ਬੇਗ਼ਮਪੁਰੇ ਦਾ ਕਾਰਵਾਂ ਜੋ ਰੋਕਿਆਂ ਵੀ ਰੁਕਿਆ ਨਹੀ?

ਐਸ ਐਲ ਵਿਰਦੀ ਐਡਵੋਕੇਟ

ਬੇਗ਼ਮਪੁਰੇ ਦਾ ਕਾਰਵਾਂ ਜੋ ਰੋਕਿਆਂ ਵੀ ਰੁਕਿਆ ਨਹੀ?

ਐਸ ਐਲ ਵਿਰਦੀ ਐਡਵੋਕੇਟ
ਮੋ. 98145 17499
ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ

(ਸਮਾਜ ਵੀਕਲੀ)- ਈਸਾ ਪੂਰਬ 600 ਤੋਂ ਲੈ ਕੇ ਸਮਇਕ ਸਮਾਨਤਾ ਅਧਾਰਤ ਬੇਗ਼ਮਪੁਰੇ ਦਾ ਜੋ ਕਾਰਵਾਂ ਬੁੱਧਪੁਰਸ਼ ਲੈ ਕੇ ਆਏ ਉਸੇ ਕਾਰਵਾਂ ਨੂੰ 600 ਈਸਵੀ ਤੋਂ ਲੈ ਕੇ 12ਵੀ ਈਸਵੀ ਤਕ ਸਿੱਧ ਤੇ ਨਾਥਾਂ ਨੇ ਅੱਗੇ ਵਧਾਇਆ, ਫਿਰ ਉਸੇ ਕਾਰਵਾਂ ਨੂੰ 13ਵੀ, 14ਵੀਂ, 15ਵੀਂ ਈਸਵੀ ਵਿਚ ਬੇਗਮਪੁਰੀ ਸੰਤਾਂ-ਸੰਤ ਨਾਮ ਦੇਵ, ਸੰਤ ਚੋਖਾ ਮੇਲਾ, ਗੁਰੂ ਰਵਿਦਾਸ, ਸਤਿਗੁਰੂ ਕਬੀਰ, ਗੁਰੂ ਨਾਨਕ, ਜੋਤੀ ਰਾਓ ਫੂਲੇ ਅਤੇ ਡਾਕਟਰ ਅੰਬੇਡਕਰ ਨੇ ਅੱਗੇ ਵਧਾਇਆ। ਡਾ.ਅੰਬੇਡਕਰ ਨੇ ਤਾਂ ਸਮਇਕ ਸਮਾਨਤਾ ਅਧਾਰਤ ਬੇਗ਼ਮਪੁਰਾ ਨੂੰ ਮਜੂਦਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਲਿੱਖਕੇ ਸਰਕਾਰ ਦਾ ਲਕਸ਼ ਹੀ ਘੋਸ਼ਿਤ ਕਰ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਉਪਰੋਕਤ ਸੰਤ ਮਹਾਂਪੁਰਸ਼ਾਂ ਨੇ ਆਪਣੀ ਵਿਰਾਸਤ ‘ਬਗ਼ਮਪੁਰਾ’ ਅਧਾਰਤ ਸਮਇਕ ਸਮਾਨਤਾ’ ਦੇ ਕਾਰਵੇਂ ਨੂੰ ਮੰਜਲੇ ਮਕਸੂਦ ’ਤੇ ਲੈਕੇ ਜਾਣ ਲਈ ਭਗਤੀ ਦਾ ਮਾਰਗ ਨਹੀ, ਬਲਕਿ ਲਗਾਤਾਰ ਸੰਘਰਸ਼ ਤੇ ਸੰਘਰਸ਼ ਕਰਕੇ ਅੱਗੇ ਵਧਾਇਆ। ਇਸੇ ਕਰਕੇ ਅੱਜ ਵੀ ਦੇਸ਼-ਵਿਦੇਸ਼ ਤੇ ਸਮੁੱਚੇ ਸੰਸਾਰ ਵਿਚ ਇਹਨਾਂ ਸੰਤ ਮਹਾਂਪੁਰਸ਼ਾਂ ਦੇ ਗੁਣਗਾਨ ਹੋ ਰਹੇ ਹਨ।

ਬੇਗ਼ਮਪੁਰਾ ਦਾ ਕਾਰਵਾਂ ਕੀ ਹੈ? ‘ਬਗ਼ਮ’ ਤੋਂ ਭਾਵ ਹੈ-ਗ਼ਮ ਤੋਂ ਰਹਿਤ ਗਿਆਨ ਅਵਸਥਾ, ਪੁਰਾ ਤੋਂ ਭਾਵ ਹੈ ਨਗਰ, ਸ਼ਹਿਰ, ਦੇਸ਼ ਦੀ ਸਮਾਜ ਵਿਵਸਥਾ। ਬੇਗ਼ਮਪੁਰਾ ਤੋਂ ਭਾਵ ਹੈ ਮਨੁੱਖ ਦੇ ਮਨ ਦੀ ਉਹ ਅਵਸਥਾ ਤੇ ਸਮਾਜ ਤੇ ਰਾਜ ਦੀ ਉਹ ਵਿਵਸਥਾ-ਜਿੱਥੇ ਕਿਸੇ ਨੂੰ ਕੋਈ ਗ਼ਮ ਨਹੀ-ਕੋਈ ਚਿੰਤਾ, ਕੋਈ ਦੁੱਖ ਨਹੀਂ-ਕੋਈ ਟੈਕਸ, ਕੋਈ ਦੰਡ ਨਹੀ-ਕੋਈ ਡਰ-ਘਬਰਾਹਟ ਨਹੀ, ਕੋਈ ਲੜਾਈ-ਕੋਈ ਝਗੜਾ ਨਹੀਂ, ਕੋਈ ਮਾਲਕ-ਕੋਈ ਗੁਲਾਮ ਨਹੀ, ਕੋਈ ਊਚ ਨਹੀ-ਕੋਈ ਨੀਚ ਨਹੀ, ਕੋਈ ਜਾਤ ਨਹੀ ਕੋਈ ਪਾਤ, ਕੋਈ ਅਮੀਰ ਨਹੀ-ਕੋਈ ਗਰੀਬ ਨਹੀ, ਕੋਈ ਤਕੜਾ ਨਹੀ-ਕੋਈ ਮਾੜਾ ਨਹੀ ਹੈ। ਸਭ ਦਾ ਰੁਤਬਾ ਸਮਾਨ ਹੈ ਭਾਵ ਸਭ ਪਾਸੇ ਸਮਇਕ ਸਮਾਨਤਾ ਹੈ। ਕਾਰਵਾਂ ਤੋਂ ਭਾਵ ਹੈ-ਕਾਫ਼ਲਾ, ਕਾਫਲਾ ਤੋਂ ਭਾਵ ਹੈ ਸੰਘਰਸ਼ ਕਰ ਰਹੇ ਲੋਕਾਂ ਦਾ ਸਮੂਹ। ਉਪਰੋਕਤ ਸੰਤ ਮਹਾਂਪੁਰਸ਼ਾਂ, ਗੁਰੂ ਰਵਿਦਾਸ ਤੇ ਸੰਤ ਕਬੀਰ ਜੀ ਦੇ ਬੇਗ਼ਮਪੁਰਾ ਸ਼ਹਿਰ ਦਾ ਸਾਰ ਤੱਤ ਇਹੀ ਹੈ।

ਦੇਸ਼ ਹੀ ਨਹੀਂ ਵਿਦੇਸ਼ਾਂ ਪਾਕਿਸਤਾਨ ਦੇ ਮੋਹਨ ਜੋਦੜੋ, ਹੜੱਪਾ, ਅਫਗਾਨਿਸਤਾਨ ’ਚ ਬੇਮੀਆਨ ਗੁਫਾਵਾਂ, ਗੁਜਰਾਤ ਦੇ ਲੋਥਲ, ਚਹੁੰਦੜ, ਕਾਲੀ ਬੰਗਾ, ਮਹਾਂਰਾਸ਼ਟਰ ਦੀਆਂ ਅਜੰਤਾ, ਅਲੋਰਾ ਗੁਫ਼ਾਵਾਂ, ਉੜੀਸਾ ਦੇ ਸਤੂਪ, ਪੰਜਾਬ ਦੇ ਉੱਚਾ ਪਿੰਡ ਸੰਘੋਲ, ਪੱਟੀ ਵਿੱਚੋਂ ਜੋ ਖੁਦਵਾਈ ਦਰਮਿਆਨ ਚਿੰਨ, ਕਲਾਵਾਂ, ਥੰਮ, ਮੂਰਤੀਆਂ, ਕਲਾ ਕਿਰਤਾਂ ਪ੍ਰਾਪਤ ਹੋਈਆਂ ਹਨ ਉਹ ਸਭ ਸਮਇਕ ਸਮਾਨਤਾ ਅਧਾਰਤ ਬੇਗ਼ਮਪੁਰਾ ਰਾਜ, ਸਮਾਜ, ਧੱਮ, ਸੱਭਿਅਤਾ ਦੇ ਪ੍ਰਤੱਖ ਪ੍ਰਮਾਣ ਹਨ। ਇਹਨਾਂ ਕਲਾ ਕਿਰਤਾਂ ਤੋਂ ਇਹ ਵੀ ਸਪੱਸ਼ਟ ਹੋਇਆ ਹੈ ਕਿ ਬੇਗ਼ਮਪੁਰਾ ਸਮਇਕ ਸਮਾਨਤਾ ਦੇ ਸਾਰਥੀ ਤਥਾਗਤ ਸਿਧਾਰਥ ਤੋਂ ਪਹਿਲਾਂ 27 ਹੋਰ ਵੀ ਸੰਤ ਮਹਾਂਪੁਰਸ਼ ਹੋਏ ਹਨ, ਇਹਨਾਂ ਦੇ ਨਾਮ ਚਾਰਵਾਕ, ਤਨਹੰਕਰ, ਮੇਧੰਕਰ, ਸਰੰਕਰੋ, ਦੀਪੰਕਰ, ਕੰਨਦਾਨਿਯ, ਮੰਗਲ, ਸੁੰਮਨ, ਰੇਵਤ, ਸੋਬਿਤ, ਅਨਮਾਦਸੀ, ਪਦਮ, ਨਾਰਦ, ਪਦਮੰਤਰ, ਸੁਮੇਧ, ਸੁਜਾਤ, ਪਿਯੱਦਸੀ, ਅਟਦਸੀ, ਧੱਮਦੱਸੀ, ਸਿਧਾਂਤ, ਤਿੱਸ, ਫੁਸ, ਵਿਪੱਸੀ, ਸਿਖੀ, ਕਾਕੂਸੰਘ, ਕਨਕਮਾਨਾ, ਕਸਅਪ ਅਤੇ ਗੌਤਮ ਆਦਿ ਹਨ। 1

ਸਮਇਕ ਸਮਾਨਤਾ ਅਧਾਰਤ ਬੇਗ਼ਮਪੁਰਾ ਕਾਰਵੇਂ ਦੇ ਸੰਤ ਮਹਾਂਪੁਰਸ਼ਾਂ ਦਾ ਸੰਖੇਪ ਇਤਿਹਾਸ ਇਹ ਹੈ ਕਿ 600 ਈ. ਪੂਰਬ ਤੋਂ 185 ਈ. ਪੂਰਬ ਤਕ ਲਗਭਗ 415 ਸਾਲ ਤੱਕ ਇਸ ਕਾਰਵੇਂ ਦਾ ਸਵਰੂਪ ਜਿਉਂ ਦਾ ਤਿਉਂ ਰਿਹਾ। ਸਮਇਕ ਸਮਾਨਤਾ ਨੂੰ ਸਮਰਪਤ ਮੌਰੀਆਂ ਰਾਜ ਦੀ ਸਮਾਪਤੀ ਦੇ ਲਈ ਮਨੂੰਵਾਦੀਆਂ ਨੇ ਬਾਹਰਲੇ ਹਮਲਾਵਰਾਂ ਨੂੰ ਸੱਦੇ ਦਿੱਤੇ। ਸੱਟੇ ਵਜੋਂ ਗਰੀਕ, ਵੈਵਟਰੀਅਨ, ਪਾਰਥੀਅਨ, ਸ਼ੁੰਗ ਅਤੇ ਕੋਸ਼ਾਣ ਆਦਿ ਇੱਕ ਤੋਂ ਬਾਅਦ ਇੱਕ ਭਾਰਤ ’ਤੇ ਹਮਲੇ ਕਰਦੇ ਗਏ ਤੇ ਲੁੱਟ ਮਾਰ ਕਰਕੇ ਪਹਿਲਾਂ ਲਿਜਾਂਦੇ ਰਹੇ, ਫਿਰ ਹੌਲੀ ਹੌਲੀ ਇੱਥੇ ਹੀ ਵਸਦੇ ਗਏ। ਮਨੂੰਵਾਦੀ ਪੁਸਪਾ ਮਿੱਤਰ ਸ਼ੁੰਗ ਨੇ ਹਮਲਾਵਰਾਂ ਦੀ ਮਦਦ ਨਾਲ ਹੀ ਮਹਾਨ ਰਾਜਾ ਅਸ਼ੋਕ ਦੇ ਵਾਰਸ ਰਾਜਾ ਬ੍ਰਹਿਦਰਥ ਨੂੰ ਮਾਰਕੇ ਮੌਰੀਆਂ ਰਾਜ ਦਾ ਅੰਤ ਕਰ ਦਿੱਤਾ। ਬਾਹਰ ਤੋਂ ਆਏ ਹਮਲਾਵਰ ਲੋਕ ਇਥੋਂ ਦੀ ਸਮਇਕ ਸਮਾਨਤਾ ਅਧਾਰਤ ਸਭਿਅੱਤਾ ਤੋਂ ਬਹੁਤ ਪ੍ਰਭਾਵਤ ਹੋਏ। ਪਰ ਹਮਲਾਵਰ ਸ਼ਕਤੀਸ਼ਾਲੀ ਹੋਣ ਕਾਰਨ ਉਹ ਆਪਣੇ ਵਿਸ਼ਵਾਸ, ਰੀਤੀ ਰਿਵਾਜ ਤੇ ਪਰੰਪਰਾਵਾਂ ਨੂੰ ਵੀ ਇਥੋ ਦੇ ਲੋਕਾਂ ਉਪਰ ਠੋਸਦੇ ਰਹੇ ਤਾਂ ਸਿੱਟੇ ਵਜੋਂ 185 ਈ. ਪੂਰਬ ਤੋਂ 150 ਈਸਵੀ ਕਰੀਬ 300 ਸਾਲ ਤੱਕ ਸਮਇਕ ਸਮਾਨਤਾ ਅਧਾਰਤ ਬੋਧ ਸਭਿਅੱਤਾ ਰਲ ਗੱਡ ਹੋ ਕੇ ਚਲਦੀ ਰਹੀ ਤਾਂ ਇਸ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ, ਜੋ ਮਹਾਯਾਨ ਦੇ ਨਾਮ ਨਾਲ ਜਾਣਿਆ ਲੱਗ ਪਿਆ। 2

ਸਮਇਕ ਸਮਾਨਤਾ ਅਧਾਰਤ ਵਿਵਸਥਾ ਦੇ ਮੁੱਢਲੇ ਮਹਾਂਪੁਰਸ਼ ਚਾਰਵਾਕ ਹਨ। ਚਾਰਵਾਕ ਕਹਿੰਦਾ, ‘‘ਗਿਆਨ ਸਮੀਖਿਆ ਦੇ ਪੱਖ ਤੋਂ ਦੋ ਪ੍ਰਕਾਰ ਦਾ ਹੈ। ਪਹਿਲਾ ਪ੍ਰਤੱਖ ਗਿਆਨ ਤੇ ਦੂਜਾ ਅਨੁਮਾਨ ਗਿਆਨ। ਪ੍ਰਤੱਖ ਗਿਆਨ ਉਹ ਹੈ ਜੋ ਸਾਡੀਆਂ ਗਿਆਨ ਇੰਦਰੀਆਂ ਨੂੰ ਪ੍ਰਤੱਖ ਦਿਸਦਾ ਕਿ ਇਹ ਉਹ ਚੀਜ਼ ਹੈ ਤੇ ਉਹ ਇਹ ਚੀਜ਼ ਹੈ। ਚਾਰਵਾਕ ਸਿਰਫ ਪ੍ਰਤੱਖ ਗਿਆਨ ਨੂੰ ਹੀ ਗਿਆਨ ਦਾ ਸਹੀ ਆਧਾਰ ਮੰਨਦਾ ਹੈ। ਉਹ ਦਾ ਕਹਿਣ ਹੈ ਕਿ ਪ੍ਰਤੱਖ ਗਿਆਨ ਤੋਂ ਬਾਹਰਲਾ ਸਾਰਾ ਗਿਆਨ ਸ਼ੱਕੀ ਹੋਵੇਗਾ। ਸਹੀ ਅਨੁਮਾਨ ਗਿਆਨ ਉਹੀ ਮੰਨਿਆ ਜਾਵੇਗਾ ਜੋ ਭੂਤਕਾਲ ਵਿੱਚ ਪਰਖਿਆ ਜਾ ਚੁੱਕਿਆ ਹੋਵੇ। ਜਿਵੇਂ ਧੂੰਏਂ ਤੋਂ ਅੱਗ ਦਾ ਅਨੁਮਾਨ, ਨਦੀ ਵਿਚ ਆਏ ਹੜ ਤੋਂ, ਪਹਾੜਾਂ ’ਤੋ ਹੋਈ ਭਾਰੀ ਬਰਖਾ ਦਾ ਅਨੁਮਾਨ ਲਾਇਆ ਜਾ ਸਕਦਾ ਹੈ। 2
ਸਮਇਕ ਸਮਾਨਤਾ ਨੂੰ ਸਮਰਪਤ ਕਾਰਵਾਂ ਦੇ ਸਾਰਥੀ ਚਾਰਵਾਕ ਮਨੂੰਵਾਦੀਆਂ ਦੇ ਕਰਮਕਾਂਡ ਤੇ ਸਥਾਪਿਤ ਹੋ ਚੁੱਕੀਆਂ ਰੂੜ੍ਹੀਆਂ ਵਿਰੁੱਧ ਇਕ ਵਿਦਰੋਹ ਸਨ। ਸਾਸ਼ਤਰਾਂ ਵਿੱਚ ਚਾਰਵਾਕ ਨੂੰ ਰਾਕਸ਼ਸ਼ ਕਹਿ ਕੇ ਉਸ ਨੂੰ ਜਿੰਦਾ ਜਲਾਉਣ ਦੀ ਗਾਥਾ ਹੈ। 3

ਫਿਰ ਮਨੂੰਵਾਦੀਆਂ ਨੇ ਸਮਇਕ ਸਮਾਨਤਾ ਦਾ ਸਾਰਥੀ ਚਾਰਵਾਕ ਦੇ ਚੇਲਿਆ ਨੂੰ ਚਰਕ-ਚੰਡਾਲ (ਮਜੂਦਾ ਚੂਹੜੇ-ਚਮਾਰ) ਕਹਿ ਕੇ ਦੁਰਕਾਰਨਾ ਸ਼ੁਰੂ ਕਰ ਦਿੱਤਾ। ਚਰਕ-ਚੰਡਾਲਾਂ ਨੂੰ ਜਲੀਲ ਕਰਨ ਲਈ ਉਹਨਾਂ ਨੂੰ ਜਬਰਨ ਮਰੇ ਜਾਨਵਰ ਤੇ ਗੰਦਗੀ ਉਠਾਉਣ ਲਈ ਗੁਲਾਮ ਬਣਾ ਲਿਆ ਗਿਆ। ਅੱਜ ਪੰਜਾਬ ਵਿੱਚ ਚੂਹÇਆਂ ਨੂੰ ਵਾਲਮੀਕਿ/ਮਜ਼ਹਬੀ, ਚਮਾਰਾਂ ਨੂੰ ਆਦਿਧਰਮੀ/ਰਵਿਦਾਸੀਆ ਕਿਹਾ ਜਾਂਦਾ ਹੈ। ਉਤਰ ਪ੍ਰਦੇਸ਼ ਵਿੱਚ ਇਹ ਚਮਾਰ ਤੋਂ ਜਾਟਵ ਤੇ ਚੂਹੜੇ ਤੋਂ ਖਟੀਕ ਬਣ ਗਏ। ਆਂਧਰਾ ਪ੍ਰਦੇਸ਼ ਦੇ ਆਂਦਰ ਧਰਮੀ, ਆਦਿ ਦਰਾਵੜ, ਆਦਿ ਕਰਨਾਟਕ ਵੀ ਚਰਕ-ਚੰਡਾਲ ਹੀ ਹਨ। ਅਜ ਇਹ ਸਭ ਭਾਰਤ ਦੇ ਸੰਵਿਧਾਨ ਅਨੁਸਾਰ 11 ਸੌ ਅਨੁਸੂਚਿਤ ਜਾਤੀਆਂ ਹਨ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਚਰਕ, ਚੰਡਾਲ, ਰਾਕਸ਼ਸ਼, ਚੂਹੜੇ, ਚਮਾਰ, ਘੁਮਾਰ, ਠਠਿਆਰ, ਕਾਸ਼ਤਕਾਰ ਆਦਿ ਸਭ ਸਮਇਕ ਸਮਾਨਤਾਵਾਦੀ ਆਦਿ-ਧਰਮੀ ‘ਬੁੱਧਪੁਰਸ਼’ ਹੀ ਸਨ। 4

ਡਾ. ਅੰਬੇਡਕਰ ਲਿੱਖਦੇ, ‘‘ਪੁਸ਼ਯਮਿੱਤਰ ਸ਼ੁੰਗ ਨੇ ਕਾਨੂੰਨ ਦੀ ਕਾਲੀ ਕਿਤਾਬ ‘ਮਨੂੰ ਸਿਮਰਤੀ’ ਦੀ ਰਚਨਾ ਕਰਕੇ ਆਦਿਵਾਸੀ, ਚੰਡਾਲ, ਨਾਗ, ਦ੍ਰਾਵਿੜ, ਬੁੱਧਾਂ ਨੂੰ ਕਨੂੰਨਨ ਅਛੂਤ ਗਿਰਦਾਨ ਕੇ ਉਹਨਾਂ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਡਾ. ਅੰਬੇਡਕਰ ਆਪਣੀ ਪੁਸਤਕ, ‘‘ਅਛੂਤ ਕੌਣ ਹਨ? ਦੇ ਸਫਾ 120, 121 ਉਤੇ ਪ੍ਰਮਾਣਾਂ ਸਾਹਿਤ ਸਿੱਧ ਕਰਦੇ ਹਨ ਕਿ ਅਛੂਤ ਵਿਰਸੇ ਤੋਂ ਪੁਰਾਣੇ ਬੋਧੀ ਹਨ। ਉਹਨਾਂ ਉਦਾਹਰਣ ਸਾਹਿਤ ਦੱਸਿਆ ਹੈ ਕਿ, ‘ਜਦ ਇਕ ਬ੍ਰਾਹਮਣ ਨੇ ਬੋਧੀ ਭਿਖਸ਼ੂ ਨੂੰ ਗਲੀ ਵਿੱਚ ਆਉਂਦਿਆਂ ਵੇਖਿਆ, ਤਾਂ ਉਹ ਬੋਧ ਭਿਖਸ਼ੂ ਤੋਂ ਬਚ ਕੇ ਨਿਕਲ ਗਿਆ ਅਤੇ ਉਸ ਦਾ ਪ੍ਰਛਾਵਾਂ ਵੀ ਆਪਣੇ ਤੇ ਨਾ ਪੈਣ ਦਿੱਤਾ। ਕਿਉਂਕਿ ਬ੍ਰਾਹਮਣ ਬੋਧ ਭਿਖਸ਼ੂਆਂ ਨੂੰ ਨੀਚ ਸਮਝਦੇ ਸਨ।’’ 5 ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਭੇਦ ਭਾਵ ਤੇ ਅੱਤਿਆਚਾਰਾਂ ਤੋਂ ਬਚਣ ਲਈ ਹੀ ਬੋਧੀ, ਪਹਿਲਾਂ ਮੁਸਲਮਾਨ, ਫਿਰ ਸਿੱਖ, ਫਿਰ ਇਸਾਈ ਧਰਮ ਵਿੱਚ ਤੇ ਹੁਣ ਬੁੱਧ ਧੱਮ ਵਲ੍ਹ ਮੁੜ ਰਹੇ ਹਨ। ਕੱਲ੍ਹ ਦੇ ਬੋਧੀ ਹੀ ਅੱਜ ਦੇ ਦਲਿਤ, ਮੁਸਲਮਾਨ, ਸਿੱਖ ਤੇ ਇਸਾਈ ਹਨ। 5

ਡਾ. ਅੰਬੇਡਕਰ ਲਿੱਖਦੇ, ‘‘ਅੱਜ ਮਨੂੰ ਸਿਮਰਤੀ ਜਿਸ ਰੂਪ ਵਿੱਚ ਹੈ, ਉਸ ਦੀ ਰਚਨਾ ਪੁਸ਼ਯਮਿੱਤਰ ਸੁੰਗ ਦੇ ਹੁਕਮ ਉਤੇ ‘ਸੁਮਤੀ ਭਾਰਗਵ’ ਨੇ ਕੀਤੀ ਹੈ।’’ ਮਨੂੰਵਾਦੀ ਸਮੰਤ ਪ੍ਰੋਹਿਤਾਂ ਨੇ ਅਨਿਆਂ ਪੂਰਨ ਵਰਣ-ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕੀਤਾ। ਦਲਿਤ ਸ਼ੋਸ਼ਿਤ ਮਜਦੂਰ ਗਰੀਬ ਕਿਸਾਨ, ਔਰਤਾਂ ਦੇ ਗਿਆਨ ਪ੍ਰਾਪਤ ਕਰਨ ਤੇਭੰਤੇ ਮੋਦਗਲਾਇਨ, ਮਹਾਨ ਵਿਗਿਆਨੀ ਵਿਦਿਵਾਨ ਰਾਵਣ, ਵਿਦਿਵਾਨ ਕਪਸ਼-ਕੁੰਜ਼ਲੀ, ਸੰਬੂਕ, ਬਬਰੀਕ, ਇਕਲੱਭਿਆ ਆਦਿ ਯੋਧਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। 6

ਜੋਤੀ ਰਾਓ ਫੂਲੇ ਆਪਣੇ ਗ੍ਰੰਥ ‘ਗੁਲਾਮ ਗਿਰੀ’ ’ਚ ਲਿੱਖਦੇ, ‘‘ ਪ੍ਰੋਹਿਤਾਂ ਨੇ ਭਾਰਤ ਵਿੱਚ ਬਾਹਰੋਂ ਆਏ ਤੁਰਕ ਲੋਕਾਂ ਦੀ ਸਹਾਇਤਾ ਨਾਲ ਤੇ ਤਲਵਾਰ ਦੇ ਬਲ ਨਾਲ ਬੁੱਧਪੁਰਸ਼ਾਂ ਦਾ ਕਤਲੇਆਮ ਕੀਤਾ। ਉਹਨਾਂ ਦੇ ਧੱਮ ਗ੍ਰੰਥਾ ਨੂੰ ਜਲਾ ਕੇ ਨਸ਼ਟ ਕਰ ਦਿੱਤਾ। ਪ੍ਰੰਤੂ ਉਹਨਾਂ ’ਚੋਂ ਗਿਆਨ ਭਰਪੂਰ ‘ਅਮਰਕੋਸ਼ ਗ੍ਰੰਥ’ ਨੂੰ ਆਪਣੀ ਵਰਤੋਂ ਲਈ ਰੱਖ ਲਿਆ।’’ 6 ( ‘ਅਮਰਕੋਸ਼’ ਇਕ ਸਾਹਿਤ, ਇਤਿਹਾਸ, ਵਿਗਿਆਨ, ਕਲਾਂ ਦਾ ਵਿਸ਼ਾਲ ਸ਼ਬਦਕੋਸ਼ ਭਾਵ ਡਿਕਸ਼ਨਰੀ ਹੈ, ਜਿਸ ਵਿਚ ਉਸ ਸਮੇਂ ਦੇ ਸਾਰੇ ਪ੍ਰਚਲਤ ਸ਼ਬਦਾ ਦੇ ਅਰਥਾਂ ਦਾ ਵਿਸਥਾਰ ’ਚ ਵਰਣਨ ਕੀਤਾ ਗਿਆ ਹੈ। ਇਸ ਨੂੰ ਚੰਦਰ ਗੁਪਤ ਦੇ ਰਾਜ ਰਤਨ ਅਮਰ ਸਿੰਘ ਨੇ ਲਿੱਖਿਆ ਸੀ ) 7

ਪ੍ਰੋਹਿਤਾਂ ਦੇ ਘਿਨਾਉਣੇ ਅੱਤਿਆਚਾਰਾਂ ਤੋ ਆਪਣੇ ਬਚਾ ਲਈ, ਸਮਇਕ ਸਮਾਨਤਾ ਦਾ ਕਾਰਵਾਂ ਲੈ ਕੇ ਅੱਗੇ ਵਧ ਰਹੇ ਸੰਤ ਮਹਾਂਪੁਰਸ਼ਾਂ ਨੇ ਪ੍ਰੋਹਿਤ/ਕੀਜ਼ੀਆਂ ਦੀਆਂ ਕਈ ਮੰਨ ਮਨੋਤਾਂ ਨੂੰ ਮੰਨਣਾ ਸ਼ੁਰੂ ਕਰ ਦਿਤਾ। ਸਮਇਕ ਸਮਾਨਤਾ ਦਾ ਕਾਰਵਾਂ ਲੈਕੇ ਚਲ ਰਹੇ ਸੰਤਪੁਰਸ਼ਾਂ ਨੇ ਆਪਣੇ ‘ਪੰਜਸ਼ੀਲ’ ਨੂੰ ‘ਪੰਜਪੀਰ’ ਕਹਿਣਾ ਸ਼ੁਰੂ ਕਰ ਦਿੱਤਾ, ਤਾਂ ਰਲ ਗੱਡ ਕਾਰਨ ਸਮਇਕ ਸਮਾਨਤਾ ਵਾਲਾ ਮਹਾਂਯਾਨ, ਬੱਜਰਜਾਨ ’ਚ ਬਦਲ ਗਿਆ।

ਬੱਜਰਜਾਨੀ ਸੰਤਪੁਰਸ਼ ਮਨੂੰਵਾਦੀਆਂ ਦੇ ਅੱਤਿਆਚਾਰਾਂ ਤੋਂ ਬਚਣ ਲਈ ‘ਸਿੱਧ’ ਦੇ ਨਾਵਾਂ ਤੇ ਪ੍ਰਵਚਨ ਕਰਨ ਲੱਗ ਪਏ। ਇਹ ਸਮਇਕ ਸਮਾਨਤਾ ਦਾ ਸੰਪਰਦਾਇ 7ਵੀ ਈਸਵੀ ਤੋਂ ਸ਼ੁਰੂ ਹੋਇਆ 12ਵੀਂ ਸਦੀ ਵਿੱਚ ਪੂਰੇ ਸਿਖਰ ਤੇ ਸੀ। ਇਸ ਵਿੱਚ 84 ਸਿੱਧ ਮਹਾਂਪੁਰਸ਼ ਹੋਏ। ਸਿੱਧਾਂ ਦਾ ਸਪੱਸ਼ਟ ਐਲਾਨ ਸੀ ਕਿ ਅਨੁਭਵ ਗਿਆਨ ਹੀ ਭਰੋਸੇਯੋਗ ਹੈ। ਸਿੱਧਾਂ, ਨਾਥਾਂ, ਸੂਫੀਆਂ, ਸੰਤਾਂ, ਗੁਰੂਆਂ ਦੇ ਕਾਵਿ, ਦੋਹੇ, ਸ਼ਬਦ ਵਿਚਾਰਧਾਰਕ ਰੂਪ ਵਿੱਚ ਸਭ ਬਜਰਯਾਨ ਸਾਹਿਤ ਦੇ ਹੀ ਸੋਮੇ ਹਨ।

‘ਸਿੱਧ ਪੰਥ ਦੇ ਮੂਲ ਸਿਧਾਂਤਕਾਰ ਤਿਰੂਮੁਲਾਰ ਦਾ ਆਮ ਮੁਹਾਵਰਾ ਸੀ, ‘‘ਸਾਰਾ ਸੰਸਾਰ ਹੀ ਮੇਰੇ ਵਾਂਗ ਖੁੱਸ਼ ਰਹੇ।’’ ਸ਼ਿਵਾਵਾਕਿਆਰ ਤੇ ਪਾਮਬੱਈ ਸਭ ਤੋਂ ਵੱਧ ਮਸ਼ਹੂਰ ਸਿੱਧ ਮਹਾਂਪੁਰਸ਼ ਹੋਏ ਹਨ। ਸ਼ਿਵਾਵਾਕਿਆਰ ਨੇ ਮਨੂੰਵਾਦ ਉੱਤੇ ਜਿੱਥੇ ਬਹੁਤ ਤਿੱਖੀ ਚੋਟ ਕੀਤੀ ਹੈ, ਉਥੇ ਆਪਣੇ ਮਾਨਵਤਾਵਾਦੀ ਵਿਚਾਰਾਂ ਦੀ ਪ੍ਰੋੜਤਾ ਵੀ ਉਹਨਾਂ ਉਨੇ ਹੀ ਜੋਰ ਸ਼ੋਰ ਨਾਲ ਕੀਤੀ ਹੈ। ਸ਼ਿਵਾਵਾਕਿਆਰ ਨੇ ਐਲਾਨੀਆ ਕਿਹਾ,
‘‘ਦੁੱਧ ਥਣਾਂ ’ਚ ਵਾਪਸ ਨਹੀ ਜਾ ਸਕਦਾ,
ਮੱਖਣ, ਵਾਪਸ ਲੱਸੀ ਨਹੀ ਬਣ ਸਕਦਾ,
ਡਿੱਗਿਆ ਫੁੱਲ ਮੁੜ ਬੂਟੇ ਨਾਲ ਨਹੀ ਲੱਗ ਸਕਦਾ,
ਮਰੇ ਹੋਏ ਕਦੇ ਦੁਬਾਰਾ ਜਨਮ ਨਹੀ ਲੈਂਦੇ॥’’ 8

ਪਾਮਬਈ ਸਿੱਧ ਕਹਿੰਦਾ, ‘‘ਜਾਤਾਂ ਦੀ ਵੰਡ ਨੂੰ ਭਸਮ ਕਰ ਦਿਓ। ਬੁੱਧਮਈ ਦਾਰਸ਼ਨਿਕ ਪ੍ਰਸ਼ਨਾਂ ਨੂੰ ਲੋਕਾਂ ਦੀ ਕਚਹਿਰੀ ’ਚ ਲਿਆਂਦਾ ਜਾਵੇ।’’ ਸਿੱਧਾਂ ਨੇ ਆਪਣੀ ਗੱਲ ਸਮਝਾਉਣ ਲਈ ਸਿੱਧੀ-ਸਾਧੀ ਲੋਕ ਮੁਹਾਵਰੇ ਭਰਪੂਰ ਉਹਨਾਂ ਦੀ ਭਾਸ਼ਾ ’ਚ ਹੀ ਗੱਲ ਕੀਤੀ ਕਿਉਂਕਿ ਉਹ ਮਨੂੰਵਾਦੀ ਸੰਸਕ੍ਰਿਤ ਭਾਸ਼ਾ ਨੂੰ ਪਸੰਦ ਨਹੀ ਕਰਦੇ ਸਨ। ਆਮ ਲੋਕਾਂ ਦੀ ਭਾਸ਼ਾ ਵਿਚ ਆਪਣੇ ਵਿਚਾਰ ਦਰਸਾਉਣ ਦੀ ਇਹ ਪਰੰਪਰਾ ਸਮਇਕ ਸਮਾਨਤਾਵਾਦੀ ਸ਼੍ਰਮਣ ਸੰਤਾਂ ਤੋਂ ਹੀ ਚਲੀ ਆ ਰਹੀ ਸੀ, ਜਿਸ ਨੂੰ ਸਿੱਧਾ ਨੇ ਫਿਰ ਅੱਗੇ ਤੋਰਿਆ ਤਾਂ ਸਮਇਕ ਸਮਾਨਤਾ ਦਾ ਇਨਕਲਾਬ ਫ਼ਿਰ ਉਠ ਖੜਾ ਹੋਇਆ। ਸਿੱਧ ਨਿੱਜੀ ਤੇ ਸਮਾਜਿਕ ਜੀਵਨ ਭਾਵ ਸਮਾਜ ਵਿਵਸਥਾ ਵਿਚ ਪੂਰਾ ਪਰਿਵਰਤਨ ਚਾਹੁੰਦੇ ਸਨ।
ਸੰਤ/ਭਿਖ਼ਸ਼ੂ ਧੱਮਕੀਤਰੀ ਕਹਿੰਦੇ, ‘‘ਪਰਿਵਰਤਨ ਚਾਹੀਦੈ ਪਰ ਅਗਾਂਹ ਵਧਣ ਲਈ, ਪਿਛਾਂਹ ਮੁੜਨ ਲਈ ਨਹੀਂ?
ਪਰਿਵਰਤਨ ਚਾਹੁੰਦੇ ਹਨ ਪਰ ਸੰਸਾਰ ਨੂੰ ਸੁੱਖੀ ਬਣਾਉਣ ਲਈ।’’
‘‘ਜਿੱਥੇ ਜਾਤ-ਪਾਤ ਨਹੀਂ, ਊਚ-ਨੀਚ ਨਹੀਂ। ਜਿੱਥੇ ਸਭ ਲਈ ਇੱਕੋ ਜਿਹਾ ਖਾਣ ਪੀਣ, ਇਕੋ ਜਿਹੀ ਸੁੱਖ ਸਵਿਧਾ ਹੋਵੇ, ਬੱਸ! ਇਹ ਸਮਇਕ ਸਮਾਨਤਾ ਅਧਾਰਤ ਗਮ ਰਹਿਤ ਰਾਜ ਦੀ ਸਥਾਪਨਾ ਹੀ ਸਮਾਜ ਪ੍ਰੀਵਰਤਨ ਹੈ।’’
ਸਮਇਕ ਸਮਾਨਤਾ ਦਾ ਸਬਕ ਸਿਖਾਉਦਿਆ ਉਹ ਪ੍ਰੋਹਿਤ ਕੁਮਾਰਲਾ ਨੂੰ ਕਹਿੰਦਾ, ‘‘ਤੂੰ ਸਾਡੇ ਮਹਾਸਥਵਿਰ ਧਰਮਸੇਨ ਨੂੰ ਬਾਹਰ ਝਾੜੂ ਲਾਉਂਦਿਆਂ ਵੇਖਿਆ ਹੋਣਾ। ਔਹ ਕਾਲੇ-ਕਾਲੇ ਰੰਗ ਦਾ?’’ ‘‘ਹਾਂ’’, ‘‘ਉਹ ਸਾਡੇ ਵਿੱਚੋਂ ਸਭ ਤੋਂ ਮਹਾਨ ਹੈੇ। ਅਸੀਂ ਰੋਜ਼ ਪੰਚ-ਪ੍ਰਤਿਸ਼ਠਿਤਾ ਨਾਲ ਉਹਨਾਂ ਦੀ ਵੰਦਨਾ ਕਰਦੇ ਹਾਂ। ਸਾਰੇ ‘ਕੋਸਲ ਦੇਸ਼ (ਬੇਗਮਪੁਰਾ) ਦੇ ਉਹ ਮੁੱਖੀ ਹਨ।’’
ਪ੍ਰੋਹਿਤ ਕੁਮਾਰਲਾ ਕਹਿੰਦਾ, ‘‘ਸੁਣਿਐ, ਉਹ ਚੰਡਾਲ ਕੁੱਲ ਦਾ ਆ?’’
‘‘ਸਾਡੇ ਸੰਘ ਦਾ ਕਾਰਵਾਂ ਕੁੱਲ੍ਹ ਨਹੀਂ ਵੇਖਦਾ, ਇਹ ਗੁਣ ਵੇਖਦਾ। ਉਹ ਆਪਣੀ ਵਿੱਦਿਆ ਤੇ ਆਪਣੇ ਗੁਣਾਂ ਕਰਕੇ ਸਾਡੇ ਮੁੱਖੀ ਹਨ। ਉਹਨਾਂ ਦੇ ਭਿੱਖਿਆ ਪਾਤਰ ਵਿੱਚ ਜੇ ਥੋੜੀ ਜਿੰਨੀ ਵੀ ਕੋਈ ਚੀਜ਼ ਮਿਲ ਜਾਏ ਤਾਂ ਉਹ ਸਾਰੇ ਸਾਥੀਆਂ ਵਿਚ ਵੰਡੇ ਬਿਨਾ ਨਹੀਂ ਖਾਂਦੇ। ਕਿਉਕਿ ਸਾਡੇ ਤਥਾਗਤ ਕਹਿੰਦੇ, ‘‘ਜਦ ਤਕ ਭੁੱਖਾ ਇਨਸਾਨ ਰਹੇਗਾ, ਧਰਤੀ ’ਤੇ ਘਮਸਾਨ ਰਹੇਗਾ।’
ਉਹਨਾਂ ਦੱਸਿਆ ਕਿ ਭੁੱਖ ਬਹੁਤ ਬੁਰੀ ਬਲਾ ਹੈ। ਜਦ ਭੁੱਖ ਨਹੀ ਮਿੱਟਦੀ ਤਾਂ ਉਹ ਗਰਮੀ ਦਾ ਰੂਪ ਧਾਰਨ ਕਰ ਲੈਂਦੀ ਹੈ। ਜਦ ਗਰਮੀ ਪੇਟ ਵਿਚ ਚਲੇ ਜਾਂਦੀ ਹੈ ਤਾਂ ਉਹ ਭਾਂਬੜ ਬਣ ਜਾਂਦੀ ਹੈ। ਭਾਂਬੜ ਨਾਲ ਘਮਸਾਨ ਸ਼ੁਰੂ ਹੋ ਜਾਂਦਾ ਹੈ। ਅੱਗ ਦੇ ਘਮਸਾਨ ਵਿਚ ਸਭ ਕੁੱਝ ਤਬਾਹ ਹੋ ਜਾਂਦਾ ਹੈ। ਇਸ ਲਈ ਭੁੱਖ ਦਾ ਸਮੇ ਸਿਰ ਇਲਾਜ਼ ਹੋਣਾ ਚਾਹੀਦਾ ਹੈ। ਭੁੱਖ ਦਾ ਕਾਰਨ ਗਰੀਬੀ ਹੈ। ਗਰੀਬੀ ਦਾ ਕਾਰਨ ਸਮਾਜ ਵਿਚ ਅਸਮਾਨਤਾ ਹੈ। ਅਸਮਾਨਤਾ ਦਾ ਕਾਰਨ ਨਿੱਜੀ ਜਾਇਦਾਦ ਹੈ। ਇਸ ਲਈ ਨਿੱਜੀ ਜਾਇਦਾਦ ਦਾ ਖਾਤਮਾਂ ਭਾਵ ਜਾਇਦਾਦ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਤਦ ਹੀ ਸਮਇਕ ਸਮਾਨਤਾ ਸਥਾਪਤ ਹੋ ਸਕਦੀ ਹੈ।’’ ਬੱਸ! ਇਹ ਸਮਇਕ ਸਮਾਨਤਾ ਹੀ ਸੰਤ ਮਹਾਂਪੁਰਸ਼ਾਂ ਦਾ ਕਾਰਵਾਂ ਹੈ।

ਸੰਤ ਚਰਪਟ ਨਾਥ ਸਾਰੇ ਭੇਸਧਾਰੀਆਂ ਨੂੰ ਸਮਝਾਉਦਿਆਂ ਦੱਸਦੇ, ‘‘ਜਿਹੜਾ ਮਨੁੱਖ ਆਪਣੇ ਮਨ ਨੂੰ ਮਾਰ ਲੈਂਦਾ ਹੈ, ਅਰਥਾਤ ਮਨ ਉੱਤੇ ਕਾਬੂ ਪਾ ਲੈਂਦਾ ਹੈ, ਉਸ ਨੂੰ ਪੁਰਾਣ ਪੜ੍ਹਣ, ਤਪੱਸਿਆ ਕਰਨ ਜਾਂ ਮੜ੍ਹੀਆਂ ਮਸਾਣਾਂ ਨੂੰ ਪੂਜਣ ਦੀ ਕੋਈ ਲੋੜ ਨਹੀਂ ਰਹਿੰਦੀ। ਸੰਤ ਚਰਪਟ ਕਹਿੰਦੇ-
ਜੋ ਮਨ ਮਾਰੇ, ਕਿਆ ਪੜ੍ਹੇ ਪੁਰਾਣ। ਜੋ ਮਨ ਮਾਰੇ, ਕਿਆ ਕਥੈ ਗਿਆਨ।
ਜੋ ਮਨ ਮਾਰੇ, ਕਿਆ ਧਰੈ ਧਿਆਨ। ਜੋ ਮਨ ਮਾਰੇ, ਕਿਆ ਮੜ੍ਹੀ ਮਸਾਣ।’’ 9

ਮਨੂੰਵਾਦੀ ਸਤਾ ਨੂੰ ਹਰਾ ਕੇ 2ਵੀ ਸਦੀ ’ਚ ਜਦ ਭਾਰਤ ਵਿੱਚ ਇਸਲਾਮਿਕ ਸਤਾ ਪੱਕੀ ਤਰਾਂ ਸਥਾਪਿਤ ਹੋ ਗਈ ਤਾਂ ਮੁਸਲਮਾਨ ਸ਼ਾਸ਼ਕਾ ਨੂੰ ਆਪਣਾ ਰਾਜ ਭਾਗ ਚਲਾਉਣ ਲਈ, ਵੱਡੇ ਪੱਧਰ ’ਤੇ ਮੈਨਪਾਵਰ (ਮਨੁੱਖਾਂ) ਦੀ ਲੋੜ ਪਈ। ਉਹਨਾਂ ਆਪਣੀ ਗਿਣਤੀ ਵਧਾਉਣ ਲਈ ਦਲਿਤ ਚੰਡਾਲਾਂ, ਸ਼ੂਦਰਾਂ, ਅਤੀ ਸ਼ੂਦਰ ਪ੍ਰਤੀ ਦਯਾ, ਪਿਆਰ ਤੇ ਭਰਾਤਰੀ ਭਾਵ ਦੀ ਭਾਵਨਾ ਵਧਾਈ ਤਾਂ ਸਦੀਆਂ ਤੋਂ ਅਪਮਾਨ ਤੇ ਨਫ਼ਰਤ ਦਾ ਸ਼ਿਕਾਰ ਹੁੰਦੇ ਆ ਰਹੇ ਦਲਿਤ, ਇਸਲਾਮ ਵੱਲ ਖਿੱਚੇ ਗਏ। ਮੁਸਲਮਾਨ ਰਾਜਿਆਂ ਨੇ ਫੌਜ, ਰਾਜ ਭਾਗ ਅਤੇ ਜਾਇਦਾਦ ’ਚ ਦਲਿਤਾਂ ਦੀ ਸ਼ਮੂਲੀਅਤ ਲਈ ਦਰਵਾਜੇ ਖੋਲ੍ਹ ਦਿੱਤੇ। ਇਸਲਾਮਿਕ ਫੌਜਾਂ ਵਿੱਚ ਦਲਿਤਾਂ ਦੀ ਭਰਤੀ ਸ਼ੂਰੂ ਹੋਈ ਤਾਂ ਸਵਰਨਾ ਵਲੋਂ ਸਦੀਆਂ ਤੋ ਅਧਿਕਾਰਾਂ ਤੋਂ ਵੰਚਿਤ ਕਰਕੇ ਸਤਾਏ, ਦੁਰਕਾਰੇ ਤੇ ਹਥਿਆਰ ਚੁੱਕਣ ਤੋਂ ਵਰਜਿਤ ਕੀਤੇ ਗਏ ਅਛੂਤ/ਦਲਿਤਾਂ ਨੂੰ ਵੀ ਹਥਿਆਰ ਚੁੱਕਣ ਦਾ ਮੌਕਾ ਮਿਲਿਆ।

ਖੁਸਰੋ ਗੁਜਰਾਤ ਦਾ ਇੱਕ ਅਛੂਤ ਦਲਿਤ ਸੀ ਜਿਸ ਨੂੰ ਧਰਮ ਤੇ ਜਾਤ ਪਾਤ ਦੇ ਠੇਕੇਦਾਰਾਂ ਨੇ ਬਾਰ ਬਾਰ ਫਟਕਾਰਿਆ ਸੀ ਉਹ ਮੁਗਲ ਫੌਜ ਵਿੱਚ ਭਰਤੀ ਹੋ ਗਿਆ। ਬਹਾਦਰ ਹੋਣ ਕਾਰਨ ਕੁੱਝ ਹੀ ਸਮੇਂ ਵਿੱਚ ਉਹ ਅਲਾਊਦੀਨ ਖਿਲਜੀ ਦੀ ਫੌਜ ਦਾ ਸੈਨਾਪਤੀ ਬਣ ਗਿਆ। ਖੁਸਰੋ ਨੇ ਇਸਲਾਮਿਕ ਫੌਜਾਂ ਵਿੱਚ ਦਲਿਤ ਸ਼ੋਸ਼ਿਤ ਮਜ਼ਦੂਰ ਮੁਜਾਹਰਿਆ ਦੀ ਭਰਤੀ ਧੜਾ ਧੜ ਵਧਾ ਦਿੱਤੀ। ਅਲਾਊਦੀਨ ਖਿਲਜੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਮੁਬਾਰਕ ਖਾਂ ਗੱਦੀ ਉਤੇ ਬੈਠਿਆ। ਉਹ ਹਰ ਰੋਜ਼ ਸ਼ਰਾਬ, ਕਬਾਬ, ਸ਼ਬਾਬ ਦਾ ਆਦੀ ਅਯਾਸ਼ ਰਾਜਾ ਸੀ। ਖੁਸਰੋ ਨੂੰ ਇਹ ਬਰਦਾਸ਼ਤ ਨਹੀ ਸੀ। ਖੁਸਰੋ ਨੇ ਆਪਣੇ ਸਾਥੀ ਸਿਪਾਹੀਆਂ ਨੂੰ ਸਾਥ ਲੈ, ਮੁਬਾਰਕ ਖਾਂ ਨੂੰ ਮਾਰ ਕੇ 13 ਅਪ੍ਰੈਲ 1320 ਨੂੰ ਖੁਦ ਭਾਰਤ ਦਾ ਰਾਜਾ ਬਣ ਗਿਆ। ਉਸ ਨੇ ਖਿਲਜੀ ਵੰਸ਼ ਦੀ ਸਾਰੀ ਧੰਨ ਦੌਲਤ ਤੇ ਸ਼ਕਤੀ ਉਤੇ ਕਬਜ਼ਾ ਕਰਕੇ ਸਮਇਕ ਸਮਾਨਤਾ ਲਈ ਲੋਕਾਂ ਵਿਚ ਵੰਡ ਦਿੱਤਾ। ਉਸ ਨੇ ਖਿਲਜੀ ਖਾਨਦਾਨ ਵਿਚ ਸੈਂਕੜੇ ਰਖੇਲਾਂ ਬਣਾਈਆਂ ਗਈਆਂ ਭਾਰਤੀ ਔਰਤਾਂ ਨੂੰ ਅਜ਼ਾਦ ਕਰ ਦਿੱਤਾ।

ਖੁਸਰੋ ਸਮੁੱਚੇ ਦੇਸ਼ ਵਿਚ ਦੁਬਾਰਾ ਸਮਇਕ ਸਮਾਨਤਾ ਵਾਲਾ ਰਾਜ ਸਥਾਪਤ ਕਰਨਾ ਚਾਹੁੰਦਾ ਸੀ। ਪ੍ਰੰਤੂ ਕਸ਼ੱਤਰੀ ਫੌਜ ਤੇ ਸਵਰਨ ਰਾਈਸ ਸਮੰਤਾਂ ਨੇ ਉਸ ਨੂੰ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਿਉਕਿ ਮਨੂੰਵਾਦੀਆਂ ਦੇ ਧਰਮ ਸ਼ਾਸ਼ਤਰਾਂ ਦੀ ਸਿੱਖਿਆ ਹੈ ਕਿ ਉਹ ਅਛੂਤ ਚੰਡਾਲ ਦੇ ਰਾਜ ਵਿੱਚ ਨਾ ਰਹੇ, ਨਹੀਂ ਤਾਂ ਉਸ ਦਾ ਜੀਵਨ ਨਰਕ ਭਰਿਆ ਹੋਵੇਗਾ। ਉਹ ਉਥੋ ਚਲਾ ਜਾਵੇ ਜਾਂ ਫਿਰ ਚੰਡਾਲ ਰਾਜ ਨੂੰ ਖਤਮ ਕਰੇ। ਕਿਉਕਿ ਮਨੂੰਵਾਦੀਆਂ ਦਾ ਇੱਥੋ ਜਾਣਾ ਮੁਸ਼ਕਲ ਸੀ। ਇਸੇ ਧਾਰਨਾ ਤਹਿਤ ਮਨੂੰਵਾਦੀਆਂ ਨੇ ਖੁਸਰੋ ਦੇ ਰਾਜ ਦੀ ਸਰਾਹਨਾ ਨਹੀਂ ਕੀਤੀ, ਸਗੋ ਚੰਡਾਲ ਰਾਜ ਦੇ ਖਾਤਮੇ ਲਈ ਸਾਜਿਸ਼ਾ ਬਣਾਉਣ ਲੱਗੇ। ਉਹ ਚੰਡਾਲ/ਦਲਿਤ ਰਾਜ ਵਿਰੁੱਧ ਮੁਗਲ /ਤੁਰਕਾਂ ਨੂੰ ਭੜਕਾਉਣ ਲੱਗੇ। ਕਸ਼ੱਤਰੀ ਸੈਨਾ ਤੁਰਕ ਸੈਨਾ ਨਾਲ ਮਿਲ ਗਈ, ਫਿਰ ਪ੍ਰੋਹਿਤਾਂ ਨੇ ਤੁਰਕ ਮੁਗਲਾਂ ਨੂੰ ਉਕਸਾ ਕੇ ਖੁਸਰੋ ਵਿਰੁੱਧ ਬਗਾਵਤ ਕਰਵਾ, ਖੁਸਰੋ ਨੂੰ ਮਰਵਾ ਕੇ ਸਦੀਆਂ ਬਾਅਦ ਉਠੀ ਦਲਿਤ ਕ੍ਰਾਂਤੀ ਨੂੰ ਫਿਰ ਦਬਾ ਦਿੱਤਾ।

ਇੰਨਾ ਹੀ ਨਹੀਂ ਚੰਡਾਲ/ਦਲਿਤ ਜਿਹਨਾਂ ਆਪਣੇ ਹੱਥਾਂ ਵਿੱਚ ਹਥਿਆਰ ਚੁੱਕੇ ਹੋਏ ਸਨ, ਕਿੱਧਰੇ ਇਹ ਮੁੜ ਇਕੱਠੇ ਹੋ ਕੇ ਬਗਾਵਤ ਕਰਕੇ ਆਪਣਾ ਰਾਜ ਸਥਾਪਤ ਨਾ ਕਰ ਲੈਣ, ਮਜਬੂਰੀ ਵਸ ਮਨੂੰਵਾਦੀ ਪ੍ਰੋਹਿਤਾਂ ਨੂੰ ਆਪਣੀ ਵਰਣ-ਵਿਵਸਥਾ ਦਾ ਪੈਂਤੜਾ ਬਦਲਣਾ ਪਿਆ। ਜਿਹਨਾਂ ਦਲਿਤਾਂ ਨੂੰ ਮਨੂੰਵਾਦੀਆਂ ਨੇ ਸਦੀਆਂ ਤੋਂ ਧਰਮ ਕਰਮ ਦੇ ਕੰਮਾਂ ਤੋਂ ਵਰਜਿੱਤ ਕੀਤਾ ਹੋਇਆ ਸੀ, ਉਹਨਾਂ ਨੂੰ ਸਾਜਿਸ਼ ਤਹਿਤ ਧਾਰਮਿਕ ਸਿੱਖਿਆ ਦੇਣ ਲੱਗ ਪਏ। ਮਨੂੰਵਾਦੀ ਧਾਰਮਿਕ ਅਚਾਰੀਆ, ਸਵਾਮੀ, ਭਗਤਾਂ ਨੇ ਚੰਡਾਲਾਂ ਦੀਆਂ ਬਸਤੀਆਂ ਵਿਚ ਜਾ ਕੇ ਦਲਿਤਾਂ ਨੂੰ ਇਹ ਉਪਦੇਸ਼ ਦੇਣ ਲੱਗੇ, ‘‘ਤੁਹਾਡੇ ਦੁੱਖ, ਗਰੀਬੀ, ਜ਼ਹਾਲਤ ਤੁਹਾਡੇ ਪਿਛਲੇ ਜਨਮਾਂ ਦੇ ਕੀਤੇ ਪਾਪਾ ਕਾਰਨ ਹਨ। ਤੁਸੀ ਭਗਤੀ ਕਰੋ! ਆਹ ਲਓ ਇੱਕਤਾਰਾ, ਖੜਤਾਲ, ਟੱਲੀਆਂ, ਢੋਲਕੀਆਂ ਪੂਜਾ-ਪਾਠ ਕਰੋ! ਭਜਨ ਬੰਦਗੀ ਕਰੋ, ਸ਼ਬਦ ਗਾਓ’! ਸਵੇਰ ਸ਼ਾਮ ਬਾਰ ਬਾਰ ਗਾਓ! ਇਸ ਤਰਾਂ, ਤੁਹਾਡਾ ਅਗਲਾ ਜਨਮ ਸੁਧਰ ਜਾਵੇਗਾ।’’ 10

ਦਲਿਤ ਸ਼ੋਸ਼ਿਤ ਮਜ਼ਦੂਰ ਮੁਜਾਹਰੇ/ਕਿਸਾਨ ਜਿਹਨਾਂ ਨੇ ਰਾਜ ਭਾਗ ਤੇ ਸਮਾਨਤਾ ਲਈ ਹੱਥਾਂ ਵਿੱਚ ਹਥਿਆਰ ਚੁੱਕੇ ਹੋਏ ਸਨ, ਉਹਨਾਂ ਦੇ ਹੱਥਾਂ ਵਿੱਚੋਂ ਹਥਿਆਰ ਸੁੱਟਵਾਕੇ, ਮਨੂੰਵਾਦੀ ਅਚਾਰੀਆ, ਸਵਾਮੀ ਭਗਤਾਂ ਨੇ ਉਹਨਾਂ ਦੇ ਹੱਥਾਂ ਵਿਚ ਇੱਕਤਾਰਾ, ਖੜਤਾਲ, ਟੱਲੀਆਂ ਤੇ ਢੋਲਕੀਆਂ ਫੜਾ ਦਿੱਤੀਆਂ। ਜਿਹਨਾਂ ਸਮਇਕ ਸਮਤਾਵਾਦੀ ਲੋਕਾਂ ਨੇ ਸੰਘਰਸ਼ ਕਰਕੇ ਆਪਣਾ ਰਾਜ ਭਾਗ ਵਾਪਿਸ ਲੈਣਾ ਸੀ ਉਹ ਰਾਤ ਦਿਨ ‘ਇੱਕਤਾਰ, ਖੜਤਾਲ ਤੇ ਢੋਲਕੀਆਂ’ ਵਜਾ ਵਜਾ ਭਜਨ ਗਾਉਣ ਵਿਚ ਹੀ ਮਸਤ ਰਹਿਣ ਲੱਗੇ। ਜਿਹੜੇ ਦਲਿਤ ਪਹਿਲਾਂ ਪ੍ਰੀਵਰਤਨਸ਼ੀਲ, ਵਿਵੇਕਸ਼ੀਲ, ਤਰਕਸ਼ੀਲ ਤੇ ਸੰਘਰਸ਼ਸ਼ੀਲ ਸਨ, ਉਹ ਆਪਣੇ ਦੁੱਖਾਂ, ਗੁਲਾਮੀ ਤੇ ਗਰੀਬੀ ਨੂੰ ਆਪਣੇ ਪਿਛਲੇ ਜਨਮਾਂ ਦੇ ਪਾਪ ਸਮਝਣ ਲੱਗ ਪਏ। ਗਰੀਬੀ, ਜ਼ਹਾਲਤ, ਜਾਤ ਪਾਤ, ਅਸਮਾਨਤਾ ਤੇ ਭੇਦ ਭਾਵ ਨੂੰ ਈਸ਼ਵਰ ਦੀ ਇੱਛਾ ਮੰਨਣ ਲੱਗੇ, ਅੱਤਿਆਚਾਰ ਤੇ ਸ਼ੋਸ਼ਣ ਨੂੰ ਆਪਣੀ ਕਿਸਮਤ ਮੰਨਣ ਲੱਗੇ। ਕਾਲਪਨਿਕ ਅਗਲੇ ਸੁੱਖਮਈ ਜਨਮਾਂ ਲਈ ਇੱਕਤਾਰਾ, ਖੜਤਾਲ ਤੇ ਢੋਲਕੀਆਂ ਵਜਾ ਕੇ ਭਜਨ ਭਗਤੀ ਰਾਂਹੀ ਆਪਣੀ ਮੁਕਤੀ ਲੱਭਣ ਲੱਗੇ। ਮਨੂੰਵਾਦੀ ਪ੍ਰੋਹਿਤ ਭਗਤਾ ਨੇ ਇਸ ਸਾਜਿਸ਼ ਤਹਿਤ ਭੋਲੇ ਭਾਲੇ ਚੰਡਾਲ/ਦਲਿਤ ਸ਼ੋਸ਼ਿਤ ਮਜ਼ਦੂਰ ਮੁਜਾਹਰੇ/ਕਿਸਾਨਾਂ ਨੂੰ ਵਰਗਲਾ ਕੇ ਆਪਣੇ ਮਾਨਸਿਕ ਗੁਲਾਮ ਬਣਾ ਲਿਆ। ਇਸ ਤਰਾਂ ਮਨੂੰਵਾਦੀ ਪ੍ਰੋਹਿਤਾਂ ਨੇ ਦਲਿਤ ਸ਼ੋਸ਼ਿਤ ਮਜ਼ਦੂਰ ਮੁਜਾਹਰੇ/ਕਿਸਾਨਾਂ ਔਰਤਾਂ ਨੂੰ ਪੂਜਾ-ਪਾਠ ਤੇ ਭਗਤੀ ਦੇ ਰਾਹੇ ਪਾ ਕੇ, ਅੱਗੋਂ ਦਲਿਤ ਕ੍ਰਾਤੀ ਦੇ ਕਾਰਵੇਂ ਨੂੰ ਅੱਗੇ ਵੱਧਣ ਤੋ ਰੋਕ ਦਿੱਤਾ।

ਅਜਿਹਾ ਕਰਕੇ ਮਨੂੰਵਾਦੀਆਂ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ। ਇਕ ਤਾਂ ਉਹ ਦਲਿਤ ਸ਼ੋਸ਼ਿਤ ਮਜ਼ਦੂਰ ਮੁਜਾਹਰੇ/ਕਿਸਾਨ ਔਰਤਾਂ ਨੂੰ ਜੋ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਸਮਾਨਤਾ ਤੇ ਸਨਮਾਨ ਲਈ ਧੜਾਧੜ ਮੁਸਲਮਾਨ ਬਣ ਰਹੇ ਸਨ ਇਸ ਇਸਲਾਮਿਕ ਕ੍ਰਾਂਤੀ ਦੇ ਹੜ ਨੂੰ ਰੋਕਣ ਵਿੱਚ ਸਫਲ ਹੋਏ ਤੇ ਦੂਜਾ ਹਿੰਦੂਆਂ ਦੀ ਗਿਣਤੀ ਘਟਣ ਤੇ ਮੁਸਲਮਾਨਾਂ ਦੀ ਗਿਣਤੀ ਵਧਣ ਤੋਂ ਰੋਕਣ ’ਚ ਅਤੇ ਤੀਸਰਾ ਭੋਲੇ ਭਾਲੇ ਅਨੀਸ਼ਵਰਵਾਦੀ ਤਰਕਸ਼ੀਲ ਮੇਹਨਤਕਸ਼ ਦਲਿਤ ਸ਼ੋਸ਼ਿਤ ਮਜ਼ਦੂਰ ਮੁਜਾਹਰੇ/ਕਿਸਾਨ ਔਰਤਾਂ ਨੂੰ ਰਾਤ ਦਿਨ ਕਾਲਪਨਿਕ ਈਸ਼ਵਰ ਦੀ ਮਹਿਮਾ ਦੇ ਇੱਕਤਾਰਾ, ਖੜਤਾਲ ਤੇ ਢੋਲਕੀ ਰਾਹੀਂ ਗੁਣਗਾਣ ਕਰਨ ’ਚ ਮਸਤ ਰੱਖਣ ਲਈ ਸਫਲ ਹੋਏ। ਦਲਿਤ ਸ਼ੋਸ਼ਿਤ ਮਜ਼ਦੂਰ ਮੁਜਾਹਰੇ/ਕਿਸਾਨਾਂ ਮਨੂੰਵਾਦੀ ਸਭਿਅਤਾ/ਧਰਮ ਦੇ ਮਾਨਸਿਕ ਗੁਲਾਮ ਬਣ ਗਏ। ਇਕਤਾਰਾ, ਖੜਤਾਲ ਤੇ ਢੋਲਕੀਆਂ ਦੇ ਢੋਲ ਢਮੱਕੇ ’ਚੋ ਉਹਨਾਂ ਨੂੰ ਆਪਣੀ ਦਸ਼ਾ ਸੁਧਾਰਨ ਦੀ ਸੁੱਧ ਬੁੱਧ ਹੀ ਨਾ ਰਹੀ। ਭਗਤੀ ਤੇ ਭਜਨਾਂ ’ਚ ਭੁੱਲੇ, ਦਲਿਤ ਸ਼ੋਸ਼ਿਤ ਮਜ਼ਦੂਰ ਮੁਜਾਹਰੇ/ਕਿਸਾਨ ਔਰਤਾਂ ਅੱਗੋਂ ਭੁੱਲਦੇ ਤੇ ਭੁੱਲਦੇ ਹੀ ਗਏ।

ਮੱਧਕਾਲ ’ਚ ਗੁਰੂ ਰਵਿਦਾਸ, ਸਤਿਗੁਰੂ ਕਬੀਰ, ਗੁਰੂ ਨਾਨਕ ਦੇਵ ਜੀ ਨੇ ਮਨੂੰਵਾਦੀਆਂ ਦੀ ਇਸ ਸਾਜਿਸ਼, ਢੋਂਗੀ ਹਮਦਰਦੀ ਤੇ ਪਾਖੰਡੀ ਉਦਾਰਤਾ ਨੂੰ ਗੰਭੀਰਤਾ ਨਾਲ ਸਮਝਿਆ, ਫਿਰ ਉਹਨਾਂ ਇਸ ਢੋਂਗੀ ਹਮਦਰਦੀ ਤੇ ਪਖੰਡਵਾਦ ਪਿੱਛੇ ਛੁਪੀ ਮਨੂੰਵਾਦੀਆਂ ਦੀ ‘ਸਟੇਟਸਕੋ’ ਸਥਿਤੀ, ਸਮਾਜ ਵਿਵਸਥਾ ਜਿਉਂ ਦੀ ਤਿਉਂ ਰੱਖਣ ਦੀ ਸਾਜਿਸ਼ ਦੇ ਖਿਲਾਫ ਬਗਾਵਤ ਕਰਕੇ, ‘ਬੇਗਮਪੁਰਾ, ਸਮਇਕ ਸਮਾਨਤਾ ਅਧਾਰਤ ਜਾਤੀ ਤੇ ਜਮਾਤੀ ਰਹਿਤ ਸਮਾਜ’ ਦੀ ਸਿਰਜਨਾ ਲਈ ਕਾਰਵੇ ਨੂੰ ਫਿਰ ਪ੍ਰਚੰਡ ਕਰ ਦਿੱਤਾ। ਸੰਤ ਮਹਾਂਪੁਰਸ਼ਾਂ ਨੇ ਮਨੂੰਵਾਦੀਆਂ ਦੀ ਇਸ ਸਾਜਿਸ਼ ਦੀਆਂ ਬਾਰ ਬਾਰ ਪਰਤਾਂ ਫਰੋਲਦਿਆਂ, ਅਜ਼ਾਦੀ, ਸਮਾਨਤਾ, ਭਾਈਚਾਰਾ ਤੇ ਨਿਆਂ ਲਈ ਦਲਿਤ ਸ਼ੋਸ਼ਿਤ ਮਜ਼ਦੂਰ ਗਰੀਬ ਕਿਸਾਨ ਔਰਤਾਂ ਨੂੰ ਚੇਤਨ ਕਰਕੇ, ਕਾਰਵੇਂ ਨੂੰ ਸੰਘਰਸ਼ ਤੇ ਸੰਘਰਸ਼ ਕਰਨ ਦੇ ਰਾਹ ਪਾ ਦਿੱਤਾ। ਮਾਨਵਵਾਦੀ ਮਹਾਂਪੁਰਸ਼ਾਂ ਦਾ ਕਾਰਵਾਂ ਦਿਨੋ-ਦਿਨ ਅੱਗੇ ਵੱਧਦਿਆਂ ਵੇਖ ੇਮਨੂੰਵਾਦੀ ਪ੍ਰੋਹਿਤ ਅਚਾਰੀਆ, ਭਗਤ ਰਾਜਿਆਂ ਨੂੰ ਉਹਨਾਂ ਵਿਰੁੱਧ ਬਗ਼ਾਵਤ ਦੱਸਕੇ ਸੰਤ ਮਹਾਂਪੁਰਸ਼ਾਂ ’ਤੇ ਝੂਠੇ ਕੇਸ ਬਣਵਾਉਦੇ ਰਹੇ, ਮਹਾਂਪੁਰਸ਼ਾਂ ਨੂੰ ਜੇਲਾਂ ’ਚ ਬੰਦ ਕਰਵਾਉਦੇ ਰਹੇ, ਅਸਿਹ ਤਸੀਹੇ ਦਵਾਉਦੇ ਰਹੇ, ਪਰ ਸੰਤ ਮਹਾਂਪੁਰਸ਼ ਆਪਣੇ ਸਮਇਕ ਸਮਾਨਤਾ ਦੇ ਗਿਆਨ ਨਾਲ ਰਾਜਿਆਂ ਨੂੰ ਸੰਤੁਸ਼ਟ ਕਰਦੇ ਰਹੇ ਅਤੇ ਉਹਨਾਂ ਨੂੰ ਸੱਚ ਦੇ ਮਾਰਗ ਪਾਉਦੇ ਰਹੇ।

ਗੁਰੂ ਰਵਿਦਾਸ, ਸਤਿਗੁਰੂ ਕਬੀਰ ਜੀ ਨੇ ਮਨੂੰਵਾਦੀਆਂ ਦੀ ਇਸ ਢੋਂਗੀ ਵਰਣ-ਵਿਵਸਥਾ ਨੂੰ ਜਿਉਂ ਦੀ ਤਿਉਂ ਰੱਖਣ ਦੀ ਸਾਜਿਸ਼ ਦੇ ਖਿਲਾਫ ਸੁਧਾਰ ਦਾ ਨਹੀ, ਬਲਕਿ ਖੁੱਲੀ ਬਗਾਵਤ ਕਰਕੇ ‘ਸਮਇਕ ਸਮਾਨਤਾ ਅਧਾਰਤ ਬੇਗਮਪੁਰਾ’ ਵਸਾਉਣ ਲਈ ਸੰਗਰਾਮ ਦੇ ਕਾਰਵੇਂ ਨੂੰ ਅੱਗੇ ਤੋਂ ਅੱਗੇ ਵਧਾਉਦੇ ਰਹੇ। ਰਾਜ ਦਰਬਾਰ ਵਿਚ ਹੀ ਮਨੂੰਵਾਦੀਆਂ ਦੇ ਦੁਖਮਈ ਰਾਜ ਦਾ ਪੋਲ ਖੋਲਦਿਆ ਗੁਰੂ ਰਵਿਦਾਸ ਜੀ ਕਹਿੰਦੇ-
ਪ੍ਰਾਧੀਨਤਾ ਪਾਪ ਹੈ, ਜਾਨ ਲਿਉ ਰੇ ਮੀਤ।
ਰਵਿਦਾਸ ਪ੍ਰਾਧੀਨ ਕੋ, ਕੋਣ ਕਰੇ ਹੈ ਪ੍ਰੀਤ॥
ਪ੍ਰਾਧੀਨ ਕਾ ਦੀਨ ਕਿਆ, ਪ੍ਰਾਧੀਨ ਬੇਦੀਨ।
ਰਵਿਦਾਸ ਪ੍ਰਧੀਨ ਕੋ, ਸਭ ਹੀ ਸਮਝੇ ਹੀਨ॥
ਗੁਰੂ ਜੀ ਕਹਿੰਦੇ, ਪ੍ਰਾਧੀਨਤਾ ਪਾਪ ਹੈ। ਗੁਲਾਮੀ ਤੋਂ ਵੱਡਾ ਕੋਈ ਪਾਪ ਨਹੀ। ਗੁਲਾਮੀ ਤੋਂ ਵੱਡਾ ਕੋਈ ਦੁੱਖ ਨਹੀ। ਗੁਲਾਮੀ ਕੋਈ ਕੁਦਰਤੀ ਨਿਯਮ ਨਹੀਂ। ਸਾਡੇ ਉੱਤੇ ਗੁਲਾਮੀ ਥੋਪੀ ਗਈ ਹੈ। ਗੁਲਾਮ ਦਾ ਕੋਈ ਜੀਵਨ ਨਹੀ ਹੁੰਦਾ। ਗੁਲਾਮ ਦੀ ਕੋਈ ਗਿਣਤੀ ਨਹੀਂ ਹੁੰਦੀ। ਗੁਲਮ ਦਾ ਕੋਈ ਸੁੱਖ ਅਤੇ ਸਨਮਾਨ ਨਹੀਂ ਹੁੰਦਾ। ਗੁਲਾਮ ਨੂੰ ਪੈਰ ਪੈਰ ਉੱਤੇ ਅਪਮਾਨਤ ਕੀਤਾ ਜਾਂਦਾ ਹੈ। ਕੋਈ ਉਸ ਨਾਲ ਪ੍ਰੇਮ ਤੇ ਭਾਈਚਾਰਾ ਨਹੀਂ ਕਰਦਾ। ਇਸ ਲਈ ਗੁਲਾਮੀ ਨੂੰ ਗਲੋਂ ਲਾਉਣਾ ਚਾਹੀਦਾ ਹੈ। ਗੁਲਾਮੀ ਪ੍ਰਤੀ ਬਗ਼ਾਵਤ ਕਰਨੀ ਚਾਹੀਦੀ ਹੈ। ਜਿੰਨਾ ਚਿਰ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ ਤਦ ਤੱਕ ਗੁਲਾਮ ਬਗਾਵਤ ਨਹੀਂ ਕਰਦਾ। ਜਦ ਤੱਕ ਗੁਲਾਮ ਬਗਾਵਤ ਨਹੀਂ ਕਰਦਾ ਤਦ ਤੱਕ ਕੋਈ ਰਾਜ ਨਹੀਂ ਮਿਲਦਾ। ਗੁਰੂ ਜੀ ਕਹਿੰਦੇ-
ਐਸਾ ਚਾਹੁੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ,
ਛੋਟ ਵੱਡੇ ਸਭ ਸਮ ਵਸੈ, ਰਵਿਦਾਸ ਰਹੇ ਪ੍ਰਸੰਨ।
ਰਾਜ ਅਤੇ ਮਨ ਕਰ ਵਸ ਆਪਣੇ, ਸੁੱਖ ਘਰ ਹੈ ਦੋਈ ਠਾਵ।
ਰਵਿਦਾਸ ਇੱਕ ਸੁੱਖ ਹੈ ਸਵਰਾਜ ਵਿੱਚ, ਦੂਜਾ ਹੈ ਨਿਰਵਾਣ॥
ਗੁਰੂ ਜੀ ਕਹਿੰਦੇ, ਰਾਜ ਨਹੀਂ ਤਾਂ ਸੁੱਖ ਨਹੀਂ, ਸੁੱਖ ਨਹੀਂ ਤਾਂ ਦੁੱਖ ਹੀ ਦੁੱਖ ਹੈ। ਇਸ ਲਈ ਦਲਿਤ ਸ਼ੋਸ਼ਿਤ ਸਮਾਜ ਨੂੰ ਗੁਲਾਮੀ ਵਿਰੁੱਧ ਬਗਾਵਤ ਕਰਕੇ ਆਪਣਾ ਰਾਜ ਲੈਣਾ ਚਾਹੀਦਾ ਹੈ। ਆਪਣੇ ਰਾਜ (ਸਵਰਾਜ) ਵਿੱਚ ਹੀ ਸੁੱਖ ਹੈ। ਇਹਨਾਂ ਦੋਹਾਂ ਵਿਚ ਹੀ ਸੁੱਖ ਹੈ ਅਤੇ ਇਹ ਸੁੱਖ ਸਮਇਕ ਸਮਾਨਤਾ ਅਧਾਰਤ ਬੇਗ਼ਮਪੁਰਾ ਵਿਵਸਥਾ ਵਿਚ ਹੀ ਮਿਲ ਸਕਦਾ ਹੈ।
ਗੁਰੂ ਰਵਿਦਾਸ ਜੀ ਕਹਿੰਦੇ, ‘ਮਨੂੰਵਾਦੀ ਪ੍ਰਹਿਤ ਭੋਲੇ ਭਾਲੇ ਲੋਕਾਂ ਨੂੰ ਪਾਖੰਡ ਕਰਕੇ ਲੁੱਟਦੇ ਹਨ। ਪ੍ਰੋਹਿਤਾਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਲਈ ਚਲਾਏ ਗਏ ਤੀਰਥ ਯਾਤਰਾ, ਪ੍ਰਹਿਤਾਂ ਨੂੰ ਦਾਨ, ਕਰਮ-ਕਾਂਡਾਂ ਅਤੇ ਜਾਤ-ਪਾਤ ਦੀ ਪ੍ਰਥਾ ਸਭ ਵਿਅਰਥ ਹਨ। ਤੀਰਥਾ ’ਚ ਇਸ਼ਨਾਨ ਕਰਿਆਂ ਕੁਝ ਪ੍ਰਾਪਤ ਨਹੀਂ ਹੁੰਦਾ। 10

ਗੁਰੂ ਜੀ ਕਹਿੰਦੇ, ਦੁੱਖਾਂ ਦੇ ਖਾਤਮੇ ਅਤੇ ਸੁੱਖ ਦੀ ਪ੍ਰਾਪਤੀ ਲਈ ਨਿਰਬਾਣ ਹੀ ਉਤਮ ਮਾਰਗ ਹੈ। ਪ੍ਰੰਤੂ ਅਗਿਆਨਤਾ (ਅਵਿਦਿਆ) ਇਸ ਵਿਚ ਰੁਕਾਵਟ ਹੈ। ਕਿਉਕਿ ਅਗਿਆਨਤਾ ਮਨੁੱਖ ਨੂੰ ਅੰਧਵਿਸ਼ਵਾਸ ਦੀ ਤਰਫ ਲੈ ਜਾਂਦੀ ਹੈ। ਅੰਧਵਿਸ਼ਵਾਸੀ ਲੋਕ ਉਸ ਪਤੰਗ ਦੇ ਸਮਾਨ ਹਨ ਜਿਸ ਦੀ ਵਾਗਡੋਰ ਕਿਸੇ ਹੋਰ ਦੇ ਹੱਥ ਵਿਚ ਹੁੰਦੀ ਹੈ। ਉਵੇ ਹੀ ਅੰਧਵਿਸ਼ਵਾਸੀ ਲੋਕਾਂ ਦੀ ਡੋਰ ਪਰੋਹਿਤਾਂ, ਪੁਜਾਰੀਆ ਦੇ ਹੱਥ ਹੁੰਦੀ ਹੈ। ਪਰੋਹਿਤ-ਪੁਜਾਰੀ ਅੰਧਵਿਸ਼ਵਾਸ ਅਤੇ ਅਸਮਾਨਤਾ ਪੈਦਾ ਕਰਦੇ ਹਨ। ਅੰਧਵਿਸ਼ਵਾਸ ਅਤੇ ਅਸਮਾਨਤਾ ਦੁੱਖ ਪੈਦਾ ਕਰਦੀ ਹੈ। ਜੇ ਮਨੁੱਖ ਚੰਗਾ ਕਰਦਾ ਹੈ ਤਾਂ ਚੰਗਿਆਈ ਪੈਦਾ ਹੋ ਜਾਂਦੀ ਹੈ ਅਤੇ ਜੇ ਮਨੁੱਖ ਬੁਰਾ ਕਰਦਾ ਹੈ ਤਾਂ ਬੁਰਾਈ ਪੈਦਾ ਹੋ ਜਾਂਦੀ ਹੈ। ਬੁਰਾਈ ਦਾ ਕਾਰਨ ਵੀ ਅਵਿਦਿਆ/ਅਗਿਆਨਤਾ ਹੈ। ਅਵਿਦਿਆ ਵਿੱਦਿਆ/ਗਿਆਨ ਨਾਲ ਹੀ ਦੂਰ ਹੋ ਸਕਦੀ ਹੈ। ਬੱਸ਼! ਗਿਆਨ ਹੀ ਨਿਰਵਾਣ ਮਾਰਗ ਹੈ।

‘ਬੇਗਮਪੁਰਾ, ਸਮਇਕ ਸਮਾਨਤਾ ਦੇ ਕਾਰਵੇ ਨੂੰ ਸੰਤ ਕਬੀਰ ਜੀ ਨੇ ਚੁਰਾਹੇ ਵਿਚ ਲਿਆ ਕੇ ਮਨੂੰਵਾਦੀਆਂ ਦੇ ਭਰਮ ਦਾ ਭਾਂਡਾ ਭੰਨਦਿਆਂ ਐਲਾਨੀਆਂ ਕਿਹਾ, ਪ੍ਰੋਹਿਤਾਂ ਤੇ ਮੁਸਲਿਮ ਮੁੱਲਾਂ-ਮੌਲਾਣਿਆਂ ਵੱਲੋਂ ਫੈਲਾਈ ਜਾ ਰਹੀ ਆਪਸੀ ਨਫ਼ਰਤ,ਵੈਰ-ਵਿਰੋਧ, ਈਰਖਾ, ਦੂਈ-ਦਵੈਤ, ਧਾਰਮਿਕ ਅਡੰਬਰ ਅਤੇ ਮਾਨਵ ਵਿਰੋਧੀ ਭ੍ਰਾਂਤੀਆਂ ਸਭ ਮਨਘੜਤ ਹਨ। ਸੰਸਾਰ ਦਾ ਤਿਆਗ ਕਰਕੇ, ਜੰਗਲਾਂ ਪਹਾੜਾਂ ’ਚ ਜਾ ਕੇ ਜਪ-ਤਪ ਕਰਨ, ਨਗਨ ਫਿਰਨ, ਵਰਤ ਰੱਖਣ, ਪੱਥਰ ਦੀਆਂ ਮੂਰਤੀਆਂ ਪੂਜਣ, ਦੇਵੀ-ਦੇਵਤਿਆਂ ਦੀ ਅਰਾਧਨਾ ਵਰਗੇ ਕਰਮ-ਕਾਂਡ ਬੇਕਾਰ ਹਨ। ਮਨੁੱਖ ਨੂੰ ਅੱਛ-ਬੁਰੇ ਦੀ ਪਰਖ ਕਰਨੀ ਚਾਹੀਦੀ ਹੈ। ਸੰਤ ਕਬੀਰ ਜੀ ਕਿਹਾ-
ਲੂੱਟਦੇ ਰਾਜਾ ਅਤੇ ਪ੍ਰੋਹਿਤ, ਭੋਲੀ ਭਾਲੀ ਜਨਤਾ ਨੂੰ।
ਪੁੰਨ ਪਾਪ ਤੇ ਪੁਨਰ ਜਨਮ ਦਾ, ਪਾ ਪਾ ਕੇ ਝਮੇਲਾ।
ਪੱਥਰ ਪੂਜੇ ਹਰਿ ਮਿਲੇ, ਤੋ ਮੈਂ ਪੁਜੂੰ ਪਹਾੜ।
ਕੀ ਚਾਕੀ ਕੋਈ ਨਾ ਪੂਜੁੁ, ਪੀਸ ਖਾਏ ਸੰਸਾਰ। 11

ਸਮਇਕ ਸਮਾਨਤਾ ਅਧਾਰਤ ਬੇਗਮਪੁਰਾ ਦੇ ਕਾਰਵੇਂ ਦਾ ਝੰਡਾ ਬੁਲੰਦ ਕਰਦਿਆਂ ਸੰਤ ਕਬੀਰ ਜੀ ਐਲਾਨੀਆਂ ਕਹਿੰਦੇ-
ਜਹਾਂ ਸੇ ਆਏ ਹਮ ਬੇਗਮਪੁਰਾ ਵਹ ਦੇਸਵਾ। (ਟੇਕ)
ਬਾਮਹਨ ਨਾਹੀਂ, ਕਸ਼ੱਤਰੀ ਨਾਹੀਂ, ਸੂਦ ਨਾ ਵੈਸਵਾ।
ਮੁਗਲ ਤੇ ਪਠਾਨ ਨਾਹੀਂ, ਸੈਯਦ ਨਾ ਸੇਖਵਾ॥ ਵਾਂ…
ਕਹੇ ਕਬੀਰ ਤਹਾਂ ਸੇ ਹੀ ਹਮ ਲਾਏ ਏਕ ਸੰਦੇਸਵਾ।
ਗਿਆਨ ਕੋ ਗਹਿਕੇ ਸਾਧੋ, ਚਲੋ ਵਹੀ ਦੇਸਵਾ॥ ਜਹਵਾਂ..12

ਸੰਤ ਕਬੀਰ ਜੀ ਕਹਿੰਦੇ ਬੇਗਮਪੁਰਾ ਸਵਰਾਜ ਉਹ ਦੇਸ਼ ਹੈ ਜਿਥੇ ਸਮਾਜ ਵਿਵਸਥਾ ਵਿਚ ਜਾਤ ਪਾਤ ਦੇ ਪ੍ਰਚਾਰਕ ਪ੍ਰੋਹਿਤ, ਬ੍ਰਾਹਮਣ, ਕਸ਼ੱਤਰੀ, ਵੈਸ਼, ਸ਼ੂਦਰ ਨਹੀਂ ਹਨ। ਉੱਥੇ ਨਾ ਤਾਂ ਕੋਈ ਮੁਗਲ ਹੈ, ਨਾ ਪਠਾਨ ਹੈ, ਨਾ ਸੱਯਦ ਹੈ, ਨਾ ਸ਼ੇਖ ਹੈ। ਉਥੇ ਨਾ ਬ੍ਰਹਮਾ ਹੈ, ਨਾ ਵਿਸ਼ਨੂ ਹੈ, ਨਾ ਮਹਾਂਦੇਵ-ਸ਼ਿਵ-ਸ਼ੰਕਰ ਹੈ, ਨਾ ਆਦਿ ਜੋਤੀ ਹੈ, ਨਾ ਸ਼ਕਤੀ ਹੈ, ਨਾ ਗੌਰੀ ਹੈ, ਨਾ ਗਣੇਸ਼ ਕੋਈ ਕਿਸੇ ਦੀ ਪੂਜਾ ਨਹੀਂ ਹੈ। ਨਾ ਕੋਈ ਯੋਗੀ ਹੈ, ਨਾ ਪਖੰਡੀ ਹੈ, ਨਾ ਮੁਨੀ ਹੈ ਤੇ ਨਾ ਕੋਈ ਸਾਧ ਹੈ। ਨਾ ਆਦਿ ਹੈ, ਨਾ ਅੰਤ ਹੈ। ਨਾ ਕਾਲ ਹੈ ਅਤੇ ਨਾ ਕਲੇਸ਼ ਹੈ।

ਇਸਲਾਮਿਕ ਸਾਮਰਾਜ ਦੇ ਸਥਾਪਤ ਹੋਣ, ਤੇ ਮੁਗਲ ਰਾਜਿਆਂ ਦੋ ਸਖ਼ਤ ਰੁੱਖ ਅਪਨਾਉਣ ਕਾਰਨ ਮਨੂੰਵਾਦ ਦਬ ਗਿਆ ਤਾਂ ਸਮਇਕ ਸਮਾਨਤਾ ਦੇ ਕਾਰਵੇਂ ਨੂੰ ਲੈ ਕੇ ਅੱਗੇ ਵਧ ਰਹੇ ਬੱਜਰਜਾਨੀ ਸੰਤ, ਸਿੱਖ ਅੰਦੋਲਨਾਂ ਦੇ ਰੂਪ ਵਿਚ ਆਮ ਰਾਹਾਂ ਤੇ ਬਸਤੀਆਂ ਵਿਚ ਫਿਰ ਸੰਘਰਸ਼ਤ ਹੋ ਗਏ। ਬਜਰਯਾਨ ਦਾ ਬੁੱਧਤਵ ਹੀ 15ਵੀ ਈਸਵੀ ’ਚ ਗੁਰੂਤਵ ਬਣ ਗਿਆ।
19ਵੀ ਸਦੀ ਵਿਚ ਸਮਇਕ ਸਮਾਨਤਾ ਅਧਾਰਤ ਰਾਜ ਵਿਵਸਥਾ ਲਈ 1848 ’ਚ ਜੋਤੀਬਾ ਫ਼ੂਲੇ ਨੇ ‘ਗੁਲਾਮਗਿਰੀ’ ਗ੍ਰੰਥ ਲਿੱਖ ਕੇ ਦਲਿਤ ਸ਼ੋਸ਼ਿਤ ਮਜ਼ਦੂਰ ਕਿਸਾਨ ਔਰਤਾਂ ਦੀ ਸੰਪੂਰਨ ਅਜ਼ਾਦੀ ਲਈ ਸੰਤ ਮਹਾਂਪੁਰਸ਼ਾਂ ਦੇ ਕਾਰਵੇਂ ਦਾ ਝੰਡਾ ਫਿਰ ਬੁਲੰਦ ਕਰ ਦਿੱਤਾ। ਫੂਲੇ ਲਿੱਖਦੇ, ‘‘ਅਠਾਰਵੀ ਸਦੀ ਤੱਕ ਔਰਤ ਨੂੰ ਵਿੱਦਿਆ ਪ੍ਰਾਪਤੀ ਦਾ ਕੋਈ ਅਧਿਕਾਰ ਨਹੀਂ ਸੀ। ਉਲਟਾ ਸਮਾਜ ’ਚ ਇਹ ਵਹਿਮ-ਭਰਮ ਪਾਇਆ ਹੋਇਆ ਸੀ ਕਿ ਜੇਕਰ ਲੜਕੀ ਪੜ੍ਹੇਗੀ ਤਾਂ ਉਸ ਦਾ ਪਤੀ ਜਲਦੀ ਮਰ ਜਾਵੇਗਾ। ਫੂਲੇ ਨੇ ਇਸ ਅੰਧਵਿਸ਼ਵਾਸ ਨੂੰ ਵੰਗਾਰਿਆ, ਆਪ ਔਰਤ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਇਸ ਕੰਮ ਨੂੰ ਪੂਰਾ ਕਰਨ ਲਈ ਆਪਣੀ ਔਰਤ ਨੂੰ ਆਪ ਪੜ੍ਹਾ ਕੇ, ਫਿਰ ਆਪਣਾ ਹੀ ਸਕੂਲ ਖੋਲ੍ਹ ਕੇ ਉਸ ਨੂੰ ਉਥੇ ਅਧਿਆਪਕ ਲਾ ਦਿੱਤਾ। ਮਨੂੰਵਾਦੀਆਂ ਸਕੂਲ ਨੂੰ ਅੱਗ ਲਾ ਕੇ ਸਾੜ ਦਿੱਤਾ ਪਰ ਉਹਨਾਂ ਸਾਥੀਆਂ ਦੀ ਮਦਦ ਨਾਲ ਦਲਿਤਾਂ ਤੇ ਔਰਤਾਂ ਲਈ ਹੋਰ ਸਕੂਲ ਖੋਲ੍ਹ ਦਿੱਤੇ। ਉਹਨਾਂ ਅਕਿਹਾ,
‘ਵਿੱਦਿਆ ਬਿਨਾਂ, ਬੁੱਧੀ ਗਈ, ਬੁੱਧੀ ਬਿਨਾ ਵਿਕਾਸ ਰੁਕਿਆ,
ਵਿਕਾਸ ਬਿਨਾਂ ਸਥਿਰਤਾ ਆਈ, ਸਥਿਰਤਾ ਕਾਰਨ ਪੱਤਣ ਹੋਇਆ।

20ਵੀ ਸਦੀ ਵਿਚ ਡਾ. ਅੰਬੇਡਕਰ ਨੇ ਵਿਦੇਸ਼ਾਂ ’ਚੋਂ ਉਚ ਸਿੱਖਿਆ ਪ੍ਰਾਪਤ ਕਰਕੇ, ਦਲਿਤ ਸ਼ੋਸ਼ਿਤ ਮਜ਼ਦੂਰ ਕਿਸਾਨ ਔਰਤਾਂ ਲਈ ਸੰਪੂਰਨ ਅਜ਼ਾਦੀ ਤੇ ਬਰਾਬਰ ਦੇ ਅਧਿਕਾਰਾਂ ਲਈ ਭਗਤੀ ਦਾ ਨਹੀ ਬਲਕਿ ਸੰਘਰਸ਼ ਦਾ ਰਾਹ ਅਪਣਾ ਕੇ ਬਾਰ ਬਾਰ ਅੰਦੋਲਨ ਤੇ ਅੰਦੋਲਨ ਕੀਤੇ। ਅਜ਼ਾਦੀ ਉਪਰੰਤ ਉਹਨਾਂ ਸੰਤ ਮਹਾਂਪੁਰਸ਼ਾਂ ਦੇ ਕਾਰਵੇਂ ਸਮਇਕ ਸਮਾਨਤਾ ਅਧਾਰਤ ਬੇਗ਼ਮਪੁਰਾ ਨੂੰ ਸੰਵਿਧਾਨ ਦਾ ਲਕਸ਼ ਹੀ ਲਿੱਖ ਦਿੱਤਾ। ਕਿਉਕਿ ਅਜ਼ਾਦੀ ਤੋਂ ਪਹਿਲਾਂ ਕਾਂਗਰਸ, ਨਹਿਰੂ ਤੇ ਗਾਂਧੀ ਜੀ ਨੇ ਦੇਸ਼ ਵਾਸੀਆਂ ਨਾਲ ਵਾਇਦਾ ਕੀਤਾ ਸੀ ਕਿ ਤੁਸੀਂ ਸਾਨੂੰ ਸਾਥ ਦਿਓ, ਅਸੀਂ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਦਿਆਂਗੇ। ਅਜ਼ਾਦ ਭਾਰਤ ਵਿੱਚ ਸਭ ਲਈ ਰੋਟੀ, ਕੱਪੜੇ ਅਤੇ ਮਕਾਨ ਦਾ ਪ੍ਰਬੰਧ ਹੋਵੇਗਾ। ਨਾ ਕੋਈ ਮਾਲਕ ਹੋਵੇਗਾ ਤੇ ਨਾ ਹੀ ਕੋਈ ਨੌਕਰ ਹੋਵੇਗਾ। ਨਾ ਕੋਈ ਜ਼ਿੰਮੀਂਦਾਰ ਹੋਵੇਗਾ ਤੇ ਨਾ ਹੀ ਕੋਈ ਮੁਜ਼ਾਹਰਾ ਹੋਵੇਗਾ। ਨਾ ਕੋਈ ਉੱਚ ਹੋਵੇਗਾ ਤੇ ਨਾ ਹੀ ਕੋਈ ਨੀਚ ਹੋਵੇਗਾ, ਸਭ ਸਮਾਨ ਹੋਣਗੇ।

ਡਾਕਟਰ ਅੰਬੇਡਕਰ ਕਿਹਾ ਇਸ ਸਮਇਕ ਸਮਾਨਤਾ ਦੀ ਪੂਰਤੀ ਲਈ ਜ਼ਮੀਨ ਦਾ ਕੌਮੀਕਰਨ ਹੋਣਾ ਜਰੂਰੀ ਹੈ। ਸਰਕਾਰ ਰਾਜੇ-ਰਜ਼ਵਾੜਿਆਂ ਤੋਂ ਜ਼ਮੀਨਾਂ ਲੈ ਕੇ ਆਪਣੇ ਹੱਥ ਵਿਚ ਲੈ ਕੇ 20-20 ਹਜ਼ਾਰ ਏਕੜ ਜ਼ਮੀਨ ਦੇ ਵੱਡੇ ਵੱਡੇ ਫਾਰਮ ਬਣਾਕੇ ਉਹਨਾਂ ਉਤੇ ਅਧੁਨਿਕ ਮਸ਼ੀਨਰੀ ਨਾਲ ਸਮੂਹਿਕ ਤੌਰ ’ਤੇ ਖੇਤੀ ਕਰਵਾਈ ਜਾਵੇ। ਸਭ ਲੋਕ ਮਿੱਲ੍ਹਾਂ ਅਤੇ ਕਾਰਖਾਨਿਆਂ ਵਿਚ ਰਲ ਮਿਲਕੇ ਕੰਮ ਕਰਨਗੇ, ਸਭ ਨੂੰ ਬਰਾਬਰ ਬਰਾਬਰ ਤਨਖਾਹ ਮਿਲੇਗੀ। ਅਜਿਹਾ ਹੋਣ ਨਾਲ ਨਾ ਕੋਈ ਜ਼ਿੰਮੀਦਾਰ ਹੋਵੇਗਾ ਅਤੇ ਨਾ ਹੀ ਕੋਈ ਮਜ਼ਦੂਰ ਮਜ਼ਾਰਾ ਹੋਵੇਗਾ। ਇਸ ਤਰ੍ਹਾਂ ਸਮਾਨਤਾ ਕਾਰਨ ਕਿਸੇ ਨੂੰ ਕੋਈ ਵੀ ਦਬਾ ਨਹੀਂ ਸਕੇਗਾ।

ਉਹਨਾਂ ਕਿਹਾ, ਭਾਰਤ ਇੱਕ ਪੇਂਡੂ ਪ੍ਰਧਾਨ ਖੇਤੀ ਅਧਾਰਤ ਦੇਸ਼ ਹੈ। ਪਿੰਡਾਂ ਵਿੱਚ ਲੋਕਾਂ ਨੂੰ ਸਿਰਫ਼ ਹਾੜੀ-ਛਾਉਣੀ ਕੰਮ ਮਿਲਦਾ ਹੈ ਬਾਕੀ ਸਾਰਾ ਸਾਲ ਉਹ ਵਿਹਲੇ ਰਹਿੰਦੇ ਹਨ। ਜਿਸ ਕਾਰਨ ਉਹ ਗਰੀਬ ਹਨ। ਜੇ ਸਰਕਾਰ 50-50 ਪਿੰਡਾਂ ਨੂੰ ਇੱਕ ਯੂਨਿਟ ਮੰਨਕੇ ਉਹਨਾਂ ਦੇ ਦਰਮਿਆਨ ਇਕ ਵੱਡੀ ਮਿੱਲ੍ਹ ਜਾਂ ਇੰਡਸਟਰੀ ਲਾਵੇ ਤਾਂ ਉਥੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਕੰਮ ਮਿਲੇਗਾ ਤਾਂ ਜਿਥੇ ਬੇਰੋਜ਼ਗਾਰੀ ਤੇ ਗਰੀਬੀ ਨੂੰ ਠਿੱਲ੍ਹ ਪਵੇਗੀ, ਲੋਕ ਖੁਸ਼ਹਾਲ ਹੋਣਗੇ, ਤੇ ਦੇਸ਼ ਤਰੱਕੀ ਕਰੇਗਾ।
ਉਹਨਾਂ ਇਹ ਵੀ ਕਿਹਾ, ਬੀਮਾ ਰਾਜ ਦੀ ਅਜਾਰਾਦਾਰੀ ਹੋਣੀ ਚਾਹੀਦੀ ਹੈ ਅਤੇ ਹਰੇਕ ਨਾਗਰਿਕ ਨੂੰ ਮਜ਼ਬੂਰ ਕੀਤਾ ਜਾਵੇ ਕਿ ਉਹ ਆਪਣੀ ਉਜ਼ਰਤ ਮੁਤਾਬਿਕ ਜੀਵਨ ਬੀਮਾ ਕਰਵਾਏ ਤਾਂ ਜੋ ਕਿ ਬੁਢਾਪੇ ਵਿਚ ਸਭ ਨਾਗਰਿਕਾਂ ਪੈਨਸ਼ਨ ਮਿਲੇ, ਇਸ ਤਰਾਂ ਹੀ ਉਹਨਾਂ ਦੀੇ ਸਿਹਤ ਤੇ ਬੁਢਾਪਾ ਸੁਰੱਖਿਅਤ ਹੋ ਸਕਣਗੇ।’’ 13

ਡਾਕਟਰ ਅੰਬੇਡਕਰ ਨੇ ਸਮਇਕ ਸਮਾਨਤਾ ਦੇ ਕਾਰਵੇਂ ਨੂੰ ਮੰਜਲੇ ਮਕਸੂਦ ’ਤੇ ਪਹੁਚਾਉਣ ਲਈ 18 ਮਾਰਚ 1956 ਨੂੰ ਆਪਣੇ ਅਨੁਆਈਆਂ ਨੂੰ ਸੰਦੇਸ਼ ਦਿੰਦਿਆ ਕਿਹਾ, ‘‘ਮੇੈਂ ਤੁੁਹਾਡੇ ਲਈ ਜੋ ਕੁੁਝ ਕੀਤਾ ਹੈ, ਉਹ ਬੇਹੱਦ ਮੁਸੀਬਤਾਂ, ਅਤਿਅੰਤ ਦੁੱਖਾਂ ਅਤੇ ਧਾਕੜ ਵਿਰੋਧੀਆਂ ਦਾ ਮੁਕਾਬਲਾ ਕਰਕੇ ਮਨੁੱਖੀ ਅਧਿਕਾਰਾਂ ਦੇ ਕਾਰਵੇ ਨੂੰ ਮੈਂ ਏਥੇ ਤਕ ਬੜੀ ਮੁਸ਼ਕਲ ਨਾਲ ਲੈ ਕੇ ਆਇਆ ਹਾਂ। ਬੇਸ਼ੱਕ ਰਸਤੇ ਵਿਚ ਕਿੰਨੀਆਂ ਵੀ ਰੁਕਾਵਟਾਂ ਕਿਉਂ ਨਾ ਆਉਣ, ਇਹ ਕਾਰਵਾਂ ਅੱਗੇ ਤੋਂ ਅੱਗੇ ਵਧਦਾ ਜਾਣਾ ਚਾਹੀਦਾ ਹੈ, ਇਹ ਤੁੁਹਾਡਾ ਪਰਮ ਕਰਤੱਵ ਹੈ। ਜੇਕਰ ਤੁੁਸੀਂ ਇਸ ਕਾਰਵੇਂ ਨੂੰ ਅੱਗੇ ਨਾ ਵਧਾ ਸਕੇ ਤਾਂ ਇਸ ਨੂੰ ਇਥੇ ਹੀ ਛੱਡ ਦੇਣਾ, ਪਰ ਕਿਸੇ ਵੀ ਹਾਲਤ ਵਿਚ ਇਸ ਨੂੰ ਪਿੱਛੇ ਨਾ ਜਾਣ ਦੇਣਾ। ਆਪ ਸਭ ਲੋਕਾਂ ਨੂੰ ਮੇਰਾ ਇਹੀ ਸੰਦੇਸ਼ ਹੈ!’’ 14

ਸੰਤ ਮਹਾਂਪੁਰਸ਼ ਦਰਿੜ ਵਿਸ਼ਵਾਸ ਨਾਲ ਕਹਿੰਦੇ ਕਿ ਨਿਰਵਾਣ ਮਾਰਗ ਇਥੇ ਹੀ ਹੈ। ਹਰ ਮਨੁੱਖ ਗਿਆਨ, ਪ੍ਰੱਗਿਆ, ਕਰੁਣਾ, ਸ਼ੀਲ, ਸਮਾਧੀ ਰਾਹੀ ਨਿਰਵਾਣ ਪ੍ਰਾਪਤ ਕਰਕੇ ਇਸੇ ਸੰਸਾਰ ਵਿਚ, ਇਸੇ ਧਰਤੀ ’ਤੇ, ਇਸੇ ਜੀਵਨ ਵਿਚ ਮੁਕਤੀ ਪ੍ਰਾਪਤ ਕਰ ਸਕਦਾ ਹੈ ਅਤੇ ਸੰਘਰਸ਼ ਕਰਕੇ ਬੇਗਮਪੁਰਾ ਸਵੈਰਾਜ ਵਸਾ ਸਕਦਾ ਹੈ। ਬੱਸ! ਇਹ ਹੀ ਸਮਇਕ ਸਮਾਨਤਾ ਅਧਾਰਤ ਬੇਗਮਪੁਰੇ ਦਾ ਕਾਰਵਾਂ ਹੈ ਜੋ ਰੋਕਿਆਂ ਵੀ ਰੁਕਿਆ ਨਹੀ।

ਹਵਾਲੇ ਅਤੇ ਟਿੱਪਣੀਆ-
1. ਬੀਲ ਟ੍ਰੈਵਲਜ਼ ਆਫ ਹਿਊਨਸਾਂਗ, ਵਾਲਿਉਮ-2, ਪੰਨਾ 208-218
2. ਭਾਰਤੀਯ ਧਰਮ ਸ਼ਾਖਾਏ ਔਰ ਉਨਕਾ ਇਤਿਹਾਸ ਸਫਾ 139
3. ਡਾ. ਸੁਰਿੰਦਰ ਸ਼ਾਂਤ, ਭਾਰਤੀ ਦਰਸ਼ਨ ਵਿੱਚ ਪਦਾਰਥਵਾਦੀ ਤੱਤ, ਸਫਾ 19-22, ਉੁਹੀ 148
4. H.Dr. Joginda Singh, Modrenization of Indian Traditions, Page-159, ਆਚਾਰੀਆ ਨਫੇ ਸਿੰਘ, ਚਮਾਰ ਭਵਨ, ਸਫਾ 16
5. ਡਾ. ਅੰਬੇਡਕਰ, ਅਛੂਤ ਕੌਣ ਤੇ ਕਿਵੇ ਬਣੇ? ਸਫਾ 120, 121
6. ਮਨੂੰ ਵਿਯੂਹ ਵਿਧੀਵੰਸ਼, ਸਫਾ 112, 113
7. ਬਹੁਜਨ ਸਮਾਜ ਪਿਤਾਮਾ ਮਹਾਤਮਾ ਫੂਲੇ, ਸਫਾ 165, ਉਹੀ ਸਫਾ 166
8. Complete Works of Swame Vivekananda, Vol VII, P-118, Calcutta,1997
9. ਪ੍ਰੋ.ਦਇਆਬੀਰ ਸਿੰਘ, ਪੰਜਾਬੀ ਸਾਹਿਤ ਦਾ ਸੰਪੂਰਨ ਇਤਿਹਾਸ, ਸਫ਼ਾ 2, 3
10. ਕੰਵਲ ਭਾਰਤੀ, ਸੰਤ ਰੈਦਾਸ ਏਕ ਵਿਸ਼ਲੇਸ਼ਣ, ਸਫਾ 62-63
11 ਐਮ. ਆਰ. ਵਿਦਰੋਹੀ, ਦਲਿਤ ਦਸਤਾਵੇਜ਼, ਸਫਾ 74-75,
12. ਮਨੂੰ ਵਿਜੂਹ ਵਿਧੀਵੰਧ, ਸਫਾ 15-17
13. Dr. Ambedkar, Writing And Speeches, Vol. 1, Page 411-412
14. ਪ੍ਰੋ. ਐਮ.ਕੇ. ਡੋਂਗਰੇ, ਡਾ. ਬੀ.ਆਰ. ਅੰਬੇਡਕਰ ਦੇ ਆਰਥਿਕ ਵਿਚਾਰ, ਸਫਾ 103

Previous articleਸਿਹਤ ਕੇਂਦਰ ਭੀਖੀ ਵਿਖੇ ਪਰਿਵਾਰ ਨਿਯੋਜਨ ਕੈਂਪ ਜਾਰੀ 
Next articleਲੁਧਿਆਣਾ ਦੇ ਡੀਸੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