ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਵਰ੍ਹਾ 2021 ਖ਼ਤਮ ਹੋਣ ਨਾਲ ਵੀ ਖ਼ਤਮ ਨਹੀਂ ਹੋਈ ਹੈ ਤੇ ਹੁਣ ਪੰਜਾਬ ਕੈਬਨਿਟ ਦੇ ਵਜ਼ੀਰਾਂ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਬੋਲਬਾਣੀ ’ਤੇ ਸੁਆਲ ਖੜ੍ਹੇ ਕੀਤੇ ਹਨ| ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪਹਿਲਾਂ ਹੀ ਨਵਜੋਤ ਸਿੱਧੂ ਦੇ ਢੰਗ-ਤਰੀਕੇ ’ਤੇ ਉਂਗਲ ਚੁੱਕੀ ਸੀ ਤੇ ਹੁਣ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਦਾ ਵਤੀਰਾ ਪਾਰਟੀ ਲਈ ਠੀਕ ਨਹੀਂ ਹੈ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਦਮ ਉਠਾ ਰਹੇ ਹਨ|ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਪਾਰਟੀ ਅੰਦਰ ਕੋਈ ਵੀ ਆਪਣਾ ਮਸ਼ਵਰਾ ਰੱਖ ਸਕਦਾ ਹੈ ਪਰ ਹਾਈਕਮਾਨ ਦੇ ਫ਼ੈਸਲੇ ਦਾ ਪਾਲਣ ਕਰਨਾ ਹਰ ਕਿਸੇ ਦਾ ਫ਼ਰਜ਼ ਹੈ|
ਉਨ੍ਹਾਂ ਕਿਹਾ ਕਿ ਪਾਰਟੀ ਅਨੁਸ਼ਾਸਨ ਅਤੇ ਜ਼ਾਬਤੇ ਨਾਲ ਚੱਲਦੀ ਹੈ ਨਾ ਕਿ ਸੜਕਾਂ ’ਤੇ ਭੰਗੜੇ ਪਾ ਕੇ| ਉਨ੍ਹਾਂ ਕਿਹਾ ਕਿ ਚੋਣ ਹਮੇਸ਼ਾ ਸਾਂਝੀ ਕਮਾਨ ਹੇਠ ਲੜਨ ਦੀ ਰਵਾਇਤ ਰਹੀ ਹੈ ਅਤੇ ਪਾਰਟੀ ਵਿਚ ‘ਹਉਮੈ’ ਨਹੀਂ ਚੱਲਦੀ| ਉਨ੍ਹਾਂ ਕਿਹਾ ਕਿ ਸਿੱਧੂ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਨ ਦੇ ਰਾਹ ਪਏ ਹਨ। ਇਹ ਢੰਗ ਠੀਕ ਨਹੀਂ ਹੈ| ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਤਾਂ ਟਕਸਾਲੀ ਆਗੂ ਹਨ ਤੇ ਉਨ੍ਹਾਂ ਅਤਿਵਾਦ ਦੌਰਾਨ ਵੀ ਲੜਾਈ ਲੜੀ ਹੈ| ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੋਈ ਆਪਣੇ ਆਪ ਨੂੰ ਇਮਾਨਦਾਰ ਆਖਦਾ ਹੈ ਤਾਂ ਕੀ ਬਾਕੀ ਸਾਰੇ ਬੇਈਮਾਨ ਹਨ| ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਜ਼ਾਬਤੇ ’ਚ ਰਹਿਣਾ ਚਾਹੀਦਾ ਹੈ ਅਤੇ ਕਿਸੇ ਦੇ ਹਲਕੇ ਵਿੱਚ ਜਾ ਕੇ ਵਿਚਾਰ ਕੇ ਬੋਲਣਾ ਚਾਹੀਦਾ ਹੈ|
ਰੰਧਾਵਾ ਨੇ ਕਿਹਾ ਕਿ ਜਦੋਂ ਕਿਸੇ ਵਿੱਚ ਹਉਮੈ ਆ ਜਾਵੇ ਤਾਂ ਸਮਝੋ ਕਿ ਉਸ ਦਾ ਖ਼ਾਤਮਾ ਸ਼ੁਰੂ ਹੋ ਗਿਆ ਹੈ| ਚੇਤੇ ਰਹੇ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦਰਮਿਆਨ ਵੀ ਸੁਰ ਵੀ ਨਹੀਂ ਮਿਲ ਰਹੇ| ਇੱਕ ਹੋਰ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਆਪਣਾ ਤੇ ਪਾਰਟੀ ਦਾ ਨੁਕਸਾਨ ਕਰ ਰਹੇ ਹਨ| ਇਸੇ ਤਰ੍ਹਾਂ ਹੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਨਵਜੋਤ ਸਿੱਧੂ ਨੂੰ ਚੁਣੌਤੀ ਦਿੱਤੀ ਹੈ ਕਿ ਸਿੱਧੂ ਉਨ੍ਹਾਂ ਦੀ ਟਿਕਟ ਕੱਟ ਕੇ ਦਿਖਾਵੇ ਤੇ ਉਹ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਜਿੱਤ ਕੇ ਦਿਖਾਉਣਗੇ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly