ਬੁੱਧ ਚਿੰਤਨ/ ਬੁੱਧ ਸਿੰਘ ਨੀਲੋਂ

ਹੁਣ ਸਾਡੀ ਵਾਰੀ ਐ  ?

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਪੰਜਾਬ ਦੇ ਲੋਕਾਂ ਦਾ ਸੁਭਾਅ ਮਿੱਟੀ ਵਰਗਾ ਹੈ। ਜਿਵੇਂ ਮਿੱਟੀ ਕੁੱਟਿਆਂ ਉਪਜਾਊ ਸ਼ਕਤੀ ਵਧਾਉਂਦੀ ਹੈ। ਇਹੋ ਹਾਲ ਪੰਜਾਬ ਦੇ ਲੋਕਾਂ ਦਾ ਹੈ। ਇਹਨਾਂ ਨੂੰ ਪਹਿਲਾਂ ਬਾਹਰ ਤੋਂ ਹਮਲਾਵਰ ਆਕੇ ਲੁੱਟ ਤੇ ਕੁੱਟ ਦੇ ਸਨ। ਇਹ ਲੁੱਟੇ ਵੀ ਜਾਂਦੇ ਤੇ ਇਹ ਉਨ੍ਹਾਂ ਨੂੰ ਲੁੱਟ ਤੇ ਕੁੱਟ ਵੀ ਲੈਂਦੇ ਸਨ। ਜਦੋਂ ਦੇ ਦੇਸ਼ ਦੀ ਆਜ਼ਾਦੀ ਲਈ ਜੰਗ ਸ਼ੁਰੂ ਹੋਈ ਤਾਂ ਪੰਜਾਬ ਨੇ ਅੰਗਰੇਜ਼ਾਂ ਦੇ ਨਾਸਾਂ ਵਿਚੋਂ ਸੀਡੀ ਕੱਢ ਦਿੱਤਾ। ਹੁਣ ਦੇਸੀ ਅੰਗਰੇਜ਼ਾਂ ਵਲੋਂ ਪੰਜਾਬ ਨੂੰ ਲੁੱਟਣ ਤੇ ਕੁੱਟਣ ਦਾ ਕੋਈ ਮੌਕਾ ਨਹੀਂ ਜਾਣ ਦੇਂਦੇ। ਜੇ ਹਕੂਮਤ ਨਾ ਕੁੱਟੇ ਤਾਂ ਇਹ ਕੁੱਟ ਖਾਣ ਦਾ ਪ੍ਰਬੰਧ ਕਰ ਲੈਂਦੇ ਹਨ। ਇਹਨਾਂ ਨੂੰ ਹਕੂਮਤ ਨੇ ਖਾਲਿਸਤਾਨ ਦਾ ਵੰਝ ਫੜਾਇਆ ਹੋਇਆ ਹੈ। ਇਹ ਉਹਦੇ ਲਈ ਲੜੀ ਤੇ ਮਰੀ ਜਾਂਦੇ ਹਨ। ਨਾ ਨੌਂ ਮਣ ਤੇਲ ਹੋਏ ਤੇ ਨਾ ਰਾਧਾ ਨੱਚੇ। ਪਰ ਬਹੁਤੇ ਪੰਜਾਬੀ ਰਾਧਾ ਦੇ ਸੁਆਮੀ ਬਣ ਗਏ ਹਨ। ਬਾਕੀ ਕਿਸੇ ਪਿਤਾ ਜੀ ਦੇ ਪੁੱਤਰ ਬਣ ਗਏ ਹਨ। ਆਪਣੇ ਬਾਪੂ ਕਦੇ ਇਹਨਾਂ ਪਿਤਾ ਜੀ ਨਹੀਂ ਕਿਹਾ। ਇਹ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹਨ, ਇਹਨਾਂ ਦਾ ਜ਼ੋਰ ਦਿਖਾਵੇ ਉਤੇ ਬਹੁਤ ਹੈ। ਇਹਨਾਂ ਦੀਆਂ ਭਾਵਨਾਵਾਂ ਬੜੀਆਂ ਕਮਜ਼ੋਰ ਹਨ। ਬਹੁਤ ਛੇਤੀ ਭੜਕਦੀਆ ਹਨ। ਜਾਂ ਭੜਕਾਅ ਦਿੱਤੀਆਂ ਜਾਂਦੀਆਂ ਹਨ। ਜਦੋਂ ਇਹਨਾਂ ਦੀਆਂ ਭਾਵਨਾਵਾਂ ਵਲੂੰਧਰੀਆਂ ਜਾਂਦੀਆਂ ਹਨ। ਫੇਰ ਭੜਕ ਉੱਠਦੇ ਹਨ। ਇਹ ਦੂਜਿਆਂ ਨੂੰ ਘੱਟ ਆਪਣਾ ਵਧੇਰੇ ਨੁਕਸਾਨ ਕਰਵਾਉਂਦੇ ਹਨ। ਇਹਨਾਂ ਨੂੰ ਇਤਿਹਾਸ ਭੁਲਾਇਆ ਜਾਂਦਾ ਹੈ। ਉਂਝ ਵੀ ਇਹ ਭੁਲਣਹਾਰ ਵਧੇਰੇ ਹਨ।
ਕਵਿਤਾ
ਜਦੋਂ ਸ੍ਰੀ ਦਰਬਾਰ ਸਾਹਿਬ ‘ਤੇ
ਫੌਜੀ ਹਮਲਾ ਹੋਇਆ
ਅਸੀਂ ਤਾਂ ਨੀਂ ਬੋਲੇ
ਜਦੋਂ ਦਿੱਲੀ ‘ਚ ਕਤਲੇਆਮ ਕੀਤਾ
ਅਸੀਂ ਤਾਂ ਨੀ ਬੋਲੇ !
ਕਿ ਅਸੀਂ ਕਿਹੜਾ ਸਿੱਖ ਹਾਂ ?
ਉਹ ਸਿੱਖ ਮਾਰ ਕੇ ਤੁਰ ਗਏ ।
ਕਿਉਂਕਿ ਮਸਲਾ ਸਿੱਖਾਂ ਦਾ ਹੈ ?

ਜਦੋਂ ਘਰਾਂ ਤੇ ਬੱਸਾਂ ਵਿੱਚੋਂ ਕੱਢ
ਹਿੰਦੂ ਤੇ ਬੇਦੋਸ਼ੇ ਮਾਰੇ
ਅਸੀਂ ਤਾਂ ਨੀ ਬੋਲੇ
ਕਿ ਕਿਹੜਾ ਹਿੰਦੂ ਤੇ ਬੇਦੋਸ਼ੇ ਹਾਂ  ..
ਮਸਲਾ ਹਿੰਦੂਆਂ ਤੇ ਬੇਦੋਸ਼ਿਆਂ ਦਾ!
ਅਸੀਂ ਚੁੱਪ ਰਹੇ, ਬੋਲੇ ਨਹੀਂ

ਜਦੋਂ ਬਾਬਰੀ ਮਸਜਿਦ ਢਾਹੀ
ਗੁਜਰਾਤ ਕਤਲੇਆਮ ਹੋਇਆ
ਅਸੀਂ ਤਾਂ ਨੀ ਬੋਲੇ..
ਕਿ ਅਸੀਂ ਕਿਹੜਾ ਮੁਸਲਮਾਨ ਹਾਂ ?
ਮਸਲਾ ਮੁਸਲਮਾਨਾਂ ਦਾ ਹੈ ?

ਫਿਰ ਉਹਨਾਂ ਈਸਾਈ ਸਾੜੇ
ਅਸੀਂ ਤਾਂ ਨੀ ਬੋਲੇ…
ਅਸੀਂ ਕਿਹੜਾ ਈਸਾਈ ਹਾਂ
ਮਸਲਾ ਈਸਾਈਆਂ ਦਾ ਏ?

ਅਸੀਂ ਕਦੇ ਸਿੱਖ, ਕਦੇ ਈਸਾਈ,
ਕਦੇ ਹਿੰਦੂ ਤੇ ਕਦੇ ਮੁਸਲਮਾਨ ਬਣਦੇ ਹਾਂ
ਪਰ ਅਸੀਂ ਬੰਦੇਂ ਦੇ ਪੁੱਤ ਨਹੀਂ ਬਣਦੇ?
ਇਨਸਾਨ ਨਹੀਂ।
ਹਰ ਜਾਤ ਪਾਤ ਤੇ ਧਰਮ ਦੇ ਮਖੌਟੇ ਲਾ ਕੇ
ਭੀੜ ਬਣਦੇ ਹਾਂ

ਮਸਲਾ ਰੋਜ਼ੀ ਤੇ ਰੋਟੀ ਦਾ
ਪਰ ਅਸੀਂ ਜਾਤਾਂ ਪਾਤਾਂ ਵਿੱਚ ਵੰਡੇ ਹਾਂ
ਫਿਰਕਿਆਂ ਤੇ ਇਲਾਕਿਆਂ ਵਿੱਚ
ਤੇ ਭੁੱਖ ਨਾਲ ਮਰਦੇ ਹਾਂ ਤੇ ਖਾਂਦੇ ਡੰਡੇ ਹਾਂ  !
ਕੀ ਅਸੀਂ ਲਾਸ਼ਾਂ ਬਣ ਗਏ  ਹਾਂ
ਜਾਂ ਫਿਰ ਮਸ਼ੀਨਾਂ ਬਣ ਗਏ  ਹਾਂ ?
ਕੀ ਅਸੀਂ ਇਕੱਲੇ ਇਕੱਲੇ ਮਰਦੇ ਰਹਿਣਾ ਹੈ?

ਕੀ ਅਸੀਂ ਮਰ ਗਈ ਚੇਤਨਾ ਦੀਆਂ
ਤੁਰਦੀਆਂ ਫਿਰਦੀਆਂ ਲਾਸ਼ਾਂ ਹਾਂ।
ਮੁਸ਼ਕ ਮਾਰਦੀਆਂ ਲਾਸ਼ਾਂ ਚੁੱਕੀ ਫਿਰਦੇ ਹਾਂ
ਕੀ ਅਸੀਂ ਮਨੁੱਖ ਹਾਂ
ਕੌਣ ਮਨੁੱਖ ਹੈ
ਇਨਸਾਨ ਹੈ
ਜੇ ਬੰਦੇ ਹੋ
ਤਾਂ ਬੰਦੇ ਦੇ ਪੁੱਤ ਬਣੋ
ਖੜਕਾ ਦਿਓ ਸਰਹੰਦ ਦੀ ਇੱਟ ਨਾਲ ਇੱਟ
ਨਹੀਂ ਫੇਰ ਭੁੱਲ ਜਾਵੋ
ਕਿ ਤੁਸੀਂ ਇਨਸਾਨ ਹੋ!
************
ਲਾਸ਼ਾਂ ਦਾ ਚੀਕ ਚਿਹਾੜਾ !

ਇਹ ਲਾਸ਼ਾਂ ਹੁਣ ਵਸਤੂਆਂ ਬਣ ਗਈਆਂ ਹਨ। ਵਸਤੂਆਂ ਵਿਚ ਜਾਨ ਨਹੀਂ ਹੁੰਦੀ। ਉਹ ਤਾਂ ਇਸ਼ਾਰੇ ਤੇ ਕੰਮ ਕਰਦੀਆਂ ਹਨ। ਉਨਾਂ ਚ ਚੇਤਨਾ ਨਹੀਂ ਹੁੰਦੀ। ਅਸੀਂ ਵੀ ਵਸਤੂਆਂ ਤੋਂ ਵੋਟ ਦੀ ਪਰਚੀ ਬਣ ਗਏ ਹਾਂ।  ਉਤਪਾਦਨ ਕਰਦੇ ਹਾਂ, ਭੁੱਖੇ ਮਰਦੇ ਹਾਂ! ਸਮਾਂ ਤਕਨਾਲੋਜੀ ਦਾ ਹੈ ਪਰ ਸਾਡੀ ਸੋਚ ਤੇ ਸਮਝ ਰੂੜੀਵਾਦੀ ਹੈ। ਅਸੀਂ ਹੁਣ ਆਪਣੇ ‘ਤੇ ਨਹੀਂ ਸਗੋਂ ਉਨਾਂ ‘ਤੇ ਭਰੋਸਾ ਕਰਦੇ ਹਾਂ ਜਿਹੜੇ ਸਾਡੀ ਸੋਚ ਨੂੰ ਪੁਰਾਤਨ ਸਮਿਆਂ ਦੀ ਬਣਾਉਂਣ ਲੱਗੇ ਹਨ ਤੇ ਅਸੀਂ ਗਾਂਧੀ ਦੇ ਤਿੰਨ ਬਾਂਦਰ ਬਣ ਕੇ ਰਹਿ ਗਏ ਹਾਂ।ਸਾਡੇ ਕੋਲੋਂ ਕਿਰਤ ਵੀ ਖੋਈ ਜਾ ਰਹੀ ਤੇ ਕਿਰਤ ਨੂੰ ਲੁੱਟ ਕੇ ਧਨਾਡ ਵਿਦੇਸ਼ਾਂ ਵੱਲ ਲਈ ਜਾ ਰਹੇ ਹਨ।
ਅਸੀਂ ਸੁਪਨਿਆਂ ਦੇ ਮਹਿਲ ਉਸਾਰ ਰਹੇ ਹਾਂ। ਤਾਬੂਤਾਂ ਵਿਚ ਘਰ ਪਰਤਦੇ ਹਾਂ ਜਾਂ ਲਵਾਰਿਸ ਲਾਸ਼ਾਂ ਬਣ ਕੇ ਸਿਵਿਆਂ ਵਿੱਚ ਸੜਦੇ ਹਾਂ। ਤੇ ਕਦੇ ਕੀਰਤਪੁਰ ਤੇ ਹਰਿਦੁਆਰ ਤਰਦੇ ਹਾਂ!
ਦੰਗਿਆਂ ਵਿਚ ਮਰਦੇ ਹਾਂ ਜਾਂ ਮਾਰੇ ਜਾ ਰਹੇ ਹਾਂ। ਸਾਡੇ ਹੱਥ ਵੱਢੇ ਜਾ ਰਹੇ ਨੇ ਅਸੀਂ ਬੁੱਤਾਂ ਦੇ ਡੇਗਣ ਦੇ ਹੀ ਕੀਰਨੇ ਪਾਈ ਜਾ ਰਹੇ ਹਾਂ ਪਰ ਅਸੀਂ ਭੁੱਲ ਗਏ ਹਾਂ ਕਿ ਸਾਡੀ ਵੀ ਵਾਰੀ ਆਉਣ ਵਾਲੀ ਹੈ। ਕੀ ਅਸੀਂ ਤਾਂ ਮੀਟਿੰਗਾਂ, ਧਰਨੇ ਤੇ ਰੈਲੀਆਂ ਕਰਨ ਵਾਲੇ ਹੀ ਸੂਰਮੇ ਹਾਂ ? ਅਸੀਂ ਆਪਣੀ ਵਿਰਾਸਤ ਕਿਉਂ ਭੁੱਲ ਗਏ ?
ਅਸੀਂ ਹੁਣ ਅਜਿਹੇ ਸਮਿਆਂ ਵਿੱਚ ਪੁੱਜ ਗਏ ਹਾਂ,ਜਿੱਥੇ ਅਸੀਂ ਨਾ ਬੋਲ ਸਕਦੇ ਹਾਂ ਨਾ ਦੇਖ ਸਕਦੇ ਹਾਂ ਸਿਰਫ ਸੁਣ ਸਕਦੇ ਹਾਂ। ਸਾਡੇ ਮੂੰਹਾਂ ਨੂੰ ਛਿੱਕਲੀਆਂ ਬੰਨ ਦਿੱਤੀਆਂ ਹਨ, ਅਸੀਂ ਜੁਗਾਲੀ ਕਰਨ ਜੋਗੋ ਰਹਿ ਗਏ ਹਾਂ। ਅਸੀਂ ਜੁਗਾਲੀ ਕਰ ਰਹੇ ਹਾਂ ਤੇ ਆਸਥਾ ਦਾ ਕੀਰਤਨ ਸੁਣ ਕੇ ਸਵਰਗ ਜਾਣਾ ਹੈ।  ਸਵਰਗ ਜਾਣ ਵਾਸਤੇ ਰੱਬ ਦਾ ਨਾਮ ਜਪਦੇ ਆਂ. ਜਿਉਣ ਵਾਸਤੇ ਨਹੀਂ ?
ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਜਿਹਨਾਂ ਦੇ ਅੰਦਰ ਮਨੁੱਖ ਜਿਉਂਦਾ ਉਸ ਨੂੰ ਮਾਰ ਰਹੇ ਹਨ । ਬਾਕੀ ਮਰਨ ਦੀ ਉਡੀਕ ਚ ਘਰਾਂ ਵਿੱਚ ਬੈਠੇ ਹਨ। ਉਪਰੋਕਤ ਕਵਿਤਾ ਫਿਰ ਦੁਰਹਾਈ ਜਾ ਰਹੀ ਹੈ।
ਸਾਡੀ ਹਥੇਲੀ ਉਤੇ ਅੱਗ ਰੱਖੀ ਜਾ ਰਹੀ ਹੈ, ਸਾਨੂੰ ਫਿਰ ਭਰਾ ਮਾਰੂ ਲੜ੍ਹਾਈ  ਵਲ ਤੋਰਿਆ ਜਾ ਰਿਹਾ ਹੈ. ਧਰਮ ਦਾ ਪਾਠ ਪੜਾਇਆ ਜਾ ਰਿਹਾ ਹੈ. ਉਹ ਇਤਿਹਾਸ ਦੁਰਹਾਅ ਰਹੇ ਹਨ.
ਅਸੀਂ ਗੁਫਾਵਾਂ ਵਿਚ ਕੈਦ ਹੋਣ ਦੀ ਉਡੀਕ ਵਿੱਚ ਚੁੱਪ ਹਾਂ ਪਰ ਕਿਉਂ ? ਕਿਉਂਕਿ ਅਸੀਂ ਲਾਸ਼ਾਂ ਹਾਂ, ਲਾਸ਼ ਨੂੰ ਸੰਭਾਲ ਰਹੇ ਹਾਂ!
ਕਦੇ ਸਾਡੇ ਖੇਤਾਂ ਵਿੱਚ ਖਾਣ ਲਈ ਫਸਲ ਬੀਜੀ ਤੇ ਅਸੀਂ ਅੰਨਦਾਤੇ ਬਣਾ ਦਿੱਤੇ ਜਦ ਹੱਕ ਤੇ ਅਧਿਕਾਰ ਮੰਗੇ ਤਾਂ ਹਥਿਆਰਾਂ ਦੀ ਫਸਲ ਬੀਜ ਦਿਤੀ .ਅਸੀਂ ਆਪਣੇ ਆਪ ਦੇ ਕਾਤਲ ਬਣਗੇ. ਫਿਰ ਨਸ਼ੇ ਦਾ ਬੀਜ ਬੀਜਿਆ ਤੇ ਚਿੱਟਾ ਘਰ ਘਰ ਉਗ ਪਿਆ. ਅਸੀਂ ਨਾ ਸਮਝ ਸਕੇ. ਸਿਵਿਆਂ ਤੇ ਡੇਰਿਆਂ ਦੇ ਵਿੱਚ ਰੌਣਕ ਮੇਲੇ ਵਧੇ. ਅਸੀਂ ਚੁਪ ਰਹੇ.ਸਾਡੀ ਕਿਰਤ ਖੋ ਕੇ ਸਾਨੂੰ ਭਿਖਾਰੀ ਬਣਾ ਕੇ ਆਟੇ ਦਾਲ ਲਈ ਲਾਇਨਾਂ ਵਿੱਚ  ਲਗਾਇਆ . ਅੰਨਦਾਤੇ ਅਨਾਜ ਮੰਗਣ ਲੱਗੇ. ਲੰਗਰ ਲਗਾਉਣ ਵਾਲੇ ਦਾਤੇ ਮੰਗਤੇ ਬਣਾ ਦਿੱਤੇ.
ਕਵਿਤਾ
ਕਿਰਤੀ ਤੋਂ ਭਿਖਾਰੀ
ਭਿਖਾਰੀ ਨਸ਼ੇੜੀ ਤੇ ਬੇਰੁਜ਼ਗਾਰ ਬਣੇ.
ਵੋਟ ਤੋਂ ਪਰਚੀ
ਜੋ ਕਦੇ ਬਰਫੀ ਬਣਦੀ ਹੈ
ਤੇ ਬਰਛੀ ਜੋ ਕਰਦੀ ਹੈ ਆਪਣਾ ਢਿੱਡ ਚਾਕ
ਹੁਣ ਸਾਨੂੰ ਬਦੇਸ਼ੀ ਬਣਾ ਦਿਤਾ ਹੈ.
ਮਰਨ ਜਾ ਭੱਜਣ ਲਈ ਕਰ ਦਿਤਾ ਹੈ ਮਜਬੂਰ .
ਕਨੇਡਾ ਤੇ ਅਮਰੀਕਾ ਨੂੰ ਚਾਹੀਦੇ ਨੇ ਮਜ਼ਦੂਰ
ਤੇ ਇਥੇ ਚਾਹੀਦੀਆਂ ਵੋਟ ਪਰਚੀਆਂ
ਜੋ ਬਣ ਰਹੀਆਂ ਹਨ ਜਨ ਧਨ
ਸਾਨੂੰ ਅਣਖ, ਜ਼ਮੀਨ ਤੇ ਜਮੀਰ ਵੇਚਣ ਲਾ ਦਿਤਾ.
ਹੁਣ ਇਹ ਵਿਕ ਰਹੀਆਂ ਹਨ.

ਖੇਤਾਂ ਵਿੱਚ ਹੁਣ ਖੁਦਕੁਸ਼ੀਆਂ ਦੀ ਫਸਲ ਉਗਦੀ ਹੈ.
ਜਿਸਦੇ ਨਾਲ ਘਰ ਧੁਖਦੇ ਹਨ. ਸੁਲਗਦੇ ਹਨ.
ਕਿਉਕਿ ਸਾਨੂੰ ਯੋਧਿਆਂ ਤੋਂ ਭਗੌੜੇ ਬਣਾ ਦਿਤਾ.
ਹੁਣ ਸਾਡੀ
ਲੋੜ ਨਹੀਂ .

ਪਰ ਜਿਹਨਾਂ ਕੋਲ ਜ਼ਮੀਨ ਨਹੀਂ
ਜਮੀਰ ਬਚੀ ਹੈ
ਮਿੱਤਰੋ ! ਮਰਨਾ ਨ ਤੇ ਸਭ ਨੇ ਹੈ.
ਪਰ ਕੁੱਤੇ ਦੀ ਮੌਤ ਮਰਨ ਨਾਲੋਂ  ਯੋਧਿਆਂ ਤੇ ਮੌਤ ਮਰੋ.

ਆਪਣਾ ਵਿਰਸਾ ਤੇ ਵਿਰਾਸਤ ਯਾਦ ਕਰੋ
ਹੁਣ ਘਰਾਂ ਵਿੱਚ ਵੋਟਾਂ ਪਰਚੀ ਬਣ ਕੇ ਰਹੋ.
ਜਾਂ ਯੋਧੇ  ਬਣੋ.
ਹੁਣ ਲੜ੍ਹਾਈ ਹਥਿਆਰਾਂ ਦੀ ਨਹੀਂ
ਵਿਚਾਰਧਾਰਾ ਦੀ ਹੈ. ਪੜੋ, ਜੁੜੋ ਤੇ ਸੰਘਰਸ਼ ਕਰੋ

ਤੁਸੀਂ ਟੈਕਸ ਦੇਦੇ ਹੋ. ਹਰ ਚੀਜ਼ ‘ਤੇ
ਪੁਛੋ ਹਾਕਮਾਂ ਨੂੰ ਉਹ ਕਿਥੇ ਜਾਂਦੇ ?
ਤੁਸੀਂ ਭਿਖਾਰੀ ਨਹੀਂ, ਦਾਤੇ ਹੋ.
ਭਿਖਾਰੀ ਤਾਂ ਉਹ ਹਨ ਜੋ ਆਖਦੇ  ਹਨ
ਖਜ਼ਾਨਾ ਖਾਲੀ ਹੈ?
ਜਦੋਂ ਤੱਕ ਪੁਜਾਰੀ, ਵਪਾਰੀ .
ਅਧਿਕਾਰੀ ਤੇ ਸਿਆਸਤਦਾਨ ਦੀ ਯਾਰੀ ਹੈ.
ਤਾਂ ਤੁਸੀਂ ਭਿਖਾਰੀ ਹੀ ਰਹੋਗੇ.
ਸਮਝਦੇ ਹੋ ਇਹ ਸਚੁ ਹੈ!
ਪਰ ਹੁਣ ਵਾਰੀ ਸਾਡੀ ਨਹੀਂ ਤੇ
ਤੁਹਾਡੀ ਹੈ.ਸਿਮਰਨ ਕਰੋ.ਜਾ ਭੁੱਖ ਨਾਲ਼ ਮਰੋ
ਪਰ ਯਾਰੋ ! ਜਿਉਣ ਲਈ ਤਾਂ ਲੜੋ
ਹੁਣ ਲੜਨ ਬਿਨਾਂ ਹੁਣ ਚਾਰਾ ਨਹੀਂ
ਬਹੁਤ ਸਹਿ ਲਿਆ.
ਆਸਥਾ ਦਾ ਜੁਲਮ
ਹੁਣ ਮਰੋ ਜਾਂ ਲੜੋ……….?

ਬਾਬਰ ਤਾਂ ਚੜ੍ਰ ਆਇਆ ਐ
ਉਸ ਨੇ ਛਾਲਣਾ ਲਾਇਆ ਐ।
ਕਤਲਗਾਹ ਘਰ ਘਰ ਬਣੇਗਾ,
ਇਕੱਲਾ ਬਾਬਰ ਤੇ ਜਾਬਰ ਰਹੇਗਾ।
ਪਰ ਮੋਢਿਆਂ ਤੇ ਬਗੈਰ ਸਿਰ ਰਹੇਗਾ।

ਹੁਣ ਸਾਡੀ ਸਭ ਦੀ ਵਾਰੀ ਐ।
ਹੁਣ ਜੰਗ ਆਰ ਤੇ ਪਾਰ ਦੀ ਐ।
ਨਿਕਲੋ ਰਣਭੂਮੀ ਵਿੱਚ।
><><<><>><><<<><$
ਬੁੱਧ ਸਿੰਘ ਨੀਲੋੰ
ਚਾਂਸਲਰ
ਪੋਲ ਖੋਲ੍ਹ ਅੰਤਰ-ਯੂਨੀਵਰਸਿਟੀ
ਨੀਲੋਂ ਕਲਾਂ ਲੁਧਿਆਣਾ
9464370823 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਚੰਨਾ ਵੇ ਪੇਕੇ ਜਾ ਲੈਣ ਦੇ
Next articleਉਭਰਦੇ ਗਾਇਕ ਹਰਮਨ ਪ੍ਰੀਤ ਦਾ ਸਿੰਗਲ ਟਰੈਕ “ਤੇਰੇ ਨਾਲ” ਯੂ ਟਿਊਬ ਤੇ ਰਿਲੀਜ਼