ਚੰਡੀਗੜ੍ਹ (ਸਮਾਜ ਵੀਕਲੀ): ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ’ਤੇ ਸਿਆਸੀ ਹੱਲਾ ਬੋਲਦਿਆਂ ਮੌਜੂਦਾ ਸਰਕਾਰ ਨੂੰ ‘ਸੂਟਕੇਸ ਦੀ ਸਰਕਾਰ’ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਈਡੀ ਦੇ ਛਾਪਿਆਂ ਨੇ ਕਰੋੜਾਂ ਰੁਪਏ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਉਹ (ਅਮਰਿੰਦਰ) ਗੈਰਕਾਨੂੰਨੀ ਖਣਨ ਵਿਚ ਸ਼ਾਮਲ ਕਾਂਗਰਸੀ ਵਿਧਾਇਕਾਂ ਵਿਰੁੱਧ ਗੰਭੀਰ ਕਾਰਵਾਈ ਕਰਨ ਦੇ ਅਸਮਰੱਥ ਰਹੇ ਸਨ ਕਿਉਂਕਿ ਇਸ ਨਾਲ ਪਾਰਟੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਸੀ ਅਤੇ ਸੋਨੀਆ ਗਾਂਧੀ ਉਨ੍ਹਾਂ ਦੇ ਸੁਆਲਾਂ ਦਾ ਜੁਆਬ ਦੇਣ ਦੇ ਅਸਮਰੱਥ ਰਹੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਪੰਜਾਬ ਵਿਚ ਤਬਾਦਲਿਆਂ ਅਤੇ ਤਾਇਨਾਤੀਆਂ ਨੂੰ ਇੱਕ ਉਦਯੋਗ ਹੀ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਵੇਂ ਮੁੱਖ ਮੰਤਰੀ ਨੇ ਅਹੁਦਾ ਸੰਭਾਲਣ ਮਗਰੋਂ ਤਾਇਨਾਤੀਆਂ ਅਤੇ ਤਬਾਦਲਿਆਂ ਤੋਂ ਇਲਾਵਾ ਕੁੱਝ ਨਹੀਂ ਕੀਤਾ।
ਉਨ੍ਹਾਂ ਕਿਹਾ,‘‘ਇਹ ਲੋਕਾਂ ਦੀ ਸਰਕਾਰ ਨਹੀਂ ਸਗੋਂ ਟਰਾਂਸਫ਼ਰ, ਪੋਸਟਿੰਗ ਤੋਂ ‘ਸੂਟਕੇਸ ਦੀ ਸਰਕਾਰ’ ਬਣ ਗਈ ਹੈ।’’ ਕੈਪਟਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਫੇਰੀ ਮੌਕੇ ਸੜਕ ’ਤੇ ਨਾਕਾਬੰਦੀ ਪੰਜਾਬ ਸਰਕਾਰ ਦਾ ਸੋਚਿਆ-ਸਮਝਿਆ ਪ੍ਰੋਗਰਾਮ ਸੀ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਪੁਲੀਸ ਨੂੰ ਹਦਾਇਤ ਕੀਤੀ ਸੀ ਕਿ ਕਿਸਾਨਾਂ ਨੂੰ ਸੜਕ ਤੋਂ ਹਟਾਇਆ ਨਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸੁਰੱਖਿਆ ਖ਼ਾਮੀ ਪ੍ਰਧਾਨ ਮੰਤਰੀ ਦੀ ਜਾਨ ਲਈ ਆਸਾਨੀ ਨਾਲ ਖ਼ਤਰਾ ਬਣ ਸਕਦੀ ਸੀ ਕਿਉਂਕਿ ਕੌਮਾਂਤਰੀ ਸੀਮਾ ਵੀ ਨੇੜੇ ਹੀ ਸੀ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਇਸ ਕੁਤਾਹੀ ਬਦਲੇ ਮੁਆਫ਼ੀ ਮੰਗਣ। ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਸਿਰਫ਼ ਐਲਾਨ ਹੀ ਕੀਤੇ ਗਏ ਹਨ ਜਦੋਂ ਕਿ ਉਹ ਪਹਿਲਾਂ ਹੀ ਸਾਰੇ ਪ੍ਰੋਜੈਕਟ ਸ਼ੁਰੂ ਕਰਵਾ ਚੁੱਕੇ ਸਨ। ਉਨ੍ਹਾਂ ਕਰਜ਼ਾ ਮੁਆਫ਼ੀ, ਘਰ ਘਰ ਰੁਜ਼ਗਾਰ ਆਦਿ ਸਕੀਮਾਂ ਦੀ ਮਿਸਾਲ ਵੀ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly