ਬੁੱਧ ਕਾਵਿ

(ਸਮਾਜ ਵੀਕਲੀ)

ਜੇ ਤੂੰ ਤ੍ਰੇਲ ਦਾ ਤੁਪਕਾ ਐ
ਮੈਂ ਸੂਰਜ ਦੀ ਸੁਨਹਿਰੀ ਕਿਰਨ
ਤ੍ਰੇਲ ਤੇ ਕਿਰਨ ਦਾ ਸੁਮੇਲ
ਪ੍ਰਕਿਰਤੀ ਦਾ ਨਿਖਾਰ
ਕੁਦਰਤ ਦੇ ਰੰਗ ਵਿੱਚ
ਰੰਗੀਨ ਹੁੰਦੀ ਐ ਪ੍ਰਭਾਤ
ਜਿਸ ਦੁਆਲੇ ਚਲਦੇ ਨੇ
ਸਵੇਰ ਸ਼ਾਮ ਦਿਨ ਤੇ ਰਾਤ
ਚਿੜੀਆਂ ਦੀ ਚਹਿ ਚਹਿ
ਕਾਵਾਂ ਦੀ ਕਾਵਾਂ ਰੌਲੀ
ਬੰਦੇ ਨੂੰ ਪੁੱਛਦਾ ਤੇਰੀ ਕੀ ਜਾਤ
ਬੰਦਾ ਚੁੱਪ ਐ, ਬੰਦਾ ਬੋਲਾ ਐ,
ਬੰਦਾ ਅੰਨਾ ਐ, ਬੰਦਾ ਗੂੰਗਾ ਐ,
ਬੰਦਾ ਚੋਂ ਬੰਦਾ ਗਾਇਬ ਐ!

ਤੂੰ ਸ਼ਬਦਾਂ ਦੀ ਕਰ ਬਰਸਾਤ
ਮੁੱਕ ਜਾਣੀ ਐ ਇਹ ਕਾਲੀ ਬੋਲੀ ਰਾਤ
ਤੈਨੂੰ ਉਡੀਕ ਰਹੀ ਐ, ਸਵੇਰੇ ਦੀ ਪ੍ਰਭਾਤ,
ਨਵੀਂ ਸੁਗਾਤ ,ਤੂੰ ਤ੍ਰੇਲ ਤੋਂ ਦਰਿਆ ਬਣ
ਸਿੰਜਦੇ ਜਰਖੇਜ਼ ਧਰਤੀ
ਮੈਂ ਬੀਜਦਾ ਕਿਰਨਾਂ ਦੇ ਬੂਟੇ
ਆ ਉਗਾਈਏ
ਸੁਨਹਿਰੀ ਅੱਖਰਾਂ ਦਾ ਬਾਗ
ਜਿੱਥੇ ਵੱਜਦੀ ਰਹੇ ਰਬਾਬ
ਗੂੰਜਦੀ ਰਹੀ ਗੁਰੂ ਦੀ ਬਾਣੀ
ਆ ਸਿਰਜੀਏ ਨਵੀਂ ਕਹਾਣੀ
ਬਹੁਤ ਕਰ ਲਿਆ ਇਸ਼ਕ ਦਾ ਮਾਤਮ
ਬਹੁਤ ਕਰ ਲੀ ਮਹਿਬੂਬ ਦੀ ਪ੍ਰਕਰਮਾ,
ਲਾਹ ਰੱਖੀਆਂ ਸੀ ਕਵੀਆਂ ਨੇ ਸ਼ਰਮਾਂ

ਆ ਹੁਣ ਗਾਈਏ ਧੁਰ ਕੀ ਬਾਣੀ
ਸ਼ੁਰੂ ਕਰੀਏ ਨਵੀਂ ਕਹਾਣੀ
ਨਹੀਂ ਇਹ ਵੱਤਰ ਸੁੱਕ ਤੇ
ਰੁੱਤ ਲੰਘ ਜਾਣੀ
ਦੇਈਏ ਚਾਨਣ ਦੇ ਛਿੱਟਾ
ਕਦੇ ਤਾਂ ਉਗਣਗੇ
ਇਹ ਬੀਅ।
ਚਾਨਣ ਚਾਨਣ ਹੋਵੇਗਾ
ਉਜੜਿਆ ਬਾਗ਼ ਹੋਏਗਾ
ਹਰਿਆ ਭਰਿਆ।

ਬੁੱਧ ਸਿੰਘ ਨੀਲੋਂ
9464370823

Previous article‘ਕੱਲਾ ਬਹਿ ਕੇ ਸੋਚੀਂ ਰੁਲ਼ਦੂ ਸਿੰਆਂ
Next articleਜਮਹੂਰੀ ਅਧਿਕਾਰ ਸਭਾ ਵਲੋਂ 6ਜੂਨ ਨੂੰ ਘਾਬਦਾਂ ਵਿਖੇ ਦੋ ਦਲਿਤ ਨੌਜਵਾਨਾਂ ਦੀ ਹੋਈ ਕੁਟਮਾਰ ਸੰਬੰਧੀ ਤੱਥ ਖੋਜ ਰਿਪੋਰਟ ਜਾਰੀ। ਕੁਟਮਾਰ ਨੂੰ ਜ਼ਾਲਮਾਨਾ ਤੇ ਕਰੂਰਤਾ ਭਰੀ ਕਾਰਵਾਈ ਦੱਸਿਆ।