ਸਮਾਜ ਵੀਕਲੀ ਯੂ ਕੇ-
ਅੰਬੇਡਕਰੀ ਤੇ ਬੋਧੀ ਆਗੂ ਸ੍ਰੀ ਰਤਨ ਲਾਲ ਸਾਂਪਲਾ ਜੀ ਸੋਫੀ ਪਿੰਡ, ਜਲੰਧਰ, ਇੰਗਲੈਂਡ ਨਹੀਂ ਰਹੇ । ਇਸ ਗੱਲ ਦੀ ਪੁਸ਼ਟੀ ਉਹਨਾਂ ਦੀ ਨੂੰਹ ਰਾਣੀ ਸ੍ਰੀਮਤੀ ਕਸ਼ਮੀਰ ਸਾਂਪਲਾ ਵਲੋਂ ਕੀਤੀ ਗਈ । ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਮਿਤੀ 17 ਮਈ 2025 ਨੂੰ ਸਵੇਰੇ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਨੂੰ ਪਿਛਲੇ 5 -6 ਦਿਨਾਂ ਤੋਂ ਕਾਫੀ ਇਨਫੈਕਸ਼ਨ ਹੋ ਗਈ ਸੀ, ਜਿਸ ਨਾਲ ਸ੍ਰੀ ਸਾਂਪਲਾ ਜੀ ਨੂੰ ਸਾਹ ਲੈਣ ਵਿੱਚ ਕਾਫੀ ਪ੍ਰੋਬਲਮ ਆ ਰਹੀ ਸੀ, ਡਾਕਟਰੀ ਇਲਾਜ ਚੱਲ ਰਿਹਾ ਸੀ। ਅਚਾਨਕ ਇਹ ਭਾਣਾ ਵਰਤ ਗਿਆ। ਸ੍ਰੀ ਰਤਨ ਲਾਲ ਸਾਂਪਲਾ ਜੀ ਇੱਕ ਮਹਾਨ ਸ਼ਖਸ਼ੀਅਤ ਸਨ, ਜਿਨਾਂ ਦਾ ਸਮਾਜ ਸੇਵਾ ਵਿਚ ਬਹੁਤ ਵੱਡਾ ਯੋਗਦਾਨ ਰਿਹਾ। ਸ੍ਰੀ ਸਾਂਪਲਾ ਜੀ ਨੇ ਸੋਫੀ ਪਿੰਡ ਵਿੱਚ ਬੁੱਧ ਵਿਹਾਰ ਬਣਾਇਆ, ਜਿਸ ਦੇ ਉਹ ਸੰਸਥਾਪਕ ਸਨ। ਸ੍ਰੀ ਸਾਂਪਲਾ ਜੀ ਦੀ ਉਮਰ 94 ਸਾਲ ਦੀ ਸੀ। ਜਦੋਂ ਬਾਬਾ ਸਾਹਿਬ 27 ਅਕਤੂਬਰ 1951 ਨੂੰ ਪੰਜਾਬ ਫੇਰੀ ਦੌਰਾਨ ਜਲੰਧਰ ਆਏ ਸਨ ਤਾਂ ਉਸ ਵੇਲੇ ਸ੍ਰੀ ਰਤਨ ਲਾਲ ਸਾਂਪਲਾ ਜੀ ਸਮਤਾ ਸੈਨਿਕ ਦਲ ਦੇ ਵਲੰਟੀਅਰ ਸਨ। ਜਿਨ੍ਹਾਂ ਨੇ ਬਾਬਾ ਸਾਹਿਬ ਜੀ ਦੀ ਸੁਰੱਖਿਆ ਵਿੱਚ ਕਾਫੀ ਯੋਗਦਾਨ ਪਾਇਆ ਸੀ। ਯਾਦ ਰਹੇ ਸੋਫੀ ਪਿੰਡ ਅੰਬੇਡਕਰ ਮਿਸ਼ਨ ਅਤੇ ਬੋਧੀ ਮਿਸ਼ਨ ਪ੍ਰਤੀ ਸਮਰਪਿਤ ਭਾਵਨਾ ਵਾਲਾ ਪਿੰਡ ਹੈ। ਸਾਂਪਲਾ ਜੀ, ਰੋਜੀ ਰੋਟੀ ਲਈ ਇੰਗਲੈਂਡ ਗਏ। ਉੱਥੇ ਪਹੁੰਚ ਕੇ ਰੀਪਬਲਿਕਨ ਗਰੁੱਪ ਬਣਾਇਆ, ਜਿਸ ਰਾਹੀ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ। ਆਪ ਜੀ ਨੇ ਸਖਤ ਮਿਹਨਤ ਕੀਤੀ। ਆਪਣੀ ਸਖਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਸੋਫੀ ਪਿੰਡ ‘ਚ ਬੁੱਧ ਵਿਹਾਰ ਬਣਾਇਆ। ਜਿੱਥੇ ਬੁੱਧ ਵਿਹਾਰ ਟਰੱਸਟ (ਰਜਿ) ਸੋਫੀ ਪਿੰਡ ਦੇ ਪ੍ਰਧਾਨ ਸੋਢੀ ਲਾਲ ਬੋਧੀ ਅਤੇ ਐਡਵੋਕੇਟ ਹਰਭਜਨ ਸਾਂਪਲਾ ਜਨਰਲ ਸਕੱਤਰ ਹਨ। ਇਥੇ ਇਕ ਫਰੀ ਡਿਸਪੈਂਸਰੀ ਚੱਲ ਰਹੀ ਹੈ, ਜੋ ਹਰ ਐਤਵਾਰ ਖੁੱਲ੍ਹਦੀ ਹੈ। ਜਿੱਥੋਂ ਇਲਾਕੇ ਦੇ ਹਰ ਵਰਗ ਦੇ ਗਰੀਬ ਲੋਕ ਫ਼ਰੀ ਦਵਾਈ ਲੈਂਦੇ ਹਨ ਅਤੇ ਆਪਣੀ ਸੁੱਖਮਈ ਜ਼ਿੰਦਗੀ ਬਿਤਾਉਂਦੇ ਹਨ। ਬਹੁਤ ਸਾਰੀਆਂ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਸ਼੍ਰੀ ਰਤਨ ਲਾਲ ਸਾਂਪਲਾ ਜੀ ਵਲੋਂ ਫਰੀ ਵੰਡੀਆਂ ਗਈਆਂ। ਆਪ ਜੀ ਵੱਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਵੀ ਕਰਵਾਏ ਗਏ।
ਬੁੱਧ ਵਿਹਾਰ ਸੋਫੀ ਪਿੰਡ ਵਿੱਚ ਡਾਕਟਰ ਅੰਬੇਡਕਰ ਮੈਮੋਰੀਅਲ ਲਾਇਬਰੇਰੀ ਵੀ ਚੱਲ ਰਹੀ ਹੈ, ਜਿਸ ਦੇ ਸੰਚਾਲਕ ਗੌਤਮ ਸਾਂਪਲਾ ਜੀ ਹਨ, ਜੋ ਬਹੁਤ ਹੀ ਸੁਚਾਰੂ ਢੰਗ ਨਾਲ ਇਸ ਨੂੰ ਚਲਾ ਰਹੇ ਹਨ। ਇਥੋਂ ਵਿਦਿਆਰਥੀ, ਨੌਜਵਾਨ ਤੇ ਹੋਰ ਬੁੱਧੀਜੀਵੀ ਕਿਤਾਬਾਂ ਰਾਹੀਂ ਗਿਆਨ ਪ੍ਰਾਪਤ ਕਰ ਰਹੇ ਹਨ ਅਤੇ ਡਾਕਟਰ ਅੰਬੇਡਕਰ ਮਿਸ਼ਨ ਪ੍ਰਤੀ ਆਪਣੀ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇੰਗਲੈਂਡ ਵਿੱਚ ਰਹਿ ਕੇ ਇਥੇ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਸ੍ਰੀ ਬਿਸ਼ਨ ਦਾਸ ਮਹੇ ਅਤੇ ਸੋਹਣ ਲਾਲ ਸਾਂਪਲਾ (ਭਤੀਜੇ, ਜੋ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ, ਜਰਮਨੀ ਦੇ ਪ੍ਰਧਾਨ ਹਨ) ਦੇ ਸਹਿਯੋਗ ਨਾਲ ਬਣਾਈ, ਜਿਸ ਦੇ ਉਹ ਚੇਅਰਮੈਨ ਸਨ।
ਇਸ ਸੋਸਾਇਟੀ ਰਾਹੀਂ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਆਰਥਿਕ ਮੱਦਦ ਵੀ ਕੀਤੀ, ਜੋ ਅੱਜ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ। ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ, ਬੁਲੰਦਪੁਰ ਜਲੰਧਰ ਵਿਖੇ ਮੁੱਖ ਸਮਾਗਮਾਂ ‘ਤੇ ਹਮੇਸ਼ਾ ਉਹ ਆਉਂਦੇ ਰਹੇ। ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਉਹਨਾਂ ਸਹਾਇਤਾ ਕੀਤੀ, ਜੋ ਕਾਮਯਾਬ ਹੋਏ। ਸਕੂਲ ਨੂੰ ਵੀ ਆਰਥਿਕ ਸਹਿਯੋਗ ਦਿੱਤਾ। ਕਈ ਬੁੱਧ ਵਿਹਾਰਾਂ ਨੂੰ ਦਾਨ ਵੀ ਦਿੱਤੇ। ਜਿਹਨਾਂ ਵਿੱਚ ਤਕਸ਼ਿਲਾ ਮਹਾਂਬੁੱਧ ਵਿਹਾਰ, ਕਾਦੀਆ ਲੁਧਿਆਣਾ ਅਤੇ ਬੁੱਧ ਵਿਹਾਰ ਲੰਡਨ ਆਦਿ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਵੀ.ਪੀ. ਸਿੰਘ ਵਲੋਂ ਇੰਗਲੈਂਡ ਫੇਰੀ ਦੌਰਾਨ ਆਪ ਜੀ ਨੂੰ “ਭੀਮ ਰਤਨ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਫੈਬੋ (FABO)ਵੱਲੋਂ ਆਪ ਜੀ ਨੂੰ “ਲਾਈਵ ਟਾਇਮ ਅਚੀਵਮੈਂਟ ਐਵਾਰਡ ” ਨਾਲ ਸਨਮਾਨਿਆਂ ਗਿਆ। ਆਪ ਜੀ ਨੇ ਆਪਣੇ ਪਰਿਵਾਰ ਨੂੰ ਵੀ ਬਾਬਾ ਸਾਹਿਬ ਜੀ ਦੇ ਮਿਸ਼ਨ ਨਾਲ ਜੋੜਿਆ। ਯਾਦ ਰਹੇ, ਜਦੋਂ ਲੰਡਨ ਵਿੱਚ ਬੁੱਧ ਗਯਾ ਮੁਕਤੀ ਅੰਦੋਲਨ ਤਹਿਤ ਪ੍ਰਦਰਸ਼ਨ ਕੀਤਾ ਗਿਆ ਤਾਂ ਉਸ ਵਕਤ ਕਸ਼ਮੀਰ ਸਾਂਪਲਾ ਜੀ (ਨੂੰਹ) ਪਤਨੀ ਸ਼੍ਰੀ ਸਖੀ ਸਾਂਪਲਾ ਨੇ ਔਰਤਾਂ ਵੱਲੋਂ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਆਪ ਜੀ ਦੇ ਪਰਿਵਾਰ ਨੇ ਆਪ ਜੀ ਦੀ ਬਹੁਤ ਸੇਵਾ, ਸੰਭਾਲ ਕੀਤੀ, ਕਿਉਂਕਿ ਆਪ ਲੰਬੇ ਸਮੇਂ ਤੋਂ ਬੈਡਰਸ ‘ਤੇ ਸਨ।
ਸ੍ਰੀ ਰਤਨ ਲਾਲ ਸਾਂਪਲਾ ਜੀ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਇੱਕ ਖਤ ਲਿਖਿਆ, ਜਿਸ ਵਿੱਚ ਸੋਫੀ ਪਿੰਡ ਵਿਖੇ ਸਰਕਾਰੀ ਸਕੂਲ ਖੋਲ੍ਹਣ ਦੀ ਮੰਗ ਕੀਤੀ ਸੀ। ਇਸ ਚਿੱਠੀ ਰਾਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੁਕਮਾਂ ਮੁਤਾਬਿਕ ਸੋਫੀ ਪਿੰਡ ਵਿੱਚ ਸਰਕਾਰੀ ਸਕੂਲ ਖੋਲ੍ਹਿਆ ਗਿਆ, ਜੋ ਅੱਜ ਕੱਲ੍ਹ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਾ ਹੈ, ਜਿੱਥੋਂ ਹਜ਼ਾਰਾਂ ਹੀ ਵਿਦਿਆਰਥੀ ਵਿੱਦਿਆ ਗ੍ਰਹਿਣ ਕਰਕੇ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹਨ ਅਤੇ ਕਈ ਵਿਦਿਆਰਥੀ ਵਿਦੇਸ਼ਾਂ ਵਿੱਚੋਂ ਡਿਗਰੀਆਂ ਪ੍ਰਾਪਤ ਕਰਕੇ ਆਪਣੀ ਰੋਜੀ ਰੋਟੀ ਕਮਾ ਰਹੇ। ਸਾਂਪਲਾ ਜੀ, ਜਦੋਂ ਵੀ ਇੰਡੀਆ ਆਉਂਦੇ, ਆਪਣੇ ਪਿੰਡ ਦੇ ਸਰਕਾਰੀ ਸਕੂਲ ਜਾਂਦੇ, ਸਕੂਲ ਦੀ ਆਰਥਿਕ ਮਦਦ ਵੀ ਕਰਦੇ ਸਨ। ਇਹ ਸਾਂਪਲਾ ਜੀ ਦਾ ਸਮਾਜ ਪ੍ਰਤੀ ਬਹੁਤ ਵੱਡਾ ਉਪਰਾਲਾ ਸੀ, ਜਿਸ ਨੂੰ ਕਦੇ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ।
ਸ਼੍ਰੀ ਰਤਨ ਲਾਲ ਸਾਂਪਲਾ ਜੀ ਵਲੋ ਸੋਫੀ ਪਿੰਡ ਵਿੱਚ ਬੁੱਧ ਵਿਹਾਰ ਬਣਾ ਕੇ ਬੁੱਧ ਧੰਮ ਦਾ ਇੱਕ ਅਜਿਹਾ ਬੂਟਾ ਲਗਾਇਆ, ਜੋ ਰਹਿੰਦੀ ਦੁਨੀਆ ਤੱਕ ਸਥਾਪਿਤ ਰਹੇਗਾ। ਆਉਣ ਵਾਲੀਆਂ ਪੀੜ੍ਹੀਆਂ ਲਈ ਲਾਹੇਵੰਦ ਦੇ ਨਾਲ ਨਾਲ ਇੱਕ ਚਾਨਣ ਮੁਨਾਰਾ ਹੋਵੇਗਾ ।
ਸ੍ਰੀ ਰਤਨ ਲਾਲ ਸਾਂਪਲਾ ਜੀ, ਸਰੀਰਕ ਤੌਰ ਤੇ ਭਾਵੇਂ ਸਾਡੇ ਦਰਮਿਆਨ ਨਹੀਂ ਰਹੇ, ਪਰ ਉਹਨਾਂ ਵੱਲੋਂ ਉਲੀਕੇ ਕਾਰਜ ਹੀ ਅੰਬੇਡਕਰੀਆਂ ਅਤੇ ਬੋਧੀਆਂ ਦੇ ਦਿਲਾਂ ਅੰਦਰ ਆਪਣੀ ਥਾਂ ਹਮੇਸ਼ਾ ਲਈ ਬਣਾਕੇ ਰੱਖਣਗੇ। –
ਪ੍ਰਿੰਸੀਪਲ ਪਰਮਜੀਤ ਜੱਸਲ 98721-80653



