(ਸਮਾਜ ਵੀਕਲੀ)– ਪੰਜਾਬੀ ਦੀ ਇੱਕ ਕਹਾਵਤ ਹੈ ਕਿ ‘ਪੜ੍ਹੇ ਫਾਰਸੀ ਵੇਚੇ ਤੇਲ ਦੇਖੋ ਇਹ ਕਿਸਮਤ ਦਾ ਖੇਲ , ਜਿਹੜੀ ਕਿ ਅਜੋਕੀ ਪੰਜਾਬੀ ਦੀ ਪੜ੍ਹੀ ਲਿਖੀ ਨੌਜਵਾਨੀ ਤੇ ਬਿਲਕੁੱਲ ਸਹੀ ਢੁੱਕਦੀ ਹੈ।ਅੱਜ ਦੇ ਸ਼ੋਸ਼ਲ ਮੀਡੀਆ ਦੇੇ ਯੁੱਗ ਵਿੱਚ ਅਸੀਂ ਆਮ ਹੀ ਪੜ੍ਹਦੇ ਸੁਣਦੇ ਹਾਂ ਕਿ ਪੀ.ਐਚ.ਡੀ ਜਾਂ ਬੀ.ਟੈੱਕ ਜਾਂ ਐਮ.ਟੈੱਕ ਪਾਸ ਕਰਕੇ ਮੁੰਡਾ ਲਾ ਰਿਹਾ ਬਰਗਰਾਂ ਦੀ ਰੇਹੜੀ , ਜਾਂ ਕਰ ਰਿਹਾ ਕਬਾੜ ਦਾ ਧੰਦਾ । ਇਸਤੋਂ ਇਲਾਵਾ ਮਈ, ਜੂਨ ਮਹੀਨਿਆਂ ਵਿੱਚ ਜਦੋਂ ਪੰਜਾਬ ਵਿੱਚ ਝੋਨਾ ਲੱਗਣ ਦੀ ਰੁੱਤ ਹੁੰਦੀ ਹੈ ਤਾਂ ਮਾਸਟਰ ਡਿਗਰੀਆਂ ਪਾਸ ਨੌਜਵਾਨ ਮੁੰਡੇ ਕੁੜੀਆਂ ਝੋਨਾਂ ਲਾਉਂਦੇ ਆਮ ਹੀ ਵੇਖੇ ਜਾ ਸਕਦੇ ਹਨ।ਇਹ ਕੰਮ ਕਰਨਾ ਇਨ੍ਹਾ ਮੁੰਡੇ-ਕੁੜੀਆਂ ਦਾ ਕੋਈ ਸੋਂਕ ਨਹੀਂ ਬਲਕਿ ਮਜ਼ਬੂਰੀ ਹੈ।ਜਦੋਂ ਛੋਟੇ ਹੁੰਦੇ ਸੀ ਤਾਂ ਮਾਂ-ਬਾਪ ਨੇ ਕਹਿਣਾ ਪੜ੍ਹ ਲਉ ਕੁਝ ਬਣ ਜਾਉਂਗੇ ਹੋਰ ਤਾਂ ਕੁਝ ਬਣੇ ਨਹੀਂ ਪਰ ਬੇ-ਰੁਜ਼ਗਾਰੀ ਦਾ ਸਾਰਟੀਫਿਕੇਟੀ ਲੈ ਕੇ ਦਰ ਦਰ ਦੀਆਂ ਠੋਕਰਾਂ ਜਰੂਰ ਖਾ ਰਹੇ ਹਨ। ਇਹ ਸਾਡੇ ਰਾਜਨੀਤਿਕ ਢਾਂਚੇ ਦੀ ਦੇਣ ਹੈ ਜਿੱਥੇ ਸਰਮਾਏਦਾਰੀ ਸਿਸਟਮ ਚੱਲਦਾ ਹੈ, ਜਿਹੜਾ ਆਪ ਅਫਸਰ ਉਹਦੇ ਬੱਚੇ ਵੀ ਅਫਸਰ ਉਹਦੇ ਰਿਸਤੇਦਾਰ ਵੀ ਅਫਸਰ।ਸਿਆਣੇ ਕਹਿੰਦੇ ਨੇ ਬਈ ਡਾਹਢੇ ਦਾ ਸੱਤੀ ਵੀਹੀ ਸੋ ਹੁੰਦਾ ਏ , ਪੈਸੇ ਦੇ ਜ਼ੋਰ ਤੇ ਪਾਸ ਟੈਸਟ ਵਾਲੇ ਫੇਲ੍ਹ ਹੋ ਜਾਂਦੇ ਹਨ ਤੇ ਫੇਲ੍ਹ ਵਾਲੇ ਪਾਸ ਇਹ ਧੱਕੇਸ਼ਾਹੀ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਆਮ ਹੰਦੀ ਰਹੀ ਹੈ।ਫਿਰ ਜਿੰਨ੍ਹਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਉਨ੍ਹਾਂ ਦਾ ਸਿਸਟਮ ਤੋਂ ਤੰਗ ਆ ਕੇ ਕੁਰਾਹੇ ਪੈ ਜਾਣਾ ਆਮ ਜਿਹੀ ਗੱਲ ਹੈ।ਜਿਸਦੇ ਕਾਰਨ ਪੰਜਾਬ ਵਿੱਚ ਆਏ ਦਿਨ ਨਸ਼ਿਆਂ ਦੀ ਭਰਮਾਰ ਵਧਦੀ ਜਾ ਰਹੀ ਹੈ।ਮਾਵਾਂ ਨੂੰ ਪੁੱਤਾਂ ਦੀ ਲਾਸ਼ਾਂ ਗੋਦੀਆਂ ਵਿੱਚ ਲੈ ਕੇ ਧਾਹਾਂ ਮਾਰਦੇ ਦੇਖਿਆ ਜਾ ਸਕਦਾ ਹੈ।ਇਹ ਨਸ਼ਿਆਂ ਕਾਰਨ ਘਰ ਵਿੱਚ ਲੜਾਈ ਝਗੜੇ , ਚੋਰੀਆਂ ਡਕੈਤੀਆਂ, ਰੇਪ ਜਿਹੀਆਂ ਘਟਨਾਵਾਂ ਆਮ ਹੀ ਘਟਦੀਆਂ ਰਹਿੰਦੀਆਂ ਹਨ ਤੇ ਘਰਾਂ ਵਿੱਚ ਭੁੱਖ-ਨੰਗ ਅਤੇ ਕੰਗਾਲੀ ਦਾ ਆਲਮ ਛਾਹ ਜਾਂਦਾ ਹੈ।ਬੁੱਢੇ ਮਾਂ-ਬਾਪ ਤੋਂ ਇਲਾਵਾਂ ਘਰਵਾਲੀਆਂ ਅਤੇ ਬੱਚੇ ਬੁਰਕੀ-ਬੁਰਕੀ ਤੋਂ ਆਹਰੀ ਹੋ ਜਾਂਦੇ ਹਨ। ਬੇਸ਼ੱਕ ਵੱਖ-ਵੱਖ ਸਮਿਆਂ ‘ਤੇ ਸਰਕਾਰਾਂ ਨੇ ਇਸ ਬੇ-ਰੁਜ਼ਗਾਰੀ ਨੂੰ ਦੂਰ ਕਰਨ ਕਈ ਸਕੀਮਾਂ ਸ਼ੁਰੂ ਕੀਤੀਆਂ ਪਰ ਉਹ ਸਕੀਮਾਂ ਵੀ ਰੋਂਦੀ ਦੇ ਸਿਰ ਤੇ ਹੱਥ ਵਾਲਾ ਕੰਮ ਹੀ ਸੀ।ਆਪਣਾ ਸਿਆਸੀ ਲਾਹਾ ਲੈਣ ਤੋਂ ਬਾਦ ਨੌਜਵਾਨੀ ਜਾਵੇ ਢੱਠੇ ਖੂਹ ਵਿੱਚ।ਇਸ ਬੇ-ਰੁਜ਼ਗਾਰੀ ਦੀ ਮਾਰ ਝੱਲਦਿਆਂ ਕਈਆਂ ਦੀਆਂ ਉਮਰਾਂ ਓਵਰ ਏਜ਼ ਹੋ ਜਾਂਦੀਆਂ ਤੇ ਕਈ ਦੁੱਖਾਂ ਦੇ ਸਤਾਏ ਨਸ਼ਿਆਂ ਵਿੱਚ ਪੈ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੇ ਹਨ। ਪੰਜਾਬ ਦੇ ਲੋਕਾਂ ਨੂੰ ਬਹੱਤਰ ਸਾਲਾਂ ਬਾਦ ਆਸ ਦੀ ਇੱਕ ਕਿਰਨ ਨਜ਼ਰ ਆਈ ਹੈ , ਸਾਲਾਂ ਬਾਦ ਲੋਕਾਂ ਦੇ ਚਿਹਰਿਆਂ ਤੇ ਭੋਰਾ ਰੌਣਕ ਆਈ ਹੈ।ਨਵੀਂ ਸਰਕਾਰ ਦਾ ਅਸਰ ਹਰ ਅਦਾਰੇ ਵਿੱਚ ਦੇਖਿਆ ਗਿਆ ਹੈ।ਪੰਜਾਬ ਦੇ ਲੋਕਾਂ ਨੂੰ ਵੀ ਕਾਹਲੇ ਨਹੀਂ ਪੈਣਾ ਚਾਹੀਦਾ ਹਰ ਸਮੱਸਿਆ ਦੀ ਜੜ੍ਹ ਤੱਕ ਪਹੰਚਣ ਲਈ ਥੋੜ੍ਹਾਂ ਸਮਾਂ ਤਾਂ ਦੇਣਾ ਬਣਦਾ ਹੈ ਕਹਿੰਦੇ ਹੁੰਦੇ ਬਈ ਤੇਲ ਦੇਖੋ ਤੇਲ ਦੀ ਧਾਰ ਵੇਖੋ, ਵੱਡੇ ਵੱਡੇ ਜਖਮ ਭਰਨ ਲੱਗਿਆਂ ਟਾਇਮ ਲੱਗ ਜਾਂਦਾ ਹੈ।ਸਾਡਾ ਪੰਜਾਬ ਜਿੰਨ੍ਹਾਂ ਹਲਾਤਾਂ ਵਿੱਚੋਂ ਲੰਘ ਰਿਹਾ ਹੈ ਉਸ ਵਿੱਚ ਕਈ ਭਿਅੰਕਰ ਸਮੱਸਿਆਵਾਂ ਨੇ ਆਪਣਾ ਮੂੰਹ ਅੱਡਿਆ ਹੋਇਆ ਹੈ, ਜਿਵੇੇਂ ਗਰੀਬੀ ,ਨਸ਼ੇ, ਚੋਰੀਆਂ, ਬਲਾਤਕਰ, ਖੂਨ^ਖਰਾਬਾ ਆਦਿ । ਪਰ ਇਹ ਸਾਰਿਆਂ ਸਮੱਸਿਆਂ ਜ਼ਿਆਦਾਤਰ ਬੇ-ਰੁਜ਼ਗਾਰੀ ਕਰਕੇ ਪੈਦਾ ਹੁੰਦੀਆਂ ਹਨ । ਇਸ ਕਰਕੇ ਸਿਆਣੇ ਕਹਿੰਦੇ ਬਈ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਜਿਹੜੀ ਚੋਰਾਂ ਨੂੰ ਜਨਮ ਦਿੰਦੀ ਏ,। ਸਰਕਾਰ ਨੂੰ ਚੋਰਾਂ ਦੀ ਮਾਂ ਭਾਵ ਬੇ-ਰੁਜ਼ਗਾਰੀ ਨੂੰ ਖਤਮ ਕਰਨਾ ਚਾਹੀਦਾ ਹੈ।
ਸਤਨਾਮ ਸਮਾਲਸਰੀਆ
9914298580
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly