ਬੁੱਧ ਬਾਣ

ਪੰਜਾਬ ਦੁਆਲੇ ਪਾਇਆ ਨਾਗਵਲ !

ਬੁੱਧ ਸਿੰਘ  ਨੀਲੋਂ

(ਸਮਾਜ ਵੀਕਲੀ) ਇਸ ਸਮੇਂ ਪੰਜਾਬ ਨੂੰ ਉਜਾੜਨ ਅਤੇ ਇਸ ਦੀ ਹੋਂਦ ਖ਼ਤਮ ਕਰਨ ਲਈ ਪੰਜਾਬ ਵਿਰੋਧੀ ਸ਼ਕਤੀਆਂ ਨੇ ਨਾਗਵਲ ਪਾ ਲਿਆ ਹੈ। ਸਿਆਸੀ ਪਾਰਟੀਆਂ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ। ਇਸ ਸਮੇਂ ਪੰਜਾਬ ਵਿੱਚ ਭਰਾ ਮਾਰੂ ਜੰਗ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚੋਂ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਆਪ ਵਿੱਚ ਉਲਝ ਗਈ ਹੈ। ਉਸਨੇ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਨਾਲ ਮੱਥਾ ਲਗਾ ਲਿਆ ਹੈ। ਸਿੱਖ ਧਰਮ, ਸ੍ਰੀ ਆਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਜੱਥੇਦਾਰਾਂ ਦਾ ਧਰਮ ਪ੍ਰਤੀ ਸੁਹਿਰਦਤਾ ਦਾਅ ਉੱਤੇ ਲੱਗ ਗਈ ਹੈ। ਸਿੱਖ ਵਿਰੋਧੀ ਤਾਕਤਾਂ ਸਰਗਰਮ ਹੋ ਗਈਆਂ ਹਨ। ਇੱਕ ਦੂਜੇ ਉਪਰ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ। ਇੱਕ ਦੂਜੇ ਉਪਰ ਚਿੱਕੜ ਸੁੱਟਿਆ ਜਾ ਰਿਹਾ ਹੈ। ਪੰਜਾਬ ਦੀਆਂ ਹੱਕੀ ਮੰਗਾਂ ਉਪਰ ਕਿਸੇ ਵੀ ਸਿਆਸੀ ਪਾਰਟੀ ਦਾ ਧਿਆਨ ਨਹੀਂ। ਪੰਜਾਬ ਨੂੰ ਆਰਥਿਕ ਤੌਰ ਕੰਮਜ਼ੋਰ ਕਰਨ ਲਈ ਮੰਡੀਆਂ ਵਿੱਚ ਕਿਸਾਨ ਰੋਲਿਆ ਜਾ ਰਿਹਾ। ਬੇਰੁਜ਼ਗਾਰ ਨੌਜਵਾਨਾਂ ਨੂੰ ਸੜਕਾਂ ਉੱਤੇ ਭਜਾ ਭਜਾ ਕੇ ਕੁੱਟਿਆ ਜਾ ਰਿਹਾ ਹੈ। ਪੰਜਾਬ ਵਿੱਚ ਪਹਿਲਾਂ ਦਲਿਤ ਭਾਈਚਾਰੇ ਨੂੰ ਜੱਟਾਂ ਵਿਰੁੱਧ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਸਫ਼ਲ ਨਾ ਹੋਈ ਤਾਂ ਹੁਣ ਭਈਏ ਤੇ ਪੰਜਾਬੀ ਮੁੱਦਾ ਉਭਾਰ ਦਿੱਤਾ ਹੈ। ਪੰਜਾਬ ਵਿਰੋਧੀ ਤਾਕਤਾਂ ਲਈ ਕੋਈ ਮਰੇ ਤੇ ਜੀਵੇ, ਉਹਨਾਂ ਲਈ ਕੋਈ ਫਰਕ ਨਹੀਂ। ਪਹਿਲਾਂ ਵੀ ਪੰਜਾਬ ਵਿਰੋਧੀ ਤਾਕਤਾਂ ਨੇ ਨੌਜਵਾਨਾਂ ਦਾ ਸ਼ਿਕਾਰ ਪੰਜਾਬ ਦੇ ਸਿਆਸੀ ਆਗੂਆਂ ਨਾਲ ਰਲ਼ ਕੇ ਖੇਡਿਆ ਸੀ। ਪੰਜਾਬ ਦੀ ਸਿਹਤ, ਸਿੱਖਿਆ, ਰੁਜ਼ਗਾਰ, ਵਿਦੇਸ਼ਾਂ ਨੂੰ ਜਾਣ ਵਾਲੀ ਬੌਧਿਕ ਸ਼ਕਤੀ ਤੇ ਸਰਮਾਇਆ ਤੇ ਦਿਨੋਂ ਦਿਨ ਖਰਾਬ ਹੋ ਰਹੀ ਅਮਨ ਕਾਨੂੰਨ ਦੀ ਸਥਿਤੀ ਵੱਲ ਕਿਸੇ ਦਾ ਧਿਆਨ ਨਹੀਂ। ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜ ਸੇਵੀ ਸੰਸਥਾਵਾਂ ਤੇ ਹੋਰ ਜੱਥੇਬੰਦੀਆਂ ਆਪੋ ਆਪਣਾ ਡੋਰੂ ਵਜਾ ਰਹੀਆਂ ਹਨ।  ਲੇਖਕ ਤੇ ਬੁਧੀਜੀਵੀ ਲਾਣਾ ਪੁਰਸਕਾਰਾਂ ਦੀ ਭਾਲ ਵਿੱਚ ਨਿਕਲਿਆ ਹੋਇਆ ਹੈ। ਪੰਜਾਬ ਦੀਆਂ ਅਗਾਂਹਵਧੂ ਸੋਚ ਵਾਲੀਆਂ ਜਥੇਬੰਦੀਆਂ ਨੂੰ ਜ਼ਰੂਰ ਸੋਚਣਾ ਪਵੇਗਾ ਕਿ ਉਹਨਾਂ ਨੇ ਲੜਾਈ ਕਿਵੇਂ ਲੜ੍ਹਨੀ ਹੈ।ਇਸ ਸਮੇਂ ਪੰਜਾਬ ਉਜੜ ਗਿਆ ਹੈ। ਪਿੰਡ ਪੰਜਾਬੀਆਂ ਬਿਨਾਂ ਖਾਲੀ ਹੋ ਰਹੇ ਹਨ, ਪੰਜਾਬੀ ਕੌਮ ਕਿਧਰ ਨੂੰ ਜਾ ਰਹੀ ਹੈ ਪਰ ਸੋਚਣਾ ਪਵੇਗਾ। ਪੰਜਾਬ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ। ਦੋਸਤੋ  ਇਸ ਸਮੇਂ ਕਿਸੇ ਗੁਰੂ, ਪੀਰ ਪੈਗੰਬਰ ਤੇ ਗਦਰੀ ਬਾਬਿਆਂ ਨੇ ਨਹੀਂ ਆਉਣਾ ਸਗੋਂ ਸਾਨੂੰ ਖ਼ੁਦ ਪੈਗੰਬਰ , ਨਾਨਕ ਤੇ ਗੋਬਿੰਦ ਸਿੰਘ ਜੀ ਬਨਣਾ ਪਵੇਗਾ। ਖੁੱਦ ਸ਼ਹੀਦ ਭਗਤ ਸਿੰਘ ਬਣਨਾ ਪਵੇਗਾ। ਹੁਣ ਸਾਨੂੰ ਆਪਣੀ ਅੰਦਰਲੀ ਤਾਕਤ ਨੂੰ ਪਛਾਨਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਤਾਕਤਾਂ ਨੂੰ ਨੱਥ ਪਾਈ ਜਾ ਸਕੇ। ਪੰਜਾਬ ਵਿਰੋਧੀ ਤਾਕਤਾਂ ਦੇ ਪਾਏ ਨਾਗਵਲ ਨੂੰ ਕਿਵੇਂ ਤੋੜਨਾ ਤੇ ਲੋਕਾਂ ਨੂੰ ਕਿਵੇਂ ਜੋੜਨਾ ਹੈ, ਇਸ ਸਬੰਧੀ ਸੁਚੇਤ ਤੇ ਜਾਗਰੂਕ ਧਿਰਾਂ ਨੂੰ ਅੱਗੇ ਲੱਗਣਾ ਪਵੇਗਾ। ਪੰਜਾਬੀਆਂ ਦੀ ਹੋਂਦ ਤੇ ਧਰਤੀ ਖਤਮ ਕਰਨ ਲਈ ਉਹਨਾਂ ਨੇ ਹਰ ਤਰੀਕਾ ਵਰਤਿਆ ਹੈ। ਅਸੀਂ ਅਤੀਤ ਦੇ ਇਤਿਹਾਸ ਉਪਰ ਮਾਣ ਕਰਦੇ ਹਾਂ ਪਰ ਖੁਦ ਕੀ ਕਰਦੇ ਹਾਂ, ਇਸ ਬਾਰੇ ਕੋਈ ਨਹੀਂ ਸੋਚਦਾ। ਸਾਡੇ ਲਈ ਸੋਸ਼ਲ ਮੀਡੀਆ ਰਾਹੀਂ ਹਰ ਤਰ੍ਹਾਂ ਹਮਲਾ ਕੀਤਾ ਜਾ ਰਿਹਾ ਤੇ ਅਸੀਂ ਆਪਸ ਵਿੱਚ ਉਲਝ ਕੇ ਰਹਿ ਗਏ ਹਾਂ। ਪੰਜਾਬ ਵਿਰੋਧੀ ਤਾਕਤਾਂ ਨੇ ਸੋਸ਼ਲ ਮੀਡੀਏ ਉੱਤੇ ਨਜ਼ਰ ਰੱਖੀ ਹੋਈ ਹੈ, ਉਹ ਨੌਜਵਾਨਾਂ ਨੂੰ ਊਟ ਪਟਾਂਗ ਗੱਲਾਂ ਬਾਤਾਂ ਵਿੱਚ ਉਲਝਾਉਣ ਵਿੱਚ ਲੱਗੇ ਹੋਏ ਹਨ ਅਤੇ ਅਸੀਂ ਉਨ੍ਹਾਂ ਦੇ ਹਰ ਜਾਲ ਵਿੱਚ ਫਸ ਦੇ ਜਾ ਰਹੇ ਹਾਂ। ਉਹਨਾਂ ਨੇ ਸਾਡੇ ਹਰ ਪਾਸੇ ਜ਼ਹਿਰ ਛਿੜਕ ਦਿੱਤੀ ਹੈ । ਓਹਨਾਂ ਸਿਆਸੀ ਆਗੂਆਂ ਦੇ ਹੱਥ ਵਤੀਰਾ ਜਿਹਨਾਂ ਨੇ ਪੰਜਾਬ ਦੀ ਇਹ ਹਾਲਤ ਬਣਾਈ ਐ । ਜੇ ਅਸੀਂ ਹੁਣ ਵੀ ਨਾ ਸੰਭਲੇ ਤੇ ਅੰਦਰਲੀ ਸ਼ਕਤੀ ਨੂੰ ਨ ਜਗਾਇਆ ਤਾਂ ਆਉਣ ਵਾਲ਼ੀਆਂ ਨਸਲਾਂ ਤੇ ਫਸਲਾਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਆਓ ਆਪਣੀ ਅਣਖ਼ ਨੂੰ ਜਗਾਈਏ ਤੇ ਪੰਜਾਬ ਨੂੰ ਬੰਜਰ ਤੇ ਖੰਡਰ ਅਤੇ ਜ਼ਹਿਰੀਲਾ ਹੋਣ ਤੋਂ ਬਚਾਈਏ। ਉਠੋ ਤੁਰੋ ਜੁੜੇ ਤੇ ਸਾਂਝੀ ਜੰਗ ਲੜੀਏ ਤੇ ਕੱਲੇ ਕੱਲੇ ਨ ਮਰੀਏ। ਗਲਾਂ ਚੋਂ ਫਾਹੇ ਲਾ ਕੇ ਉਹਨਾਂ ਦੇ ਗਲ ਪਾਈਏ ਜਿਹਨਾਂ ਨੇ ਪੰਜਾਬ ਨੂੰ ਬੰਜਰ ਤੇ ਖੰਡਰ ਬਣਾ ਦਿੱਤਾ । ਜਿੱਤ ਤੇ ਜਿਤਾਉਣ ਦੀ ਤਾਕਤ ਲੋਕਾਂ ਦੇ ਸਾਹਮਣੇ ਆ ਰਹੇਗੀ ਹੈ । ਜਾਗੋ ਜਾਗੋ ਜਾਗਣ ਦਾ ਵੇਲਾ ਆ ਗਿਆ ਹੈ । ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਸ਼ਬਦ ਗੁਰੂ ਨਾਲ ਜੋੜਨ ਲਈ ਤੇ ਲੜਣ ਲਈ ਤਿਆਰ ਹੋਣ ਦਾ ਹੋਕਾ ਦੇਈਏ ਕਿਉਕਿ ਜਿਉਣ ਲਈ ਸੰਘਰਸ਼ ਕਰਨ ਦੀ ਲੋੜ ਹੈ । ਆਓ ਆਪਣੀ ਮਰਨ ਗਈ  ਸੰਵੇਦਨਾ ਨੂੰ ਜਗਾਈਏ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਕਰੀਏ । ਮਰਨਾ ਤਾਂ ਹੈ ਕਿਉਂ ਨਾ ਸੰਘਰਸ਼ ਕਰਦੇ ਹੋਏ ਜਿਉਣ ਦਾ ਰਸਤਾ ਤਲਾਸ਼  ਕਰੀਏ । ਹੁਣ ਲੜਣ ਦੇ ਬਿਨਾਂ ਸਰਨਾ ਨਹੀਂ। ਲੜਣ ਦੀ ਲੋੜ ਐ। ਜਾਗੋ, ਉਠੋ ਤੇ ਸੰਘਰਸ਼ ਕਰੋ। ਜਦੋਂ ਤੱਕ ਹਰ ਪੰਜਾਬੀ ਆਪਣੀ ਹਾਊਮੈਂ ਨੂੰ ਤਿਆਗ ਕੇ ਇੱਕ ਮੰਚ ਤੇ ਇਕੱਠਾ ਨਹੀਂ ਹੁੰਦਾ, ਉਦੋਂ ਤੱਕ ਸਾਡੇ ਕੁੱਟ ਪੈਂਦੀ ਰਹੇਗੀ ਤੇ ਅਸੀਂ ਬਿਨਾਂ ਵਜ੍ਹਾ ਮੌਤ ਮਰਦੇ ਰਹਾਂਗੇ। ਪੰਜਾਬ ਦੇ ਲੋਕਾਂ ਨੇ ਆਪਣੇ ਵਰਤਮਾਨ ਤੇ ਭਵਿੱਖ ਨੂੰ ਕਿਵੇਂ ਬਚਾਉਣਾ ਹੈ ਇਹ ਤਾਂ ਹੁਣ ਉਹਨਾਂ ਨੂੰ ਜ਼ਰੂਰ ਸੋਚਣਾ ਪਵੇਗਾ। ਪੰਜਾਬ ਇੱਕ ਵਾਰ ਫਿਰ ਅੱਸੀਵਿਆਂ ਦੇ ਦਹਾਕੇ ਵੱਲ ਦੌੜ ਪਿਆ ਹੈ। ਹੁਣ ਇਸ ਕਾਲੇ ਦੌਰ ਵਿਚੋਂ ਕਿਵੇਂ ਬਚਣਾ ਹੈ,ਇਸ ਲਈ ਇੱਕਮੁੱਠ ਜਥੇਬੰਦ ਹੋਣਾ ਪਵੇਗਾ। ਆਪਣੀ ਹੋਂਦ ਦੀ ਲੜਾਈ ਸਾਨੂੰ ਖ਼ੁਦ ਲੜਨੀ ਪਵੇਗੀ। ਕਾਲੀਆਂ ਤਾਕਤਾਂ ਦੇ ਟਾਕਰੇ ਲਈ ਸਾਰਥਿਕ ਪਹੁੰਚ ਅਪਣਾਉਣ ਦੀ ਲੋੜ ਹੈ।
————
ਬੁੱਧ ਸਿੰਘ  ਨੀਲੋਂ
9464370823

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮੇਰਾ ਪੰਜਾਬ ਤੇ ਮੇਰੇ ਪੰਜਾਬ ਦੀ ਧਰਤੀ।
Next articleਤੂੰ ਉਦਾਸ ਨਾ ਹੋਈਂ-