ਬੈਂਤ ਛੰਦ

ਬਲਜਿੰਦਰ ਸਿੰਘ

(ਸਮਾਜ ਵੀਕਲੀ)

ਗਲੀ ਗਲੀ ਲੁਟੇਰੇ ਦੇਖੋ ਘੁੰਮਦੇ , ਆ ਕੇ ਦਰ ਸਾਡੇ ਖੜਕਾਉਣ ਲੱਗੇ,
ਮਾਸਕ ਪਾ ਕੇ ਦੁਰਕਾਰਦੇ ਸੀ ਜਿਹੜੇ, ਬਾਪ ਕਹਿ ਹੱਥ ਪੈਰੀਂ ਲਾਉਣ ਲੱਗੇ।

ਮਾਰ ਹੂਟਰ ਲੰਘਦੇ ਲਤਾੜ ਸਾਨੂੰ, ਗਾਰਦਾਂ ਨਾਲ਼ ਪਾ ਰੋਅਬ ਮਾਰਗਾਂ ਤੇ,
ਬਗਲ਼ੇ ਛੱਪੜਾਂ ਦੇ ਕਦੋ ਹੰਸ ਬਣਦੇ, ਕਾਵਾਂ ਜਿਉਂ ਨੇ ਸਭ ਕੁਰਲਾਉਣ ਲੱਗੇ।

ਨੀਅਤਾਂ ਖੋਟੀਆਂ ਸਭ ਦੇ ਮਨ ਮੈਲ਼ੇ, ਲੁੱਟ ਖ਼ਜ਼ਾਨੇ ਸਭ ਹੀ ਹੋਣ ਤਿੱਤਰ,
ਪਾ ਵੋਟਾਂ ਚੁਣਦੇ ਅਸੀਂ ਚੋਰ ਚਾਲ਼ੀ, ਅਲੀ ਬਾਬੇ ਹਾਂ ਯਾਰ ਬਣਾਉਣ ਲੱਗੇ।

ਦੇਵਾਂਗੇ ਦੋ ਰੁਪਏ ਹੁਣ ਕਣਕ ਕਿਲੋ, ਬਿਜਲੀ ਮੁਫ਼ਤ ਦੇਵਾਂਗੇ ਆਪ ਸਭ ਨੂੰ,
ਨਪੁੰਸਕ ਬਣਾਉਣ ਲਈ ਚਿੱਟਾ,ਨੌਜਵਾਨਾਂ ਨੂੰ ਆ ਵਰਤਾਉਣ ਲੱਗੇ।

ਹੱਕ ਸੱਚ ਦੀ ਕਰੋ ਨਾ ਗੱਲ ਕੋਈ, ਮੁੱਦਿਆਂ ਦੀ ਨਾ ਕੋਈ ਗੱਲ ਛੇੜੋ,
ਕੀਮਤ ਧੀਆਂ ਧਿਆਣੀਆਂ ਦੀ ਪਾ ਕੇ, ਮੂੰਹ ਬਾਂਦਰ ਕਿਵੇਂ ਨੇ ਚਿੜਾਉਣ ਲੱਗੇ।

ਮਨ ਕਾਲੇ ਕਰਦੇ ਕਾਲੇ ਕਾਰਨਾਮੇ, ਬਣ ਉਮੀਦਵਾਰ ਹੱਕ ਜਿਤਾਉਣ ਲੱਗੇ,
ਜੱਫੀਆਂ ਪਾ ਪਾ ਕਿੰਝ ਵਜ਼ੀਰ ਦੇਖੋ, ਖੁਦ ਹੀ ਸੈਲਫ਼ੀਆਂ ਕਰਵਾਉਣ ਲੱਗੇ।

ਉੱਤਰ ਸਵਾਲਾਂ ਦੇ ਲੋਕ ਮੰਗਦੇ , ਇਨਕਲਾਬ ਦੀ ਲੱਗੇ ਇਹ ਜੋਤਿ ਜਗਦੀ,
ਜੁਗਨੂੰ ਸੁੰਨ ਹਨੇਰਿਆਂ ਰਾਹਵਾਂ ਨੂੰ, ਜਲ ਜਲ ਕੇ ਆਪ ਰੁਸ਼ਨਾਉਣ ਲੱਗੇ।

“ਰੇਤਗੜੵ” ਰਹੇ ਵੱਸਦਾ ਪਿੰਡ ਮੇਰਾ, ਜੂਹਾਂ ਤੋਂ ਮਹਿਕੀ ਠੰਡੀ ‘ਵਾ ਆਵੇ,
“ਬਾਲੀ” ਸਿੱਜਦਾ ਕਰ ਮਾਂ-ਬੋਲੀ ਨੂੰ, ਜਾਏ ਨੇ ਜਿਸਦੇ ਮੂੰਹ ਚਿੜਾਉਣ ਲੱਗੇ।

ਬਲਜਿੰਦਰ ਸਿੰਘ “ਬਾਲੀ ਰੇਤਗੜੵ “

+917087629168
+919465129168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁੱਧ ਪੰਜਾਬੀ ਕਿਵੇਂ ਲਿਖੀਏ?- ਭਾਗ ੧੨.
Next articleਮੁੱਕਦੇ ਜਾਂਦੇ ਰਿਸ਼ਤੇ