ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਲੋਕ ਪੱਖੀ, ਅਗਾਂਹਵਧੂ ਤੇ ਬੁਨਿਆਢੀ ਢਾਂਚੇ, ਨਿਵੇਸ਼, ਵਿਕਾਸ ਤੇ ਰੁਜ਼ਗਾਰ ਦੇ ਮੌਕਿਆਂ ਦੀਆਂ ਸੰਭਾਵਨਾਵਾਂ ਭਰਿਆ ਕਰਾਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਦਾ ਅਹਿਮ ਪੱਖ ਗਰੀਬਾਂ ਦੀ ਭਲਾਈ ਹੈ। ਇਹ ਮੌਜੂਦਾ ਸਮੱਸਿਆਵਾਂ ਹੱਲ ਕਰਨ ਤੇ ਲੋਕਾਂ ਲਈ ਨਵੇਂ ਮੌਕੇ ਪੈਦਾ ਕਰਨ ਵਾਲਾ ਬਜਟ ਹੈ। ਉਨ੍ਹਾਂ ਕਿਹਾ, ‘ਬਜਟ ਦਾ ਮਕਸਦ ਹਰ ਗਰੀਬ ਨੂੰ ਪੱਕਾ ਘਰ, ਪਖਾਨਾ, ਜਲ ਸਪਲਾਈ ਤੇ ਗੈਸ ਕੁਨੈਕਸ਼ਨ ਮੁਹੱਈਆ ਕਰਨਾ ਹੈ। ਨਾਲ ਹੀ ਇਹ ਬਜਟ ਆਧੁਨਿਕ ਇੰਟਰਨੈੱਟ ਨਾਲ ਜੋੜਨ ਵੱਲ ਵੀ ਕੇਂਦਰਿਤ ਹੈ।’ ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦੌਰ ’ਚ ਇਸ ਸਾਲ ਦਾ ਇਹ ਬਜਟ ਨਵੇਂ ਭਰੋਸੇ ਨਾਲ ਭਰਪੂਰ ਹੈ। ਇਹ ਆਮ ਲੋਕਾਂ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਵਧੇਰੇ ਬੁਨਿਆਦੀ ਢਾਂਚੇ, ਵਧੇਰੇ ਨਿਵੇਸ਼, ਵਧੇਰੇ ਵਿਕਾਸ ਤੇ ਵਧੇਰੇ ਨੌਕਰੀਆਂ ਲਈ ਭਰਪੂਰ ਮੌਕੇ ਹਨ।
ਉਨ੍ਹਾਂ ਕਿਹਾ, ‘ਇਹ ਬਜਟ ਨੌਕਰੀਆਂ ਦਾ ਇੱਕ ਹੋਰ ਖੇਤਰ ਖੋਲ੍ਹੇਗਾ। ਇਹ ਬਜਟ ਨਾ ਸਿਰਫ਼ ਸਾਡੀਆਂ ਸਮਕਾਲੀ ਸਮੱਸਿਆਵਾਂ ਦਾ ਹੱਲ ਕਰੇਗਾ ਬਲਕਿ ਨੌਜਵਾਨਾਂ ਦਾ ਰੌਸ਼ਨ ਭਵਿੱਖ ਵੀ ਯਕੀਨੀ ਬਣਾਏਗਾ।’ ਉਨ੍ਹਾਂ ਕਿਹਾ ਕਿ ਪਰਬਤਮਾਲਾ ਯੋਜਨਾ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ ਤੇ ਉੱਤਰ-ਪੂਰਬ ਵਰਗੇ ਪਹਾੜੀ ਇਲਾਕਿਆਂ ’ਚ ਆਵਾਜਾਈ ਪ੍ਰਬੰਧ ਨੂੰ ਆਧੁਨਿਕ ਬਣਾਏਗੀ। ਦੇਸ਼ ਨੂੰ ਆਧੁਨਿਕਤਾ ਤੇ ਤਕਨੀਕ ਨਾਲ ਜੋੜਨ ਲਈ ਕਿਸਾਨਾਂ ਲਈ ਡਰੋਨ, ਵੰਦੇ ਭਾਰਤ ਰੇਲਾਂ, ਡਿਜੀਟਲ ਕਰੰਸੀ, 5ਜੀ ਸੇਵਾਵਾਂ, ਕੌਮੀ ਡਿਜੀਟਲ ਸਿਹਤ ਈਕੋਸਿਸਟਮ ਲਿਆਂਦੇ ਜਾ ਰਹੇ ਹਨ ਅਤੇ ਇਨ੍ਹਾਂ ਦਾ ਦੇਸ਼ ਦੇ ਨੌਜਵਾਨਾਂ, ਮੱਧ ਵਰਗ, ਗਰੀਬਾਂ, ਦਲਿਤਾਂ ਤੇ ਪੱਛੜੇ ਵਰਗਾਂ ਨੂੰ ਵੱਡਾ ਲਾਹਾ ਮਿਲੇਗਾ।
ਗੰਗਾ ਦੀ ਸਾਫ਼ ਸਫ਼ਾਈ ਦੇ ਨਾਲ ਨਾਲ ਸਰਕਾਰ ਪੰਜ ਰਾਜਾਂ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਤੇ ਪੱਛਮੀ ਬੰਗਾਲ ’ਚ ਨਦੀਆਂ ਦੇ ਕੰਢਿਆਂ ’ਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਕਿਸਾਨਾਂ ਦੀ ਭਲਾਈ ਦੇ ਨਾਲ ਨਾਲ ਗੰਗਾ ਨੂੰ ਰਸਾਇਣ ਮੁਕਤ ਕਰਨ ਲਈ ਇਹ ਮਹੱਤਵਪੂਰ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ’ਚ ਪੇਸ਼ ਕੀਤੀਆਂ ਗਈਆਂ ਤਜਵੀਜਾਂ ਦਾ ਮਕਸਦ ਖੇਤੀਬਾੜੀ ਨੂੰ ਲਾਹੇਵੰਦ ਤੇ ਨਵੇਂ ਮੌਕਿਆਂ ਵਾਲਾ ਬਣਾਉਣਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly