ਕਾਰਲ ਰੌਕ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਲਈ ਕਾਲੀ ਸੂਚੀ ’ਚ ਰੱਖਿਆ: ਕੇਂਦਰ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਯੂਟਿਊਬ ਬਲੌਗਰ ਕਾਰਲ ਰੌਕ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਉਸ ਦਾ ਨਾਮ ਕਾਲੀ ਸੂਚੀ ’ਚ ਪਾਇਆ ਗਿਆ ਹੈ। ਉਸ ’ਤੇ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਉਹ ਸਪਾਊਜ਼ (ਪਤਨੀ) ਵੀਜ਼ੇ ’ਤੇ ਕਾਰੋਬਾਰ ਕਰ ਰਿਹਾ ਸੀ। ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਅਨੁਰਾਗ ਆਹਲੂਵਾਲੀਆ ਨੇ ਜਸਟਿਸ ਰੇਖਾ ਪੱਲੀ ਦੇ ਬੈਂਚ ਨੂੰ ਦੱਸਿਆ ਕਿ ਉਹ ਕਾਰਲ ਰੌਕ ਵੱਲੋਂ ਵੀਜ਼ਾ ਉਲੰਘਣਾ ਅਤੇ ਪਤਨੀ ਦੇ ਵੀਜ਼ੇ ’ਤੇ ਕੰਮ ਕਰਨ ਬਾਰੇ ਸਥਿਤੀ ਰਿਪੋਰਟ ਦਾਖ਼ਲ ਕਰਨਗੇ।

ਦਿੱਲੀ ਹਾਈ ਕੋਰਟ ਵੱਲੋਂ ਬਲੌਗਰ ਦੀ ਪਤਨੀ ਮਨੀਸ਼ਾ ਮਲਿਕ ਦੀ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਰਹੀ ਹੈ ਜਿਸ ਨੇ ਕੇਂਦਰ ਵੱਲੋਂ ਉਸ ਦੇ ਪਤੀ ਨੂੰ ਭਾਰਤ ’ਚ ਦਾਖ਼ਲੇ ਲਈ ਵੀਜ਼ਾ ਨਾ ਦੇਣ ਦੇ ਫ਼ੈਸਲੇ ਨੂੰ ‘ਮਨਮਰਜ਼ੀ ਅਤੇ ਅਢੁੱਕਵਾਂ’ ਕਰਾਰ ਦਿੰਦਿਆਂ ਚੁਣੌਤੀ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਵੀਜ਼ਾ ਦੇਣਾ ਕੇਂਦਰ ਦਾ ਵਿਸ਼ੇਸ਼ ਅਧਿਕਾਰ ਹੈ ਪਰ ਇਹ ਜਾਇਜ਼ ਹੋਣਾ ਚਾਹੀਦਾ ਹੈ ਅਤੇ ਸਬੰਧਤ ਧਿਰ ਨੂੰ ਇਸ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਕੇਂਦਰ ਨੂੰ ਨੋਟਿਸ ਜਾਰੀ ਕਰਦਿਆਂ ਅਦਾਲਤ ਨੇ ਕਿਹਾ,‘‘ਤੁਸੀਂ ਇਸ ਨੂੰ ਜਾਇਜ਼ ਠਹਿਰਾ ਸਕਦੇ ਹੋ ਪਰ ਉਨ੍ਹਾਂ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਵੀਜ਼ਾ ਜਾਰੀ ਕਰਨਾ ਸਰਕਾਰ ਦਾ ਵਿਸ਼ੇਸ਼ ਅਧਿਕਾਰ ਹੈ ਪਰ ਉਹ ਜਾਇਜ਼ ਹੋਣਾ ਚਾਹੀਦਾ ਹੈ।’’ ਇਸ ਦੇ ਨਾਲ ਹੀ ਅਦਾਲਤ ਨੇ ਕੇਂਦਰ ਨੂੰ ਤਿੰਨ ਹਫ਼ਤਿਆਂ ’ਚ ਜਵਾਬ ਦੇਣ ਦੇ ਨਿਰਦੇਸ਼ ਦਿੱਤੇ।

