ਨਸ਼ਿਆਂ ਦੇ ਖ਼ਾਤਮੇ ਲਈ ਖੇਡਾਂ ਸਭ ਤੋਂ ਵੱਡਾ ਹਥਿਆਰ, ਖੇਡਾਂ ਦੇ ਬੱਜਟ ਵਿੱਚ ਵਾਧਾ ਕੀਤਾ ਜਾਵੇਗਾ : ਮੁੱਖ ਮੰਤਰੀ
ਹਾਕੀ ਲੜਕੇ (ਓਪਨ) ਵਿੱਚ ਕੁਰੂਕਸੇਤਰ ਦੀ ਟੀਮ ਨੇ ਪਹਿਲਾ ਅਤੇ ਅਮਰਗੜ੍ਹ ਦੂਜਾ ਸਥਾਨ ਲਿਆ।
ਰੱਸਾਕਸੀ ‘ਚ ਖੋਸਾ ਕੋਟਲਾ ਨੇ ਪਹਿਲਾ ਅਤੇ ਜੀਂਦ ਦੂਜਾ ਸਥਾਨ ਹਾਸਲ ਕੀਤਾ।
ਬੈਲਗੱਡੀਆਂ ਦੀਆਂ ਦੌੜਾਂ ਵਿੱਚ ਕੁਲਵੰਤ ਸਿੰਘ ਚਨਾਰਥਲ ਦੀ ਗੱਡੀ ਰਹੀ ਜੇਤੂ ਪੇਂਡੂ ਉਲੰਪਿਕ-2026 ਕਿਲਾ ਰਾਏਪੁਰ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ
ਕਿਲਾ ਰਾਏਪੁਰ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ) : ਕਿਲਾ ਰਾਏਪੁਰ ਪੇਂਡੂ ਉਲੰਪਿਕ-2026 ਤੇ ਅੱਜ ਤੀਜੇ ਦਿਨ ਵੱਖ ਵੱਖ ਖੇਡਾਂ ਦੇ ਸ਼ਾਨਦਾਰ ਮੁਕਾਬਲੇ ਹੋਏ। ਖੇਡਾਂ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਸ਼ੀਨ ਸੁਸੋਦੀਆ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੈਬਨਿਟ ਮੰਤਰੀ ਤਰਨਜੀਤ ਸਿੰਘ ਸੌਂਦ, ਮੁੱਖ ਮੰਤਰੀ ਦੇ ਓਐਸਡੀ ਬਲਤੇਜ ਸਿੰਘ ਪੰਨੂ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਚੇਅਰਮੈਨ ਤੇਜਪਾਲ ਸਿੰਘ ਗਿੱਲ ਵੀ ਹਾਜ਼ਰ ਸਨ।ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਦੇਖਣ ਲਈ ਆਪਣੇ ਕੰਮਕਾਰ ਖ਼ਤਮ ਕਰਕੇ ਲੋਕ ਦੂਰੋ ਦੂਰੋਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਛੋਟੇ ਸਨ, ਤਾਂ ਜਲੰਧਰ ਦੂਰਦਰਸ਼ਨ ਤੇ ਇੰਨ੍ਹਾਂ ਖੇਡਾਂ ਨੂੰ ਦੇਖਦੇ ਸਨ। ਮੁੱਖ ਮੰਤਰੀ ਮਾਨ ਨੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਜਿਹੜੇ ਪਹਿਲੇ ਸਥਾਨਾਂ ਤੇ ਰਹੇ ਹਨ,. ਉਹ ਹੰਕਾਰ ਨਾ ਕਰਨ, ਕਿਉਂ ਜੇ ਉਹ ਪਹਿਲੇ ਸਥਾਨ ਤੇ ਆਏ ਨੇ ਤਾਂ ਉਸ ਵਿੱਚ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲਿਆਂ ਦਾ ਵੱਡਾ ਹੱਥ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਬੈਲਗੱਡੀਆਂ ਦੀਆਂ ਦੌੜਾਂ ਦੀ ਮੰਗ ਪੂਰੀ ਹੋਣ ਕਰਕੇ ਇਹ ਰੰਗ ਦੇਖਣ ਨੂੰ ਮਿਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਬੈਲਗੱਡੀਆਂ ਦੀਆਂ ਦੌੜਾਂ 13 ਸਾਲਾਂ ਤੋਂ ਨਹੀਂ ਹੋ ਸਕੀਆਂ, ਪਰ ਬੈਲਗੱਡੀਆਂ ਦੀਆਂ ਦੌੜਾਂ ਦੇ ਸ਼ੌਕੀਨ ਲੋਕਾਂ ਨੇ ਬਲਦਾਂ ਦੀ ਸੇਵਾ ਕਰਨੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਬਲਦਾਂ ਦੀ ਇੱਕ ਪੀੜ੍ਹੀ ਬਿਨ੍ਹਾਂ ਭੱਜੇ ਹੀ ਰਿਟਾਇਰ ਹੋ ਗਈ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਲਦਾਂ ਦੀ ਦੌੜ
ਦਾ ਕਾਨੂੰਨ ਜਿਸ ਨੂੰ ਰੋਕਿਆ ਹੋਇਆ ਸੀ, ਜਿਸ ਵੱਲ ਕਿਸੇ ਨੇ ਜਿਆਦਾ ਧਿਆਨ ਨਹੀਂ ਦਿੱਤਾ। ਇਸ ਮਾਮਲੇ ਸਬੰਧੀ ਜਦੋਂ ਉਨ੍ਹਾਂ ਨੂੰ ਕਮੇਟੀ-ਐਸੋਸੀਏਸ਼ਨ ਵਾਲੇ ਆਏ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਇਸ ਸਬੰਧੀ ਕੈਬਨਿਟ ਵਿੱਚ ਫੈਸਲਾ ਲਿਆ ਜਾਵੇਗਾ। ਜਿਸ ਤੋਂ ਬਾਅਦ 11 ਜੁਲਾਈ 2025 ਨੂੰ ਪੰਜਾਬ ਵਿਧਾਨ ਸਭਾ ਵਿੱਚ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਐਕਟ 2025 ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਤੋਂ ਬਾਅਦ ਬੈਲਗੱਡੀਆਂ ਦੀਆਂ ਦੌੜਾਂ ਕਰਵਾਉਣ ਦਾ ਰਾਹ ਪੱਧਰਾ ਹੋਇਆ। ਪਿੰਡ ਮਹਿਮਾ ਸਿੰਘ ਵਾਲਾ ਵਿਖੇ ਇੱਕ ਵਿਰਾਸਤੀ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਉਨ੍ਹਾਂ ਕਿਹਾ ਕਿ ਬੈਲਗੱਡੀਆਂ ਦੀ ਦੌੜਾਂ ਸਾਡੀ ਪੇਂਡੂ ਵਿਰਾਸਤ ਨੂੰ ਦਰਸਾਉਂਦੀਆਂ ਹਨ ਅਤੇ ਸਾਡੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਲਦਾਂ ਦੀ ਜੋੜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਜੋੜੀ ਵਜੋਂ ਜਾਣਿਆਂ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਬਲਦਾਂ ਦੀ ਜੋੜੀ ਜੋੜ ਕੇ ਕਰਤਾਰਪੁਰ ਸਾਹਿਬ ਵਿਖੇ ਖੇਤੀ ਕੀਤੀ ਸੀ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਕਿ ਜਿਹੜੇ ਬੈਲਗੱਡੀਆਂ ਦੀਆਂ ਦੌੜਾਂ ਕਰਵਾਉਣ ਦੇ ਸ਼ੌਕੀਨ ਨੇ ਉਹ ਬਦਲਾਂ ਦਾ ਕਿੰਨਾ ਧਿਆਨ ਰੱਖਦੇ ਹਨ, ਦੇਸੀ ਘਿਓ ਦਿੰਦੇ ਹਨ, ਪੁੱਤਾਂ ਵਾਂਗ ਪਾਲਦੇ ਹਨ।ਕਿਵੇਂ ਉਨ੍ਹਾਂ ਦੇ ਮੁਕਤਸਰ ਮੇਲੇ ਜਾਂ ਨਗੌਰ ਤੋਂ ਲਿਆ ਕੇ ਨੱਥਾਂ, ਝਾਂਜਰਾ ਪਾਉਂਦੇ ਹਨ।ਮੁੱਖ ਮੰਤਰੀ ਮਾਨ ਨੇ ਕਿਲਾ ਰਾਏਪੁਰ ਦੀਆਂ ਖੇਡਾਂ ਬਾਰੇ ਚਾਨਣਾਂ ਪਾਉਂਦਿਆਂ ਦੱਸਿਆ ਕਿ ਇਸ ਮੈਦਾਨ ਵਿੱਚ ਹਾਕੀ ਦੇ ਜਾਦੂਗਰ ਦੇ ਨਾਮ ਨਾਲ ਜਾਣੇ ਜਾਂਦੇ ਧਿਆਨ ਚੰਦ, ਪ੍ਰਿਥੀਪਾਲ, ਬਲਬੀਰ ਸਿੰਘ, ਅਜੀਤਪਾਲ, ਸੁਰਜੀਤ ਸਿੰਘ, ਉਧਮ ਸਿੰਘ, ਮਿਲਖਾ ਸਿੰਘ, ਮੱਖਣ ਸਿੰਘ, ਗੁਰਬਚਨ ਸਿੰਘ ਰੰਧਾਵਾ, ਪਦੂਮਣ ਸਿੰਘ, ਪ੍ਰਵੀਨ ਕੁਮਾਰ ਵਰਗੇ ਵੱਡੇ ਖਿਡਾਰੀ ਖੇਡ ਚੁੱਕੇ ਹਨ।ਉਨ੍ਹਾਂ ਦੱਸਿਆ ਕਿ 1933 ਵਿੱਚ ਸ. ਇੰਦਰ ਸਿੰਘ ਦੀ ਸਰਪ੍ਰਸਤੀ ਵਿੱਚ ਗਰੇਵਾਲ
ਐਜੂਕੇਸ਼ਨ ਸੁਸਾਇਟੀ, ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਜਿਸ ਤੋਂ ਬਾਅਦ ਖੇਡਾਂ ਦੀ ਸ਼ੁਰੂਆਤ ਕੀਤੀ, 1933 ਵਿੱਚ ਕੁਸ਼ਤੀਆਂ ਕਰਵਾਈਆਂ, ਹਾਕੀ ਸ਼ੁਰੂ ਹੋਈ, 1942 ਵਿੱਚ ਰਥ ਦੀ ਦੌੜ ਸ਼ੁਰੂ ਹੋਈ, ਜਿਸ ਤੋਂ ਬਾਅਦ 1950 ਵਿੱਚ ਰੱਥ ਦੌੜ ਤੋਂ ਬਾਅਦ ਬੈਲਗੱਡੀਆਂ ਨੇ ਥਾਂ ਲੈ ਲਈ ਸੀ। ਅਥਲੈਟਿਕਸ, ਊਠਾਂ ਦੀ ਦੌੜ, ਲੜਕੀਆਂ ਦੀ ਦੌੜ, ਸੁਹਾਗਾ ਦੌੜ, ਲੜਕੀਆਂ ਦੀ ਹਾਕੀ ਆਦਿ ਖੇਡਾਂ ਹੋਈਆਂ।ਇਹੀ ਕਾਰਨ ਹੈ ਕਿ ਇੰਨ੍ਹਾਂ ਖੇਡਾਂ ਨੂੰ ਮਿੰਨੀ ਉਲੰਪਿਕ ਵਜੋਂ ਜਾਣਿਆਂ ਜਾਂਦਾ ਹੈ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਲਾ ਰਾਏਪੁਰ ਪਿੰਡ ਦੇ ਲੋਕਾਂ ਦਾ ਏਕਾ ਹੈ, ਜਿਸ ਕਾਰਨ ਇਹ ਖੇਡਾਂ ਸਫ਼ਲ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਏਕਾ ਰੱਖੋ, ਵੋਟਾਂ ਸਮੇਂ ਜਿਸ ਮਰਜੀ ਪਾਰਟੀ ਨਾਲ ਹੋ ਜਾਓ, ਕਿਉਂਕਿ ਵੋਟਾਂ ਦਾ ਰੌਲਾ ਤਾਂ 15-20 ਦਿਨ ਹੀ ਹੁੰਦਾ ਹੈ, ਬਾਕੀ 350 ਦਿਨ ਤਾਂ ਇੱਕਠੇ ਰਿਹਾ ਕਰੋ।ਪਾਰਟੀਬਾਜੀ ਕਾਰਨ ਅਸੀਂ ਤਾਂ ਬਰਾਤਾਂ ਚੜਨੋਂ ਹਟ ਗਏ, ਇੱਕ ਦੂਜੇ ਦੇ ਅਫਸੋਸਾਂ ਵਿੱਚ ਭੋਗਾਂ ਤੇ ਜਾਣੋ ਹਟ ਗਏ। ਉਨ੍ਹਾਂ ਕਿਹਾ ਕਿ ਪਾਰਟੀਬਾਜੀ ਦੇ ਨਾਮ ‘ਤੇ ਕਈ ਪਿੰਡਾਂ ਵਿੱਚ ਖੇਡ ਮੇਲੇ ਕਈ ਕਈ ਹੋਣ ਲੱਗ ਗਏ, ਜੇਕਰ ਉਹੀ ਇੱਕੋ ਖੇਡ ਮੇਲਾ ਹੋ ਜਾਵੇ ਤਾਂ ਚੰਗਾ ਖੇਡ ਮੇਲਾ ਹੋ ਸਕਦਾ ਤੇ ਸਾਰਿਆਂ ਨੂੰ ਨੁਮਾਇੰਦਗੀ ਮਿਲ ਸਕਦੀ ਹੈ। ਪਿੰਡ ਕਿਲਾ ਰਾਏਪੁਰ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਇੱਕ ਮੰਗ ਪੱਤਰ ਸਬੰਧੀ ਸੰਬੋਧਨ ਕਰਦੇ ਹੋਏ, ਭਗਵੰਤ ਸਿੰਘ ਮਾਨ ਨੇ ਕਈ ਵਿਕਾਸ ਕਾਰਜਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੀ ਸਰਕੂਲਰ ਸੜਕ ਨੂੰ 1.5 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਜਾਵੇਗਾ, ਪਿੰਡ ਦੀ ਸਹਿਕਾਰੀ ਸਭਾ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ, ਪਿੰਡ ਦੇ ਤਲਾਅ ਨੂੰ 95 ਲੱਖ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ‘ਤੇ ਵਿਕਸਤ ਕੀਤਾ ਜਾਵੇਗਾ, ਪਿੰਡ ਦੀ ਲਾਇਬ੍ਰੇਰੀ ਨੂੰ 10 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ ਅਤੇ 2 ਕਰੋੜ ਰੁਪਏ ਛੇ-ਏ-ਸਾਈਡ ਹਾਕੀ ਐਸਟ੍ਰੋਟਰਫ ਦੇ ਨਿਰਮਾਣ ‘ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਡੇਹਲੋਂ ਤੋਂ ਪੱਖੋਵਾਲ ਸੜਕ ਨੂੰ 30 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ ਅਤੇ ਕੰਮ ਜਲਦੀ
ਹੀ ਸ਼ੁਰੂ ਹੋ ਜਾਵੇਗਾ, ਅਤੇ ਸਟੇਡੀਅਮ ਵਿੱਚ ਫਲੱਡ ਲਾਈਟਾਂ ਲਗਾਈਆਂ ਜਾਣਗੀਆਂ। ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਲੋਕਾਂ ਨੂੰ 10 ਲੱਖ ਰੁਪਏ ਦੇ ਸਿਹਤ ਬੀਮਾ ਕਾਰਡ ਲਈ ਨਾਮ ਦਰਜ ਕਰਵਾਉਣ ਦੀ ਅਪੀਲ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਸੂਬੇ ਦਾ ਸਭ ਤੋਂ ਵੱਡਾ ਸਿਹਤ ਸੁਧਾਰ ਪ੍ਰੋਗਰਾਮ ਹੈ। ਹਰ ਪਰਿਵਾਰ ਹੁਣ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਪ੍ਰਾਪਤ ਕਰਨ ਦਾ ਹੱਕਦਾਰ ਹੈ।” ਉਨ੍ਹਾਂ ਅੱਗੇ ਕਿਹਾ ਕਿ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਬਣਾਈ ਗਈ ਇਸ ਮਹੱਤਵਾਕਾਂਖੀ ਯੋਜਨਾ ਤੋਂ ਲਗਭਗ 65 ਲੱਖ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਮ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਲਈ ਲਿਖਿਆ ਹੈ, ਜਿਨ੍ਹਾਂ ਨੂੰ 19 ਸਾਲ ਦੀ ਉਮਰ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। “ਇਹ ਉਸ ਮਹਾਨ ਨਾਇਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਸਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ,” ਉਨ੍ਹਾਂ ਕਿਹਾ, ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਸ਼ਹੀਦਾਂ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਮ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਲਈ ਲਿਖਿਆ ਹੈ, ਜਿਨ੍ਹਾਂ ਨੂੰ 19 ਸਾਲ ਦੀ ਉਮਰ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, “ਇਹ ਉਸ ਮਹਾਨ ਨਾਇਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਸਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਸ਼ਹੀਦਾਂ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਪਰ ਸਭ ਤੋਂ ਵੱਡੀ ਦਵਾਈ ਗਰਾਊਂਡ ਹੈ, ਜੇਕਰ ਸਾਡੇ ਬੱਚਿਆਂ ਨੂੰ ਗਰਾਊਂਡ ਵਿੱਚ ਆ ਕੇ ਮੈਚ ਖੇਡਣ ਦਾ, ਆਪਣੇ ਸਰੀਰ ਬਣਾਉਣ ਦਾ ਜਜਬਾ ਜਾਗ ਪਿਆ ਤਾਂ ਫਿਰ ਉਹ ਨਸ਼ਿਆਂ ਵੱਲ ਧਿਆਨ ਨਹੀਂ ਦੇਣਗੇ, ਤੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ। ਸਾਡੇ ਬੱਚੇ ਖੇਡਾਂ ਵਿੱਚ ਜਿੱਥੇ ਮੈਡਲ ਜਿੱਤਣਗੇ, ਨਾਮ ਪੈਦਾ ਕਰਨਗੇ ਤਾਂ ਸਾਡੇ ਪੰਜਾਬ ਨੂੰ ਤੰਦਰੁਸ਼ਤ ਬਣਾਉਣ ਲਈ ਕੋਈ ਮੁਹਿੰਮ ਸ਼ੁਰੂ ਕਰਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗ੍ਰਾਂਟਾਂ ਪੱਖੋਂ ਕੋਈ ਕਮੀਂ ਨਹੀਂ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੇ ਰਾਜ ਬੱਜਟ ਵਿੱਚ ਖੇਡ ਬੱਜਟ ‘ਚ ਵਾਧਾ ਕੀਤਾ ਜਾਵੇਗਾ, ਨੌਜਾਵਨਾਂ ਦੀ ਊਰਜਾ ਨੂੰ ਉਸਾਰੂ ਰਾਹਾਂ ਵੱਲ ਲਿਜਾਣ ਲਈ ਦ੍ਰਿੜ ਯਤਨ ਕੀਤੇ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਤਿੰਨ ਸੀਜਨ ਸਫਲਤਾਪੂਰਵਕ ਅਯੋਜਿਤ ਕੀਤੇ ਗਏ ਹਨ, ਜਿਸ ਵਿੱਚ ਇੱਕ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਹਿੱਸਾ ਲੈਂਦੀਆਂ ਹਨ। ਖੇਡਾਂ ਦੀ ਸਮਾਪਤੀ ਮੌਕੇ ਖੇਡ ਪ੍ਰੇਮੀਆਂ ਦੇ ਮੰਨੋਰੰਜਨ ਲਈ ਉੱਘੇ ਲੋਕ ਗਾਇਕ ਕੰਵਰ ਗਰੇਵਾਲ ਵੱਲੋਂ ਆਪਣੇ ਗੀਤਾਂ ਰਾਹੀਂ ਮਹਿਫਲ ਸਜਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਐਸਡੀਐਮ ਜਸਲੀਨ ਕੌਰ ਭੁੱਲਰ, ਐਸਡੀਐਮ ਉਪਿੰਦਰਜੀਤ ਕੌਰ ਬਰਾੜ, ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਵਰਮਾਂ, ਜਿਲ੍ਹਾ ਖੇਡ ਅਫਸਰ ਕੁਲਦੀਪ ਸਿੰਘ ਚੁੱਘ, ਡਿਪਟੀ ਡਾਇਰੈਕਟਰ ਨਵਦੀਪ ਗਿੱਲ, ਨਵਨੀਤ ਸਿੰਘ ਜੋਸ਼ੀ, ਡੀਪੀਆਰਓ ਪੁਨੀਤ ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਹਾਜ਼ਰ ਸਨ।ਅੱਜ ਹੋਈਆਂ ਖੇਡਾਂ ਦਾ ਨਤੀਜਾ:
ਕਬੱਡੀ ਸਰਕਲ ਸਟਾਈਲ (ਲੜਕੇ) ਓਪਨ ਵਿੱਚ ਪਿੰਡ ਕੈਂਡ (ਲੁਧਿਆਣਾ) ਨੇ ਪਹਿਲਾ ਸਥਾਨ, ਪਿੰਡ ਦਤਾਲ (ਸੰਗਰੂਰ) ਨੇ ਦੂਸਰਾ ਸਥਾਨ ਲਿਆ। ਹਾਕੀ ਲੜਕੇ (ਓਪਨ) ਦੇ ਫਸਵੇਂ ਮੁਕਾਬਲਿਆਂ ‘ਚ ਕੁਰੂਕਸੇਤਰ ਦੀ ਟੀਮ ਨੇ ਪਹਿਲਾ ਸਥਾਨ, ਅਮਰਗੜ੍ਹ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਹਾਕੀ ਲੜਕੀਆਂ (ਓਪਨ) ਦੇ ਹੋਏ ਮੁਕਾਬਲਿਆਂ ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਰੱਸਾਕਸੀ (ਓਪਨ) ਦੇ ਹੋਏ ਮੁਕਾਬਲਿਆਂ ‘ਚ ਖੋਸਾ ਕੋਟਲਾ (ਮੋਗਾ) ਦੀ ਟੀਮ ਨੇ ਪਹਿਲਾ ਅਤੇ ਜੀਂਦ (ਬਠਿੰਡਾ) ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਹਾਈ ਜੰਪ (ਲੜਕੇ) ਓਪਨ ਵਿੱਚ ਬਲਜੀਤ ਸਿੰਘ ਨੇ ਪਹਿਲਾ, ਰਮਨਦੀਪ ਸਿੰਘ ਨੇ ਦੂਜਾ, ਅਰਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਲਿਆ। ਹਾਈ ਜੰਪ (ਲੜਕੀਆਂ) ਓਪਨ ਵਿੱਚ ਡੌਲੀ ਨੇ ਪਹਿਲਾ, ਰਿਤੀਕਾ ਗੋਰ ਨੇ ਦੂਜਾ, ਹਰਮਨਦੀਪ ਕੌਰ ਨੇ ਤੀਜਾ ਸਥਾਨ ਲਿਆ। 200 ਮੀਟਰ (ਲੜਕੇ) ਓਪਨ ਵਿੱਚ ਹਰਜੀਤ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ ਅਤੇ ਰਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ (ਲੜਕੀਆਂ) ਵਿੱਚ ਰਿਸਿਤਾ ਕੌਰ ਨੇ ਪਹਿਲਾ, ਸਿਮਰਨ ਨੇ ਦੂਜਾ, ਸੀਮਾ ਕੌਰ ਨੇ ਤੀਜਾ ਸਥਾਨ ਲਿਆ। 800 ਮੀਟਰ (ਲੜਕੇ) ਓਪਨ ਵਿੱਚ ਪ੍ਰਭਜੋਤ ਸਿੰਘ ਨੇ ਪਹਿਲਾ, ਸਨਦੀਪ ਸਿੰਘ ਦੂਜਾ, ਨਵਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ (ਲੜਕੀਆਂ) ਓਪਨ ਮਾਇਆ ਨੇ ਪਹਿਲਾ ਸਥਾਨ, ਆਰਤੀ ਨੇ ਦੂਜਾ ਸਥਾਨ, ਸਨੇਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।100 ਮੀਟਰ (65 ਸਾਲ) ਵਿੱਚ ਪਿਆਰਾ ਸਿੰਘ ਨੇ ਪਹਿਲਾ ਸਥਾਨ, ਜਗਦੇਵ ਸਿੰਘ ਨੇ ਦੂਜਾ, ਕੁਲਦੀਪ ਸਿੰਘ ਨੇ ਤੀਜਾ ਸਥਾਨ ਲਿਆ। 100 ਮੀਟਰ ਦੀਆਂ 75 ਸਾਲਾ ਦੌੜਾਂ ਵਿੱਚ ਸਰਬਜੀਤ ਸਿੰਘ ਨੇ ਪਹਿਲਾ, ਬਾਲ ਸਿੰਘ ਨੇ ਦੂਜਾ, ਮਨਮੋਹਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ‘ਚ 80 ਸਾਲਾਂ ਦੌੜਾਂ ਵਿੱਚ ਅਜੀਤ ਸਿੰਘ ਰੰਧਾਵਾ, ਬਿੱਕਰ ਸਿੰਘ, ਛੱਜੂ ਰਾਮ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲਿਆ। ਸਾਈਕਲ ਰੇਸ (2000 ਮੀਟਰ) ਲੜਕੇ ਵਿੱਚ ਕੁੰਵਰਪ੍ਰੀਤ ਸਿੰਘ ਨੇ ਪਹਿਲਾ, ਸੋਹੇਲ ਅਹਿਮਦ ਨੇ ਦੂਜਾ, ਤਨੀਤ ਸ਼ਰਮਾਂ ਨੇ ਤੀਜਾ ਸਥਾਨ ਲਿਆ।ਸਾਈਕਲ ਰੇਸ (2000 ਮੀਟਰ) ਲੜਕੀਆਂ ਪ੍ਰੀਤੀ ਨੇ ਪਹਿਲਾ, ਸਾਨ ਗਰੇਵਾਲ ਨੇ ਦੂਜਾ, ਨੇਹਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਲਗੱਡੀਆਂ ਦੀਆਂ ਦੌੜਾਂ ਵਿੱਚ ਕੁਲਵੰਤ ਸਿੰਘ ਚਨਾਰਥਲ ਦੀ ਗੱਡੀ ਨੇ ਨੇ ਪਹਿਲਾ, ਰੇਸ਼ਮ ਸਿੰਘ ਢੰਡਾਰੀ ਦੀ ਗੱਡੀ ਨੇ ਦੂਜਾ, ਗੁਰਵਿੰਦਰ ਸਿੰਘ ਕੁੱਲੇਵਾਲ ਦੀ ਗੱਡੀ ਨੇ ਤੀਜਾ, ਸੁਖਰਾਜ ਸਿੰਘ ਲਤਾਲਾ ਦੀ ਗੱਡੀ ਨੇ ਚੌਥਾ, ਮਹਿੰਦਰਪਾਲ ਸਿੰਘ ਗੁੱਜਰਵਾਲ ਦੀ ਗੱਡੀ ਨੇ ਪੰਜਵਾਂ, ਜਸਵੰਤ ਸਿੰਘ ਭੂਦਨ ਦੀ ਗੱਡੀ ਨੇ ਛੇਵਾਂ, ਸੁਖਵਿੰਦਰ ਸਿੰਘ ਜੜਤੌਲੀ ਦੀ ਗੱਡੀ ਨੇ ਸੱਤਵਾਂ ਅਤੇ ਸਰਬਜੀਤ ਸਿੰਘ ਆਸੀ ਕਲਾਂ ਦੀ ਗੱਡੀ ਨੇ ਅੱਠਵਾਂ ਸਥਾਨ ਹਾਸਲ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



