ਬੁੱਧ ਬਾਣ : ਸਿਉਂਕ ਬਨਾਮ ਸਾਹਿਤ ਦੇ ਜੁਗਾੜੀਏ !

ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ)- ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿੱਚ ਲੇਖਕਾਂ ਤੇ ਵਿਦਵਾਨਾਂ ਦਾ ਕਾਲ ਪੈ ਗਿਆ ਹੈ ।
ਇਸੇ ਕਰਕੇ ਇਸ ਖੇਤਰ ਵਿੱਚ ਹੁਣ ਅਲੇਖਕਾਂ ਨੇ ਘੁਸਪੈਠ ਕਰ ਲਈ । ਇਹਨਾਂ ਲੇਖਕਾਂ ਤੇ ਵਿਦਵਾਨਾਂ ਦੀ ਬਣਾਈਆਂ ਸੰਸਥਾਵਾਂ ਨੂੰ ਹਥਿਆਉਣ ਲਈ ਹਰ ਢੰਗ ਤਰੀਕਾ ਵਰਤਦੇ ਹਨ । ਮੀਸਣੇ ਤੇ ਮੌਕਾ ਪ੍ਰਸਤ ਜੁਗਾੜੀਏ  ਕਬਾੜੀਏ ਵਾਂਗ ਹਰ ਕੁੱਝ ਖਰੀਦਣ ਤੇ ਵੇਚਣ ਲਈ ਤਿਆਰ ਰਹਿੰਦੇ ਹਨ ।
 ਹੁਣ ਇਹਨਾਂ ਸੰਸਥਾਵਾਂ ਵਿੱਚ ਜੁਗਾੜ ਲਾਉਣ ਵਾਲਿਆਂ ਨੇ ਮੂੰਹ ਤੇ ਮਿੱਟੀ ਮਲ ਲਈ ਹੈ, ਉਹਨਾਂ ਨੇ ਇਹਨਾਂ  ਸੰਸਥਾਵਾਂ ਉਪਰ ਕਬਜ਼ੇ ਕਰਨ ਲਈ ਸੰਗ ਤੇ ਸ਼ਰਮ ਉਤਾਰ ਦਿੱਤੀ ਹੈ। ਇਹਨਾਂ ਸਾਹਿਤਕ ਸੰਸਥਾਵਾਂ ਦੀ ਇਤਿਹਾਸਕ ਭੂਮਿਕਾ ਨੂੰ ਮਿੱਟੀ ਵਿੱਚ ਮਿਲਾਉਣ ਲਈ ਪਿਛਲੇ ਸਮਿਆਂ ਤੋਂ ਇਸ ਦੇ ਵਿੱਚ ਵਾਧਾ ਹੋਇਆ ਹੈ ।
ਸਾਹਿਤ ਦੇ ਜੁਗਾੜੀਏ ਤੇ ਕਬਾੜੀਏ ਹੁਣ ਹਰ ਸੰਸਥਾ ਦੇ ਵਿੱਚ ਕਾਬਜ ਹੋ ਗਏ ਹਨ । ਇਹਨਾਂ ਸੰਸਥਾਵਾਂ ਦੇ ਸੰਸਥਾਪਕ ਸਿਰਫ ਹੰਝੂ ਵਹਾ ਰਹੇ ਹਨ। ਉਹਨਾਂ ਦਾ ਲਗਾਏ ਬੂਟੇ ਮੁਰਝਾਏ ਹੋਏ ਹਨ ।
ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਤੇ ਇਸ ਦਾ ਸਿਰਜਕ ਲੇਖਕ ਹੁੰਦਾ ਹੈ । ਇਹ ਸੱਚ ਅਸੀਂ ਪੜ੍ਹਦੇ ਤੇ ਸੁਣਦੇ ਰਹੇ ਹਾਂ। ਸਾਹਿਤ ਵਣਜ  ਤੇ ਵਪਾਰ ਨਹੀਂ ਹੁੰਦਾ, ਇਹ ਸ਼ੌਕ ਵੀ ਨਹੀਂ ਹੁੰਦਾ, ਕਿਸੇ ਇਨਾਮ ਤੇ ਸਨਮਾਨ ਦੀ ਭੁੱਖ ਵੀ ਨਹੀਂ ਹੁੰਦਾ ਤੇ ਕਿਸੇ ਸੰਸਥਾ ਦਾ ਚੌਧਰੀ ਬਣ ਜਾਣਾ ਵੀ ਨੀ ਹੁੰਦਾ। ਪਰ ਪਤਾ ਨਹੀਂ ਲੋਕਾਂ ਦੀ ਮਤ ਨੂੰ ਕੀ ਹੋਇਆ ਹੈ ।
ਪੰਜਾਬ ਦੇ ਸਾਹਿਤਕਾਰ ਅਮਿਤਾਭ ਬਚਨ ਬਣੇ ਫਿਰਦੇ ਹਨ। ਇਹ ਦਾ ਸਾਹਿਤ ਦਾ ਵਪਾਰ ਵੀ ਕਰਦੇ ਹਨ ਤੇ ਪੁਰਸਕਾਰ ਵੀ ਡੁੱਕਦੇ ਹਨ । ਚੌਧਰੀ ਬਣ ਕਿ ਅੰਨ੍ਹੇ ਵਾਂਗ ਆਪਣਿਆਂ ਨੂੰ ਰਿਉੜੀਆਂ ਵੰਡਦੇ ਹਨ ਪਰ ਹੁੰਦਾ ਸਭ ਕੁੱਝ ਹੈ । ਪੁਰਸਕਾਰ ਡੁੱਕੇ ਜਾਂਦੇ  ਹਨ । ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਤੇ ਭਾਸ਼ਾ ਦੇ ਨਾਮ ਉਤੇ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ । ਹੁਣ ਫੇਰ ਇਸ ਕਾਨਫਰੰਸ ਦੇ ਪੱਤਰ ਫੇਸ ਬੁੱਕ ਉਤੇ ਘੁੰਮਦੇ ਹਨ ।
  ਹੁਣ ਇਹ ਸਭ ਕੁਝ  ਸਾਹਿਤ ਦੇ ਅੰਦਰ ਬੁਰੀ ਤਰ੍ਹਾਂ ਘੁਸਪੈਠ ਕਰ ਗਿਆ ਹੈ । ਇਹ  ਸਾਹਿਤ ਸੇਵਾ ਵਪਾਰ ਵੀ ਬਣ ਗਈ ਹੈ ਤੇ ਆਪਣੇ ਆਲੇ ਦੁਆਲੇ ਦੇ ਗੜਵਈਆਂ ਤੇ ਚਹੇਤੇ-ਚਹੇਤੀਆਂ ਨੂੰ ਖੁਸ਼ ਕਰਨ ਦਾ ਸਾਧਨ ਬਣ ਗਿਆ ਹੈ । ਇਹਨਾਂ  ਸੰਸਥਾਵਾਂ ਦੇ ਜਿਥੇ ਵੀ ਸੰਚਾਲਕ ਹਨ, ਸਭ ਦੇ ਸਭ ਸ਼ੱਕ ਦੇ ਘੇਰੇ ਵਿੱਚ ਹਨ।
 ਹਰ ਕੋਈ ਜਾਣਦਾ ਹੈ ਕਿ ਉਹ ਕੀ ਕਰਦੇ ਤੇ ਕਰਵਾਉਂਦੇ ਹਨ? ਪਰ ਬੋਲਦੇ ਇਸ ਕਰਕੇ ਨਹੀ ਕਿਉਂਕਿ  ਉਹਨਾਂ ਨੂੰ ਵੀ ‘ ਕੁੱਤੇ ਝਾਕ ਆ’ ।
ਇਸੇ ਕਰਕੇ ਹੀ ਉਹ ਮੂੰਹ ਉਪਰ  ਛਿਕਲੀ ਬੰਨ੍ਹ ਕੇ ਰੱਖਦੇ ਹਨ,
ਉਹ ਦੂਰ ਬੈਠੇ ਜੁਗਾਲੀ ਤਾਂ ਕਰਦੇ ਹਨ ਪਰ ਬੋਲਦੇ ਨਹੀਂ ।
  ਸਾਹਿਤ ਲਿਖਣਾ ਤੇ ਸੰਸਥਾਵਾਂ ਨੂੰ ਲੋਕ  ਹਿੱਤਾਂ ਦੇ ਲਈ ਚਲਾਉਣ ਤੇ ਚੰਗੇ ਤੇ ਮਾੜੇ ਨਤੀਜਿਆਂ ਦੀ ਜੁੰਮੇਵਾਰੀ ਓਟਣੀ ਵੀ ਉਹਨਾਂ ਦਾ ਇਖਲਾਕੀ ਫਰਜ਼ ਬਣ ਜਾਂਦਾ ਹੈ ਪਰ  ਇਹ ਫਰਜ਼ ਨਹੀਂ ਨਿਭਾਉਂਦੇ ਪਰ ਜੇਬ ਗਰਮ ਲਈ ਹਰ ਹਰਬਾ ਵਰਤਦੇ ਹਨ ।
   ਸਾਹਿਤਕਾਰ ਦਾ ਸ਼ੀਸ਼ਾ ਤਿੜਕਿਆ ਹੋਵੇ, ਅੰਨ੍ਹੇ ਵਾਂਗ ਸ਼ੀਰਨੀਆਂ ਵੰਡੇ, ਪਟਿਆਲੇ ਆਲੇ ਰਾਜੇ ਦੇ ਰਸਤੇ ਚੱਲੇ ਤੇ ਗਾਉਣ ਵਾਲੀਆਂ ਵਾਂਗੂੰ ਸਾਈ  ਉਤੇ ਪ੍ਰਧਾਨਗੀ ਕਰਨ ਜਾਂਦਾ ਹੋਵੇ ਤੇ ਕਿਤਾਬਾਂ ਦੇ ਬਿਨਾ ਪੜ੍ਹੇ ਮੁੱਖ ਬੰਦ ਲਿਖੇ।
 ਫਿਰ ਇਹ ਗਿਲਾ ਕਰੇ ਕਿ ਲੋਕ ਸਾਹਿਤ ਪੜ੍ਹ ਦੇ ਨਹੀਂ। ਪਾਠਕ ਤੇ ਸਰੋਤੇ  ਘੱਟ ਰਹੇ ਹਨ । ਪਾਠਕ ਘੱਟ ਹਨ ਤੇ ਲੇਖਕ ਵੱਧ ਹਨ। ਇਹ ਉਹ ਲੇਖਕ ਹਨ ਜਿਨ੍ਹਾਂ ਨੇ ਮਾਂ ਬੋਲੀ ਦੇ ਸੇਵਾਦਾਰ ਹੋਣ ਦੇ ਮਖੌਟੇ ਪਾਏ ਹੋਏ ਹਨ । ਅਸਲ ਵਿੱਚ ਇਹ ਜੁਗਾੜੀਏ ਹਨ।
 ਪੜ੍ਹੇ ਲਿਖੇ ਗਿਆਨੀ ਸਾਹਿਤ ਦੇ ਚੌਧਰੀ ਚੁਪ ਚੁਪੀਤੇ ਜਿਵੇਂ ਚਲਦਾ ਹੈ  ਤੇ ਤੋਰੀ-ਫੁਲਕਾ ਚਲਾਈ ਜਾ ਰਹੇ ਹਨ । ਪਹਿਲਾਂ ਸਾਹਿਤਕ ਇਕੱਠ ਵਿਚ  ਲੋਕ ਹੁੰਦੇ ਸੀ, ਹੁਣ ਲੋਕ ਨੀ ਹੁੰਦੇ, ਇਹ ਗੱਲ ਕਿਉਂ ਹੋ ਰਹੀ ਹੈ?  ਇਸ ਦਾ ਕੀ ਕਾਰਨ ਐ ? ਕਦੇ ਕਿਸੇ ਨੇ ਨਹੀਂ  ਸੋਚਿਆ ਹੈ ? ਜਦੋਂ ਸਾਹਿਤ ਹੀ ਚੰਗਾ ਨਹੀਂ ਲਿਖਿਆ ਜਾ ਰਿਹਾ ਫੇਰ ਪਾਠਕ ਕਿਉਂ ਕਬਾੜ ਖਰੀਦੇ ?? ਪ੍ਰਕਾਸ਼ਕ ਕਬਾੜ ਛਾਪ ਰਹੇ ਹਨ।
ਕਿਉਂਕਿ ਸਾਹਿਤ ਲੋਕਾਈ ਦੇ ਨਾਲੋਂ  ਟੁੱਟ ਗਿਆ ਹੈ । ਹੁਣ ਸਾਹਿਤ ਲਿਖਣਾ  ਸ਼ੌਕ ਬਣ ਗਿਆ ਹੈ । ਇਨਾਮ ਲੈਣਾ ਬਣ ਗਿਆ ਹੈ । ਚੌਧਰ ਕਾਇਮ ਰੱਖਣ ਲਈ ਤਿਗੜਮਬਾਜੀ ਕਰਨੀ  ਬਣ ਗਿਆ ਹੈ। ਸਾਹਿਤ ਸਭਾਈ ਵੋਟ ਪਾਉਣ ਲਈ ਵੋਟਰ ਬਣ ਗਿਆ ਹੈ । ਹਾਲਤ ਦੇਸ਼ ਵਾਲੀ ਬਣ ਗਈ ਹੈ । ਚੰਦ  ਸਿਆਸੀ ਲੋਕ ਚਿਹਰੇ ਦੀ ਚਮੜੀ ਬਦਲ ਕੇ ਰਾਜ ਕਰ ਰਹੇ ਹਨ । ਆਮ ਲੋਕ ਵੋਟ ਪਾਉਣ ਲਈ  ਰਹਿ ਗਿਆ ਹੈ । ਇਹੋ ਪੰਜਾਬੀ ਸਾਹਿਤ  ਦਾ ਬਣਾ ਦਿੱਤਾ  ਹੈ ।
ਪੰਜਾਬੀ ਦੇ ਵਿਚ ਸਾਹਿਤਕ ਸਮਾਗਮ, ਵਿਸ਼ਵ ਪੰਜਾਬੀ ਭਾਸ਼ਾ ਕਾਨਫਰੰਸਾਂ , ਗੋਸ਼ਟੀਆਂ, ਕਿਤਾਬਾਂ ਦੀ ਘੁੰਡ ਚੁਕਾਈ, ਕਵਿਤਾ ਕੁੰਭ, ਕਵੀ ਦਰਬਾਰ,ਕਹਾਣੀ ਦਰਬਾਰ,  ਸੈਮੀਨਾਰ, ਇਨਾਮ ਵੰਡ ਸਮਾਰੋਹ, ਪੁਰਸਕਾਰ ਵੰਡ ਸਮਾਰੋਹ ਤੇ ਬਾਅਦ ਵਿਸ਼ੇਸ਼ ਅਹਾਤੇ ਦੇ ਵਿੱਚ ਚੁਗਲ ਦਰਬਾਰ ਆਦਿ ਹੋ ਰਿਹਾ ਹੈ । ਪਾਠਕ  ਤੇ ਸਰੋਤੇ ਨਿਰਾਸ਼ ਹਨ , ਸਾਹਿਤਕ ਮੱਠਾਂ ਦੇ ਚੌਧਰੀ ਤੇ ਪ੍ਰਕਾਸ਼ਕ ਖੁਸ਼ ਤੇ ਖੁਸ਼ਹਾਲ ਹਨ।
—-
ਸੋਚੋ ਗੜਬੜ ਕਿਥੇ ਐ?
ਕੌਣ ਕਿਸ ਦੀ ਪੂਜਾ ਕਰਦਾ ਐ ?
ਕੌਣ ਕਿਸ ਨੂੰ ਵਾਰ ਵਾਰ ਸਨਮਾਨਤ ਕਰਦਾ ਐ?
ਸਾਹਿਤ ਦਾ ਸ਼ੀਸ਼ਾ ਤੋੜਣ ਵਾਲੇ ਕੌਣ ਹਨ?
 ਕੇਂਦਰੀ ਪੰਜਾਬੀ ਲੇਖਕ ਸਾਹਿਤ ਸਭਾਵਾਂ ,
ਪੰਜਾਬੀ ਸਾਹਿਤ ਅਕਾਦਮੀਆਂ
ਯੂਨੀਵਰਸਿਟੀਆਂ
ਘੜੰਮ ਚੌਧਰੀ
ਟੀਵੀ ਰੇਡੀਓ
ਅਖਬਾਰ ਤੇ ਰਸਾਲੇ
ਇਹਨਾਂ ਦੇ ਚੌਧਰੀ ਸੰਪਾਦਕ  ਜਾਂ ਸੰਚਾਲਕ?
ਕੌਣ ਜੁੰਮੇਵਾਰੀ ਓਟੇਗਾ?
ਆਪਾ ਕੀ ਲੈਣਾ?
ਛੱਡੋ ਪਰੇ?
ਆਖਿਰ ਕੇ ਖਹਿੜਾ ਨਹੀਂ ਛੁਡਾਇਆ ਜਾ ਸਕਦਾ । ਸੱਚ ਬੋਲਣਾ ਤੇ ਲਿਖਣਾ ਪਵੇਗਾ ।
—————–
ਮੈਂ ਬਹੁਤ ਦੇਰ ਲਿਖ ਰਿਹਾ ਹਾਂ ਕਿ ਪੰਜਾਬੀ ਸਾਹਿਤ, ਭਾਸ਼ਾ ਤੇ ਸਭਿਆਚਾਰ ਦੇ ਫਿਕਰਮੰਦ ਲੋਕ ਘੱਟ ਰਹੇ ਹਨ। ਜੁਗਾੜ ਲਾਉਣ ਵਾਲਿਆਂ ਨੇ ਪੰਜਾਬੀ ਸਾਹਿਤ ਤੇ ਮਾਂ ਬੋਲੀ ਪੰਜਾਬੀ ਨੂੰ ਪੌੜੀਆਂ ਬਣਾ ਲਿਆ ਹੈ । ਉਹ ਆਪ ਵੀ ਚੜ੍ਹ ਕੇ ਵਿਦੇਸ਼ਾਂ ਵਿੱਚ ਵਪਾਰ ਕਰਦੇ ਹਨ । ਆਪਣੇ ਚਹੇਤੇ ਤੇ ਚਹੇਤੀਆਂ ਨੂੰ ਸੈਰ ਕਰਵਾਉਂਦੇ ਹਨ । ਪੰਜਾਬ ਤੇ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਵਾਲਿਆਂ ਦੇ ਇਹਨਾਂ ਜੁਗਾੜ ਲਾਉਣ ਵਾਲਿਆਂ ਦੀ ਵੱਡੀ ਭੂਮਿਕਾ ਰਹੀ ਹੈ ।
ਇਸ ਸੰਕਟ ਦੀ ਘੜੀ ਵਿਚ ਮੈਨੂੰ ਦੇਸ਼ ਵਿਦੇਸ਼ ਤੋਂ ਪੰਜਾਬ, ਪੰਜਾਬੀ ਸਾਹਿਤ ਤੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੇ ਫੋਨ ਤੇ ਸੁਨੇਹੇ ਆਏ ਹਨ । ਕੱਲ ਜੋ ਕੁੱਝ ਹੋਇਆ ਹੈ, ਉਸ ਦੇ ਵਿੱਚ ਸਾਰਥਿਕ ਭੂਮਿਕਾ ਕਿਸ ਨੇ ਨਿਭਾਈ ਹੈ ਤੇ ਕਿਸ ਨੇ ਇਹ ਸਾਰੀ ਖੇਡ ਵਿਗਾੜ ਐ ? ਉਹਨਾਂ ਦੇ ਅਗਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝਾ ਪਾਉਣ ਦਾ ਯਤਨ ਕਰਦੇ ਹਾਂ ।
ਇਸ ਸਮੇਂ ਖੱਬੇ ਪੱਖੀ ਪਾਰਟੀਆਂ ਦੇ ਲੇਖਕਾਂ ਦੀ ਭੂਮਿਕਾ ਦੀ ਬਹੁ ਗਿਣਤੀ ਵਡਿਆਈ ਕਰਦੀ ਹੈ ਪਰ ਉਹਨਾਂ ਦਾ ਸਟੈਂਡ ਵੀ ਸਪਸ਼ਟ ਨਹੀਂ ਦਿਖਦਾ ।
ਕੀ ਕੇਂਦਰੀ ਪੰਜਾਬੀ ਲੇਖਕ ਸਭਾ ਹੁਣ ਤੀਜੀ ਬਣੇਗੀ?  ਜਿਸ ਤਰ੍ਹਾਂ ਪਹਿਲਾਂ ਸੀ ਪੀ ਆਈ ਪਾਰਟੀ ਸੀ ਹੁਣ ਪਤਾ ਨਹੀਂ ਕਿੰਨੀਆਂ ਬਣ ਗਈਆਂ ਹਨ?
ਇਸ ਸਮੇਂ ਸੁਹਿਰਦ ਲੋਕ ਤੇ ਪੰਜਾਬੀ ਹਿਤੈਸ਼ੀ ਚੁਰਾਹੇ ਵਿੱਚ ਖੜਾ ਹੈ। ਉਸਨੂੰ 8ਆਸ ਹੈ ਕਿ ਜਿਵੇਂ ਕਿਸਾਨ ਮਜਦੂਰ ਅੰਦੋਲਨ ਵੇਲੇ ਲੋਕ ਤੇ ਲੇਖਕ ਜਾਗੇ ਸਨ। ਹੁਣ ਫੇਰ ਇਸ ਭੰਵਰ ਵਿਚੋਂ ਕੋਈ ਹਰਿਓ ਬੂਟ ਉਠੇਗਾ ।
ਬੁੱਧ ਸਿੰਘ  ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ ਚੋਂ ਗਾਇਬ ਹੋਇਆ ” ਹਾਸਾ ਮਜ਼ਾਕ “
Next articleਗੁਰੂ ਮਾਨਿਓ ਗ੍ਰੰਥ ?