ਪਾਣੀ ਨੀਵੇਂ ਪਾਸੇ ਨੂੰ ਹੀ ਵਗਦਾ ਹੈ!
(ਸਮਾਜ ਵੀਕਲੀ) ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਬੁਲਡੋਜ਼ਰ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਇਹਨਾਂ ਨੂੰ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਯਾਦ ਆਈ। ਇਹਨਾਂ ਨੇ ਨਸ਼ਿਆਂ ਦਾ ਗੱਠਜੋੜ ਤਿੰਨ ਮਹੀਨੇ ਵਿੱਚ ਖ਼ਤਮ ਕਰਨ ਲਈ ਕਿਹਾ ਸੀ। ਨਸ਼ਿਆਂ ਦੇ ਵਪਾਰ ਵਿੱਚ ਨਸ਼ਾ ਤਸਕਰ, ਸਿਆਸੀ ਪਾਰਟੀਆਂ ਦੇ ਆਗੂ ਤੇ ਪੁਲਿਸ ਪ੍ਰਸ਼ਾਸਨ ਦਾ ਅਟੁੱਟ ਗੱਠਜੋੜ ਬਣਿਆ ਹੋਇਆ ਹੈ। ਹੁਣ ਪੰਜਾਬ ਸਰਕਾਰ ਨੇ ਇਹ ਮੁਹਿੰਮ ਥੱਲ੍ਹੇ ਤੋਂ ਸ਼ੁਰੂ ਕੀਤੀ ਹੈ। ਜਦਕਿ ਚਾਹੀਦਾ ਤਾਂ ਇਹ ਸੀ ਕਿ ਉਪਰੋ ਸਪਲਾਈ ਬੰਦ ਕਰਨ ਦੀ ਮੁਹਿੰਮ ਸ਼ੁਰੂ ਕਰਦੇ। ਥੱਲੇ ਆਪੇ ਸੋਕਾ ਪੈ ਜਾਣਾ ਸੀ। ਪੰਜਾਬ ਸਰਕਾਰ ਨੇ ਉਪਰੋਂ ਮੁਹਿੰਮ ਇਸ ਲਈ ਸ਼ੁਰੂ ਨਹੀਂ ਕੀਤੀ ਕਿਉਂਕਿ ਇਸ ਵਿੱਚ ਵੱਡੇ ਮਗਰਮੱਛ ਮੁੱਛਾਂ ਨੂੰ ਵੱਟ ਚਾੜ੍ਹ ਰਹੇ ਹਨ। ਉਹਨਾਂ ਨੂੰ ਸਰਕਾਰ ਵਲੋਂ ਜੈਡ ਸੁਰੱਖਿਆ ਦਿੱਤੀ ਹੋਈ ਹੈ। ਪੁਲਿਸ ਅਫਸਰਾਂ ਵਿੱਚ ਕਈ ਅਜਿਹੇ ਹਨ, ਜਿਹਨਾਂ ਦੀ ਵੱਡੀ ਪੁਹੰਚ ਹੈ। ਕਹਾਵਤ ਹੈ ਕਿ, ਮਾੜੀ ਧਾੜ ਗਰੀਬਾਂ ਤੇ। ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਨਸ਼ੇ ਦੇ ਵਪਾਰੀ ਧੰਦਾ ਛੱਡ ਦੇਣ ਜਾਂ ਪੰਜਾਬ ਛੱਡ ਜਾਣ। ਵਧੀਆ ਗੱਲ ਹੈ ਪਰ ਕੱਲ੍ਹ ਜਦੋਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਇੱਕ ਪੱਤਰਕਾਰ ਨੇ ਇਹ ਸਵਾਲ ਕੀਤਾ ਕਿ ਤੁਸੀਂ ਰਾਜਦੀਪ ਸਿੰਘ ਆਈ ਜੀ ਦੇ ਘਰ ਕਦੋਂ ਬੁਲਡੋਜ਼ਰ ਲੈਣ ਕੇ ਜਾਂ ਰਹੇ ਓ? ਤਾਂ ਸਿਹਤ ਮੰਤਰੀ ਦਾ ਚਿਹਰਾ ਦੇਖ਼ਣ ਵਾਲਾ ਸੀ। ਨਸ਼ਿਆਂ ਦੇ ਵਪਾਰੀਆਂ ਵਿੱਚ ਸਭ ਤੋਂ ਵੱਡੇ ਲੀਡਰਾਂ, ਪੁਲਿਸ ਅਫਸਰਾਂ ਵੱਲ ਭਗਵੰਤ ਮਾਨ ਝਾਕਦਾ ਨਹੀਂ। ਕਿਉਂਕਿ ਉਹਨਾਂ ਤੋਂ ਡਰਦਾ ਹੈ। ਤਗੜੇ ਦਾ ਸੱਤੀ ਵੀਹੀਂ ਸੌ ਹੁੰਦਾ ਹੈ। ਉਹ ਸਭ ਦੇ ਸਾਹਮਣੇ ਹੈ। ਭਗਵੰਤ ਮਾਨ ਤਾਂ ਢਾਈ ਸਾਲ ਇਹ ਟਾਹਰਾਂ ਮਾਰਦਾ ਕਿ ਸੁਖ ਵਿਲਾਸ ਦੇ ਜਲਦੀ ਕਾਰਵਾਈ ਕੀਤੀ ਜਾਵੇਗੀ। ਪਰ ਭਗਵੰਤ ਮਾਨ ਨੇ ਉਧਰ ਮੂੰਹ ਨਹੀਂ ਕੀਤਾ। ਸਗੋਂ ਚੁੱਪ ਹੀ ਧਾਰ ਲਈ, ਘੁੱਗੂ ਬਣ ਗਿਆ ਜਾਂ ਅਗਲਿਆਂ ਬਣਾ ਦਿੱਤਾ? ਪੰਜਾਬ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਸਾਢੇ ਸੱਤ ਸੌ ਨਸ਼ੇ ਦੇ ਵਪਾਰੀ ਫੜ ਲਏ ਹਨ। ਐਨੇ ਕਿਲੋ ਚਿੱਟਾ ਫੜ ਲਿਆ ਹੈ। ਉਧਰ ਮਾਨਸੇ ਵਾਲਾ ਪਰਮਿੰਦਰ ਸਿੰਘ ਝੋਟਾ ਕਹਿ ਰਿਹਾ ਹੈ, ਮੈਂ ਨਸ਼ੇ ਦੇ ਵਪਾਰੀਆਂ ਦੀ ਸੂਚੀ ਦੇਂਦਾ ਹਾਂ ਸਰਕਾਰ ਕਾਰਵਾਈ ਕਰੇ। ਪੰਜਾਬ ਸਰਕਾਰ ਲੋਕਾਂ ਨੂੰ ਭਰਮਾਉਣ ਤੇ ਡਰਾਉਣ ਲਈ ਨਸ਼ੇੜੀਆਂ ਤੇ ਗ੍ਰਾਮ ਗ੍ਰਾਮ ਵੇਚਣ ਵਾਲਿਆਂ ਨੂੰ ਫ਼ੜ ਕੇ ਫੋਕੀਆਂ ਟਾਹਰਾਂ ਮਾਰਨ ਲੱਗੀ ਹੈ। ਪੰਜਾਬ ਸਰਕਾਰ ਨੂੰ ਪਤਾ ਨਹੀਂ ਕਿ ਨਸ਼ਾ ਵੇਚਣ ਵਾਲੇ ਕਿਹੜੇ ਮਗਰਮੱਛ ਹਨ? ਪਰ ਉਧਰ ਨੂੰ ਮੂੰਹ ਨਹੀਂ ਕਰਦੇ। ਨਰਿੰਜਨ ਸਿੰਘ ਸਾਬਕਾ ਈਡੀ ਅਫਸਰ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਫਾਈਲਾਂ ਕੌਣ ਫਰੋਲੇ ਗਾ? ਆਮ ਆਦਮੀ ਪਾਰਟੀ ਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਵਿੱਚ ਬੋਲਦਿਆਂ ਕਿਹਾ ਸੀ ਕਿ ਨਸ਼ਿਆਂ ਦੇ ਵਪਾਰੀ ਕੌਣ ਹਨ। ਭਗਵੰਤ ਮਾਨ ਨੇ ਉਸਦੀ ਗੱਲ ਕਿਉਂ ਨਹੀਂ ਸੁਣੀ ? ਹੁਣ ਅੱਤਵਾਦ ਦੇ ਦਿਨਾਂ ਵਾਂਗ ਪਿੰਡ ਨੂੰ ਘੇਰਾ ਪਾ ਕੇ ਆਮ ਲੋਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਨਸ਼ੇ ਦੇ ਵੱਡੇ ਵਪਾਰੀ ਦਨਦਨਾਉਂਦੇ ਫਿਰਦੇ ਹਨ। ਕੱਲ੍ਹ ਬਠਿੰਡਾ ਦੇ ਪੱਤਰਕਾਰ ਦਾਨੇਵਾਲੀਆ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ ਜਿਸ ਵਿਚ ਉਸ ਨੇ ਖ਼ੁਲਾਸਾ ਕੀਤਾ ਹੈ ਕਿ ਪੰਜਾਬ ਵਿੱਚ ਨਕਲ਼ੀ ਪੁਲਿਸ ਤੇ ਲਾਲ ਨੀਲੀ ਬੱਤੀਆਂ ਵਾਲੀਆਂ ਪਾਈਲਟ ਗੱਡੀਆਂ ਘੁੰਮ ਰਹੀਆਂ ਹਨ। ਜਿਹੜੀਆਂ ਸੜਕਾਂ ਉਤੇ ਦੌੜਦੀਆਂ ਹਨ ਆਮ ਨਾਗਰਿਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹਨ। ਸਰਕਾਰ ਫੋਕੀਆਂ ਟਾਹਰਾਂ ਮਾਰਨ ਲੱਗੀ ਹੋਈ ਹੈ, ਲੋਕਾਂ ਨੂੰ ਸ਼ਰੇਆਮ ਗੁੰਡਾ ਅਨਸਰਾਂ ਵੱਲੋਂ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ। ਆਮ ਆਦਮੀ ਨਾ ਬਾਹਰ ਤੇ ਨਾ ਘਰ ਵਿੱਚ ਸੁਰੱਖਿਆ ਨਹੀਂ। ਪੰਜਾਬ ਪੁਲਿਸ ਵੱਡਿਆਂ ਦੀ ਰਾਖ਼ੀ ਲਈ ਹੈ। ਲੋਕਾਂ ਦੀ ਕਿਧਰੇ ਵੀ ਸੁਣਵਾਈ ਨਹੀਂ। ਲੁੱਟਾਂ ਖੋਹਾਂ ਕਰਨ ਵਾਲੇ ਗਲੀਆਂ ਬਜ਼ਾਰਾਂ ਵਿੱਚ ਸ਼ਰੇਆਮ ਵਾਰਦਾਤਾਂ ਕਰਨ ਰਹੇ ਹਨ। ਲੋਕ ਪੁਲਿਸ ਨੂੰ ਫੋਨ ਕਰਦੇ ਹਨ ਤਾਂ ਪੁਲਿਸ ਆਉਂਦੀ ਨਹੀਂ। ਉਹ ਕਿਥੋਂ ਆਵੇ ਥਾਣੇ ਤਾਂ ਖ਼ਾਲੀ ਪਏ ਹਨ। ਬਹੁਤੀ ਪੁਲਿਸ ਤਾਂ ਵੀਆਈਪੀ ਡਿਊਟੀ ਉਪਰ ਲੱਗੀ ਹੋਈ ਹੈ। ਹਜ਼ਾਰਾਂ ਪੁਲਿਸ ਮੁਲਾਜ਼ਮ ਤੇ ਅਫ਼ਸਰ ਸਿਆਸੀ ਆਗੂਆਂ, ਸਾਧਾਂ, ਸੰਤਾਂ ਤੇ ਨਸ਼ਿਆਂ ਦੇ ਵਪਾਰੀਆਂ ਦੀ ਰਾਖ਼ੀ ਕਰ ਰਹੇ ਹਨ। ਉਹਨਾਂ ਨੂੰ ਆਮ ਲੋਕਾਂ ਦੀ ਰਾਖੀ ਕਰਨ ਦੀ ਫ਼ੁਰਸਤ ਕਿੱਥੇ ਹੈ? ਭਗਵੰਤ ਮਾਨ ਸਾਹਿਬ ਫੋਕੀਆਂ ਗੱਲਾਂ ਬਾਤਾਂ ਨਾਲ਼ ਹੁਣ ਸਤਾਈ ਦੀ ਚੋਣ ਨਹੀਂ ਜਿੱਤ ਹੋਣੀ। ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸਨ ਨਾ ਕਿ ਦਿੱਲੀ ਦੇ ਧਾੜਵੀਆਂ ਨੂੰ? ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਉਪਰ ਦਿੱਲੀ ਦੀਆਂ ਬੈਠਾਈਆਂ ਉਹਨਾਂ ਬਾਘੜ ਬਿੱਲਿਆਂ ਨੂੰ ਦਿੱਲੀ ਤੋਰੋ। ਜੇ ਪੰਜਾਬ ਦਾ ਕੁੱਝ ਸੁਧਾਰ ਕਰਨਾ ਹੈ। ਬਥੇਰਾ ਕਰਜ਼ਾ ਚੁੱਕ ਲਿਆ ਹੈ ਹੁਣ ਬਾਦਲਾਂ ਵਾਂਗੂੰ ਸਰਕਾਰੀ ਜਾਇਦਾਦਾਂ ਨਾ ਵੇਚਣੀਆਂ ਸ਼ੁਰੂ ਕਰ ਦਿਓ। ਪੰਜਾਬ ਦੇ ਆਮ ਲੋਕ ਅੱਕੇ ਹੋਏ ਹਨ। ਇਧਰ ਕਿਸਾਨ ਜਥੇਬੰਦੀਆਂ ਦੀਆਂ ਸਰਗਮੀਆਂ ਵਧ ਰਹੀਆਂ ਹਨ। ਪੰਜਾਬ ਦੀਆਂ ਸੜਕਾਂ ਹਰ ਰੋਜ਼ ਬੰਦ ਰਹਿੰਦੀਆਂ ਹਨ। ਆਮ ਲੋਕਾਂ ਦਾ ਵੀ ਫ਼ਿਕਰ ਕਰੋ। ਕਿਉਂਕਿ ਨਿੱਤ ਦੇ ਧਰਨਿਆਂ ਤੋਂ ਲੋਕਾਂ ਅੰਦਰ ਹਲਚਲ ਮੱਚ ਰਹੀ ਹੈ। ਦਿੱਲੀ ਮਾਰਗਾਂ ਨੂੰ ਬੰਦ ਕਰਕੇ ਪੰਜਾਬ ਦੇ ਲੋਕਾਂ ਦੀ ਸ਼ਾਹਰਗ ਬੰਦ ਕਰ ਦਿੱਤੀ ਹੈ। ਕਦੇ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਜਾ ਕੇ ਆਲੇ ਦੁਆਲੇ ਦੇ ਪਿੰਡਾਂ ਦੀ ਹਾਲਤ ਦੇਖੋ। ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਦੀ ਲੜਾਈ ਕੇਂਦਰ ਤੇ ਪੰਜਾਬ ਸਰਕਾਰ ਨਾਲ ਹੈ। ਹੁਣ ਤਾਂ ਇੰਝ ਲੱਗਦਾ ਹੈ ਕਿ ਦੋਸਤਾਨਾ ਮੈਚ ਚੱਲਦਾ ਹੈ। ਕਿਉਂਕਿ ਕਿਸਾਨਾਂ ਦੇ ਮਸਲਿਆਂ ਤੋਂ ਬਿਨਾਂ ਪੰਜਾਬ ਵਿੱਚ ਕੋਈ ਹੋਰ ਮਸਲਾ ਨਹੀਂ ਹੈ। ਇਹਨਾਂ ਕੋਲ ਸਾਧਨਾਂ ਦੀ ਬਹੁਤਾਤ ਹੈ। ਧਰਨਿਆਂ ਵਿੱਚ ਸ਼ਿਰਕਤ ਕਰਨ ਲਈ ਫੌਜ ਹੈ। ਬਾਕੀ ਲੋਕਾਂ ਦੀ ਕੋਈ ਜਥੇਬੰਦੀ ਨਹੀਂ। ਕੋਈ ਆਗੂ ਨਹੀਂ, ਇਸ ਕਰਕੇ ਉਹ ਦੋ ਪੁੜਾਂ ਵਿੱਚ ਪਿਸ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਸੈਂਕੜਾ ਪੂਰਾ ਕਰ ਲਿਆ ਹੈ। ਉਸ ਦਾ ਮਰਨ ਵਰਤ ਵੀ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ। ਖ਼ੈਰ ਪੰਜਾਬ ਵਿੱਚ ਇਸ ਸਮੇਂ ਪਾਣੀ ਨੀਵੇਂ ਪਾਸੇ ਨੂੰ ਵਗਣ ਲੱਗਿਆ ਹੋਇਆ ਹੈ। ਉਪਰੋਂ ਡਿੱਗੀ ਹਰ ਚੀਜ਼ ਤੇ ਹੁਕਮ ਆਮ ਲੋਕਾਂ ਦੀ ਜਾਨ ਦਾ ਖੌਅ ਬਣਦਾ ਹੈ। ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਕੌਣ ਸਮਝੇਗਾ? ਅਗਲੇ ਸਮਿਆਂ ਵਿੱਚ ਬਹੁਤ ਕੁੱਝ ਨੰਗਾ ਹੋ ਜਾਵੇਗਾ, ਜਿਸ ਤਰ੍ਹਾਂ ਦੀ ਹਨ੍ਹੇਰੀ ਚੱਲਦੀ ਹੈ।
ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਹੀ ਵਗਦਾ ਹੈ। ਉਦੋਂ ਤੱਕ ਵਗਦਾ ਰਹੇਗਾ ਜਦੋਂ ਤੱਕ ਉਪਰੋਂ ਬੰਦ ਨਹੀਂ ਹੁੰਦਾ। ਚੋਰ ਤੇ ਕੁੱਤੀ ਦਾ ਗੱਠਜੋੜ ਨਹੀਂ ਟੁਟਦਾ। ਇਹ ਗੱਠਜੋੜ ਤੋੜਨ ਲਈ ਪੰਜਾਬ ਦੇ ਲੋਕਾਂ ਨੂੰ ਉੱਠਣ ਦੀ ਲੋੜ ਹੈ।
—
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj