ਬੁੱਧ ਚਿੰਤਨ

ਊੜਾ..ਉਠ ਨਸੀਬੋ ਪੈਹ ਫਟਗੀ ਨੀ…

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ) ( ਪੈਤੀਨਾਮਾ ਦੇ ਨਾਮ ਹੇਠ ਕੁੱਝ ਕੁ ਅੱਖਰਾਂ ਦੇ ਵਾਰੇ ਮੁਹਾਵਰੇ, ਅਖਾਣ ਤੇ ਬੋਲੀਆਂ ਨੂੰ ਜ਼ਿੰਦਗੀ ਦੇ ਨਾਲ ਜੋੜ ਕੇ ਸਮਝਿਆ ਸੀ ਪਰ ਪੂਰੀ ਪੈਤੀ ਨਹੀਂ ਲਿਖ ਸਕਿਆ, ਹੁਣ ਫੇਰ ਤੋਂ ਇਹ ਕਾਰਜ ਵਿੱਢਿਆ ਹੈ, ਜਲਦੀ ਪੂਰਾ ਕਰਦਾ ਹਾਂ। ਉਸ ਦੇ ਵਿੱਚੋਂ ਊੜਾ ਪੇਸ਼ ਕਰਦਾ ਹਾਂ )

ਊੜਾ ਉਠ ਜਾਗ ਕਿਰਤੀਆ ਓ
ਜਾਗਣ ਦਾ ਵੇਲਾ

ਊੜੇ ਦੀਆਂ ਕਰਾਮਾਤਾਂ! ਸੱਤਾ ਦੀਆਂ ਚਲਾਕੀਆਂ !

ਜਿਵੇਂ ਮਾਂ ਸਭ ਨੂੰ ਪਿਆਰੀ ਹੁੰਦੀ ਹੈ ਤੇ ਇਸੇ ਤਰ੍ਹਾਂ ਮਾਂ ਨੂੰ ਧੀਆਂ ਪੁੱਤ ਪਿਆਰੇ ਹੁੰਦੇ ਹਨ ਪਸ਼ੂ ਤੇ ਪੰਛੀ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ । ਪੰਛੀ ਕਦੇ ਵੀ ਆਪਣੀ ਬੋਲੀ ਨਹੀਂ ਛੱਡ ਦੇ ਜਦ ਤੱਕ ਉਹ ਕਿਸੇ ਮਨੁੱਖ ਦੇ ਗੁਲਾਮ ਨਾ ਹੋਣ ਪਰ ਬੰਦਾ ਖੁੱਦ ਗੁਲਾਮੀ ਦੀ ਪੰਜਾਲੀ ਗਲ਼ ਵਿੱਚ ਪਾ ਕੇ ਖੁਸ਼ ਹੁੰਦਾ ਹੈ ।
ਰਸੂਲ ਹਮਜਾਤੋਵ ਰਸ਼ੀਅਨ ਦਾਰਸ਼ਨਿਕ ਹੈ ਉਹ ਆਪਣੀ ਜਗਤ ਪ੍ਰਸਿੱਧ ਪੁਸਤਕ ; ਮੇਰਾ ਦਾਗਸਿਤਾਨ ‘ ਦੇ ਵਿੱਚ ਲਿਖਦਾ ਹੈ ਕਿ ਜਦ ਸਾਡੇ ਕਿਸੇ ਨੂੰ ਬਦ ਦੁਆ ਦੇਣੀ ਹੋਵੇ ਤਾਂ ਕਹਿੰਦੇ ਹਨ ਕਿ ” ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ !”
ਹੁਣ ਜੋ ਗੱਲ ਮੈਂ ਕਰ ਰਿਹਾ ਹਾਂ ਇਸਦੀ ਸਮਝ ਸਭ ਨੂੰ ਹੈ ਪਰ….ਪਰ ਤੋਂ ਬਾਅਦ ਚੁਪ ਹੈ ਬਸ ਇਹੋ ਹੀ ਦੁੱਖ ਹੈ ਕਿ ਅਸੀਂ ਪਦਾਰਥਵਾਦ ਨਾਲ ਜੁੜ ਕੇ ਮਨੁੱਖਤਾ ਤੇ ਜੜ੍ਹਾਂ ਨੂੰ ਭੁੱਲ ਗਏ ਤੇ ਪਦਾਰਥਾਂ ਤੇ ਐਸ਼ਪ੍ਰਸ਼ਤੀ ਦੇ ਗੁਲਾਮ ਬਣ ਗਏ। ਪਰਵਾਸੀ ਦੀ ਦੁਜੀ ਪੀੜ੍ਹੀ ਰੋਦੀ ਹੈ ਕਿ ਅਸੀਂ ਮਾਇਆ ਬਹੁਤ ਕਮਾ ਲਈ ਤੇ ਘਰ ਮਹਿਲ ਬਣਾ ਲਏ ਪਰ ਬੱਚੇ ਤੇ ਮਾਂ ਬੋਲੀ ਪੰਜਾਬੀ ਗੁਆ ਲਈ । ਖੈਰ ਇਸ ਵਾਰੇ ਕਦੇ ਫੇਰ ਸਹੀ। ਗੱਲ ਤਾਂ ਇਸ਼ਾਰੇ ਸਮਝਣ ਦੀ ਹੈ । ਬਾਬਾ ਇਲਤੀ ਸਮਝ ਗਿਆ ਹੈ ਪਰ ਤੁਸੀਂ ?

##
ੳ,ਓ, ਉ ਊੜਾ
ਊੜੇ ਦੀਏ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਸਮਝੇ !

ਜਦੋਂ ਸੱਤਾ ਆਪਣਾ ‘ਉੱਲੂ ਸਿੱਧਾ’ ਕਰਨ ਲੱਗ ਪਏ ਤਾਂ ਆਮ ਲੋਕਾਂ ਦੇ ਘਰਾਂ ਵਿੱਚ ‘ਉੱਲੂ ਬੋਲਣ’ ਲੱਗ ਪੈਂਦੇ ਹਨ। ਫੇਰ ਲੋਕ ਉਚਾ-ਨੀਵਾਂ ਥਾਂ ਵੇਖਦੇ ਹੋਏ ਉੱਚੇ ਦੁਆਰੇ ਲੱਭਣ ਲੱਗਦੇ ਹਨ। ਸਿਆਸੀ ਆਗੂ ਜਦੋਂ “ਊਟ-ਪਟਾਂਗ” ਗੱਲਾਂ ਮਾਰਨ ਲੱਗ ਜਾਣ ਤਾਂ ਲੋਕ ਉਜਾੜ ਮੱਲਣ ਤੁਰ ਪੈਂਦੇ ਹਨ।
ਜਿਹੜੇ “ਉੱਚਾ ਝਾਕਣ “ਲੱਗਦੇ ਹਨ, ਉਨ੍ਹਾਂ ਨੂੰ “ਉੱਡਦੇ ਸੱਪ ਕੀਲਣੇ” ਮੁਸ਼ਕਿਲ ਹੋ ਜਾਂਦੇ ਹਨ। ਜਿਹੜੇ ਹਰ ਕੰਮ ਲਈ “ਉੱਡ ਉੱਡ ਪੈਣ” ਉਹ “ਉਤਲੇ ਮੂੰਹੋਂ “ਤੇਰਾ ਤੇਰਾ ਕਹਿਣ ਦੇ ਆਦੀ ਬਣ ਜਾਂਦੇ ਹਨ। ਪਰ ਲੋਕ ਵੀ ਉਹਨਾਂ ਨੂੰ ਉਡਣ ਜੋਗਾ ਨਹੀਂ ਛੱਡਦੇ।
ਜਿਹੜੇ ਐਂਵੇ ਹੀ ਹਰ ਕਿਸੇ ਦੇ ਉੱਤੇ ਚੜ੍ਹਣ ਦੀ ਹਿਮਾਕਤ ਕਰਦੇ ਹਨ, ਉਨ੍ਹਾਂ ਦੀ ਕੋਈ ਉਂਗਲ ਨਹੀਂ ਫੜਦਾ। ਜਿਹੜੇ ਹਰ ਕਿਸੇ ਦੇ ਨਾਲ ਉਸਤਾਦੀ ਕਰਨ ਲੱਗ ਪੈਣੇ ਉਹਨਾਂ ਨੂੰ ਇੱਕ ਦਿਨ “ਉਂਗਲਾਂ ਟੁੱਕਣੀਆਂ” ਪੈਂਦੀਆਂ ਹਨ, ਫੇਰ ਉਹਨਾਂ ਦੀ ਕੋਈ “ਉੱਘ ਸੁੱਘ” ਨਹੀਂ ਲੱਗਦੀ।
ਜਿਨਾਂ ਦੇ ਮਨਾਂ ਵਿੱਚ ਸੁਪਨੇ “ਉਸਲਵੱਟੇ ਭੰਨਣ ” ਲੱਗ ਪੈਣ, ਉਨ੍ਹਾਂ ਨੂੰ ਹਰ ਕੰਮ ਲਈ ਫੇਰ “ਉੱਖਲੀ ਵਿੱਚ ਸਿਰ ਦੇਣਾ” ਪੈਂਦਾ ਹੈ।
ਜਦੋਂ ਕਿਸੇ ਨੂੰ ਕੋਈ “ਉਲਟੀ ਪੱਟੀ ਪੜ੍ਹਾਉਣ” ਲੱਗ ਗਏ ਤਾਂ ਲੋਕ ਉਸ ਉੱਪਰ “ਉਂਗਲਾਂ ਕਰਨ” ਲੱਗ ਪੈਂਦੇ ਹਨ। ਉਹ ਸਦਾ “ਉੱਖੜੇ-ਉੱਖੜੇ” ਰਹਿਣ ਕਰਕੇ ਉਸ ਦੇ ਮੂੰਹ ‘ਤੇ ਉਦਾਸੀ ਸਦਾ ਹੀ ਛਾਈ ਰਹਿੰਦੀ ਹੈ। ਜਿਨਾਂ ਨੂੰ “ਉਧਾਰ ਖਾਣ ਦੀ ਆਦਤ” ਪੈ ਜਾਵੇ, ਉਹ ਹਮੇਸ਼ਾ “ਉਧੇੜ ਬੁਣ” ਕਰਦੇ ਰਹਿੰਦੇ ਹਨ। ਜਿਹੜੇ “ਰਸ ਚੂਸ ਕੇ ਉਡ ਜਾਣ” ਫੇਰ ਉਨਾਂ ਦੇ ਲਈ ਕੋਈ “ਉਡ ਉਡ ਨਹੀਂ ਪੈਂਦਾ”।
ਫਿਰ ਇਹੋ ਜਿਹਿਆਂ ਨੂੰ ਉਚਾ ਸੁਨਣ ਲੱਗਦਾ ਹੈ।
ਜਦੋਂ ਬੰਦਿਆ ਦਾ ਉਮਰ ਕੱਟਣ ਦਾ ਸੁਭਾਅ ਬਣ ਜਾਂਦਾ ਹੈ ਤਾਂ ਫਿਰ “ਉਲਝੀ ਤਾਣੀ” ਸੁਲਝਾਉਣੀ ਔਖੀ ਹੋ ਜਾਂਦੀ ਹੈ। ਫਿਰ ਉਸ ਨੂੰ ਸਮਾਂ -ਉਲਟੇ ਛੁਰੇ ਨਾਲ ਮੁੰਨਣਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਨੂੰ “ਉਲਟੇ ਪੈਰੀਂ ” ਵਾਪਸ ਜਾਣਾ ਪੈਂਦਾ ਹੈ, ਪਰ ਹਰ ਵੇਲੇ ਕਿਸੇ ਨੂੰ ਉਲੂ ਬਣਾਇਆ ਨਹੀਂ ਜਾ ਸਕਦਾ।
ਜਦੋਂ ਕੋਈ “ਊਚ-ਨੀਚ” ਵਿਚਾਰਨਾ ਭੁੱਲ ਜਾਵੇ ਤਾਂ ਉਸ ਦੇ ਆਲੇ ਦੁਆਲੇ “ਉਲਟੀ ਹਵਾ ” ਚੱਲ ਪੈਂਦੀ ਹੈ। ਜਦੋਂ ਕੋਈ ਹਰ ਕਿਸੇ ਨਾਲ ਉਲਝ ਪੈਣ ਦੀ ਆਦਤ ਬਣਾ ਲਵੇ, ਉਹ ਛੇਤੀ ਹੀ ਕੈਨਵਸ ਤੋਂ ਓਹਲੇ ਹੋ ਜਾਂਦਾ ਹੈ। ਫੇਰ ਦੁਆਰਾ “ਓਹੜ-ਪੋਹੜ” ਕਰਨ ਲਈ ਵਰੇ ਲੱਗ ਜਾਂਦੇ ਹਨ। ਉਸ ਦੀ ਹਾਲਤ ਊਠ ਵਰਗੀ ਬਣ ਜਾਂਦੀ ਹੈ। ਉਹ ਲੋਕਾਂ ਵੱਲ ਮੂੰਹ ਚੁੱਕਦਾ ਹੈ ਪਰ ਲੋਕ ਉਸ ਨੂੰ ਓਪਰੀ ਨਜ਼ਰ ਦਾ ਨਾਲ ਵੀ ਨੀਂ ਵੇਖਦੇ।
ਜਦੋਂ ਊੜਾ ਐੜਾ ਨਾ ਜਾਨਣ ਵਾਲੇ ਸਮਾਜ ਦੇ ਚੌਧਰੀ ਬਣ ਜਾਣ ਫੇਰ ਉਨਾਂ ਦੇ ‘ਉਡਦਾ ਛਾਪਾ’ ਵੀ ਗਲੇ ਆ ਲੱਗਦਾ ਹੈ। ਫੇਰ ਉਹਦੀ ਉਤੋਂ ਦੀ ਪੈਣ ਦੀ ਰੀਤ ਨੂੰ ਉਠਾਲਾ ਕਰਨਾ ਪੈਂਦਾ ਹੈ ਤੇ ਕੋਈ ਉਨਾਂ ਦੀ “ਉਂਗਲ ਤੇ ਮੂਤ” ਨਹੀਂ ਕਰਦਾ। ਜਿਹੜੇ ਆਪਣੇ ਆਪ ਨੂੰ ਉਸਤਾਦ ਮੰਨਣ ਦਾ ਭਰਮ ਪਾ ਲੈਂਦੇ ਹਨ, ਉਹ “ਉਚਾ-ਨੀਵਾਂ” ਬੋਲਣ ਲੱਗੇ ਥਾਂ-ਕੁ-ਥਾਂ ਨਹੀਂ ਦੇਖਦੇ। ਇਹੋ ਜਿਹਾ ਜਦੋਂ ਲੋਕ ਉਧਾਰ ਵਿਆਜ਼ ਸਮੇਤ ਮੋੜਦੇ ਹਨ ਤਾਂ ਉਹ ਉਪਰ ਦੇਖਣਾ ਹੀ ਭੁੱਲ ਜਾਂਦੇ ਹਨ।
ਭਾਵੇਂ ਹਰ ਵੇਲੇ “ਉਲੂ ਸਿੱਧਾ ” ਨਹੀਂ ਹੁੰਦਾ, ਪਰ ” ਉੱਲੂ ਬਨਾਉਣ ” ਵਾਲੇ ਜਦੋਂ “ਉਸਤਾਦੀ ਘੋਟਣ” ਲੱਗਦੇ ਹਨ ਤਾਂ ਲੋਕ ਉਸ ਨੂੰ “ਨਜ਼ਰ ਅੰਦਾਜ਼ ” ਕਰਨ ਲੱਗਦੇ ਹਨ। ‘ਉਂਗਲਾਂ’ ਤੇ ਨੱਚਣਾ ਤੇ ਨਚਾਉਣਾ ਔਖਾ ਹੁੰਦਾ ਹੈ।
ਜਦੋਂ ਸੱਤਾ “ਉਜਾੜ ਭਾਲਣ” ਦੇ ਰਸਤੇ ਤੁਰਦਿਆਂ ਵਿਕਾਸ ਦੀਆਂ ਗੱਲਾਂ ਕਰਦੀ ਹੈ ਤਾਂ “ਉਲਟੀ ਗੰਗਾ ਪਹੇਵੇ” ਵੱਲ ਨੂੰ ਤੁਰਨ ਲੱਗਦੀ ਹੈ, ਇਨ੍ਹਾਂ ਸਮਿਆਂ ਵਿਚ ਜਦੋਂ ਸ਼ਬਦਾਂ ਦੇ ਖਿਡਾਰੀ ਸ਼ਬਦਾਂ ਦੀਆਂ ਬੁੱਚੀਆਂ ਪਾਉਣ ਦੇ ਲਈ ਮਦਾਰੀ ਬਣ ਜਾਣ ਤਾਂ ਆਮ ਲੋਕਾਂ ਦੇ ਪੱਲੇ ਕੱਖ ਨਹੀਂ ਪੈਂਦਾ। ਬਹੁਗਿਣਤੀ ਲੇਖਕ ਸ਼ਬਦਾਂ ਦੇ ਮਦਾਰੀ ਬਣ ਗਏ ਹਨ ਤੇ ਕੁੱਝ ਵੱਡੇ ਲੇਖਕ ਸੱਤਾ ਦੇ ਗੁਲਾਮ ਹੋ ਗਏ ਹਨ ।
ਲੋਕ “ਪੱਲੇ ਝਾੜਦੇ ” ਤੇ “ਊਠ ਦੇ ਡਿੱਗਦੇ ਬੁੱਲ” ਵਾਂਗ ਮਗਰ ਮਗਰ ਤੁਰਦੇ ਖਾਲੀ ਹੱਥ ਘਰਾਂ ਨੂੰ ਪਰਤ ਆਉਂਦੇ ਹਨ। ਕਈ ਵਾਰ ਘਰਾਂ ਨੂੰ ਮੁੜਨਾ ਔਖਾ ਹੁੰਦਾ ਹੈ ਪਰ ਘਰ ਆਏ ਨੂੰ ਕਦੇ ਦੁਰਕਾਰਦੇ ਨਹੀਂ।
ਘਰ ਹਮੇਸ਼ਾਂ ਬਾਹਰ ਗਿਆਂ ਦੀ ਉਡੀਕ ਵਿੱਚ ਦਰਵਾਜ਼ੇ ਖੁੱਲੇ ਰੱਖਦੇ ਹਨ।
ਜਦੋਂ ਢਿੱਡ ਰੋਟੀ ਦੀ ਭਾਲ ਲਈ ਪਰਵਾਸ ਕਰਦਾ ਹੈ ਤਾਂ ਘਰ ਉਦਾਸ ਨਹੀਂ ਹੁੰਦੇ, ਪਰ ਜਦੋਂ ਪਰਵਾਸੀਆਂ ਦੀ ਮੋਹ ਭਰੀਆਂ ਖ਼ਬਰਾਂ ਦੀ ਵਜਾਏ ਮਾੜੀਆਂ ਖ਼ਬਰਾਂ ਆਉਣ ਤਾਂ ਘਰ ਭੁੱਬਾਂ ਮਾਰ ਕੇ ਰੋਂਦੇ ਹਨ। ਘਰਾਂ ਵਿੱਚ ” ਭੁੱਜਦੀ ਭੰਗ” ਵੀ, ਚੁਗਲੀਆਂ ਕਰਦੀ ਹੋਈ ਨਹੀਸਤਾਂ ਦੇਣ ਲੱਗਦੀ ਹੈ।
“ਉਲਟੀ ਪੁਲਟੀ” ਗੱਲ ਹੁਣ ਕਰਨੀ ਜਿੰਨੀ ਔਖੀ ਹੈ ਤੇ ਉਸ ਔਖੀ ਹਜ਼ਮ ਕਰਨੀ ਹੈ। ਕਿਉਂਕਿ ਹੁਣ ਹਰਿਕ ਦਾ “ਹਾਜ਼ਮਾ ਖਰਾਬ ਹੈ।” ਸ਼ਬਦਾਂ ਦੇ ‘ਲਿਖਾਰੀ’ ਹੁਣ ‘ਵਪਾਰੀ’ ਬਣ ਗਏ ਹਨ। ਇਸੇ ਕਰਕੇ ਊੜਾ ਪੁਕਾਰ ਰਿਹਾ ਹੈ, ਕੋਈ ਤਾਂ ਉਸ ਦੀ ਆਵਾਜ਼ ਸੁਣੋ। ਊੜੇ ਨੂੰ ਅਸੀਂ ਘਰਾਂ ਵਿੱਚੋਂ ਕੱਢ ਕੇ ‘ਅੰਗਰੇਜ਼ੀ’ ਨੂੰ ਆਪਣੀ ਰਖੇਲ ਬਣਾ ਲਿਆ ਹੈ।
ਹੁਣ ਵਿਚਾਰਾ ਊੜਾ ਕਰੇ ਤਾਂ ਕੀ ਕਰੇ ? ਊੜੇ ਦੀਆਂ ਪੈਂਦੀਆਂ ਚੀਕਾਂ ਕੌਨਵੈਂਟ ਸਕੂਲਾਂ, ਸਰਕਾਰੀ ਤੇ ਗੈਰ ਸਰਕਾਰੀ ਦਫਤਰਾਂ ਵਿਚ ਸੁਣੀਆਂ ਜਾ ਸਕਦੀਆਂ ਹਨ।
ਪਰ ਊੜੇ ਦਾ ਕੋਈ ਵਾਲੀ ਵਾਰਿਸ ਨਹੀਂ . ਸਾਹਿਤਕਾਰ ਤੇ ਸਾਹਿਤਕ ਸੰਸਥਾਵਾਂ ਇਸ ਦੇ ਨਾਂ ‘ਤੇ ਰੋਟੀਆਂ ਸੇਕਦੀਆਂ ਹਨ। ਪਰ ਊੜੇ ਦੀ ਕੋਈ ਨੀ ਸੁਣਦਾ ਇਸੇ ਕਰਕੇ ਇਹ ਅਪਣੇ ਹੀ ਘਰ ਵਿੱਚ ਪਰਾਇਆ ਹੋ ਗਿਆ ਹੈ। ਇਸਨੂੰ ਆਪਣਾ ਘਰ ਕਦੋਂ ਮਿਲੇਗਾ ? ਆਪਾਂ ਕੀ ਲੈਣਾ ਐ ? ਵਾਲੀ ਸੋਚ ਬਣ ਗਈ ਹੈ.
ਨੌਕਰੀ ਸਰਕਾਰਾਂ ਦੀ ਤੇ ਪੁੱਤਰ,ਪੁੱਤਰੀ ਕੌਨਵੈਟ ਸਕੂਲਾਂ ਦੇ ਵਿੱਚ ਤੋਰ ਕੇ ਪੰਜਾਬੀ ਮਾਤ ਭਾਸ਼ਾ ਦੇ ਸੱਥਰ ਉਤੇ ਜਾ ਕੇ ਫੇਰ ਬਹਿ ਕੇ ਗੱਲਾਂ ਕਰਦੇ ਹਾਂ ! ” ਅਸੀਂ ਵੀ ਜੁਆਕ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤੇ ਪਰ ਪੜ੍ਹਨਗੇ ਕੌਨਵੈਟ ਸਕੂਲ ਦੇ ਵਿੱਚ, ਨਾਲੇ ਪੁੰਨ ਤੇ ਫਲੀਆਂ ! ਯਾਰ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਨਹੀਂ ਤਬਾਹ ਕਰ ਸਕਦੇ।”
ਆ ਪਿਛਲੇ ਸਮਿਆਂ ਤੋਂ ਬਹੁਤ ਡਰਾਮੇ, ਨਾਟਕ, ਮਾਰਚ, ਗੋਸ਼ਟੀਆਂ ਤੇ ਸੈਮੀਨਾਰ ਹੋਏ ਹਨ। ਚਾਲੀ ਸਾਲ ਤੋਂ ਬਹੁਤ ਨੇੜੇ ਤੋਂ ਦੇਖ ਰਿਹਾ ਹਾਂ । ਹੋਰ ਸੁਣੋ ਇਕ ਵੱਡੇ ਲੇਖਕ ਦਾ ਵੱਡਾ ਮੁੰਡਾ ਹੈ ਵੀ ਵੱਡਾ ਅਫਸਰ ਜਿਸਨੂੰ ਪੰਜਾਬੀ ਨਹੀਂ ਲਿਖਣੀ ਆਉਦੀ । ਹੈ ਨਾ ਕਮਾਲ ਹੈ ਵੀ ਉਸ ਮਹਿਕਮੇ ਵਿੱਚ ਜਿਹੜਾ ਪੰਜਾਬੀ ਦਾ ਮੁਦਈ ਹੈ । ਬੁੱਝੋ ਕੌਣ ਹੈ ?
ਫੇਰ ਆਖਦੇ ਨੇ ਸਰਕਾਰ ਸਕੂਲ ਖਤਮ ਕਰ ਰਹੀ ਹੈ .?
ਹੈ ਕੋਈ ਜਵਾਬ ? ਸ਼ਾਬਸ਼ੇ ਉਸਤਾਦ ਜੀ, ਤੇਰੀ ਉਸਤਾਦੀ ਤੇ ਕੀ ਕਰੀਏ ਇਸ ਅਖੌਤੀ ਆਜ਼ਾਦੀ ਨੂੰ ?
” ਅਖੇ ਫੇਰ ਕਹਿੰਦੇ ਬੁੱਧੂ ਬੋਲਦਾ….ਇਹਨੂੰ ਪ੍ਰੋਫੈਸਰ ਨੀ ਕਹਿਣਾ ਆਉਂਦਾ …ਪਰੋਫੈਸਰ ਕਹਿੰਦਾ !””
ਅਖੇ ਫੇਰ ਕਹਿੰਦੇ ਆ;
ਬੂਟਾ ਗਾਲਾਂ ਕੱਢ ਦਾ ਆ!
ਨਾ ਫੇਰ ਬੂਟਾ ਗਾਲਾਂ ਨੀ ਕੱਢੂ ਤਾਂ ਹੋਰ ਕੀ ਕਰੂ?
ਊੜੇ ਨੂੰ ਹੁਣ ਤੱਕ ਉਲੂ ਹੀ ਪੜ੍ਹਾਇਆ ਹੈ
ਉਠ ਨੂੰ ਜਦੋਂ
ਉਲੂ ਪੜ੍ਹਾਉਣਾ..ਫੇਰ ਦੱਸੋ ਕੀ ਕਰੀਏ
ਕਦ ਆਖੋਗੇ…
ਊੜਾ ਉਠ ਜਾਗ ਕਿਰਤੀਆ
ਉਠਣ ਦਾ ਵੇਲਾ
ਹੋਇਆ ਬਹੁਤ ਕੁਵੇਲਾ
ਜਾਗ ਜਾਗ !
ਊੜਾ ਕਹੇ ਉਠ
ਜ਼ੁਲਮੀ ਦੀ ਜੜ੍ਹਾਂ ਪੁਟ
ਉਠ …ਤੁਰ..ਜੁੜ…ਬੋਲ
ਯੋਧਿਓ ਗਾਂਧੀ ਗਿਰੀ ਤਿਆਗੋ,
ਜਾਗੋ ਜਾਗੋ !

ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਕੌਮਾਂਤਰੀ ਯੂਨੀਵਰਸਿਟੀ
ਨੀਲੋਂ ਨਹਿਰ ਕਿਨਾਰੇ
ਲੁਧਿਆਣਾ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY = 13/08/2024
Next articleਰੈਡ ਕਰਾਸ ਵਲੋਂ ਪਿੰਡ ਲੱਖਪੁਰ ਵਿਖੇ ਨਸ਼ਾ ਤਸਕਰਾਂ ਖਿਲਾਫ ਵਰਕਸ਼ਾਪ ਦਾ ਆਯੋਜਨ ਕੀਤਾ