰਪਰਕ ਟੁੱਟ ਗਿਆ। ਉਧਰ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਨੇ ਹਾਦਸੇ ’ਤੇ ਦੁੱਖ ਜ਼ਾਹਿਰ ਕਰਦਿਆਂ ਸਥਾਨਕ ਪ੍ਰਸ਼ਾਸਨ ਨੂੰ ਰਾਹਤ ਕਾਰਜਾਂ ਵਿੱਚ ਹਰ ਸੰਭਵ ਸਹਿਯੋਗ ਦੇਣ ਦੀ ਹਦਾਇਤ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly