ਬੁੱਧ ਚਿੰਤਨ

ਚਿੜੀ ਵਿਚਾਰੀ ਕੀ ਕਰੇ.?

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਅਸਲ ਅਖਾਣ ਇਉਂ ਹੈ, “ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ !” ਭਲਾ ਇਹ ਚਿੜੀ ਹੀ ਕਿਉਂ ਮਰੇ ? ਉਹ ਬਾਜ਼ ਕਿਉਂ ਨਾ ਮਰਨ ਜਿਹੜੇ ਇਸ ਨੂੰ ਨੋਚ ਨੋਚ ਕੇ ਖਾ ਜਾਂਦੇ ਹਨ? ਪਰ ਅਸੀਂ ਚਾਹੁੰਦੇ ਹੋਏ ਵੀ ਇਸ ਧੱਕੇਸ਼ਾਹੀ ਖ਼ਿਲਾਫ਼ ਬੋਲਦੇ ਨਹੀਂ ਕਿਉਂਕਿ ਸਾਨੂੰ ‘ਦੜ ਵੱਟ ਜ਼ਮਾਨਾ ਕੱਟ, ਦੀ ਗੁੜ੍ਹਤੀ ਪਿਆ ਕੇ ਚੁੱਪਚਾਪ ਮਰਨ ਤੇ ਹੱਸਕੇ ਜਰਨ ਦੀ ਆਦਤ ਪਾ ਦਿੱਤੀ ਗਈ ਹੈ।ਇੱਕ ਵਾਰ ਪੱਕ ਗਈ ਆਦਤ ਕਦੇ ਵੀ ਛੁੱਟਦੀ ਨਹੀਂ ਹੁੰਦੀ। ਜੇ ਇੰਞ ਹੋ ਗਿਆ ਤਾਂ ਵਾਰਸ ਸ਼ਾਹ ਝੂਠਾ ਨਾ ਪੈ ਜੂ।

“ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ !”

ਸਾਡੀ ਇਹ ਹਾਲਤ ਅਚਾਨਕ ਨਹੀਂ ਬਣੀ। ਇਸ ਵਿੱਚ ਹੋਰਨਾਂ ਨਾਲ਼ੋਂ ਬਹੁਤਾ ਕਸੂਰ ਸਾਡਾ ਆਪਣਾ ਹੀ ਹੈ ਕਿਉਂਕਿ ਅਸਾਂ ਕਿਸੇ ਸਮੱਸਿਆ ਨੂੰ ਸਾਹਮਣਿਓਂ ਟੱਕਰਨ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ । ਵਾਲ਼ੇ ਫਾਰਮੂਲੇ ਤੇ ਅਮਲ ਕਰਨ ਦੀ ਬਜਾਏ “ਇਕ ਚੁੱਪ ਸੌ ਸੁਖ” ਵਾਲ਼ੀ ਸੋਚ ਉਤੇ ਨਿੱਠ ਕੇ ਪਹਿਰਾ ਦਿੱਤਾ ਹੈ। ਪਰ ਇਹ ਚੁੱਪ ਦਾ ਪਹਿਰਾ ਦੇਣਾ ਹੀ ਸਾਡੇ ਲਈ ਕਹਿਰ ਬਣ ਗਿਆ। ਕਹਿਰ ਦਾ ਜ਼ਹਿਰ ਸਾਡੇ ਰਿਸ਼ਤਿਆਂ ਤੱਕ ਪੁਜ ਗਿਆ ।
ਦੇਸ਼ ਅਤੇ ਸਮਾਜ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਅੱਜ ਬਣਾਏ ਜਾ ਰਹੇ ਹਨ, ਉਹਨਾਂ ਕਾਰਨ ਹਰੇਕ ਬੰਦੇ ਦਾ ਦਮ ਘੁਟ ਰਿਹਾ ਹੈ। ਜਿਸ ਕੋਲ਼ ਤਾਕਤ ਅਤੇ ਵਸੀਲੇ ਹਨ, ਉਹ ਤਾਂ ਜੋੜ ਤੋੜ ਨਾਲ਼ ਵਿਦੇਸ਼ ਵੱਲ ਉਡਾਰੀ ਮਾਰ ਰਹੇ ਹਨ । ਜਿਹਨਾਂ ਕੋਲ ਸਾਧਨ ਨਹੀਂ ਹਨ, ਉਹ ਕਚੀਚੀਆਂ ਵੱਟ ਰਹੇ ਹਨ । ਅਸੀਂ ਅਕਸਰ ਇਹ ਕਹਿ ਕੇ ਚੁੱਪ ਕਰ ਜਾਂਦੇ ਹਾਂ, “ਜਿੱਥੇ ਦਾਣਾ ਉੱਥੇ ਜਾਣਾ” ਜਾਂ ਇਹ ਗਾਉਣ ਲੱਗਦੇ ਹਾਂ, “ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਹੋ।”
ਕੀ ਇਹ ਗੱਲਾਂ ਸੱਚ ਹਨ ? ਕੀ ਵਲਾਇਤ ਪਰਵਾਸ ਕਰਨਾ ਜਰੂਰੀ ਹੈ ਜਾਂ ਸਾਡੀ ਮਜਬੂਰੀ ? ਜਾਂ ਇਸਦੇ ਪਿੱਛੇ ਕੋਈ ਸਾਜਿਸ਼ ਹੈ ? ਪੰਜਾਬੀਆਂ ਨੂੰ ਡਰਾ ਕੇ ਪੰਜਾਬ ਦੇ ਵਿੱਚੋਂ ਭਜਾਉਣ ਦੀ ? ਪੰਜਾਬ ਤੋਂ ਕਿਉਂ ਡਰਦਾ ਹੈ, ਕੇਂਦਰ ਦਾ ਹਾਕਮ ? ਪੰਜਾਬੀ ਕਿਉਂ ਭੁੱਲ ਗਏ ਹਨ ਆਪਣਾ ਖਾੜਕੂ ਸੁਭਾਅ ? ਪੰਜਾਬੀਆਂ ਦੀ ਕਿਉਂ ਹੋ ਨਸਲਕੁਸ਼ੀ ? ਪੰਜਾਬੀਓ ਸੋਚੋ ਤੇ ਵਿਚਾਰੋ ? ਫੋਕੇ ਨਾ ਲਲਕਾਰੇ ਮਾਰੋ ! ਡੋਲੇ ਫਰਕਾਇਆ ਤੇ ਮੁੱਛਾਂ ਨੂੰ ਤਾਅ ਦੇ ਕੇ ਕੀ ਸੋਚਦੇ ਹੋ ?
ਜਿਹਨਾਂ ਕੋਲ਼ ਪੂੰਜੀ ਜੋੜਨ ਦੀ ਤਾਕਤ ਜਾਂ ਲਿਆਕਤ ਨਹੀਂ, ਉਹ ਇਸ ਦਮ-ਘੋਟੂ ਮਾਹੌਲ ਵਿਚ ਛਟਪਟਾ ਰਹੇ ਹਨ ਤੇ ਕਈ ਤਿਲ-ਤਿਲ ਕਰਕੇ ਮਰ ਵੀ ਰਹੇ ਹਨ… ਸਲੋਅ ਡੈੱਥ… ਜਿਹੜਾ ਕੋਈ ਇਸ ਦਮ-ਘੋਟੂ ਮਾਹੌਲ ਵਿੱਚੋਂ ਬਾਹਰ ਝਾਕਣ ਦੀ ਕੋਸ਼ਿਸ਼ ਕਰਦਾ ਹੈ, ਉਸ ਦਾ ਸਿਰ ਫੇਹ ਦਿੱਤਾ ਜਾਂਦਾ ਹੈ। ਆਮ ਲੋਕ ਤਾਂ ਡਰਦੇ ਬੋਲਦੇ ਹੀ ਨਹੀਂ, ਉਹਨਾਂ ਨੂੰ ਪੁਜਾਰੀਵਾਦ ਨੇ ਨਰਕ ਸਵਰਗ ਦਾ ਡਰ ਪਾਇਆ ਹੋਇਆ ਹੈ… ਪੁਜਾਰੀ ਆਖਦੇ ਹਨ… “ਮਰਨਾ ਸੱਚ ਤੇ ਜਿਉਣਾ ਝੂਠ” ਹੈ ਪਰ ਹਕੀਕੀ ਤੌਰ ਤੇ ਇਹ ਦੋਵੇਂ ਸੱਚ ਹਨ… ਜਿਉਣਾ ਵੀ ਤੇ ਮਰਨਾ ਵੀ… ਕੋਈ ਵੀ ਸੱਚ ਪੂਰਾ ਨੀ ਹੁੰਦਾ… ਸ਼ੁਧ ਸੋਨੇ ਦਾ ਗਹਿਣਾ ਨਹੀਂ ਬਣਾਇਆ ਜਾ ਸਕਦਾ… ਪਰ ਇਨਸਾਨਾਂ ਦੀ ਇਸ ਧਰਤੀ ਨਾਲ਼ੋਂ ਵੱਡਾ ਸਵਰਗ ਹੋਰ ਕਿਤੇ ਨਹੀਂ ਹੈ, ਪਰ ਮਨੁੱਖ ਦੀ ਪਦਾਰਥਵਾਦੀ ਹਵਸ ਨੇ ਇਸਨੂੰ ਨਰਕ ਵਿੱਚ ਤਬਦੀਲ ਕਰ ਦਿੱਤਾ ਹੈ… ਦੁਨੀਆਂ ਭਰ ਦਾ ਪੁਜਾਰੀ ਲਾਣਾ ਹਰ ਰੋਜ਼ ਸਵਰਗ ਜਾਣ ਦੇ ਰਸਤੇ ਤਾਂ ਦੱਸ ਰਿਹਾ ਹੈ ਪਰ ਮਨੁੱਖੀ ਜੀਵਨ ਨੂੰ ਨਰਕ ਕਿਹੜੀਆਂ ਤਾਕਤਾਂ ਨੇ ਬਣਾਇਆ ਹੈ, ਉਸ ਬਾਰੇ ਚੁੱਪ ਹੈ। ਕਰਮਕਾਂਡੀ ਧਰਮ ਬੇਈਮਾਨ ਸੱਤਾ ਦੀ ਤਾਕਤ ਦੇ ਬਣਾਏ ਉਹ ਜ਼ਹਿਰ ਹਨ… ਜੋ ਮਨੁੱਖੀ ਨਸਲ ਨੂੰ ਬਚਪਨ ਤੋਂ ਹੀ ਤੁਪਕਾ ਤੁਪਕਾ ਕਰਕੇ ਪਿਲਾਏ ਜਾਂਦੇ ਹਨ…
ਜਿਹੜੇ ਦਲਾਲਨੁਮਾ ਲੋਕ ਕੁਝ ਬੋਲਦੇ ਵੀ ਹਨ, ਉਹ ‘ਏਕੋ ਸਤਿਨਾਮੁ’ ਵਰਗੀ ‘ਪਰਮ ਸੱਤਾ’ ਦੀ ਬਜਾਏ ‘ਦੁਨਿਆਵੀ ਸੱਤਾ’ ਦੇ ਸੋਹਿਲੇ ਗਾ ਰਹੇ ਹਨ। ਜਸ਼ਨ ਮਨਾ ਰਹੇ ਹਨ। ਢੋਲੇ ਦੀਆਂ ਲਾ ਰਹੇ ਹਨ। ਕਿਹੋ ਜਿਹੇ ਮਾੜੇ ਸਮੇਂ ਆ ਗਏ ਹਨ !
ਸਮਾਜ ਦੇ ਹਰ ਤਬਕੇ ਵਿੱਚ ‘ਗੜਵਈਆਂ’ ਤੇ ‘ਝੋਲ਼ੀ-ਚੁੱਕ’ ਚਾਕਰਾਂ ਦੀ ਫ਼ੌਜ ਵਿੱਚ ਵਾਧਾ ਹੋ ਰਿਹਾ ਹੈ। ਸਿਹਰੇ ਪੜ੍ਹਨ ਤੇ ਲਿਖਣ ਵਾਲ਼ਿਆਂ ਵੱਲ ਲੋਕਾਈ ਇਉਂ ਝਾਕਦੀ ਹੈ ਜਿਵੇਂ ਬੋਕ ਤੁੱਕਿਆਂ ਵੱਲ ਝਾਕਦਾ ਹੁੰਦਾ ਹੈ। ਲੋਕਾਂ ਨੂੰ ਲੁੱਟਣ ਤੇ ਕੁੱਟਣ ਦੀਆਂ ਨਿੱਤ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਅਗਲੇ ਜਨਮ ਦੇ ਰਸਤੇ ਦਿਖਾਉਣ ਤੇ ਸਮਝਾਉਣ ਲਈ ‘ਆਸਥਾ’ ਦਾ ਉੱਚਾ ਢੋਲ ਵਜਾਇਆ ਜਾ ਰਿਹਾ ਹੈ। ਸਵਰਗ-ਨਰਕ ਦੀਆਂ ਗੱਪ ਕਥਾਵਾਂ ਰਾਹੀਂ ਡਰੇ ਹੋਇਆਂ ਨੂੰ ਹੋਰ ਡਰਾਇਆ ਜਾ ਰਿਹਾ ਹੈ।
ਮਨੁੱਖ ਨੇ ਇਸ ਧਰਤੀ ਤੇ ਸੁੱਖੀਂ ਸਾਂਦੀਂ ਕਿਵੇਂ ਜਿਉਣਾ ਹੈ, ਇਸ ਬਾਰੇ ਨਹੀਂ ਸਗੋਂ ਮਨਘੜਤ ‘ਸਵਰਗ’ ਵਿੱਚ ਆਪ ਕਿਵੇਂ ਜਾਣਾ ਹੈ ਜਾਂ ਪਹਿਲਾਂ ਮੋਏ ਸਕੇ ਸੰਬੰਧੀਆਂ ਨੂੰ ਕਿਵੇਂ ਭੇਜਣਾ ਹੈ, ਇਸ ਦੇ ‘ਗੁਰ’ ਸਿਖਾਏ ਜਾ ਰਹੇ ਹਨ। ਘਰਾਂ ਦੇ ਅੰਦਰ ਤੇ ਬਾਹਰ ‘ਸਵਰਗ’ ਦੇ ਦਲਾਲਾਂ ਨੇ ਆਪਣੀਆਂ ‘ਮੰਜੀਆਂ’ ਟਿਕਾਈਆਂ ਹੋਈਆਂ ਨੇ, ਜਿਹੜੇ ਚੌਵੀ ਘੰਟੇ ਸਵਰਗ ‘ਚ ਜਾਣ ਦੇ ਰਸਤਿਆਂ ਦਾ ਵਿਖਿਆਨ ਕਰਦੇ ਹਨ। ‘ਮੌਤ’ ਦਾ ਡਰ ਲੋਕਾਂ ਦੇ ਮਨਾਂ ਵਿੱਚ ਭਰਿਆ ਜਾ ਰਿਹਾ ਹੈ। ਪਰ ‘ਮੌਤ’ ਤੋਂ ਕਿਵੇਂ ਬਚਣਾ ਹੈ ਜਾਂ ਅਣਖ ਦੀ ਮੌਤੇ ਕਿਵੇਂ ਮਰਨਾ ਹੈ, ਇਸ ਦੀ ਕਿਸੇ ਵੀ ਗਪੌੜ ਸੰਖ ‘ਗੁਰੂ’ ਕੋਲ਼ ‘ਗਿੱਦੜ-ਸਿੰਗੀ’ ਨਹੀਂ।
ਇਸ ਲਈ ਹੀ ਅਸੀਂ ਜ਼ਿੰਦਗੀ ਭਰ ਨਰਕ ਹੰਢਾਉਂਦੇ ਹਾਂ। ਨਿੱਤ ਮੌਤ ਦੇ ਖੂਹ ਵਿੱਚ ਅੰਨ੍ਹੇਵਾਹ ਦੌੜ ਲਗਾਉਂਦੇ ਹਾਂ। ਸਾਡੀ ਇਹ ਆਦਤ ਵੀ ਹੁਣ ਪੱਕ ਚੁੱਕੀ ਹੈ ਜੋ ਨਿੱਤ ਦਿਨ ਮੌਤ ਨਾਲ਼ ਸਾਡਾ ਸਾਹਮਣਾ ਕਰਵਾਉਂਦੀ ਹੈ ਪਰ ਅਣਿਆਈ ਮੌਤ ਤੋਂ ਬਚਣ ਦਾ ਕੋਈ ਰਾਹ ਨਹੀਂ ਦੱਸਦੀ। ਸੱਤਾ ਦੇ ਭਾਈਵਾਲ਼ ਪੁਜਾਰੀਵਾਦ ਨੇ ਲੋਕਾਂ ਦੇ ਜ਼ਿੰਦਗੀ ਜਿਊਣ ਦੇ ਅਰਥ ਹੀ ਬਦਲ ਦਿੱਤੇ ਹਨ। ਇਸੇ ਕਰਕੇ ਸਾਡੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲ਼ੇ ਅਜੋਕੇ ਰਾਖਸ਼ਸਾਂ ਦੇ ਬੂਹਿਆਂ ‘ਤੇ ਧਰਨੇ ਦੇਣ ਦੀ ਬਜਾਏ, ਅਸੀਂ ਤੀਰਥਾਂ ਦਾ ਭਰਮਣ ਕਰਨ ਲਈ ਵਹੀਰਾਂ ਘੱਤੀ ਜਾ ਰਹੇ ਹਾਂ। ਸਾਡਾ ਹਾਲ ਅੱਜ ਵੀ ਪੰਜ ਸਦੀਆਂ ਪਹਿਲਾਂ ਵਰਗਾ ਹੀ ਹੈ:
ਮਃ ੧ ॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥ (ਪੰਨਾ ੭੮੯)
ਸਾਡਾ ਜਿਊਣਾ ਦੁੱਭਰ ਕਰਨ ਵਾਲ਼ਿਆਂ ਦੀ ਸੰਘੀ ਘੁੱਟਣ ਦੀ ਬਜਾਏ ਅਸੀਂ ਉਹਨਾਂ ‘ਸੰਘੀਆਂ’ ਦੇ ਸੰਗੀ ਸਾਥੀ ਬਣ ਕੇ ਉੱਚੀ ਉੱਚੀ ‘ਜੈਕਾਰੇ’ ਲਾਉਣ ਦੇ ਆਦੀ ਹੋ ਗਏ ਹਾਂ ਜਿਹਨਾਂ ਦਾ ਇਹ ਸਾਰਾ ਪਖੰਡ ਰਚਾਇਆ ਹੋਇਆ ਹੈ। ਪੁਜਾਰੀ ਅੱਗੇ ਗੋਡੇ ਟੇਕਣ ਵਾਲ਼ੀ ਸਾਡੀ ਇਹ ਆਦਤ ਪੀੜ੍ਹੀ ਦਰ ਪੀੜ੍ਹੀ ਚਲਦੀ ਆ ਰਹੀ ਹੈ। ਅਸਾਂ ਬਾਬਾ ਨਾਨਕ ਦੀ ਉਮਰ ਭਰ ਦੀ ਮਿਹਨਤ ਤੇ ਵੀ ਪਾਣੀ ਫੇਰ ਛੱਡਿਆ ਹੈ। ਉਹਨਾਂ ਦੇ ਵਿਰੋਧੀਆਂ ਦੇ ਚੁੱਕੇ ਚੁਕਾਏ ਜਿਹੜੇ ਲੋਕਾਂ ਦੇ ਪੈਰਾਂ ਹੇਠ ਬਟੇਰਾ ਆ ਗਿਆ ਹੈ, ਉਹ ਦੂਜਿਆਂ ਨੂੰ ਨਸੀਹਤਾਂ ਦੇਣ ਲਈ ਲੋਕਤੰਤਰ ਦੀਆਂ ਚੋਰ ਮੋਰੀਆਂ ਰਾਹੀਂ ਆਪ ‘ਪੁਜਾਰੀ ਤੇ ਵਪਾਰੀ’ ਬਣ ਗਏ ਹਨ।
ਇਹ ਸ਼ਬਦਾਂ ਦੇ ‘ਪੁਜਾਰੀ ਤੇ ਵਪਾਰੀ’ ‘ਸੱਤਾ’ ਦੇ ਇਮਾਨਦਾਰ ਸੇਵਕ’ ਹਨ। ਜਿਹੜੇ ਸਰਕਾਰ ਦੀ ‘ਕੀਤੀ ਸੇਵਾ’ ਨੂੰ ਹੁਣ ‘ਲੋਕ ਸੇਵਾ’ ਵਿੱਚ ਤਬਦੀਲ ਕਰਨ ਲਈ ਕਦੇ ਚੂਹਿਆਂ ਵਾਂਗੂੰ ਘਾਹ ਕੁਤਰਨ ਲੱਗਦੇ ਹਨ, ਕਦੇ ਲਲਾਰੀ ਦੀ ਦੁਕਾਨ ਵਿੱਚੋਂ ਰੰਗ ਚੁਰਾ ਕੇ ‘ਸ਼ੇਰ’ ਬਣ ਰਹੇ ਹਨ। ਸਰਕਾਰ ਕਿਸੇ ਵੀ ਵਿਚਾਰਧਾਰਾ ਵਾਲ਼ੀ ਹੋਵੇ, ਪੁਜਾਰੀ ਉਸ ਵਿੱਚ ਆਪਣਾ ਕਰੂਰਾ ਜ਼ਰੂਰ ਰਲ਼ਾ ਲੈਂਦਾ ਹੈ। ਇਸੇ ਕਰਕੇ ਡਰਦਾ ਮਾਰਾ ਬੰਦਾ ਉਨ੍ਹਾਂ ਦੀ ਝਿੜਕ ਦਾ ਬੁਰਾ ਵੀ ਨਹੀਂ ਮਨਾਉਂਦਾ।
ਅੰਗਰੇਜ਼ਾਂ ਦੇ ਮਾਫੀ ਦੇ ਸਰਟੀਫਿਕੇਟ ਵਾਲ਼ੇ ਲੋਕ ਜਦੋਂ ਕੁਰਸੀਆਂ ਉਤੇ ਬਿਰਾਜਮਾਨ ਹਨ ਤਾਂ ਇਨ੍ਹਾਂ ਨੇ ਕਿਸੇ ਨੂੰ ਵੀ ਆਪਣੇ ਲਵੇ ਨਾ ਲੱਗਣ ਦਿੱਤਾ ਤੇ ਨਾ ਕਿਸੇ ਨੂੰ ‘ਕਿਰਤ ਦੇ ਲੜ’ ਲਾਇਆ, ਸਗੋਂ ਮਿਹਨਤ ਦੀ ਰੋਟੀ ਖਾਂਦਿਆਂ ਦੇ ਮੂੰਹਾਂ ਵਿੱਚੋਂ ਬੁਰਕੀਆਂ ਹੀ ਖੋਂਹਦੇ ਰਹੇ ਹਨ। ਖੋਹ ਕੇ ਖਾਣ ਦੀ ਆਦਤ ਨੇ ਇਨ੍ਹਾਂ ਨੂੰ ‘ਸੱਤਾ’ ਦੇ ਆੜ੍ਹਤੀਏ ਬਣਾ ਦਿੱਤਾ ਹੈ। ਇਨ੍ਹਾਂ ਆੜ੍ਹਤੀਆਂ ਨੂੰ ਨਾ ਤਾਂ ਉਤਪਾਦਕਾਂ ਦਾ ਤੇ ਨਾ ਹੀ ਖਪਤਕਾਰਾਂ ਦਾ ਕੋਈ ਫ਼ਿਕਰ ਹੁੰਦਾ ਹੈ। ਇਹ ਤਾਂ ਦੋਵੇਂ ਹੱਥੀਂ ਲੁੱਟਦੇ ਹਨ ਤੇ ਆਪਣੇ ਹੱਥ ਰੰਗਦੇ ਹਨ।
ਸੱਤਾ ਦੇ ਦਲਾਲਾਂ ਨੇ ਸਾਨੂੰ ਕਿਰਤੀ ਤੋਂ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ। ਅਸੀਂ ਮੁਫ਼ਤ ਆਟਾ-ਦਾਲ਼ ਵੰਡਦੀਆਂ ਦੁਕਾਨਾਂ ਦੀਆਂ ਲਾਈਨਾਂ ਵਿੱਚ ਮੂਹਰੇ ਲੱਗਣ ਲਈ ਇੱਕ ਦੂਜੇ ਦੇ ਪੈਰ ਮਿੱਧਦੇ ਹਾਂ। ਅਸੀਂ ਭਿਖਾਰੀ ਬਣਨ ਦੇ ਲਈ ਤਾਂ ਜੰਗ ਲੜਦੇ ਹਾਂ ਪਰ ਕਿਰਤ ਮੰਗਣ ਲਈ ਚੁੱਪ ਹਾਂ। ਸੱਤਾ ਦੇ ਵਪਾਰੀ, ਅਧਿਕਾਰੀ, ਪੁਜਾਰੀ ਤੇ ਲਿਖਾਰੀ ਰਲ਼ ਮਿਲ਼ ਕੇ ਸਾਨੂੰ ਦੰਦ-ਹੀਣ ਕਰ ਰਹੇ ਹਨ। ਅਸੀਂ ਮਿੱਟੀ ਖਾਣੇ ਸੱਪ ਬਣੇ ਸੱਤਾ ਦੀ ਬੀਨ ਅੱਗੇ ਭੁੱਖੇ ਢਿੱਡ ਤਾਂਡਵ ਨਾਚ ਕਰ ਰਹੇ ਹਾਂ।
ਜਿਹੜੇ ਸੱਤਾ ਦੇ ਦਲਾਲ ਸਾਰੀ ਉਮਰ ਭ੍ਰਿਸ਼ਟ ਰਹੇ ਹਨ, ਉਹ ਹੁਣ ਦੂਜਿਆਂ ਨੂੰ ਆਪਣੇ ਹੱਥ ਪਾਕ ਸਾਫ਼ ਰੱਖਣ ਲਈ ‘ਹੁਕਮਨਾਮਾ’ ਜਾਰੀ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ‘ਹੁਕਮ’ ਤਾਂ ਬਹੁਤ ਦੇਰ ਪਹਿਲਾਂ ਹੀ ਹੋ ਗਿਆ ਸੀ, “ਹੁਕਮੈ ਅੰਦਰਿ ਸਭ ਕੋ ਬਾਹਰਿ ਹੁਕਮ ਨ ਕੋਇ ॥”
ਜਦੋਂ ਸਾਡੀ ਧਰਤੀ ਹੋਂਦ ਵਿੱਚ ਆਈ ਤਾਂ ਕਰੋੜਾਂ ਸਾਲਾਂ ਬਾਅਦ ਇੱਥੇ ਜੀਵਨ ਦੀ ਰੌਂਅ ਰੁਮਕਣ ਲੱਗੀ। ਕਰੋੜਾਂ ਸਾਲਾਂ ਤੱਕ ਵਿਕਾਸ ਦਾ ਪਹੀਆ ਘੁੰਮਦਾ ਰਿਹਾ ਤਾਂ ਜਾਕੇ ਕਿਤੇ ਮਨੁੱਖ ਦਾ ਜਨਮ ਹੋਇਆ। ਇਸ ਵਿਕਾਸ ਨੂੰ ਵਿਨਾਸ਼ ਦੇ ਰਸਤੇ ਤੇ ਤੋਰਨ ਲਈ ਸ਼ੈਤਾਨ ਦਿਮਾਗ ਲੋਕਾਂ ਨੇ ਧਰਮ, ਜਾਤ ਅਤੇ ਫਿਰਕੇ ਬਣਾ ਲਏ। ਪ੍ਰਚਾਰ ਲਈ ਪੁਜਾਰੀ, ਗ੍ਰੰਥੀ, ਉਸਤਾਦ ਗੁਰੂ ਤੇ ਆਸ਼ਰਮ ਖੋਲ੍ਹ ਲਏ। ਇਨ੍ਹਾਂ ਆਸ਼ਰਮਾਂ ਵਿੱਚ ਮਨੁੱਖ ਨੂੰ ਚੰਗਾ ਇਨਸਾਨ ਬਣਨ ਦਾ ਨਹੀਂ ਸਗੋ ਡਰ ਦਾ ਪਾਠ ਪੜ੍ਹਾਇਆ ਜਾਣ ਲੱਗ ਪਿਆ ਜੋ ਅੱਜ ਵੀ ਡੰਕੇ ਦੀ ਚੋਟ ਤੇ ਪੜ੍ਹਾਇਆ ਜਾ ਰਿਹਾ ਹੈ । ਕੀ ਗਰੀਬ ਤੇ ਕੀ ਅਮੀਰ, ਕੀ ਅਨਪੜ੍ਹ ਤੇ ਕੀ ਪੜ੍ਹੇ ਲਿਖੇ, ਸਭ ਨੂੰ ਇਕਵੱਢਿਓਂ ਅਗਲੇ ਪਿਛਲੇ ਜਨਮਾਂ ਦੇ ਚੱਕਰ ਵਿੱਚ ਉਲ਼ਝਾ ਲਿਆ ਗਿਆ ਹੈ।
ਕਰਮਕਾਂਡੀ ਧਰਮਾਂ ਦੇ ਪੁਜਾਰੀਆਂ ਨੇ ਮੂਲ਼ ਨਿਵਾਸੀ, ਸਿੱਧੇ ਸਾਦੇ ਲੋਕਾਂ ਨੂੰ ਏਨਾ ਕੁੱਟਿਆ, ਏਨਾ ਲਤਾੜਿਆ ਕਿ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਮਨਾਂ ਅੰਦਰ ਵੀ ਨਰਕ-ਸਵਰਗ’ ਦਾ ਡਰ ਪੱਕਾ ‘ਘਰ’ ਬਣਾਕੇ ਬੈਠ ਗਿਆ। ਜਿਹੜੀ ਵਸਤੂ ‘ਘਰ’ ਵਿੱਚ ਤਬਦੀਲ ਹੋ ਜਾਵੇ, ਉਸ ਤੋਂ ਖਹਿੜਾ ਛੁਡਾਉਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਹਰ ਮਨੁੱਖ ਆਪਣੇ ਘਰ ਦੇ ਨਾਲ਼ ਧੁਰ ਅੰਦਰੋਂ ਜੁੜਿਆ ਹੁੰਦਾ ਹੈ। ਜੁੜੇ ਹੋਏ ਨੂੰ ਤੋੜਨਾ ਬਹੁਤ ਔਖਾ ਹੈ। ਅਸੀਂ ‘ਡਰ’ ਦੀ ਜ਼ਿੰਦਗੀ ਜਿਊਣ ਲਈ ਜੁੱਗਾਂ ਜੁਗਾਂਤਰਾਂ ਤੋਂ ਇਸਦੇ ਆਦੀ ਬਣੇ ਹੋਏ ਹਾਂ।
ਪਰ ਅਸੀਂ ਉਸ ‘ਜੁਗਾਂਤਰਾਂ’ ਦੇ ਸਫ਼ਰ ਨੂੰ ਹੀ ਨਹੀਂ ਭੁੱਲੇ ਸਗੋਂ ਪੰਜਾਬ ਦੇ ਜੁਗ ਪਲ਼ਟਾਊ ਗਦਰੀ ਬਾਬਿਆਂ ਨੂੰ ਵੀ ਭੁੱਲ ਗਏ ਹਾਂ, ਜਿਨ੍ਹਾਂ ਨੇ ਸਾਡੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ‘ਗਦਰ’ ਲਹਿਰ ਦੀ ਨੀਂਹ ਰੱਖੀ ਸੀ। ਉਹਨਾਂ ਸੂਰਮਿਆਂ ਨੇ ਦੇਸ਼ਵਾਸੀਆਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਲਲਕਾਰਿਆ, ਪਰ ਓਹਨਾਂ ਅੱਗਿਓਂ ਚੁੱਪ ਦਾ ਰਾਗ ਛੇੜ ਲਿਆ ਤੇ ਫਿਰ ਸਭ ਕੁਝ ਭੁੱਲ ਭੁਲਾ ਗਏ । ਇਸੇ ਕਰਕੇ ਅਸੀਂ ਹਰ ਪਲ ਡਰਨ ਤੇ ਮਰਨ ਦੀ ਜੂਨ ਭੋਗ ਰਹੇ ਹਾਂ। ਅਸੀਂ ਜੰਗਲ਼ ਵਿੱਚ ਲੱਗੀ ਅੱਗ ਨੂੰ ਚੁੰਝ ਭਰ ਪਾਣੀ ਨਾਲ਼ ਬੁਝਾਉਣ ਵਾਲ਼ੀ ਮਿਹਨਤਕਸ਼ ‘ਚਿੜੀ’ ਦੇ ਸਾਥੀ ਤਾਂ ਨਾ ਬਣੇ, ਸਗੋਂ ਮਰ ਗਿਆਂ ਦੀਆਂ ‘ਫਿਲਮਾਂ’ ਬਣਾ ਬਣਾ ਕੇ ਸੋਸ਼ਲ ਮੀਡੀਏ ‘ਤੇ ਪਾਉਣ ਵਾਲੇ ਤਮਾਸ਼ਬੀਨ ਬਣ ਗਏ ਹਾਂ। ਹੁਣ ਅਸੀਂ ਬਾਜਾਂ, ਬਘਿਆੜਾਂ, ਗਿੱਦੜਾਂ, ਲੱਕੜਬੱਗਿਆਂ ਤੇ ਕੁੱਤਿਆਂ ਦੇ ਸਾਥੀ ਬਣ ਗਏ ਹਾਂ। ਇਸੇ ਕਰਕੇ ਹੁਣ ਅਸੀਂ ਇਹ ਕਹਿਣ ਜੋਗੇ ਹੀ ਰਹਿ ਗਏ ਹਾਂ ਕਿ ‘ਚਿੜੀ’ ਵਿਚਾਰੀ ਕੀ ਕਰੇ? ਪਰ ਉਹ ਤਾਂ ਉਸਦਾ ਮਾਸ ਨੋਚਣ ਵਾਲ਼ਿਆਂ ਦੀ ਸਤਾਈ ਤੇ ਡਰਾਈ ਹੋਈ ਜੁਗਾਂ ਜੁਗਾਂਤਰਾਂ ਤੋਂ ਠੰਢਾ ਪਾਣੀ ਪੀ-ਪੀ ਕੇ ਮਰ ਰਹੀ ਹੈ। ਹੁਣ ਇਹ ਅਸੀਂ ਸੋਚਣਾ ਹੈ ਕਿ ਅਸਾਂ ਕਿਹੜੀ ਧਿਰ ਨਾਲ਼ ਖੜ੍ਹਨਾ ਹੈ।
ਮਨੁੱਖ ਨੇ ਮਰਨਾ ਤਾਂ ਇੱਕ ਦਿਨ ਅਵੱਸ਼ ਹੀ ਹੈ, ਫਿਰ ਮਰਨ ਦੇ ‘ਡਰ’ ਨਾਲ਼ ਮਰਨਹਾਰੇ ਹੋਏ ਕਿਉਂ ਹਾਂ ? ਅਸੀਂ ਆਪੋ ਆਪਣੀ ‘ਲਾਸ਼’ ਮੋਢਿਆਂ ਤੇ ਚੁੱਕੀ ਫਿਰਦੇ ਹਾਂ? ਲਾਸ਼ਾਂ ਦਾ ਤਾਂ ਅੰਤਿਮ ਸਸਕਾਰ ਹੁੰਦਾ ਹੈ, ਪਰ ਜਿਊਦੀਆਂ ‘ਲਾਸ਼ਾਂ’ ਦਾ ਸਸਕਾਰ ਕੌਣ ਕਰੇਗਾ? ਇਹ ਬਹੁਤ ਹੀ ਗੰਭੀਰ ਸਵਾਲ ਹੈ, ਜਿਸ ਦੇ ਜਵਾਬ ਲਈ ਸਾਨੂੰ ਹੁਣ ਵਿਚਾਰਾਂ ਦੀ ਜੰਗ ਲੜਨੀ ਪਵੇਗੀ। ਸਿਰ ਜੋੜ ਕੇ ਮੰਥਨ ਕਰਨਾ ਪਵੇਗਾ । ਸ਼ਬਦ ਗੁਰੂ ਨਾਲ਼ ਜੁੜਨਾ ਪਵੇਗਾ। ਓਥੋਂ ਹਦਾਇਤਾਂ ਲੈਣੀਆਂ ਪੈਣਗੀਆਂ। ਸ਼ਬਦ ਨਾਲ ਜੁੜਨ ਲਈ ਚੰਗੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ । ਗਿਆਨ ਹਾਸਲ ਕਰਨਾ ਪਵੇਗਾ । ਗਿਆਨ ਹੀ ਉਹ ਰਸਤਾ ਹੈ ਜਿਸਤੇ ਤੁਰ ਕੇ ਮਨੁੱਖ ਚਿੰਤਨ ਰਾਹੀਂ ਸੱਚ ਤੇ ਝੂਠ ਦਾ ਨਿਤਾਰਾ ਕਰਦਾ ਹੈ… ਚੰਗੀਆਂ ਕਿਤਾਬਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ‘ਨਿਰਮਲ ਵਿਚਾਰਧਾਰਾ’ ਵੱਲ ਤੁਰਨ ਲਈ ਪ੍ਰੇਰਦੀਆ। ਅਸੀਂ ਬਾਜਾਂ ਨਾਲ਼ ਚਿੜੀਆਂ ਲੜਾਉਣ ਵਾਲ਼ੀ ਸ਼ਕਤੀ ਨੂੰ ਕਿਉਂ ਭੁੱਲ ਗਏ ਹਾਂ? ਜਿਸ ਨੇ ਆਪਣੀ ਜਿੱਤ ਦਾ ਪਰਚਮ ‘ਸਰਬੰਸ’ ਵਾਰ ਕੇ ਝੁਲਾਇਆ ਸੀ, ਜਿਸ ਨੇ ਦੱਬੀਆਂ ਕੁਚਲੀਆਂ ਕੌਮਾਂ ਲਈ ਆਪਣਾ ਆਪਾ ਵੀ ਕੁਰਬਾਨ ਕਰ ਦਿੱਤਾ ਸੀ। ਪਰ ਅਸੀਂ ਤਾਂ ਆਪਣਾ ‘ਸਰਬੰਸ’ ਬਚਾਉਣ ਤੇ ਵਧਾਉਣ ਲਈ ਆਪਣੇ ਹੱਥੀਂ ਆਪਣੀ ‘ਔਲਾਦ’ ਦੀ ਸੌਦੇਬਾਜ਼ੀ ਕਰਨ ਤੱਕ ਨਿੱਘਰ ਗਏ ਹਾਂ। ਜਿਹੜੀਆਂ ‘ਚਿੜੀਆਂ’ ਬਚ ਗਈਆਂ ਹਨ ਉਹ ਵਿਦੇਸ਼ਾਂ ਨੂੰ ਉਡ ਰਹੀਆਂ ਹਨ ਤੇ ਪਿੱਛੇ ਰਹਿ ਗਈਆਂ ਢਿੱਡ ਝੁਲਕਣ ਲਈ “ਜੰਗਲ਼ ਦੀ ਅੱਗ” ਬੁਝਾਉਣ ਦੀ ਜੰਗ ਲੜ ਰਹੀਆਂ ਹਨ… ਕਦੇ ਤੀਜਾ ਨੇਤਰ ਖੋਲ੍ਹ ਕੇ ਤਾਂ ਦੇਖੋ… ਭੁੱਖ ਨੰਗ ਨੇ ਲੋਕਾਂ ਦੀ ਅਣਖ ਤੇ ਜ਼ਮੀਰ ਕਿਵੇਂ ਮਾਰ ਦਿੱਤੀ ਹੈ… ਅਸੀਂ ਤਾਂ ਅਜੇ ਢਿੱਡ ਦੀ ਭੁੱਖ ਦੀ ਜੰਗ ਨਹੀਂ ਜਿੱਤ ਸਕੇ, ਕਿਉਂਕਿ ਸਾਨੂੰ ਸੱਤਾ ਨੇ ਬੇਬਸ ਤੇ ਲਾਚਾਰ ਬਣਾ ਦਿੱਤਾ ਹੈ ਜਾਂ ਅਸੀਂ ਅਪਣੀ ਸਵੈ ਰੱਖਿਆ ਕਰਨ ਦੀ ਤਾਕਤ ਭੁੱਲ ਗਏ ਹਾਂ…
ਸਾਡੇ ਪੁਰਖੇ. ਕਿਤਾਬਾਂ… ਸ਼ਬਦ ਗੁਰੂ ਆਵਾਜ਼ਾਂ ਮਾਰ ਰਹੇ…ਹਨ, ਤੱਤੇ ਰਣ ਜੂਝਣ ਲਈ… ਆਓ ਚਮਕੌਰ ਦੀ ਗੜ੍ਹੀ ਵਿੱਚ ਜੰਗ ਲੜੀਏ।
ਹੁਣ ਰੁੱਖ, ਮਨੁੱਖ ਤੇ ਕੁੱਖ, ਤਿੰਨੇਂ ਹੀ ਖਤਰੇ ਵਿਚ ਹਨ। ਹੁਣ ਤਾਂ ਪਲ ਪਲ ਖਤਰਾ ਵਧ੍ਹ ਰਿਹਾ ਹੈ। ਚਿੜੀਆਂ ਹੀ ਨਹੀਂ ਸਗੋਂ ਚਿੜੇ ਵੀ ਪਰੇਸ਼ਾਨ ਹਨ… ਪਤਾ ਨਹੀਂ ਹੁਣ ਧਰਤੀ, ਚਿੜੀਆਂ ਤੇ ਧੀਆਂ ਨੂੰ ਕੌਣ ਬਚਾਏਗਾ? ਸੋਚੋ ਤੇ ਵਿਚਾਰੋ ।
ਜੰਗ ਦਾ ਬਿਗੁਲ ਵੱਜ ਗਿਆ ਹੈ,
ਭੁੱਖ ਦਾ ਮੈਦਾਨ ਸੱਜ ਗਿਆ ਹੈ,
ਬਘਿਆੜ ਸ਼ਹਿਰ ਵੱਲ ਵਧ੍ਹ ਰਿਹਾ ਹੈ,
…. ਹੁਣ ਮਿੱਤਰੋ !
ਡਰ ਦੀ ਬੁੱਕਲ਼ ਨੂੰ ਉਤਾਰ ਦਿਓ,
ਆਪਣੀ “ਮੈਂ” ਨੂੰ ਅੰਦਰੋਂ ਮਾਰ ਦਿਓ,
ਮੂੰਹ ਤੋਂ ਵੰਨ-ਸੁਵੰਨੇ ਮਖੌਟੇ ਉਤਾਰ ਦਿਓ…
ਕੌਣ ਉਤਾਰੇਗਾ ਡਰ ਦਾ ਭਾਰ ?
ਕਿਤੇ ਚਿੜੀਆਂ ਨੇ
ਬਾਜ ਤਾਂ ਨਹੀਂ ਦਿੱਤਾ ਮਾਰ ?

ਹੁਣ ਭਾਂਵੇਂ ਚਿੜੀ ਵਿਚਾਰੀ ਨਹੀਂ ਰਹੀ… ਪਰ… ਉਹ ਮਾਈ ਭਾਗੋ ਨਾ ਬਣ ਸਕੀ… ਲੋੜ ਹੈ ਖਿਦਰਾਣੇ ਵਰਗੀ ਜੰਗ ਲੜਨ ਦੀ, ਪਛਾਣ ਕਰੋ, ਉਹਨਾਂ ਪਹਾੜੀ ਰਾਜਿਆਂ ਦੇ ਵਾਰਸਾਂ ਦੀ ਜੋ ਹੁਣ ਭੇਸ ਵਟਾ ਕੇ ਗੁੱਝੀ ਮਾਰ ਮਾਰ ਰਹੇ ਹਨ। ਤੁਹਾਨੂੰ ਘਰ ਛੱਡਕੇ ਭੱਜਣ ਲਈ ਮਜਬੂਰ ਕਰ ਰਹੇ ਹਨ। ਸਾਡਾ ਤਾਂ ਡਾਂਗ ਉਤੇ ਡੇਰਾ ਹੁੰਦਾ ਸੀ… ਕਦੇ ਸਰ੍ਹਾਣੇ ਹੇਠ ਬਾਂਹ ਰੱਖ ਕੇ ਨਹੀਂ ਸੀ ਸੁੱਤੇ… ਐ ਪੰਜਾਬੀਆ, ਤੇਰੀ ਕਿਵੇਂ ਅੱਖ ਲੱਗ ਗਈ… ਤੇਰਾ ਖੇਤ ਤੇ ਘਰ ਲੁਟੇਰਿਆਂ ਨੇ ਲੁੱਟ ਲਿਆ… ਘਰ ਦੇ ਭੇਤੀ ਨੇ ਤੇਰੀ ਵੀ ਲੰਕਾ ਉਜਾੜ ਦਿੱਤੀ!
ਹੁਣ ਇਹ ਨਾ ਕਹੋ ਕਿ ਚਿੜੀ ਵਿਚਾਰੀ ਕੀ ਕਰੇ, ਸਗੋਂ ਇਹ ਕਹੋ, ਐ ਚਿੜੀਓ, ਬਾਜ਼ ਬਣ ਜਾਓ । ਐ ਚਿੜੀਓ, ਰੱਤ ਪੀਣੇ ਬਾਜਾਂ ਨੂੰ ਉਡਾਰੀ ਨਾ ਭਰਨ ਦਿਓ!

ਬੁੱਧ ਸਿੰਘ ਨੀਲੋਂ

94643-70823
[email protected]

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜਨਮ ਅਸ਼ਟਮੀ ਦੇ ਮੌਕੇ ਤੇ 200 ਬੂਟੇ ਲਗਾਏ ਗਏ – ਏਐਸ ਆਈ ਅਵਤਾਰ ਵਿਰਦੀ
Next articleਜ਼ਿਲ੍ਹੇ ਅੰਦਰ ਲੀਗਲ ਏਡ ਕਲੀਨਿਕ ਜਲਦੀ ਸ਼ੁਰੂ ਕੀਤੇ ਜਾਣਗੇ – ਸੀ ਜੇ ਐਮ