ਬੈਂਚ ਨੇ ਕਿਹਾ ਕਿ ਜੇਕਰ ਕੋਈ ਗੁਪਤ ਸੂਚਨਾ ਹੈ ਤਾਂ ਕੇਂਦਰ ਸੀਲਬੰਦ ਲਿਫ਼ਾਫ਼ੇ ’ਚ ਅਦਾਲਤ ਨੂੰ ਇਸ ਤੋਂ ਜਾਣੂ ਕਰਾਉਣ ਲਈ ਆਜ਼ਾਦ ਹੈ। ਮਲਿਕ ਦੇ ਵਕੀਲ ਫੁਜ਼ੈਲ ਅਹਿਮਦ ਆਯੂਬੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਸਰਕਾਰ ਵੱਲੋਂ ਵੀਜ਼ਾ ਰੱਦ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਪਿਛਲੇ ਸਾਲ ਅਕਤੂਬਰ ’ਚ ਭਾਰਤ ਤੋਂ ਜਾਣ ਮਗਰੋਂ ਉਸ ਦੇ ਵੀਜ਼ੇ ’ਤੇ ‘ਰੱਦ’ ਦੀ ਮੋਹਰ ਬਿਨਾਂ ਕਿਸੇ ਟਿੱਪਣੀ ਦੇ ਲਗਾ ਦਿੱਤੀ ਗਈ। ਉਸ ਨੇ ਕਿਹਾ ਕਿ ਭਾਰਤ ’ਚ ਰਹਿੰਦਿਆਂ ਬਲੌਗਰ ਨੇ ਕੋਵਿਡ-19 ਤੋਂ ਠੀਕ ਹੋਣ ਮਗਰੋਂ ਦੋ ਵਾਰ ਪਲਾਜ਼ਮਾ ਵੀ ਦਾਨ ਕੀਤਾ ਸੀ।

ਇਸ ਮਾਮਲੇ ’ਤੇ ਅਗਲੀ ਸੁਣਵਾਈ 23 ਸਤੰਬਰ ਨੂੰ ਹੋਵੇਗੀ। ਮਲਿਕ ਦੀ ਪਟੀਸ਼ਨ ਮੁਤਾਬਕ ਉਸ ਦਾ ਪਤੀ ਕਾਰਲ ਐਡਵਰਡ ਰਾਈਸ ਭਾਰਤ ਦੇ ਵੱਖ ਵੱਖ ਹਿੱਸਿਆਂ ’ਚ ਜਾ ਕੇ ਖੂਬਸੂਰਤੀ ਨੂੰ ਕੈਮਰੇ ’ਚ ਕੈਦ ਕਰਦਾ ਹੈ ਜਿਸ ਨਾਲ ਸੈਰ-ਸਪਾਟੇ ਨੂੰ ਉਤਸ਼ਾਹ ਮਿਲਦਾ ਹੈ। ਉਨ੍ਹਾਂ ਦੱਸਿਆ ਕਿ 2019 ’ਚ ਵਿਆਹ ਤੋਂ ਬਾਅਦ ਉਹ ਦਿੱਲੀ ’ਚ ਰਹਿ ਰਹੇ ਸਨ। ਰਾਈਸ ਪਿਛਲੇ ਸਾਲ 10 ਅਕਤੂਬਰ ਤੋਂ ਹੀ ਨਿਊਜ਼ੀਲੈਂਡ ਤੋਂ ਭਾਰਤ ਨਹੀਂ ਆ ਸਕਿਆ। ਅਰਜ਼ੀ ’ਚ ਕਿਹਾ ਗਿਆ ਹੈ ਕਿ ਕਾਰਲ ਕੋਲ ਨਿਊਜ਼ੀਲੈਂਡ ਅਤੇ ਨੀਦਰਲੈਂਡ ਦੀ ਦੋਹਰੀ ਨਾਗਰਿਕਤਾ ਹੈ ਅਤੇ ਉਹ 2013 ਤੋਂ ਹੀ ਭਾਰਤ ਆ ਰਿਹਾ ਹੈ ਅਤੇ ਮੁਲਕ ਦੇ ਕਾਨੂੰਨ ਤੇ ਵੀਜ਼ਾ ਸ਼ਰਤਾਂ ਦਾ ਸਖ਼ਤੀ ਨਾਲ ਪਾਲਣ ਕਰਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਲ ਕੀਮਤਾਂ: ਪੁਰੀ ਨੇ ਸਾਊਦੀ ਅਰਬ ਤੇ ਯੂਏਈ ਸਾਹਮਣੇ ਚਿੰਤਾ ਜਤਾਈ
Next articleਕੁਦਰਤ