HOME ਬੁੱਧ ਪੂਰਨਿਮਾ ਦਾ ਉਤਸਵ ਅੰਬੇਡਕਰ  ਭਵਨ ਵਿਖੇ  ਬੜੀ ਧੂਮ ਧਾਮ ਅਤੇ ਸ਼ਰਧਾ...

ਬੁੱਧ ਪੂਰਨਿਮਾ ਦਾ ਉਤਸਵ ਅੰਬੇਡਕਰ  ਭਵਨ ਵਿਖੇ  ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ

3

ਦੁੱਖਾਂ ਤੋਂ ਮੁਕਤ ਹੋਣ ਲਈ ਸਭ ਨੂੰ ਪੰਚਸ਼ੀਲ ਅਪਣਾਉਣਾ ਚਾਹੀਦਾਭੰਤੇ ਚੰਦਰ ਕੀਰਤੀ

ਜਲੰਧਰ     (ਸਮਾਜ ਵੀਕਲੀ)     ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ 2569ਵੀਂ ਪਵਿੱਤਰ ਬੁੱਧ ਪੂਰਨਿਮਾ ਦਾ ਉਤਸਵ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਭੰਤੇ ਸਤਿਕਾਰਯੋਗ ਭਿਖੂ ਚੰਦਰ ਕੀਰਤੀ, ਬੁਧ ਵਿਹਾਰ, ਤਰਖਾਨ ਮਜਾਰਾ (ਫਿਲੌਰ) ਨੇ ਪੰਚ ਸ਼ੀਲ ਗ੍ਰਹਿਣ ਕਰਾਇਆ ਅਤੇ ਧੰਮ ਦੇਸ਼ਨਾ ਦਿੱਤੀ। ਭੰਤੇ ਚੰਦਰ ਕੀਰਤੀ ਨੇ ਆਪਣੇ ਪ੍ਰਵਚਨ ਵਿੱਚ ਕਿਹਾ ਕਿ ਰਾਜਕੁਮਾਰ ਸਿਧਾਰਥ ਨੇ ਆਪਣੇ ਜੀਵਨ ਵਿੱਚ ਸਭ ਪ੍ਰਕਾਰ ਦੀਆਂ ਸ਼ਾਹੀ ਸੁੱਖ-ਸੁਵਿਧਾਵਾਂ ਪ੍ਰਾਪਤ ਹੋਣ ਦੇ ਬਾਵਜੂਦ ਦੁਖੀ ਲੋਕਾਂ ਦੇ ਕਲਿਆਣ ਲਈ ਘਰ-ਪਰਿਵਾਰ ਦਾ ਤਿਆਗ ਕੀਤਾ ਅਤੇ 6 ਸਾਲ ਤੱਕ ਇਨ੍ਹਾਂ  ਦੁੱਖਾਂ ਦੇ ਵਿਗਿਆਨਕ ਕਾਰਨਾਂ ਦੀ ਤਲਾਸ਼ ਉਪਰੰਤ ਇਹ ਸਿੱਟਾ ਕੱਢਿਆ ਕਿ ਦੁੱਖ ਹੈ, ਦੁੱਖ ਦਾ ਕਾਰਨ, ਤ੍ਰਿਸ਼ਨਾ, ਮੋਹ, ਇਛਾਵਾਂ ਅਤੇ ਖਾਹਸ਼ਾਂ ਹਨ। ਇਨ੍ਹਾਂ ਲਾਲਸਾਵਾਂ ਦਾ ਤਿਆਗ ਹੀ ਦੁੱਖਾਂ ਦਾ ਨਿਵਾਰਣ ਹੈ। ਦੁੱਖਾਂ ਤੋਂ ਮੁਕਤ ਹੋਣ ਲਈ ਉਨ੍ਹਾਂ ਨੇ ਪੰਚਸ਼ੀਲ ਅਪਣਾਉਣ ਤੇ ਜ਼ੋਰ ਦਿੱਤਾ।  ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਉਪ-ਪ੍ਰਧਾਨ ਪ੍ਰੋ. ਬਲਬੀਰ ਨੇ ਕਿਹਾ ਕਿ ਤਥਾਗਤ ਬੁੱਧ ਦਾ ਧੱਮ-ਇੱਕ ਵਿਗਿਆਨਿਕ ਧਰਮ ਹੈ ਜਿਹੜਾ ਪਾਰਲੋਕਿਕ ਸੁੱਖਾਂ ਦੀ ਬਜਾਏ ਇਸ ਲੌਕਿਕ ਜਗਤ ਨੂੰ ਸੁੱਖ ਭਰਿਆ ਬਣਾਉਣ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਮਨ ਵਿੱਚ ਉੱਠਦੀਆਂ ਲੋਭ ਮੋਹ ਅਤੇ ਲਾਲਚ ਦੀਆਂ ਤਰੰਗਾਂ ਮਨੁੱਖੀ ਦੁੱਖਾਂ ਦਾ ਕਾਰਨ ਹੈ। ਇਨ੍ਹਾਂ  ਕਾਰਨਾਂ ਦਾ ਨਿਵਾਰਣ ਹੀ ਸੁੱਖ ਦੀ ਪ੍ਰਾਪਤੀ ਹੈ।  ਅੰਬੇਡਕਰ ਭਵਨ ਟਰੱਸਟ  (ਰਜਿ.) ਦੇ ਜਨਰਲ ਸਕੱਤਰ ਤੇ ਸੁਸਾਇਟੀ ਦੇ ਸਰਪ੍ਰਸਤ ਡਾ. ਜੀ.ਸੀ. ਕੌਲ ਨੇ ਕਿਹਾ ਕਿ ਤਥਾਗਤ ਬੁੱਧ ਦੀ ਵਿਚਾਰਧਾਰਾ ਦਾ ਕੇਂਦਰੀ ਬਿੰਦੂ ਮਨੁੱਖ ਹੈ। ਇਸ ਧਰਤੀ ਤੇ ਹੀ ਮਨੁੱਖੀ ਜੀਵਨ ਨੂੰ ਸੁਖੀ ਅਤੇ ਕਲਿਆਣਕਾਰੀ ਬਣਾਉਣਾ ਬੁੱਧ ਦਾ ਉਦੇਸ਼ ਹੈ। ਇਸ ਮਹਾਨ ਫਲਸਫੇ ਨੂੰ ਸਹੀ ਅਰਥਾਂ ਵਿੱਚ ਅਪਣਾ ਕੇ ਹੀ ਜੀਵਨ ਸੁਖ ਭਰਿਆ ਬਣ ਸਕਦਾ ਹੈ।  ਡਾ. ਕੌਲ ਨੇ ਕਿਹਾ ਬੁੱਧ ਧਰਮ ਦਾ ਕਰਮਕਾਂਡ, ਪਖੰਡਵਾਦ ਅਤੇ ਅੰਧ ਵਿਸ਼ਵਾਸ਼ਾਂ ਨਾਲ ਕੋਈ ਸਰੋਕਾਰ ਨਹੀਂ ਹੈ।  ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ, ਜਨਰਲ ਸਕੱਤਰ ਸਨੀ ਥਾਪਰ, ਅੰਬੇਡਕਰੀ ਆਗੂ ਜਸਵਿੰਦਰ ਵਰਿਆਣਾ, ਪਰਮਿੰਦਰ ਸਿੰਘ ਖੁੱਤਨ ਅਤੇ ਗੌਤਮ ਸਾਂਪਲਾ ਨੇ ਵੀ ਨੇ ਬੁੱਧ ਧੰਮ ਤੇ ਆਪਣੇ ਵਿਚਾਰ ਪੇਸ਼ ਕੀਤੇ। ਹੋਣਹਾਰ ਬਾਲਕ ਰਜਤ ਸੋਫੀ ਪਿੰਡ ਨੇ ਤਥਾਗਤ ਬੁੱਧ ਤੇ ਆਪਣਾ ਗੀਤ ਪੇਸ਼ ਕੀਤਾ। ਸਟੇਜ ਸੰਚਾਲਨ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ  ਨੇ ਬਾਖੂਬੀ ਕੀਤਾ। ਅੰਤ ਵਿੱਚ  ਮਿਸ਼ਨ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਸਭ ਬੁਲਾਰੇ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ  ਬੁੱਧ ਪੂਰਨਿਮਾ ਦਾ ਸਮਾਗਮ ਬੋਧਗਯਾ ਵਿਖੇ ਮਹਾਂਬੋਧੀ ਮਹਾਂਵਿਹਾਰ ਨੂੰ ਗੈਰ ਬੋਧੀਆਂ ਤੋਂ ਮੁਕਤ ਕਰਾਉਣ ਵਾਸਤੇ ਚੱਲ ਰਹੇ ਅੰਦੋਲਨ ਨੂੰ ਸਮਰਪਿਤ ਹੈ ਅਤੇ ਸੁਸਾਇਟੀ ਇਹ ਮੰਗ ਕਰਦੀ ਹੈ ਕਿ ਬੀ.ਟੀ. ਐਕਟ 1949 ਨੂੰ ਜਲਦੀ ਰੱਦ ਕਰਕੇ ਮਹਾਬੋਧੀ ਮਹਾਵਿਹਾਰ ਦਾ ਕਬਜਾ ਨਿਰੋਲ ਬੋਧੀਆਂ ਨੂੰ ਸੌਂਪ ਦਿੱਤਾ ਜਾਵੇ। ਸਮਾਗਮ ਉਪਰੰਤ ਖੀਰ ਦਾ ਲੰਗਰ ਵਰਤਾਇਆ ਗਿਆ।  ਪਹਿਲਗਾਮ ਵਿੱਚ ਅਤੰਕਵਾਦੀ ਹਮਲੇ ਦੁਆਰਾ ਮਾਰੇ ਗਏ 27 ਵਿਅਕਤੀਆਂ ਅਤੇ ਹਾਲ ਹੀ ਵਿੱਚ ਭਾਰਤ ਪਾਕਿਸਤਾਨ ਜੰਗ ਦੌਰਾਨ ਮਾਰੇ ਗਏ ਭਾਰਤੀ ਜਵਾਨਾਂ ਅਤੇ ਨਿਰਦੋਸ਼ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਮੌਕੇ ਡਾ. ਮਹਿੰਦਰ ਸੰਧੂ, ਤਿਲਕਰਾਜ, ਹਰਭਜਨ ਨਿਮਤਾ, ਨਿਰਮਲ ਬਿੰਜੀ, ਐਡਵੋਕੇਟ ਹਰਭਜਨ ਸਾਂਪਲਾ, ਪ੍ਰਿੰਸੀਪਲ ਪਰਮਜੀਤ ਜੱਸਲ, ਚਮਨ ਦਾਸ ਸਾਂਪਲਾ, ਪ੍ਰੋਫੈਸਰ ਅਰਿੰਦਰ ਸਿੰਘ, ਹਰੀ ਸਿੰਘ ਥਿੰਦ, ਧਨੀ ਰਾਮ ਸੂਦ, ਰਜਿੰਦਰ ਜੱਸਲ, ਜੋਤੀ ਪ੍ਰਕਾਸ਼, ਚਰਨਜੀਤ ਸਿੰਘ, ਮਾਸਟਰ ਜੀਤ ਰਾਮ, ਸੇਵਾ ਸਿੰਘ, ਮਾਸਟਰ ਸੁਖਚਰਨ ਕੁਮਾਰ, ਪਿਸ਼ੋਰੀ ਲਾਲ ਸੰਧੂ, ਗੁਰਦਿਆਲ ਜੱਸਲ, ਬੀਬੀ ਸੁਨੀਤਾ, ਬਿੰਦੂ ਬਾਂਗੜ, ਕਵਿਤਾ ਢਾਂਡੇ ਅਤੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ

 ਜਨਰਲ ਸਕੱਤਰ  ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.), ਜਲੰਧਰ

 

Previous articleਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ
Next article*ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ*