ਪਟਿਆਲਾ (ਸਮਾਜ ਵੀਕਲੀ): ਕੈਪਟਨ ਅਮਰਿੰਦਰ ਸਿੰਘ, ਜੋ ਕਿ ਐਤਕੀਂ ਪਟਿਆਲਾ ਸ਼ਹਿਰੀ ਹਲਕੇ ਤੋਂ ‘ਪੰਜਾਬ ਲੋਕ ਕਾਂਗਰਸ’ ਦੇ ਉਮੀਦਵਾਰ ਹਨ, ਆਪਣੇ ਨਾਮਜ਼ਦਗੀ ਫਾਰਮ 31 ਜਨਵਰੀ ਨੂੰ ਦਾਖਲ ਕਰਨਗੇ। ਭਾਜਪਾ ਨੇਤਾ ਗਜੇਂਦਰ ਸ਼ੇਖਾਵਤ ਵੀ ਉਨ੍ਹਾਂ ਦੇ ਨਾਲ ਰਹਿਣਗੇ। ਨਾਮਜ਼ਦਗੀ ਦੀ ਇਸ ਪ੍ਰਕਿਰਿਆ ਨੂੰ ਲੈ ਕੇ ਪਰਨੀਤ ਕੌਰ ’ਤੇ ਵੀ ਨਿਗਾਹਾਂ ਟਿਕੀਆਂ ਹੋਈਆਂ ਹਨ। ਲੋਕ ਦੇਖਣਾ ਚਾਹੁੰਦੇ ਕਿ ਕੀ ਪਰਨੀਤ ਕੌਰ ਐਤਕੀਂ ਪਹਿਲਾਂ ਨਾਲੋਂ ਨਿਵੇਕਲੇ ਅਤੇ ਔਖੇ ਢੰਗ ਨਾਲ ਚੋਣ ਪਿੜ ’ਚ ਕੁੱਦ ਰਹੇ ਆਪਣੇ ਪਤੀ ਦੇ ਨਾਲ ਖੁੱਲ੍ਹ ਕੇ ਖੜ੍ਹਨਗੇ ਜਾਂ ਨਹੀਂ। ਕਿਉਂਕਿ ਪਹਿਲੀਆਂ ਕਈ ਚੋਣਾਂ ਦੌਰਾਨ ਪਰਨੀਤ ਕੌਰ ਕਵਰਿੰਗ ਉਮੀਦਵਾਰ ਬਣਦੇ ਰਹੇ ਹਨ।
ਗੌਰਤਲਬ ਹੈ ਕਿ ਪਰਨੀਤ ਕੌਰ ਅਧਿਕਾਰਤ ਤੌਰ ’ਤੇ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ, ਜਿਸ ਦੇ ਚੱਲਦਿਆਂ ਉਹ ਕਾਂਗਰਸ ਦੇ ਵ੍ਹਿਪ ਦਾ ਉਲੰਘਣ ਨਹੀਂ ਕਰ ਸਕਦੇ। ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਕਾਂਗਰਸ ਐਕਸ਼ਨ ਲੈ ਸਕਦੀ ਹੈ। ਪਰ ਅਜਿਹਾ ਨਹੀਂ ਕਿ ਉਨ੍ਹਾਂ ਦੀ ਸੰਸਦ ਮੈਂਬਰਸ਼ਿਪ ਭੰਗ ਹੋ ਜਾਵੇਗੀ। ਪਰ ਉਹ ਪਟਿਆਲਾ ਤੋਂ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ, ਆਪ ਵਿਧਾਇਕ ਸੁਖਪਾਲ ਖਹਿਰਾ ਅਤੇ ਕਈ ਹੋਰਨਾਂ ਵਾਂਗ ਆਪਣੀ ਪਾਰਟੀ ਕਾਂਗਰਸ ਨਾਲੋਂ ਅਲੱਗ-ਥਲੱਗ ਪੈ ਸਕਦੇ ਹਨ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਮਗਰੋਂ ਅਮਰਿੰਦਰ ਸਿੰਘ ਦੀਆਂ ਸਰਗਰਮੀਆਂ ’ਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਪਰਨੀਤ ਕੌਰ ਨੂੰ ਕਾਂਗਰਸ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਦਾ ਮਾਮਲਾ ਵੀ ਸੁਰਖ਼ੀਆਂ ਬਣਿਆ ਸੀ। ਪਰ ਪਰਨੀਤ ਕੌਰ ਖੇਮੇ ਦਾ ਕਹਿਣਾ ਹੈ ਕਿ ਕੋਈ ਵੀ ਨੋਟਿਸ ਨਹੀਂ ਮਿਲਿਆ।
ਚੰਦੂਮਾਜਰਾ ਅਤੇ ਜਲਾਲਪੁਰ ਵੀ ਅੱਜ ਭਰਨਗੇ ਨਾਮਜ਼ਦਗੀਆਂ
ਸੈਂਤੀ ਸਾਲ ਪਹਿਲਾਂ ਸਿਰਫ਼ ਇੱਕ ਵਾਰ ਹੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਘਨੌਰ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਨੌਰ ਤੋਂ ਉਮੀਦਵਾਰ ਉਨ੍ਹਾਂ ਦੇ ਬੇਟੇ ਹਰਿੰਦਰਪਾਲ ਚੰਦੂਮਾਜਰਾ ਵੀ 31 ਜਨਵਰੀ ਨੂੰ ਹੀ ਨਾਮਜ਼ਦਗੀ ਫਾਰਮ ਭਰਨਗੇ। ਇਸ ਤੋਂ ਪਹਿਲਾਂ ਦੋਵਾਂ ਵੱਲੋਂ ਬਹਾਦਰਗੜ੍ਹ ਵਿੱਚ ਇਕੱਠ ਕੀਤਾ ਜਾਵੇਗਾ। ਘਨੌਰ ਤੋਂ ਹੀ ਕਾਂਗਰਸ ਉਮੀਦਵਾਰ ਮਦਨ ਲਾਲ ਜਲਾਲਪੁਰ ਅਤੇ ਸਨੌਰ ਤੋਂ ਪੀਐੱਲਸੀ ਉਮੀਦਵਾਰ ਬਿਕਮਰਮਇੰਦਰ ਸਿੰਘ ਚਹਿਲ ਵੀ ਸੋਮਵਾਰ ਨੂੰ ਹੀ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣਗੇ।
ਪਰਨੀਤ ਕੌਰ ਨਾਲ ਨਹੀਂ ਹੋਣਗੇ
ਭਰੋਸੇਯੋਗ ਸੂਤਰਾਂ ਅਨੁਸਾਰ ਭਲਕੇ ਨਾਮਜ਼ਦਗੀ ਭਰਨ ਮੌਕੇ ਪਰਨੀਤ ਕੌਰ ਨਾਲ ਨਹੀਂ ਆਉਣਗੇ। ਸ਼ਾਇਦ ਇਹ ਪਹਿਲਾ ਹੀ ਮੌਕਾ ਹੋਵੇਗਾ, ਜਦੋਂ ਕਿਸੇ ਚੋਣ ਲਈ ਨਾਮਜ਼ਦਗੀ ਫਾਰਮ ਭਰਨ ਮੌਕੇ ਉਹ ਆਪਣੇ ਪਤੀ ਦੇ ਨਾਲ ਨਹੀਂ ਹੋਣਗੇ। ਅਸਲ ’ਚ ਇਹ ਉਨ੍ਹਾਂ ਦੀ ਰਾਜਸੀ ਮਜਬੂਰੀ ਹੈ। ਸੰਭਾਵਨਾ ਹੈ ਕਿ ਐਤਕੀਂ ਸ਼ਾਹੀ ਪਰਿਵਾਰ ਦੀ ਧੀ ਬੀਬਾ ਜੈਇੰਦਰ ਕੌਰ ਕਵਰਿੰਗ ਉਮੀਦਵਾਰ ਹੋਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly