ਵੰਡ ਦੇ ਦੁੱਖੜੇ
(ਸਮਾਜ ਵੀਕਲੀ)
ਬਜਵਾੜਾ, ਹਰਿਆਣਾ ਤੇ ਸ਼ਿਆਮ; ਹੁਸ਼ਿਆਰਪੁਰ ਨੇੜਲੇ ਇਹ ਤਿੰਨੋਂ ਕਸਬੇ ਕਦੇ ਨਾਰੂ ਰਾਜਪੂਤਾਂ ਦੀ ਮਲਕੀਅਤ ਹੁੰਦੇ ਸਨ। ਮੁਗ਼ਲ ਕਾਲ ’ਚ ਸ਼ਿਆਮ ਜਦੋਂ ਸੂਬਾ ਸਰਹਿੰਦ ਦੇ ਅਧੀਨ ਆ ਗਿਆ ਤਾਂ ਬੋਹੜਾ ਮੱਲ ਬਹਿਲ ਨੂੰ ਇੱਥੋਂ ਦਾ ਦੀਵਾਨ ਨਿਯੁਕਤ ਕੀਤਾ ਗਿਆ। ਉਹ ਚੁਰਾਸੀ ਪਿੰਡਾਂ ਦਾ ਮਾਲੀਆ ਇਕੱਠਾ ਕਰਕੇ ਸਰਹਿੰਦ ਵਿਖੇ ਜਮ੍ਹਾਂ ਕਰਵਾਉਣ ਜਾਂਦਾ ਸੀ। ਇਸੇ ਕਰਕੇ ਸ਼ਿਆਮ ਨਾਲ ਚੁਰਾਸੀ ਜੁੜ ਗਿਆ। ਬੋਹੜ ਮੱਲ ਦੇ ਘਰ ਕੋਈ ਔਲਾਦ ਨਹੀਂ ਸੀ। ਉਹ ਸਰਹਿੰਦ ਜਾਂਦਾ ਤੇ ਪੀਰਾਂ-ਫ਼ਕੀਰਾਂ ਕੋਲ ਆਪਣੇ ਬੇਔਲਾਦ ਹੋਣ ਦਾ ਦੁੱਖ ਰੋਂਦਾ ਰਹਿੰਦਾ। ਇਕ ਦਿਨ ਉਹ ਨਕਸ਼ਬੰਦੀ ਸਿਲਸਿਲੇ ਦੇ ਸੂਫ਼ੀ ਅਹਿਮਦ ਅਲ ਫ਼ਾਰੂਕੀ ਅਲ ਸਰਹਿੰਦੀ ਹੋਰਾਂ ਦੇ ਦਰਬਾਰ ਵਿਚ ਪਹੁੰਚ ਗਿਆ। ਮਨੌਤ ਇਹ ਹੈ ਕਿ ਉਹਦਾ ਦੁੱਖ ਸੁਣ ਕੇ ਸੂਫ਼ੀ ਹੋਰੀਂ ਬੋਲੇ-ਤੇਰੇ ਘਰ ਪੁੱਤਰ ਪੈਦਾ ਹੋਏਗਾ, ਜੋ ਇਸਲਾਮ ਦਾ ਦਾਇਰਾ ਵਸੀਹ ਕਰੇਗਾ। ਕੋਲ ਖੜ੍ਹੇ ਲੋਕ ਹੈਰਾਨ ਹੋ ਗਏ ਕਿ ਇਕ ਹਿੰਦੂ ਨੂੰ ਸੂਫ਼ੀ ਹੋਰੀਂ ਕਿਸ ਤਰ੍ਹਾਂ ਦੀ ਦੁਆ ਦੇ ਦਿੱਤੀ ਏ।
ਕੁਝ ਦੇਰ ਬਾਅਦ ਬੋਹੜਾ ਮੱਲ ਦੇ ਘਰ ਪੁੱਤਰ ਨੇ ਜਨਮ ਲਿਆ। ਉਹਦਾ ਨਾਂ ਭੂਪਤ ਰਾਏ ਬਹਿਲ ਰੱਖਿਆ ਗਿਆ। ਪੰਦਰਾਂ-ਸੋਲ੍ਹਾਂ ਸਾਲ ਦੀ ਉਮਰ ਵਿਚ ਉਹਦਾ ਵਿਆਹ ਕਰ ਦਿੱਤਾ ਗਿਆ। ਜਵਾਨੀ ’ਚ ਪੈਰ ਰੱਖਦਿਆਂ ਭੂਪਤ ਰਾਏ ਦਾ ਝੁਕਾਅ ਇਸਲਾਮ ਵੱਲ ਨੂੰ ਹੋ ਗਿਆ। ਆਖ਼ਰ ਉਹਨੇ ਇਸਲਾਮ ਕਬੂਲ ਕਰ ਲਿਆ। ਬਾਣੀਆਂ, ਖੱਤਰੀਆਂ ਤੇ ਪੰਡਤਾਂ ਤੋਂ ਇਸਲਾਮ ’ਚ ਆਏ ਬੰਦਿਆਂ ਨੂੰ ਸ਼ੇਖ਼ ਕਿਹਾ ਜਾਂਦਾ ਹੈ। ਲਾਲਾ ਭੂਪਤ ਰਾਏ ਹੋਰੀਂ ਵੀ ਖੱਤਰੀ ਤੋਂ ਸ਼ੇਖ਼ ਹੋ ਗਏ। ਉਨ੍ਹਾਂ ਦਾ ਨਵਾਂ ਨਾਂ ਤਾਜੁੱਲ ਆਰਫ਼ੀਨ ਕੁਤਬਿਲ ਖ਼ਿਤਾਬ ਹਜ਼ਰਤ ਅਬਦੁੱਲ ਨਬੀ ਸ਼ਾਮੀ ਰੱਖਿਆ ਗਿਆ। ਅਬਾਅਦ ’ਚ ਇਨ੍ਹਾਂ ਦੀ ਪ੍ਰਸਿੱਧੀ ਸ਼ਾਮੀ ਸ਼ਾਹ ਕਰਕੇ ਹੋਈ। ਇਨ੍ਹਾਂ ਦੇ ਪੁੱਤਰ ਦਾ ਨਾਂ ਅਬਦੁੱਲ ਹੱਕ ਹੋ ਗਿਆ। ਉਹਦੀ ਮਾਂ ਹਿੰਦੂ ਸੀ। ਅਬਦੁੱਲ ਹੱਕ ਦੀ ਔਲਾਦ ਨੇ ਦਸੂਹੇ ਦੇ ਮੁਹੱਲਾ ਸ਼ੇਖ਼ਾਂ ਨੂੰ ਆਬਾਦ ਕੀਤਾ। ਮੁਸਲਮਾਨ ਹੋਣ ਤੋਂ ਬਾਅਦ ਸ਼ਾਮੀ ਸ਼ਾਹ ਨੇ ਹੋਰ ਵੀ ਵਿਆਹ ਕਰਵਾਏ। ਉਨ੍ਹਾਂ ਦੇ ਬਾਕੀ ਪੁੱਤਰਾਂ ਦਾ ਨਾਂ ਅਬਦੁੱਲ ਵਾਹਦ ਅਤੇ ਅਬਦੁੱਲ ਮਜੀਦ ਸਨ। ਸ਼ਾਮੀ ਸ਼ਾਹ ਦੇ ਪ੍ਰਭਾਵ ਅਤੇ ਪ੍ਰਚਾਰ ਨਾਲ ਹੌਲੀ-ਹੌਲੀ ਸ਼ਾਮ ਚੁਰਾਸੀ ਦੇ ਰਾਜਪੂਤ ਵੀ ਮੁਸਲਮਾਨ ਹੋ ਗਏ। ਸ਼ਾਮੀ ਸ਼ਾਹ ਦੀ ਔਲਾਦ ਨੇ ਕਈ ਥਾਂ ਘਰ ਬਣਾਏ। ਜਲੰਧਰ ਦਾ ਮੁਹੱਲਾ ਸ਼ੇਖ਼ਾਂ ਵੀ ਇਨ੍ਹਾਂ ਦੀ ਔਲਾਦ ਨੇ ਵਸਾਇਆ ਸੀ। ਅੰਦਰੂਨ ਲਾਹੌਰ ਦੇ ਚੁਬਰਜੀ ਦੇ ਸ਼ਾਮ ਨਗਰ ਮੁਹੱਲੇ ’ਚ ਇਨ੍ਹਾਂ ਦੀ ਔਲਾਦ ਤਕਰੀਬਨ ਡੇਢ-ਦੋ ਸਦੀਆਂ ਤੋਂ ਵਸ ਰਹੀ ਏ।
ਸੰਤਾਲੀ ਵੇਲੇ ਸ਼ਾਮ ਚੁਰਾਸੀ ਹਰਿਆਣਾ ਥਾਣੇ ਅਧੀਨ ਆਉਂਦਾ ਸੀ। ਉਦੋਂ ਹਰਿਆਣਾ ਕਪੂਰਥਲਾ ਰਿਆਸਤ ਦਾ ਹਿੱਸਾ ਸੀ। ਇਹ ਕਸਬਾ ਸੰਗੀਤ, ਗੁੜ-ਸ਼ੱਕਰ ਤੇ ਚਾਕੂ-ਉਸਤਰਿਆਂ ਲਈ ਬਹੁਤ ਮਸ਼ਹੂਰ ਸੀ। ਸ਼ਾਮ ਚੁਰਾਸੀ ਦੇ ਕਈ ਮੁਹੱਲੇ ਸਨ। ਇਕ ਮੁਹੱਲਾ ਪਰਤੀਆ ਗੋਤ ਤੇ ਦੂਜਾ ਬਹਿਲ ਗੋਤ ਦੇ ਖੱਤਰੀਆਂ ਦਾ ਸੀ। ਬਹਿਲਾਂ ਵਾਲੇ ਮੁਹੱਲੇ ਅੰਦਰ ਹਿੰਦੂ ਅਤੇ ਮੁਸਲਮਾਨ ਬਹਿਲ ਇਕੱਠੇ ਵੱਸਦੇ ਸਨ। ਮੰਨਿਆ ਜਾਂਦਾ ਹੈ ਕਿ ਸਾਰੇ ਬਹਿਲ ਖੱਤਰੀਆਂ ਦੀਆਂ ਜੜ੍ਹਾਂ ਸ਼ਾਮ ਚੁਰਾਸੀ ’ਚ ਹਨ। ਪਿੰਡ ਦੇ ਲਹਿੰਦੇ ਪਾਸੇ ਲੁਹਾਰਾਂ ਦਾ ਮੁਹੱਲਾ ਹੁੰਦਾ ਸੀ। ਨਾਈਆਂ ਦਾ ਚੌਂਕ ਬੜੀ ਮਸ਼ਹੂਰ ਥਾਂ ਹੁੰਦੀ ਸੀ। ਇੱਥੇ ਹਜ਼ਾਮਤ ਕਰਵਾਉਣ ਵਾਲਿਆਂ ਦੀ ਰੌਣਕ ਲੱਗੀ ਰਹਿੰਦੀ ਸੀ।
ਸ਼ੇਖ਼ ਮੁਹੰਮਦ ਇਕਬਾਲ ਦੀ ਕੋਠੀ ਹੁਣ ਵਾਲੇ ਬਿਜਲੀ ਦਫ਼ਤਰ ਵਾਲੀ ਥਾਂ ’ਤੇ ਹੁੰਦੀ ਸੀ। ਹਰਿਆਣਾ ਨੂੰ ਜਾਂਦੇ ਰਾਹ ’ਤੇ ਇਸ ਟੱਬਰ ਦੇ ਬਾਈ ਖੂਹ ਹੁੰਦੇ ਸਨ। ਓਧਰ ਜਾ ਕੇ ਉਹ ਰਈਸ-ਏ-ਪਾਕਿਸਤਾਨ ਵੀ ਬਣੇ। ਇਹ ਪਰਿਵਾਰ 1946 ’ਚ ਪਾਕਿਸਤਾਨ ਚਲਾ ਗਿਆ ਸੀ। ਉਨ੍ਹਾਂ ਤੋਂ ਬਾਅਦ ਸ਼ਾਮੀ ਸ਼ਾਹ ਦੇ ਦਰਬਾਰ ਦੀ ਸੇਵਾ ਮੁਹਮੰਦ ਇਸਮਾਈਲ ਕਰਦਾ ਸੀ। ਉਹ ਆਦਿ-ਧਰਮੀ ਪਰਿਵਾਰ ’ਚੋਂ ਸੀ ਤੇ ਕੁਝ ਵਰ੍ਹੇ ਪਹਿਲਾਂ ਹੀ ਮੁਸਲਮਾਨ ਹੋਇਆ ਸੀ। ਸੰਤਾਲੀ ’ਚ ਉਹਦਾ ਕਤਲ ਹੋ ਗਿਆ ਸੀ। ਉਹਦੀ ਪਤਨੀ ਤੇ ਪੁੱਤਰ ਓਧਰ ਚਲੇ ਗਏ ਸਨ।
ਰਹਿਮਤੀ, ਮੁਹੰਮਦ ਅਲੀ, ਵਜ਼ੀਰ ਅਲੀ, ਉਂਬਾ ਤੇ ਸਾਦਿਕ ਕੁਝ ਹੋਰ ਨਾਂ ਬਜ਼ੁਰਗਾਂ ਨੂੰ ਯਾਦ ਨੇ। ਰਹਿਮਤੇ, ਸਰਦਾਰਾਂ ਤੇ ਬੁਸ਼ਰਾ ਦੀ ਸਹੇਲੀ ਬੀਬੀ ਭਾਗਵੰਤੀ ਉਨ੍ਹਾਂ ਨੂੰ ਯਾਦ ਕਰਕੇ ਅੱਖਾਂ ਭਰ ਲੈਂਦੀ ਏ। ਰਹਿਮਤੇ ਉਹਦੀ ਗੁਆਂਢਣ ਸੀ। ਸਰਦਾਰਾਂ ਕੋਲ ਛੇਲੀ ਹੁੰਦੀ ਸੀ। ਉਹਦੀ ਦਾਦੀ ਭੱਠੀ ਤਾਉਂਦੀ ਹੁੰਦੀ ਸੀ। ਉਹ ਸਹੇਲੀਆਂ ਲਈ ਭੁੱਜੇ ਹੋਏ ਦਾਣੇ ਲੈ ਜਾਂਦੀ ਸੀ।
ਚੜ੍ਹਦੇ ਵਿਸਾਖ ਲੋਕਾਂ ਨੇ ਸ਼ਾਮ ਚੁਰਾਸੀ ’ਚ ਫ਼ੌਜੀ ਟਰੱਕ ਵੇਖੇ। ਦਰਅਸਲ, ਫ਼ੌਜੀ ਆਪਣੇ ਆਪਣੇ ਟੱਬਰਾਂ ਅਤੇ ਰਿਸ਼ਤੇਦਾਰਾਂ ਨੂੰ ਲੈਣ ਆਏ ਸਨ। ਕੁਝ ਚਲੇ ਗਏ, ਪਰ ਬਹੁਤੇ ਟਿਕੇ ਰਹੇ। ਫਿਰ ਅਗਸਤ ਮਹੀਨੇ ਨੇੜਲੇ ਪਿੰਡਾਂ ਦੇ ਮੁਸਲਮਾਨ ਸ਼ਾਮ ਚੁਰਾਸੀ ਇਕੱਠੇ ਹੋ ਗਏ। ਕੁਝ ਦਿਨਾਂ ਬਾਅਦ ਕੈਂਪ ’ਤੇ ਹਮਲੇ ਹੋਣ ਲੱਗ ਪਏ। ਉਂਬੇ ਹੋਰੀਂ ਬੂਰੀ ਮੱਝ ਮੱਲੋ-ਮੱਲੀ ਆਪਣੇ ਨਾਲ ਜੁੜੇ ਆਦਿ-ਧਰਮੀ ਗੌਹਰੇ ਦੇ ਖੁੰਡੇ ’ਤੇ ਬੰਨ੍ਹ ਦਿੱਤੀ। ਇੱਥੇ ਉਦੋਂ ਆਦਿ ਧਰਮੀਆਂ ਦੇ ਵੀਹ ਕੁ ਘਰ ਸਨ। ਉਨ੍ਹਾਂ ਦੇ ਘਰਾਂ ਦੇ ਪਿਛਾੜੀ ਖੇਤਾਂ ’ਚ ਕੈਂਪ ਲੱਗਾ ਸੀ। ਮੁਸਲਮਾਨ ਦਾਣੇ ਲੈ ਕੇ ਆਉਂਦੇ ਤੇ ਦਲੀਆ ਦਲ਼ਣ ਲਈ ਉਨ੍ਹਾਂ ਦੇ ਮਿੰਨਤ-ਤਰਲੇ ਕਰਦੇ। ਵਿਹੜੇ ਦੀਆਂ ਔਰਤਾਂ ਕਈ ਵਾਰ ਉਨ੍ਹਾਂ ਨੂੰ ਰੋਟੀਆਂ ਵੀ ਪਕਾ ਕੇ ਦੇ ਦਿੰਦੀਆਂ।
ਇਕ ਦਿਨ ਚਿਰਾਗ ਕਾਲੀਏ ਦੀ ਘਰਵਾਲੀ ਨੇ ਗੌਹਰਾ ਦੀ ਪਤਨੀ ਹਰੋਂ ਤੇ ਧੀ ਭਾਗਵੰਤੀ ਨੂੰ ਆਪਣੇ ਘਰ ਸੱਦਿਆ। ਉਨ੍ਹਾਂ ਮੂਹਰੇ ਕੋਠੀਆਂ ਦੇ ਮੂੰਹ ਖੋਲ੍ਹ ਦਿੱਤੇ। ਕਹਿਣ ਲੱਗੀ-ਜਿੰਨ੍ਹੀ ਮਰਜ਼ੀ ਦਾਣੇ ਲੈ ਜਾਓ। ਹਰੋਂ ਕਹਿੰਦੀ-ਸਾਨੂੰ ਤਾਂ ਅੰਨ ਦੀ ਨਹੀਂ ਤੁਹਾਡੀ ਲੋੜ ਆ। ਉਹਨੇ ਮੱਲੋ-ਜ਼ੋਰੀ ਸੇਵੀਆਂ ਤੇ ਬਾਸਮਤੀ ਦੀਆਂ ਗੱਠੜੀਆਂ ਬੰਨ੍ਹ ਕੇ ਉਨ੍ਹਾਂ ਦੇ ਸਿਰਾਂ ’ਤੇ ਰੱਖ ਦਿੱਤੀਆਂ।
ਇਕ ਵਾਰ ਵੱਡੇ ਤੜਕੇ ਹਮਲਾ ਪਿਆ। ਗੌਹਰੇ ਦਾ ਭਰਾ ਸਾਧੂ ਫ਼ੌਜ ’ਚੋਂ ਛੁੱਟੀ ਆਇਆ ਹੋਇਆ ਸੀ। ਉਹ ਨਿਆਜ਼ ਤੇ ਚਿਰਾਗ਼ ਕਾਲੀਏ ਦੇ ਟੱਬਰ ਨੂੰ ਬਚਾਉਂਦਾ ਗੋਲੀ ਨਾਲ ਮਾਰਿਆ ਗਿਆ। ਇਸ ਦਿਨ ਬਹੁਤ ਕਤਲੋ-ਗਾਰਤ ਹੋਈ। ਕੁਝ ਔਰਤਾਂ ਵਿਹੜੇ ’ਚੋਂ ਦੀ ਲੰਘੀਆਂ। ਬੁਰਕੇ ਉਨ੍ਹਾਂ ਬਾਹਵਾਂ ’ਤੇ ਰੱਖੇ ਹੋਏ ਸਨ। ਉਹ ਹੱਥ ਜੋੜ ‘ਆਖਰੀ ਸਲਾਮ’ ਆਖਦੀਆਂ ਰੋਂਦੀਆਂ-ਰੋਂਦੀਆਂ ਅਗਾਂਹ ਤੁਰ ਗਈਆਂ। ਹਮਲੇ ਵਾਲੇ ਦਿਨ ਬੜਾ ਮੀਂਹ ਪੈ ਰਿਹਾ ਸੀ। ਵਿਹੜੇ ਵਾਲਿਆਂ ਵੀ ਨਿੱਕਾ-ਮੋਟਾ ਸਾਮਾਨ ਲੁੱਟਿਆ।
ਵੰਡ ਮਗਰੋਂ ਸ਼ਾਮੀ ਸ਼ਾਹ ਦੇ ਮੇਲੇ ’ਤੇ ਹਰ ਸਾਲ ਪਾਕਿਸਤਾਨੋਂ ਸ਼ੇਖ਼ਾਂ ਦੀਆਂ ਦੋ ਬੱਸਾਂ ਭਰ ਕੇ ਆਉਂਦੀਆਂ ਹੁੰਦੀਆਂ ਸਨ। ਉਹ ਤਿੰਨ ਦਿਨ ਰਹਿੰਦੇ। ਇਕ ਵਾਰ ਸ਼ੇਖ਼ ਇਕਬਾਲ ਦਾ ਮੁੰਡਾ ਨਿਸਾਰ ਅਹਿਮਦ ਵੀ ਆਇਆ। ਦੋਸਤ ਉਹਨੂੰ ‘ਸ਼ਾਰੀ’ ਸੱਦਦੇ ਹੁੰਦੇ ਸਨ। ਉਹ ਤੇ ਪੰਡਤ ਕਿਸ਼ਨ ਜੱਫੀ ਪਾ ਕੇ ਕਈ ਦੇਰ ਰੋਂਦੇ ਰਹੇ। ਤਿੰਨ ਦਿਨ ਉਹ ਆਪਣਿਆਂ ਵਿਚ ਨਹੀਂ ਰਿਹਾ। ਸੁੱਤਾ ਵੀ ਕਿਸ਼ਨ ਕੋਲ ਤੇ ਰੋਟੀ ਵੀ ਉਹਦੇ ਨਾਲ ਖਾਂਦਾ ਰਿਹਾ। ਉਹ ਬਚਪਨ ਦੀਆਂ ਗੱਲਾਂ ਕਰਦੇ ਕਈ ਵਾਰ ਰੋਏ, ਕਈ ਵਾਰ ਹੱਸੇ।
ਕਿਸ਼ਨ ਹੋਰਾਂ ਨਾਲ ਅਬਦੁੱਲ ਕਿਯੂਮ ਵੀ ਪੜ੍ਹਦਾ ਹੁੰਦਾ ਸੀ। ਉਹਨੇ ਉਰਦੂ ਦੀ ਥਾਂ ਹਿੰਦੀ ਸੰਸਕ੍ਰਿਤ ਵਿਸ਼ੇ ਲਏ ਹੋਏ ਸਨ। ਵੰਡ ਤੋਂ ਛੇਤੀਂ ਮਗਰੋਂ ਉਹਦਾ ਖ਼ਤ ਆਇਆ। ਹਿੰਦੀ ’ਚ ਲਿਖਿਆ ਹੋਇਆ। ਕਿਸ਼ਨ ਹੋਰਾਂ ਉਹਨੂੰ ਉਰਦੂ ’ਚ ਜਵਾਬੀ ਖ਼ਤ ਲਿਖਿਆ। ਉਹਨੇ ਜਵਾਬ ’ਚ ਅਰਜ਼ ਕੀਤੀ ਸੀ ‘ਇੱਥੇ ਹੁਣ ਹਿੰਦੀ ਕਿਤੇ ਵੀ ਨਹੀਂ ਲੱਭਦੀ। ਮੇਰੀਆਂ ਅੱਖਾਂ ਤਰਸੀਆਂ ਪਈਆਂ ਨੇ ਹਿੰਦੀ ਪੜ੍ਹਨ ਲਈ। ਕਿਸ਼ਨ ਤੂੰ ਮੈਨੂੰ ਹਿੰਦੀ ’ਚ ਖ਼ਤ ਲਿਖਿਆ ਕਰ।’ ਕਿਸ਼ਨ ਹੋਰੀਂ ਉਹਨੂੰ ਕਈ ਵਰ੍ਹੇ ਹਿੰਦੀ ’ਚ ਖ਼ਤ ਲਿਖਦੇ ਰਹੇ।
1995 ਦੀ ਗੱਲ ਏ। ਸਲਾਮਤ ਖਾਂ ਸ਼ਾਮ ਚੁਰਾਸੀ ਆਏ। ਉਨ੍ਹਾਂ ਦੀ 1937 ਦੀ ਪੈਦਾਇਸ਼ ਸੀ। ਉਹ ਵਲਾਇਤ ਅਲੀ ਖਾਂ ਦੇ ਪੁੱਤਰ ਅਤੇ ਮੀਆਂ ਕਰੀਮ ਬਖ਼ਸ਼ ਦੇ ਪੋਤਰੇ ਸਨ। ਉਹ ਪੰਜ ਭਾਈ ਸਨ। ਨਜ਼ਾਕਤ, ਸਾਦਿਕ ਅਲੀ ਖਾਂ, ਅਖ਼ਤਰ ਅਲੀ ਤੇ ਪੰਜਵਾਂ ਸ਼ਾਇਦ ਜਾਵੇਦ ਸੀ। ਇਸ ਸੰਗੀਤ ਘਰਾਣੇ ਦੀ ਸ਼ੁਰੂਆਤ ਸੋਲ੍ਹਵੀਂ ਸਦੀ ’ਚ ਸੂਰਜ ਖਾਂ ਅਤੇ ਚਾਂਦ ਖਾਂ ਤੋਂ ਹੋਈ ਸੀ। ਉਹ ਬੀਨ ਵਜਾਉਂਦੇ ਸਨ। ਤਦੇ ਇਨ੍ਹਾਂ ਦੇ ਸੰਗੀਤ-ਘਰਾਣੇ ਨੂੰ ਬੀਨਕਾਰਾਂ ਦਾ ਘਰਾਣਾ ਆਖਿਆ ਜਾਂਦਾ। ਇਨ੍ਹਾਂ ਦੇ ਬਜ਼ੁਰਗ ਮੀਆਂ ਕਰੀਮ ਬਖ਼ਸ਼ ਦਾ ਮਜ਼ਾਰ ਪਿੰਡ ਦੇ ਲਹਿੰਦੇ ਪਾਸੇ ਵੱਲ ਹੈ। ਸਲਾਮਤ ਖਾਂ ਹੋਰੀਂ ਸਭ ਤੋਂ ਪਹਿਲਾਂ ਆਪਣੇ ਘਰ ਗਏ। ਉਨ੍ਹਾਂ ਦਾ ਘਰ ਮੁਹੱਲਾ ਪਰਤੀਆਂ ’ਚ ਸੀ। ਫਿਰ ਉਹ ਆਪਣੇ ਦਾਦੇ ਦੇ ਮਜ਼ਾਰ ’ਤੇ ਗਏ। ਉਸ ਦਿਨ ਬਾਜ਼ਾਰ ਬੰਦ ਹੋ ਗਿਆ। ਹਰ ਕੋਈ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਪਿਆ। ਉੱਥੇ ਉਨ੍ਹਾਂ ਗੀਤ ਗਾਇਆ:
ਰੱਬਾ ਮੇਲ ਦਿਹਾੜੇ ਗਰਦਿਸ਼ ਦੇ
ਸਾਥੋਂ ਹਿਜਰ ਗਵਾਰਾ ਨਹੀਂ ਹੁੰਦਾ
ਉਨ੍ਹਾਂ ਰੋ-ਰੋ ਗਾਇਆ ਤੇ ਲੋਕ ਸੁਣ-ਸੁਣ ਭੁੱਬਾਂ ਮਾਰਦੇ ਰਹੇ। ਅੱਜ ਸ਼ਾਮੀ ਸ਼ਾਹ ਦੀਆਂ ਅਗਲੀਆਂ ਪੀੜ੍ਹੀਆਂ ਪਾਕਿਸਤਾਨ ’ਚ ਬਹੁਤ ਵੱਡੇ-ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹਨ। ‘ਰੋਜ਼ਾਨਾ ਪਾਕਿਸਤਾਨ ਅਖ਼ਬਾਰ’ ਤੇ ‘ਡੇਅਲੀ ਪਾਕਿਸਤਾਨ ਨਿਊਜ਼’ ਚੈਨਲ ਦੇ ਮਾਲਕ ਮੁਜੀਬ-ਉਲ-ਰਹਿਮਾਨ ਸ਼ਾਮੀ ਹੋਰਾਂ ਦੇ ਬਜ਼ੁਰਗ ਵੀ ਇਸ ਪਿੰਡ ਤੋਂ ਗਏ ਨੇ। ਇਸ ਪਿੰਡ ਦੇ ਤਰਲੋਚਨ ਲਾਲ ਜੀ ਜਦੋਂ ਪਾਕਿਸਤਾਨ ਜਾਂਦੇ ਨੇ ਤਾਂ ਉਹ ਇਨ੍ਹਾਂ ਦੇ ਮਹਿਮਾਨ ਹੁੰਦੇ ਨੇ।
ਜਿਸ ਦਿਨ ਹਮਲਾ ਹੋਇਆ, ਕਿਸ਼ਨ ਹੋਰੀਂ ਅਬਦੁੱਲ ਕਿਊਮ ਦੇ ਘਰ ’ਚ ਬੈਠ ਕੇ ਪੜ੍ਹ ਰਹੇ ਸੀ। ਉੱਥੋਂ ਨਿਕਲ ਕੇ ਉਹ ਦੌੜਦੇ ਹੋਏ ਆਪਣੇ ਘਰ ਪਰਤੇ ਸਨ। ਹਮਲਾ ਹੋਣ ਤੋਂ ਪੰਜ-ਸੱਤ ਦਿਨ ਬਾਅਦ ਤਕ ਲਾਸ਼ਾਂ ਨਿਕਲਦੀਆਂ ਰਹੀਆਂ। ਹਮਲਾ ਕਰਨ ਵਾਲੇ ਭਰੇ-ਭਰਾਏ ਗੱਡੇ ਹਿੱਕ ਕੇ ਲੈ ਗਏ। ਪੁਲੀਸ ਨੇ ਆਦਿ-ਧਰਮੀਆਂ ਨੂੰ ਲਾਸ਼ਾਂ ਦੱਬਣ ਲਈ ਘਰਾਂ ’ਚੋਂ ਕੱਢ ਲਿਆਂਦਾ। ਪਿੰਡ ਦੇ ਮੁਹਤਬਰ ਬੰਦੇ ਮੁਸਲਮਾਨਾਂ ਦੇ ਘਰਾਂ ਦੀ ਤਲਾਸ਼ੀ ਲੈ ਰਹੇ ਸਨ।
ਲੋਹਾਰਾਂ ਦੇ ਮੁਹੱਲੇ ਦੀ ਗੱਲ ਏ। ਇਕ ਘਰ ਦੇ ਵਿਹੜੇ ’ਚ ਲਾਸ਼ਾਂ ਵਿਛੀਆਂ ਪਈਆਂ ਸਨ। ਇਕ ਕਮਰਾ ਬੰਦ ਸੀ। ਬੰਦਿਆਂ ਨੇ ਦਰਵਾਜ਼ਾ ਤੋੜਿਆ ਤਾਂ ਅੰਦਰ ਭੈਣ ਭਰਾ ਲੁਕੇ ਹੋਏ ਸਨ। ਮੁੰਡਾ ਹੋਏਗਾ ਕੋਈ ਦਸ-ਬਾਰ੍ਹਾਂ ਸਾਲ ਦਾ ਤੇ ਭੈਣ ਅੱਠ-ਦਸ ਸਾਲ ਦੀ। ਦੋਵੇਂ ਜ਼ਖ਼ਮੀ ਸਨ। ਹਿੰਦੂਆਂ ਨੂੰ ਵੇਖਦਿਆਂ ਉਹ ਡਰ ਗਏ। ਮੁੰਡਾ ਤਾਂ ਚੁੱਪ ਰਿਹਾ, ਪਰ ਉਹ ਕੁੜੀ ਵਿਲਕ ਉੱਠੀ-ਸਾਨੂੰ ਨਾ ਮਾਰਿਓ, ਅਸੀਂ ਹਿੰਦੂ ਆਂ। ਸਾਨੂੰ ਨਾ ਮਾਰਿਓ, ਅਸੀਂ ਹਿੰਦੂ ਆਂ।
ਭੀੜ ’ਚੋਂ ਕਿਸੇ ਨੇ ਆਖਿਆ-ਸਹੁੰ ਖਾਓ ਕਿ ਤੁਸੀਂ ਹਿੰਦੂ ਓ! ਉਹ ਕੁੜੀ ਝੱਟ ਪੱਟ ਬੋਲੀ-ਅੱਲ੍ਹਾ ਦੀ ਸਹੁੰ, ਅਸੀਂ ਹਿੰਦੂ ਆਂ।
ਭੀੜ ’ਚੋਂ ਕੁਝ ਲੋਕ ਹੱਸ ਪਏ। ਮੋਹਤਬਰਾਂ ਮਸ਼ਵਰਾ ਕੀਤਾ ਕਿ ਇਨ੍ਹਾਂ ਵਿਚਾਰਿਆਂ ਦੇ ਮਾਪੇ ਮਾਰੇ ਗਏ ਨੇ। ਇਹ ਵਿਚਾਰੇ ਵੀ ਜ਼ਖ਼ਮੀ ਹੋਏ ਪਏ ਨੇ। ਇਨ੍ਹਾਂ ਨੂੰ ਕੌਣ ਸੰਭਾਲੇਗਾ ਤੇ ਕੌਣ ਇਨ੍ਹਾਂ ਦਾ ਇਲਾਜ ਕਰਵਾਏਗਾ? ਬਚ ਵੀ ਗਏ ਤਾਂ ਸਾਰੀ ਉਮਰ ਰੁਲਦੇ ਰਹਿਣਗੇ।
ਮੋਹਤਬਰਾਂ ਦੀ ਆਖ਼ਰ ਇਸ ਗੱਲ ’ਤੇ ਸਹਿਮਤੀ ਬਣੀਂ ਕਿ ਉਨ੍ਹਾਂ ਨੂੰ ਤਮਾਮ ਦੁੱਖਾਂ ਤੋਂ ਮੁਕਤ ਕਰ ਦਿੱਤਾ ਜਾਵੇ। ਉਨ੍ਹਾਂ ਦੋਵਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ।
ਸੰਪਰਕ: 0091-6283011456
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly