ਬੰਦ ਕਰੋ

(ਸਮਾਜ ਵੀਕਲੀ)– ਬੰਦ ਕਰੋ ਵਿਆਹਾਂ ਤੇ ਹੋਰ ਪ੍ਰੋਗਰਾਮਾਂ ਵਿੱਚ ਗੰਦੇ ਨਾਚ- ਗਾਣੇ।
ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਆਹਾਂ ਵਿਚ ਜਾਂ ਹੋਰ ਕਿਸੇ ਖੁਸ਼ੀ ਦੇ ਮੌਕੇ ਤੇ ਡੀ. ਜੇ. ਲਗਾ ਕੇ ਇੱਕ ਤਾਂ ਅਸੱਭਿਅਕ ਗਾਣੇ ਲਗਾ ਦਿੱਤੇ ਜਾਂਦੇ ਹਨ ਤੇ ਨਾਲ਼ ਅੱਧ- ਨੰਗੀਆਂ ਕੁੜੀਆਂ ਨੱਚਣ ਲਗਾ ਦਿੱਤੀਆਂ ਜਾਂਦੀਆਂ ਹਨ। ਪਤਾ ਨਹੀਂ ਇਸ ਤਰ੍ਹਾਂ ਕਰਕੇ ਕਿਹੜੀ ਸ਼ਾਨ ਦਿਖਾਈ ਜਾਂਦੀ ਹੈ? ਇਹਨਾਂ ਮੌਕਿਆਂ ਤੇ ਸਾਡੇ ਨਾਲ਼ ਸਾਡੇ ਪਰਿਵਾਰ ਹੁੰਦੇ ਹਨ ਜਿਹਨਾਂ ਨਾਲ਼ ਬੈਠ ਕੇ ਇਹ ਸੱਭ ਦੇਖਣਾ ਚੰਗਾ ਨਹੀਂ ਲੱਗਦਾ। ਫ਼ੇਰ ਵੀ ਅਸੀਂ ਬੇਸ਼ਰਮ ਬਣ ਕੇ ਦੇਖਦੇ ਹਾਂ। ਕਿਹੋ ਜਿਹੀ ਮਜ਼ਬੂਰੀ ਹੈ ਇਹ? ਇੱਕ ਤਾਂ ਪੱਲਿਓ ਪੈਸੇ ਖਰਚਦੇ ਹਾਂ ਤੇ ਦੂਜਾ ਆਪਣੇ ਮਹਾਨ ਸੱਭਿਆਚਾਰ ਦਾ ਬੇੜਾ ਗ਼ਰਕ ਕਰ ਰਹੇ ਹਾਂ। ਇੱਕ ਦੂਜੇ ਦੇ ਮਗਰ ਲੱਗ ਰੀਸੋ-ਰੀਸੀ ਅਸੀਂ ਇੱਕ ਤੋਂ ਇੱਕ ਵਧੀਆ ਨੱਚਣ ਵਾਲ਼ੀਆਂ ਲੱਭਦੇ ਹਾਂ! ਵਧੀਆ ਮਤਲਬ ?
ਘੱਟ ਤੋ ਘੱਟ ਕੱਪੜਿਆਂ ਵਾਲ਼ੀਆਂ ਜਿਹਨਾਂ ਨੂੰ ਦੇਖ ਕੇ ਮੁੰਡੀਰ ਦਾ ਦਿਮਾਗ਼ ਖ਼ਰਾਬ ਹੋਵੇ ਤੇ ਫੇਰ ਜਦੋਂ ਉਹ ਬਲਾਤਕਾਰ ਵਰਗੇ ਭੈੜੇ ਗੁਨਾਹਾਂ ਨੂੰ ਅੰਜ਼ਾਮ ਦਿੰਦੇ ਹਨ ਤਾਂ ਬੈਠ ਕੇ ਰੋਂਦੇ- ਪਿੱਟਦੇ ਹਾਂ। ਮਾਫ਼ ਕਰਿਓ,ਪਰ ਆਪਣੇ ਨਿੱਕੇ-ਵੱਡੇ ਬੱਚਿਆਂ, ਭੈਣ-ਭਰਾਵਾਂ ਨੂੰ ਜੋ ਕੁੱਝ ਦਿਖਾਵਾਂਗੇ ,ਓਹੀ ਓਹ ਸਿੱਖਣਗੇ।
ਖ਼ੁਸ਼ੀਆਂ ਮਨਾਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਹਨ। ਹੱਸੋ-ਖੇਡੋ ਤੇ ਕੋਈ ਚੱਜਦੇ ਸੱਭਿਆਚਾਰਕ ਪ੍ਰੋਗਰਾਮ ਕਰਵਾਓ। ਜਿਸ ਵਿੱਚ ਸਰੀਰ ਦੀ ਨਹੀਂ ਕਲਾ ਦੀ ਨੁਮਾਇਸ਼ ਹੋਵੇ। ਕੁੱਝ ਸਿੱਖਣ- ਸਿਖਾਉਣ ਨੂੰ ਮਿਲੇ਼।
ਹਾੜਾ ਐ ਪੰਜਾਬੀਓ! ਆਪਣੇ ਸੱਭਿਆਚਾਰ ਨੂੰ ਇੰਝ ਢਾਹ ਨਾ ਲਾਓ। ਸੰਭਲ਼ ਜਾਓ। ਇਹ ਸਾਡਾ ਸੱਭਿਆਚਾਰ ਹੀ ਹੈ ਜੋ ਕਿ ਸਾਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਪੱਛਮੀ ਸਭਿਆਚਾਰ ਬੁਰਾ ਨਹੀਂ ਹੈ ਪਰ ਅਸੀਂ ਕਿਉਂ ਆਪਣੇ ਸੱਭਿਆਚਾਰ ਨੂੰ ਭੁੱਲ ਕੇ ਬੇਗਾਨੇ ਸੱਭਿਆਚਾਰ ਨੂੰ ਅਪਣਾਈਏ?
ਕਹਿੰਦੇ ਅੰਗਰੇਜ਼ ਚਲੇ ਗਏ! ਪਰ ਅਸਲ ਵਿੱਚ ਉਹ ਗਏ ਨਹੀਂ ਸਾਡੇ ਵਿੱਚ ਹੀ ਸਮਾ ਗਏ ਹਨ। ਉਹਨਾਂ ਦੀ ਬੋਲੀ, ਉਹਨਾਂ ਦੇ ਕੱਪੜੇ, ਉਹਨਾਂ ਦੇ ਰਹਿਣ-ਸਹਿਣ ਦੇ ਤਰੀਕੇ, ਉਹਨਾਂ ਦੇ ਰੰਗਾਂ ਵਿੱਚ ਢਲ਼ ਕੇ ਅਸੀਂ ਤਾਂ ਆਪਣੇ-ਆਪ ਨੂੰ ਭੁੱਲ ਗਏ।ਆਪਣੇ ਸੰਸਕਾਰ ਅਸੀਂ ਖੂਹ ਵਿੱਚ ਪਾ ਦਿੱਤੇ।
ਫਿੱਟੇ ਮੂੰਹ ਸਾਡੇ! ਜੇਕਰ ਅਸੀਂ ਦੂਜਿਆਂ ਦੇ ਸੱਭਿਆਚਾਰ ਨੂੰ ਆਪਣੇ ਸੱਭਿਆਚਾਰ ਨਾਲੋਂ ਵੱਧ ਤਰਜੀਹ ਦਿੰਦੇ ਹਾਂ। ਅਸੀਂ ਆਪੇ ਹੀ ਆਪਣੀ ਪੀੜੀ ਨੂੰ ਗ਼ਲਤ ਰਾਹ ਤੇ ਪਾ ਕੇ ਬੜਾ ਮਾਣ ਮਹਿਸੂਸ ਕਰਦੇ ਹਾਂ। ਕਈ ਲੋਕ ਪਰੇਸ਼ਾਨ ਹਨ ਕਿ ਵਿਦੇਸ਼ਾਂ ਵਿੱਚ ਉਹ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ਼ ਨਹੀਂ ਜੋੜ ਪਾ ਰਹੇ।ਪਰ ਮੈਂ ਹੈਰਾਨ ਹਾਂ ਕਿ ਅਸੀਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਬੱਚਿਆਂ ਨੂੰ ਆਪੇ ਹੀ ਆਪਣੇ ਸੱਭਿਆਚਾਰ ਤੋਂ ਦੂਰ ਲੈ ਕੇ ਜਾ ਰਹੇ ਹਾਂ। ਕੀ ਮਿਲ਼ਿਆ ਸ਼ਹੀਦਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਕੇ, ਜੇ ਅਸੀਂ ਭਾਰਤੀਆਂ ਨੇ ਅੰਗਰੇਜਾਂ ਦੇ ਨਕਲਚੀ ਹੀ ਬਣਨਾ ਸੀ।
ਅੰਤ ਵਿੱਚ ਇਹੀ ਕਹਿਣਾ ਚਾਹਵਾਂਗੀ ਕਿ ਸਾਡਾ ਵਿਰਸਾ ਬੜਾ ਮਹਾਨ ਹੈ, ਸਾਡੀ ਵੱਖਰੀ ਪਹਿਚਾਣ ਹੈ। ਇਹ ਨਾ ਹੋਵੇ ਕਿ ਆਉਣ ਸਮੇਂ ਵਿੱਚ ਅਸੀਂ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਰਹਿ ਜਾਈਏ।
ਗੱਲਾਂ ਕੌੜੀਆਂ ਪਰ ਸੱਚੀਆਂ ਹਨ। ਆਓ ਬਚਾ ਲਈਏ ,ਆਪਣੇ ਵਿਰਸੇ, ਆਪਣੇ ਸੱਭਿਆਚਾਰ ਨੂੰ ਤੇ ਆਪਣੀ ਅਗਲੀ ਪੀੜ੍ਹੀ ਨੂੰ।

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।

ਸੰ:9464633059

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਰਖਾ
Next articleਬੇ-ਰੁਜ਼ਗਾਰੀ ਦਾ ਖਾਤਮਾ ਕਰ ਸਕਦਾ ਪੰਜਾਬ ਦੀਆਂ ਕਈ ਸਮੱਸਿਆਵਾਂ ਦਾ ਹੱਲ।