*ਸਵਰਗੀ ਦੇਵੀ ਦਿਆਲ ਦੋ ਜਣਿਆਂ ਦੀ ਜ਼ਿੰਦਗੀ ਕਰ ਗਏ ਰੌਸ਼ਨ*
ਡੇਰਾਬਸੀ, (ਸਮਾਜ ਵੀਕਲੀ) :-ਸੰਜੀਵ ਸਿੰਘ ਸੈਣੀ :- ਡੇਰਾਬੱਸੀ ਦੇ ਦਾਦਪੁਰਾ ਮੁਹੱਲੇ ਦੇ ਵਸਨੀਕ 70 ਸਾਲਾਂ ਦੇਵੀ ਦਿਆਲ ਪੁੱਤਰ ਕਪੂਰ ਚੰਦ ਜੋ ਕਿ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ ਦੇ ਭੋਗ ਦੀਆਂ ਅੰਤਿਮ ਰਸਮਾਂ ਸਥਾਨਕ ਖਟੀਕ ਧਰਮਸ਼ਾਲਾ ਵਿਖੇ ਹੋਈਆਂ ਜਿਥੇ ਵੱਡੀ ਗਿਣਤੀ ਲੋਕਾਂ ਸਮੇਤ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਡੇਰਾਬੱਸੀ ਵੱਲੋਂ ਨੇਤਰਦਾਨੀ ਦੇਵੀ ਦਿਆਲ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੇਵੀ ਦਿਆਲ ਦੇ ਦਿਹਾਂਤ ਉਪਰੰਤ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਸਨ ਜਿਸ ਨਾਲ ਦੋ ਨੇਤਰਹੀਣਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਆਈ ਹੈ। ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਡੇਰਾਬੱਸੀ ਤੋਂ ਉਪੇਸ਼ ਬੰਸਲ ਵੱਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਸਮਾਜ ਸੇਵੀ ਦੇਵੀ ਦਿਆਲ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਲਿਆ ਸੀ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਦੇਵੀ ਦਿਆਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹਕੇ ਹਿੱਸਾ ਲੈਂਦੇ ਸਨ। ਦੇਵੀ ਦਿਆਲ ਆਪਣੇ ਪਿਛੇ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਵੱਲੋਂ ਅੱਖਾਂ ਦਾਨ ਕਰਨ ਨਾਲ ਦੋ ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਆਵੇਗੀ। ਉਪੇਸ ਬੰਸਲ ਅਨੁਸਾਰ ਭਾਰਤ ਵਿਕਾਸ ਪ੍ਰੀਸ਼ਦ ਪਿਛਲੇ ਕਾਫੀ ਸਮੇਂ ਤੋਂ ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦੀ ਆ ਰਹੀ ਹੈ ਅਤੇ ਹੁਣ ਤੱਕ 162 ਲੋਕਾਂ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ। ਪ੍ਰੀਸ਼ਦ ਦੇ ਪ੍ਰਧਾਨ ਡਾਕਟਰ ਬਰਖਾ ਰਾਮ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਲੋਕਾਂ ਨੂੰ ਅੱਖਾਂ ਅਤੇ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਲੋੜਵੰਦਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇ। ਉਨ੍ਹਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਪਿਛਲੇ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿਚ ਜੁਟੀ ਹੋਈ ਹੈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਰਵਿੰਦਰ ਵੈਸ਼ਨਵ ਡੇਰਾਬੱਸੀ, ਭਾਜਪਾ ਮੰਡਲ ਪ੍ਰਧਾਨ ਪਵਨ ਕੁਮਾਰ ਧੀਮਾਨ, ਰਾਜਿੰਦਰ ਸਿੰਘ, ਵਿਕਰਮ ਪਵਾਰ ਸਮੇਤ ਵੱਡੀ ਗਿਣਤੀ ਲੋਕਾਂ ਸ਼ਮੂਲੀਅਤ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


