ਪੰਜਾਬੀਓ ਖੁਦ ਨਾਇਕ ਬਣੋ, ਖਲਨਾਇਕਾਂ ਤੋਂ ਆਸ ਨਾ ਰੱਖੋ !
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਇਸ ਸਮੇਂ ਪੰਜਾਬ ਦੇ ਵਿੱਚ ਖਲਨਾਇਕਾਂ ਦੀ ਭੀੜ੍ਹ ਤੰਤਰ ਦਿਨੋਂ ਦਿਨ ਵਧ ਰਿਹਾ ਹੈ। ਆਮ ਲੋਕ ਹਤਾਸ਼ ਹਨ।
ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਰੋਲ ਦਿੱਤਾ ਹੈ। ਉਹਦੇ ਮਗਰ ਕੱਪੜੇ ਵਿੱਚ ਸਿਰ ਫ਼ਸਾ ਕੇ ਤੁਰਨ ਵਾਲਿਆਂ ਦੀ ਭੀੜ੍ਹ ਵਧਣ ਲੱਗੀ ਹੈ। ਇਸ ਸਮੇਂ ਪੰਜਾਬ ਆਰਥਿਕ, ਰਾਜਨੀਤਿਕ, ਧਰਮ, ਸਿੱਖਿਆ, ਸਿਹਤ, ਰੁਜ਼ਗਾਰ ਤੇ ਸਮਾਜਿਕ ਸੰਕਟਾਂ ਵਿੱਚ ਘਿਰਿਆ ਹੋਇਆ ਹੈ। ਪੰਜਾਬ ਵਿਰੋਧੀ ਤਾਕਤਾਂ ਨੇ ਬਾਂਦਰਾਂ ਵਿੱਚ ਭੇਲੀ ਸੁੱਟ ਦਿੱਤੀ ਹੈ। ਹੁਣ ਪੰਜਾਬ ਆਪਸ ਵਿੱਚ ਲੜ ਤੇ ਮਰ ਰਿਹਾ ਹੈ। ਉਧਰ
ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਚਮੜੀ ਤੇ ਦਮੜੀ ਬਚਾਉਣ ਦੀ ਖਾਤਰ ਭਾਜਪਾ ਦੇ ਭਗਵੇ ਰੱਥ ਵਿੱਚ ਸਵਾਰ ਹੋ ਰਹੇ ਹਨ । ਭਾਜਪਾ ਵਿੱਚ ਸ਼ਾਮਲ ਹੋਣ ਵਾਲ਼ਿਆਂ ਦੀ ਹਾਲਤ “ਚੋਰ ਨਾਲ਼ੋਂ ਪੰਡ ਕਾਹਲ਼ੀ” ਵਾਲੀ ਬਣੀ ਪਈ ਹੈ । ਈਡੀ ਦੇ ਛਾਪਿਆਂ ਤੋਂ ਡਰਦੇ ਭਾਜਪਾ ਵਿੱਚ ਸ਼ਾਮਲ ਹੋਣ ਵਾਲ਼ੇ ਇਹ “ਸੁੱਚੇ ਸੂਰਮੇ” । ਇਹ ਪੰਜਾਬੀ ਉਸਨੂੰ ਬਚਾਉਣ ਲਈ ਆਪਣੇ ਸਮਰਥਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ । ਸਾਰੀਆਂ ਹੀ ਸਿਆਸੀ ਪਾਰਟੀਆਂ ਅੰਦਰ ਘਬਰਾਹਟ ਹੈ । ਉਨ੍ਹਾਂ ਨੂੰ ਜੇਲ੍ਹ ਦਾ ਨਹੀਂ, ਸਗੋਂ ਉਹਨਾਂ ਜ਼ਮੀਨਾਂ ਜਾਇਦਾਦਾਂ ਦੇ ਖੁਸ ਜਾਣ ਦਾ ਡਰ ਵੱਢ ਵੱਢ ਖਾ ਰਿਹਾ ਹੈ ਜਿਹੜੀਆਂ ਉਨ੍ਹਾਂ ਨੇ ਖੁਦ “ਦਸਾਂ ਨਹੁਆਂ” ਦੀ ਕਿਰਤ ਕਮਾਈ ਕਰਕੇ ਬਣਾਈਆਂ ਹਨ ਜਿਹਨਾਂ ਬਾਰੇ ਬਾਬਾ ਨਾਨਕ ਜੀ ਕਹਿੰਦੇ ਹਨ,
“ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨਾ ਜਾਈ ।” ( ੪੧੭)
ਨਵੇਂ ਪੰਜਾਬ ਦੀ ਸਿਰਜਣਾ ਕਰਨ ਵਾਲ਼ੇ ਤੇ ਸਿਆਸੀ ਪਾਰਟੀਆਂ ਦਾ ਬਦਲ ਪੇਸ਼ ਕਰਨ ਵਾਲ਼ੇ ਟਿਕਟਾਂ ਦੀ ਬਲੈਕ ਸਿਨਮੇ ਦੇ ਬਲੈਕੀਆਂ ਵਾਂਗੂੰ ਕਰਦੇ ਰਹੇ ਸਨ । ਹੁਣ ਉਹ ਪੰਜਾਬ ਦਾ ਮਾਲਕ ਬਣ ਬੈਠ ਗਿਆ ਹੈ । ਲੋਕਾਂ ਦਾ ਜਿਤਾਏ ਨੂੰ ਉਸਦੀ ਪਾਰਟੀ ਦੇ ਕੁੱਝ ਨੇਤਾ ਉਸਨੂੰ ਬਦਨਾਮ ਕਰ ਰਹੇ ਹਨ । ਪੰਜਾਬ ਦੇ ਲੋਕ ਮੇਲੇ ਵਿੱਚ ਗੁਆਚੇ ਜੁਆਕ ਵਾਂਗੂੰ ਮੁਟਰ ਮੁਟਰ ਝਾਕ ਰਹੇ ਹਨ । ਜਿਵੇਂ ਉਸ ਜੁਆਕ ਨੂੰ ਕੁਝ ਦੇਰ ਲਈ ਸਾਰੇ ਹੀ ਆਪਣੇ ਲੱਗਦੇ ਹੁੰਦੇ ਹਨ ਪਰ ਅਸਲ ਵਿੱਚ ਉਹ ਹੁੰਦੇ ਕਿਸੇ ਹੋਰ ਦੇ ਹਨ। ਪੰਜ ਸਦੀਆਂ ਤੋਂ ਗੁਰਾਂ ਦੇ ਨਾਂ ਤੇ ਵੱਸਦਾ ਆ ਰਿਹਾ ਪੰਜਾਬ ਹੁਣ ਵਫ਼ਾਦਾਰਾਂ ਦਾ ਨਹੀਂ, ਗਦਾਰਾਂ ਦਾ ਦੇਸ਼ ਬਣ ਗਿਆ ਹੈ । ਪੰਜ ਗੱਗੇ ਇਹੋ ਜਿਹੇ ਵਿਅਕਤੀਆਂ ਦੇ ਉਪਰ ਪੂਰੇ ਢੁੱਕਦੇ ਹਨ । ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਇਹ ਪੰਜ ਗੱਗੇ ਕਿਹੜੇ ਹੋ ਸਕਦੇ ਹਨ ? ਪੰਜਾਬ ਦੀ ਅਬਾਦੀ ਸਵਾ ਤਿੰਨ ਕਰੋੜ ਹੈ । ਕੀ ਡੁੱਬਦੇ ਪੰਜਾਬ ਨੂੰ ਬਚਾਉਣ ਲਈ ਏਨੀ ਵੱਡੀ ਆਬਾਦੀ ਵਿੱਚ ਸਿਰਫ਼ 117 ਇਮਾਨਦਾਰ ਤੇ ਸੱਚੇ ਸੁੱਚੇ, ਨਿਸ਼ਕਾਮ ਸੇਵਾਦਾਰਾਂ ਦਾ ਕਾਲ ਪੈ ਗਿਆ ਹੈ ? ਪੰਜਾਬ ਵਿੱਚ ਗੱਲੀਂ ਬਾਤੀਂ ਬਣੇ “ਸੂਰਮਿਆਂ” ਦੀ ਕੋਈ ਘਾਟ ਨਹੀਂ ਪਰ ਉਹਨਾਂ ਦੀ ਹਾਲਤ ਸਾਧ ਦੇ ਅਠੂੰਹਿਆਂ ਵਰਗੀ ਹੈ । ਡੰਗ ਸਾਰੇ ਹੀ ਮਾਰਦੇ ਹਨ ਪਰ ਮਾਰਦੇ ਆਪਣਿਆਂ ਨੂੰ ਹੀ ਹਨ । ਛਪਾਰ ਦੇ ਮੇਲੇ ਵਿੱਚ ਲੁੱਚੀਆਂ ਬੋਲੀਆਂ ਪਾਉਣ ਵਾਲ਼ਿਆਂ ਦੇ ਲੱਗਦੇ ਵੱਖਰੇ ਅਖਾੜਿਆਂ ਵਾਂਗੂੰ, ਇਹ ਵੀ ਆਮ ਲੋਕਾਂ ਤੋਂ ਵੱਖਰੇ ਹੋ ਕੇ ਚੱਲਦੇ ਹਨ । ਪੰਜਾਬ ਦੇ ਲੋਕ ਨਾਲੇ ਸੁਣੀ ਜਾਂਦੇ ਹਨ ਤੇ ਨਾਲੇ ਮੂੰਹ ਵਿੱਚ ਗਾਹਲਾਂ ਕੱਢੀ ਜਾਂਦੇ ਹਨ ਪਰ ਕਿਸੇ ਨੂੰ ਕੋਈ ਰੋਕਦਾ ਤੇ ਟੋਕਦਾ ਨਹੀਂ । ਅਸੀਂ ਦਾਅਵਾ ਤਾਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਹੋਣ ਦਾ ਕਰਦੇ ਹਾਂ ਪਰ ਕਾਰੇ ਸਦੀਆਂ ਪਹਿਲਾਂ ਉਹਨਾਂ ਨੂੰ ਦਗਾ ਦੇਣ ਵਾਲ਼ੇ ਪਹਾੜੀ ਰਾਜਿਆਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਬਾਹ ਕਰਨ ਵਾਲ਼ੇ ਡੋਗਰਿਆਂ ਵਾਲ਼ੇ ਹੀ ਹਨ । ਗੁਰੂ ਸਾਹਿਬ ਜੀ ਨੇ ਤਾਂ ਲੋਕਾਂ ਖਾਤਰ ਆਪਣਾ ਸਾਰਾ ਪਰਿਵਾਰ ਹੀ ਵਾਰ ਦਿੱਤਾ ਸੀ ਪਰ ਅਸੀਂ ਆਪਣੀ ਜਾਨ ਤੇ ਜਾਇਦਾਦਾਂ ਬਚਾਉਣ ਦੀ ਖਾਤਰ ਸਭ ਕੁੱਝ ਭੁੱਲ ਭੁਲਾਅ ਗਏ ਹਾਂ । ਇਹ ਮੌਕਾਪ੍ਰਸ਼ਤੀ ਦੀ ਗੰਦੀ ਸਿਆਸਤ ਪੰਜਾਬ ਨੂੰ ਕਿੱਧਰ ਲੈ ਜਾਵੇਗੀ ? ਪੰਜਾਬ ਦੇ ਧਾਰਮਕ ਤੇ ਸਿਆਸੀ ਆਗੂ ਤਾਂ ਕਿਸੇ ਤੀਜੀ ਧਿਰ ਦੇ ਗੁਲਾਮ ਹੋ ਚੁੱਕੇ ਹਨ । ਇਹ ਸਭ ਗੰਦੇ ਕਿਰਦਾਰ ਵਾਲ਼ੇ ਤੇ ਸਿੱਖੀ ਦੇ ਗੱਦਾਰ ਬਣ ਗਏ ਹਨ । ਜੱਥੇਦਾਰ ਸਾਹਿਬ ਬਾਦਲਕਿਆਂ ਦੇ ਗੁਲਾਮ ਬਣ ਕੇ ਰਹਿ ਗਏ ਹਨ।ਉਹ ਲੋਕ ਅੱਖਾਂ ਤੋਂ ਨਹੀਂ, ਅਕਲੋੰ ਵੀ ਅੰਨ੍ਹੇ ਹੋ ਗਏ ਹਨ । ਅੰਨ੍ਹੀਂ ਸ਼ਰਧਾ ਵੱਸ ਸਮਾਜ ਨੂੰ ਵਰਨਾਂ ਤੇ ਜਾਤਾਂ ਪਾਤਾਂ ਵਿੱਚ ਵੰਡਣ ਵਾਲ਼ਿਆਂ ਦੇ ਮੁੜ੍ਹ ਗੁਲਾਮ ਬਣੀ ਜਾ ਰਹੇ ਹਨ। ਗੁਰਬਾਣੀ ਦੇ ‘ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ’ ਦੇ ਸੁਨਹਿਰੇ ਸਿਧਾਂਤ ਨੂੰ ਛੱਡਕੇ ਦੋਗਲੇ ਬਣ ਗਏ ਹਨ । ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਜ ਸਦੀਆਂ ਪਹਿਲਾਂ ਮਨੁੱਖਤਾ ਦੇ ਅਜਿਹੇ ਗੱਦਾਰ ਲੋਕਾਂ ਲਈ ਹੀ ਤਾਂ ਕਿਹਾ ਸੀ:
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥੩॥ ( ੬੬੨-੬੬੩)
ਤਾਇਆ ਬਿਸ਼ਨਾ ਕਹਿੰਦਾ ਹੈ “ਇਹਨਾਂ ਨਾਲੋਂ ਤਾਂ ਕੋਠੇ ਵਾਲ਼ੀ ਵੇਸ਼ਵਾ ਜ਼ਿਆਦਾ ਇੱਜ਼ਤਦਾਰ ਹੁੰਦੀ ਹੈ ਜਿਹੜੀ ਭਾਂਵੇਂ ਜਿਸਮ ਵੇਚਦੀ ਹੈ ਪਰ ਆਪਣੀ ਸੋਚ ਤੇ ਜ਼ਮੀਰ ਨਹੀਂ ਵੇਚਦੀ ਪਰ ਇੱਥੇ ਤਾਂ ਟੱਬਰ, ਕੁਣਬੇ ਤੇ ਪੂਰੀਆਂ ਬਰਾਦਰੀਆਂ ਹੀ ਵਿਕਾਉ ਹਨ, ਜਿਹਨਾਂ ਦੀਆਂ ਵੋਟਾਂ ਦਾ ਸੌਦਾ ਸਮਾਜ ਦੇ ਗੱਦਾਰ ਲੋਕ ਕਰ ਰਹੇ ਹਨ! ਵਿਦੇਸ਼ਾਂ ਨੂੰ ਜਾਣ ਲਈ ਜਿਹਨਾਂ ਨੇ ਰਿਸ਼ਤਿਆਂ ਦਾ ਘਾਣ ਕੀਤਾ ਹੈ। ਉਹ ਇੱਕ ਖਾਸ ਬਰਾਦਰੀ ਹੈ।
ਕਿੱਥੋਂ ਲੱਭੀਏ ਸਮਰਾਟ ਅਸ਼ੋਕ,
ਨਾਇਕ ਵਿਹੂਣੇ ਹੋ ਗਏ ਲੋਕ,
ਨਾ ਕੋਈ ਰੋਕ ਤੇ ਨਾ ਕੋਈ ਟੋਕ,
ਬੁੱਕਦੇ ਫਿਰਨ ਵਪਾਰੀ ਬੋਕ,
ਕੀਮਤ ਦੱਸ ਤੇ ਤਾਲ਼ੀ ਠੋਕ?
ਪੰਜਾਬ ਦੀ ਜੋ ਹਾਲਤ ਹੈ, ਉਹ ਤੁਸੀਂ ਜਾਣਦੇ ਹੀ ਹੋ ! ਘਰਾਂ ਵਿਚ ਵਿਹਲੇ ਬੈਠੇ ਕਿਰਤ ਵਿਹੂਣੇ ਲੋਕ ਨਾਮੁਰਾਦ ਬੀਮਾਰੀਆਂ ਤੋਂ ਅਵਾਜ਼ਾਰ ਹਨ, ਸਰਕਾਰੀ ਹਸਪਤਾਲਾਂ ਵਿਚ ਡਾਕਟਰ ਨਹੀਂ, ਦਵਾਈਆਂ ਨਹੀਂ, ਸਕੂਲਾਂ ਵਿੱਚ ਅਧਿਆਪਕ ਨਹੀਂ, ਪੜ੍ਹੇ ਲਿਖੇ ਨੌਜਵਾਨਾਂ ਕੋਲ਼ ਕੋਈ ਰੁਜਗਾਰ ਨਹੀਂ, ਕਿਸਾਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ਼ਦਾ, ਕਰਜ਼ੇ ਦੀ ਪੰਡ ਦਿਨੋਂ ਭਾਰੀ ਹੁੰਦੀ ਜਾ ਰਹੀ ਹੈ, ਮਜ਼ਦੂਰ ਹੱਥਲ਼ ਹੋਏ ਬੈਠੇ ਹਨ, ਧੀਆਂ ਸ਼ਗਨ ਦੀ ਉਡੀਕ ‘ਚ, ਬਜ਼ੁਰਗ ਬੁਢਾਪਾ ਪੈਨਸ਼ਨ ਦੀ ਉਡੀਕ ‘ਚ ਬੈਠੇ ਹਨ, ਬੇਰੁਜ਼ਗਾਰੀ ਦੀ ਭੰਨੀ ਜਵਾਨੀ ਨਸ਼ਿਆਂ ਦੀ ਦਲਦਲ ‘ਚ ਫਸ ਕੇ ਮਰਨ ਕਿਨਾਰੇ ਹੈ। ਥਾਣਿਆਂ ਤੇ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ । ਸਮਾਜ ਵਿਚ ਲੋਕਾਂ ਦੇ ਪੈਰਾਂ ਦੀਆਂ ਤਲੀਆਂ ਹੇਠ ਅੰਗਿਆਰ ਮਘ ਰਹੇ ਹਨ। ਉਹ ਹਰ ਤਰ੍ਹਾਂ ਦੇ ਅੰਗਿਆਰਾਂ ਉਪਰ ਤੁਰਨ ਦੇ ਆਦੀ ਹੋ ਗਏ ਹਨ। ਉਹਨਾਂ ਸਾਹਮਣੇ ਦੁਸ਼ਵਾਰੀਆਂ ਹੀ ਦੁਸ਼ਵਾਰੀਆਂ ਹਨ, ਬਚਣ ਦਾ ਕੋਈ ਰਸਤਾ ਨਹੀਂ। ਸਿਆਸੀ ਲੋਕ ਹੀ ਨਹੀਂ, ਸਮਾਜ ਵਿੱਚ ਹੋਰ ਵੀ ਬਥੇਰੀਆਂ ‘ਸਮਾਜ-ਸੇਵੀ’ ਸੰਸਥਾਵਾਂ ਹਨ, ਜਿਹੜੀਆਂ ਆਪੋ ਆਪਣੀ ਡਫਲੀ ਵਜਾ ਰਹੀਆਂ ਹਨ। ਧਰਮ ਦਾ ਚੋਲ਼ਾ ਪਾਈ ਬੈਠੇ ਅਖੌਤੀ ਸਾਧ, ਸੰਤ, ਬਾਬੇ ਤੇ ਮਨਘੜਤ ਸਵਰਗ ਨਰਕ ਦੀਆਂ ਗੱਲਾਂ ਕਰਨ ਵਾਲ਼ੇ ਪੁਜਾਰੀ, ਸਾਹਿਤ ਤੇ ਸੱਭਿਆਚਾਰ ਦੇ ਸੇਵਾਦਾਰ ਹੋਣ ਦਾ ਨਾਟਕ ਕਰਨ ਵਾਲ਼ੇ ਮੌਕਾਪ੍ਰਸਤ ਲੋਕ, ਸਭ ਆਪੋ ਆਪਣਾ ਰਾਗ ਅਲਾਪ ਰਹੇ ਹਨ। ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਇਹਨਾਂ ਵਿਚੋਂ ਉਹਨਾਂ ਦਾ ਵਫ਼ਾਦਾਰ ਕੌਣ ਹੈ ਤੇ ਗੱਦਾਰ ਕੌਣ? ਸਿਆਸੀ ਪਾਰਟੀਆਂ ਪੰਜ ਸਾਲ ਲੋਕਾਂ ‘ਤੇ ਰਾਜ ਕਰਦੀਆਂ ਹਨ ਤੇ ਲੋਕਾਂ ਨੂੰ ਲੁੱਟ ਪੁੱਟ ਕੇ ਆਪਣੀਆਂ ਤਜ਼ੌਰੀਆਂ ਭਰਦੀਆਂ ਹਨ। ਜਦੋਂ ਲੋਕ ਉਹਨਾਂ ਤੋਂ ਅੱਕ ਜਾਂਦੇ ਹਨ ਤਾਂ ਤਾਂ ‘ਉੱਤਰ ਕਾਂਟੋ ਮੈਂ ਚੜ੍ਹਾਂ’ ਦੇ ਸਿਧਾਂਤ ਤੇ ਅਮਲ ਕਰਦੇ ਹੋਏ ਲੋਕਾਂ ਦੀ ਨਕੇਲ ਵਿਰੋਧੀ ਨੂੰ ਫੜਾ ਕੇ ਘੱਟੋ ਘੱਟ ਪੰਜ ਸਾਲ ਲਈ ਸੰਨਿਆਸ ਆਸ਼ਰਮ ਧਾਰਨ ਕਰ ਲੈਂਦੀਆਂ ਹਨ। ਜਦ ਖਾਧਾ ਪੀਤਾ ਹਜ਼ਮ ਹੋ ਜਾਂਦਾ ਹੈ ਤੇ ਲੋਕ ਉਹਨਾਂ ਦੀਆਂ ਬਦਬਖਤੀਆਂ ਭੁੱਲ ਭੁਲਾਅ ਜਾਂਦੇ ਹਨ ਤਾਂ ਨਵਾਂ ਅਵਤਾਰ ਧਾਰਕੇ ਫਿਰ ਪਰਗਟ ਹੋ ਜਾਂਦੀਆਂ ਹਨ। ਇਹਨਾਂ ਦੀਆਂ ਬਦਬਖਤੀਆਂ ਕਰਕੇ ਆਮ ਵਰਗ ਹਰ ਪਾਸਿਓਂ ਹਨ੍ਹੇਰੇ ਵੱਲ ਵਧ੍ਹ ਰਿਹਾ ਹੈ। ਸਿਹਤ, ਸਿੱਖਿਆ ਤੇ ਰੁਜ਼ਗਾਰ ਵਿਹੂਣਾ ਹੋਇਆ ਅਵਾਮ ਅੱਜ ਅੱਕੀਂ ਪਲਾਹੀਂ ਹੱਥ ਮਾਰ ਰਿਹਾ ਹੈ। ਉਸ ਦੀ ਬਾਂਹ ਫੜ੍ਹਨ ਵਾਲਾਂ ਕੋਈ ਨਹੀਂ। ਬੇਉਮੀਦੇ ਲੋਕ ਕਦੇ ਡੇਰਿਆਂ ਵੱਲ ਦੌੜਦੇ ਹਨ, ਕਦੇ ਸਿਆਸੀ ਪਾਰਟੀਆਂ ਦੇ ਜਲਸਿਆਂ ਵੱਲ ਭੱਜਦੇ ਹਨ, ਕਦੇ ਉਹਨਾਂ ਨੂੰ ਇਹ ਲਗਦਾ ਹੈ ਕਿ ਕੋਈ ਹੋਰ ਉਹਨਾਂ ਦੀ ਡੁਬਦੀ ਬੇੜੀ ਬੰਨੇ ਲਾ ਦੇਵੇਗਾ। ਸਮਾਜ ਦੇ ਹਰ ਖੇਤਰ ਵਿਚ ਚੌਧਰੀਅ ਦੀ ਤਾਂ ਭਰਮਾਰ ਹੈ ਪਰ ਸਮਰਾਟ ਅਸ਼ੋਕ ਵਰਗਾ, ਗੁਰਬਾਣੀ ਰਚੇਤੇ ਪੈਂਤੀਆਂ ਮਹਾਂ ਪੁਰਖਾਂ ਵਰਗਾ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ, ਬੰਦਾ ਸਿੰਘ ਬਹਾਦਰ ਵਰਗਾ, ਮਹਾਰਾਜਾ ਰਣਜੀਤ ਸਿੰਘ ਵਰਗਾ, ਭੀਮਰਾਓ ਅੰਬੇਦਕਰ ਵਰਗਾ ਕੋਈ ਨਾਇਕ ਬਣਦਾ ਨਜ਼ਰ ਨਹੀਂ ਆ ਰਿਹਾ। ਜਿਹਨਾਂ ਸੰਸਥਾਵਾਂ ਨੇ ਨਾਇਕ ਤਿਆਰ ਕਰਨੇ ਸਨ, ਉਹ ਸਭ ਦੀਆਂ ਸਭ ਖੁਦ ਨਾਇਕ ਵਿਹੂਣੀਆਂ ਹੋ ਗਈਆਂ ਹਨ। ਇਸੇ ਕਰਕੇ ਉਹਨਾਂ ਨੂੰ ਆਪਣੀ ਆਪੋ-ਧਾਪੀ ਪਈ ਹੋਈ ਹੈ। ਸਿਆਸੀ ਆਗੂਆਂ ਨੇ ਆਮ ਲੋਕਾਂ ਨੂੰ ਸਿਰਫ਼ ਇੱਕ ‘ਵੋਟਰ’ ਬਣਾ ਕੇ ਰੱਖ ਦਿੱਤਾ ਹੈ ਤੇ ਉਹਨਾਂ ਅੰਦਰੋਂ ਇਨਸਾਨੀਅਤ ਮਾਰ ਮੁਕਾਅ ਦਿੱਤੀ ਹੈ। ਹਰ ਪੰਜ ਸਾਲ ਬਾਅਦ ਉਹਨਾਂ ਨੂੰ ਵਰਤ ਲਿਆ ਜਾਂਦਾ ਹੈ। ਪਾਰਟੀਆਂ ਫੱਟੇ ਤੇ ਝੰਡੇ ਬਦਲ ਬਦਲ ਕੇ ਰਾਜ ਕਰ ਰਹੀਆਂ ਹਨ। ਵਿਕਾਸ ਦੇ ਨਾਂ ‘ਤੇ ਲੋਕਾਂ ਦੇ ਦਿੱਤੇ ਟੈਕਸ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਹਨ। ਉਪਰ ਤੋਂ ਥੱਲੇ ਤੱਕ ਰਿਸ਼ਵਤ ਦਾ ਬੋਲ ਬਾਲਾ ਹੈ। ਭ੍ਰਿਸ਼ਟਾਚਾਰ ਦੀ ਦਲਦਲ ‘ਚ ਲੋਕ ਡੁੱਬ ਰਹੇ ਹਨ। ਬੀਮਾਰੀਆਂ ਨਾਲ਼ ਅਣਿਆਈ ਮੌਤੇ ਮਰ ਰਹੇ ਹਨ ਲੋਕ, ਨਸ਼ਿਆਂ ਦੀ ਲਤ ਲੱਗਣ ਨਾਲ਼ ਜਵਾਨੀ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਪੰਜਾਬ ਦੇ ਨੌਜਵਾਨਾਂ ਦੀ ਮਰਦਾਨਾ ਤਾਕਤ ਘਟ ਰਹੀ ਹੈ । ਹਾਲਾਤ ਦਿਨੋਂ ਦਿਨ ਗੰਭੀਰ ਹੋ ਰਹੇ ਹਨ। ਟੈਸਟ ਟਿਊਬ ਬੇਬੀ ਹਸਪਤਾਲ ਧੜਾਧੜ ਖੁੱਲ੍ਹ ਰਹੇ ਹਨ ਤੇ ਪੰਜਾਬੀਆਂ ਦੀ ਨਸਲ ਬਦਲੀ ਦੀਆਂ ਸਾਜ਼ਿਸ਼ਾਂ ਦੀਆਂ ਕੰਨਸੋਆਂ ਹਨ । ਪੰਜਾਬ ਵਿੱਚ ਨੇਪਾਲੀ ਤੇ ਗੜ੍ਹਵਾਲੀ ਬੀਜ ਬੀਜਣ ਦੀਆਂ ਅਫ਼ਵਾਹਾਂ ਉਡ ਰਹੀਆਂ ਹਨ ! ਪੰਜਾਬ ਦੀਆਂ ਕੁੜੀਆਂ ਤੇ ਮੁੰਡੇ ਵਿਦੇਸ਼ਾਂ ਨੂੰ ਜਾ ਰਹੇ ਹਨ। ਜਵਾਨੀ, ਬੌਧਿਕ ਸ਼ਕਤੀ ਤੇ ਸਰਮਾਇਆ ਵਿਦੇਸ਼ ਵੱਲ ਜਾ ਰਿਹਾ ਹੈ। ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਦੌੜ ਰਹੇ ਹਨ। ਕਾਰਖਾਨੇ ਬੰਦ ਹੋ ਰਹੇ ਹਨ, ਜਿਹਨਾਂ ਦੇ ਕੋਲ਼ ਰੁਜ਼ਗਾਰ ਸੀ, ਉਹ ਵੀ ਬੇਰੁਜ਼ਗਾਰ ਹੋ ਰਹੇ ਹਨ। ਹਰ ਤਰ੍ਹਾਂ ਦਾ ਮਾਫ਼ੀਆ ਰੂੜੀ ਦੇ ਢੇਰ ਵਾਂਗੂੰ ਲਗਾਤਾਰ ਵਧ੍ਹ ਰਿਹਾ ਹੈ। ਹਰ ਥਾਂ ‘ਤੇ ਮਾਫੀਆ ਦਾ ਕਬਜ਼ਾ ਹੈ। ਆਮ ਲੋਕਾਂ ਨੂੰ ਲੁੱਟਣ ਲਈ ਹਰ ਥਾਂ ਪੁਲਸ ਵਾਲ਼ੇ ਤੇ ਉਹਨਾਂ ਪਿੱਛੇ ਸਿਆਸਤਦਾਨ ਖੜ੍ਹੇ ਹਨ। ਜਿਹੜੇ ਪੁਲਸ ਵਾਲ਼ਿਆਂ ਤੇ ਸਿਆਸਤਦਾਨਾ ਨੇ ਆਮ ਲੋਕਾਂ ਦੀ ਰਾਖੀ ਕਰਨੀ ਸੀ ਉਹ ਆਪ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਲੋਕਾਂ ਕੋਲ਼ੋਂ ਲਿਖਣ ਤੇ ਬੋਲਣ ਦੀ ਆਜ਼ਾਦੀ ਖੋਹਣ ਲਈ ਸੰਵਿਧਾਨ ਦਾ ਨੱਕ ਮਰੋੜਿਆ ਜਾ ਰਿਹਾ ਹੈ। ਲੋਕਾਂ ਦੇ ਮਸਲੇ ਨਜਿੱਠਣ ਨਾਲ਼ੋਂ ਕੁਰਸੀ ਦੀ ਲੜਾਈ ਲਈ ਸਿਆਸੀ ਪਾਰਟੀਆਂ ਨੂੰ ਵੱਧ ਫਿਕਰ ਹੈ। ਇਸੇ ਕਰਕੇ ਇਹ ਸਿਆਸੀ ਚੌਧਰੀ ਇੱਕ ਦੂਜੇ ਦੇ ਖਿਲਾਫ਼ ਰੈਲੀਆਂ ਕਰਦੇ ਹਨ। ਜਿਹੜੇ ਲੋਕਾਂ ਦੀਆਂ ਜ਼ਮੀਰਾਂ ਮਰ ਗਈਆਂ ਹਨ, ਉਹ ਕੁੱਝ ਦਮੜਿਆਂ ਖਾਤਰ ਇਹਨਾਂ ਦੀਆਂ ਰੈਲੀਆਂ ਵਿੱਚ ਜਾਂਦੇ ਹਨ। ਸਿਆਸੀ ਮਦਾਰੀਆਂ ਨੇ ਅਚੂਕ ਨੁਸਖਾ ਲੱਭ ਲਿਆ ਹੈ। ਪਹਿਲਾਂ ਲੋਕਾਂ ਨੂੰ ਕਿਰਤਹੀਣ ਕਰੋ, ਫੇਰ ਉਹਨਾਂ ਨੂੰ ਮੁਫਤ ਦੀ ਚਾਟ ‘ਤੇ ਲਾ ਦਿਓ। ਉਹ ਕੋਹਲੂ ਦੇ ਅਸੀਲ ਬਲ਼ਦ ਵਾਂਗੂੰ ਅੱਖਾਂ ਮੀਟੀ ਮਗਰ ਮਗਰ ਤੁਰੇ ਆਉਣਗੇ। ਇਸ ਮੁਫ਼ਤਖੋਰੀ ਨੇ ਲੋਕਾਂ ਨੂੰ ਵੋਟਾਂ ਪੈਣ ਵੇਲੇ ਸਿਆਸੀ ਆਗੂਆਂ ਵਲੋਂ ਵੰਡੀ ਜਾ ਰਹੀ ਮੁਫ਼ਤ ਦੀ ਸ਼ਰਾਬ ਤੇ ਨਕਦ ਨਾਵੇਂ ਦਾ ਮੁਹਤਾਜ਼ ਬਣਾਕੇ ਰੱਖ ਦਿੱਤਾ ਹੈ। ਉਹ ਪੰਜ ਸਾਲ ਵੋਟਾਂ ਪੈਣ ਦੀ ਉਡੀਕ ਕਰਦੇ ਹਨ । ਆਪਣੀ ਇੱਜ਼ਤ, ਮਾਣ, ਬੋਲੀ, ਸੱਭਿਆਚਾਰ ਸਭ ਗਹਿਣੇ ਪਾ ਕੇ ਬੇਸ਼ਰਮੀ ਦਾ ਨੰਗਾ ਨਾਚ ਨੱਚਦੇ ਹਨ। ਹੁਣ ਨਾਇਕ ਵਿਹੂਣੇ ਹੋਏ ਪੰਜਾਬੀਆਂ ਦੀ ਬਾਂਹ ਫੜਨ ਵਾਲ਼ਾ ਕੋਈ ਵੀ ਨਿਧੜਕ ਆਗੂ ਕਿਸੇ ਵੀ ਪਾਸੇ ਨਜ਼ਰ ਨਹੀਂ ਆ ਰਿਹਾ। ਜਿਹੜੇ ਆਪਣੇ ਆਪ ਨੂੰ ‘ਨਾਇਕ ‘ ਹੋਣ ਦਾ ਆਪੇ ਹੀ ਖਿਤਾਬ ਲਈ ਬੈਠੇ ਹਨ ਉਹ ਸਭ ਆਪੋ ਆਪਣੀਆਂ ਰੋਟੀਆਂ ਸੇਕਦੇ ਨਜ਼ਰ ਆ ਰਹੇ ਹਨ। ਧਰਮ ਤੇ ਸਿਆਸਤ ਦਾ ਚੋਲ਼ਾ ਪਾਈ ਬੈਠੇ ਲੋਕ ਆਮ ਲੋਕਾਂ ਦੀਆਂ ਭੀੜਾਂ ਤਾਂ ਜ਼ਰੂਰ ‘ਕੱਠੀਆਂ ਕਰਦੇ ਹਨ ਪਰ ਉਹਨਾਂ ਨੂੰ ਰਾਹੇ ਪਾਉਣ ਦੀ ਥਾਂ ਕੁਰਾਹੇ ਪਾ ਰਹੇ ਹਨ। ਇੱਕ ਸੋਹਣਾ ਸਮਾਜ ਬਣਾਉਣ ਦੇ ਢੰਗ ਤਰੀਕੇ ਕੋਈ ਵੀ ਨਹੀਂ ਦੱਸ ਰਿਹਾ। ਹੁਣ ਸਾਨੂੰ ਰਸੂਲ ਹਮਜ਼ਾਤੋਵ ਦੀਆਂ ਗੱਲਾਂ ਚੇਤੇ ਆਉਦੀਆਂ ਹਨ ਜਿਹੜਾ ਕਹਿ ਗਿਆ ਹੈ ਕਿ ‘ਸਾਨੂੰ ਆਪਣੇ ਰਸਤੇ ਆਪ ਚੁਨਣੇ ਤੇ ਬਣਾਉਣੇ ਚਾਹੀਦੇ ਹਨ।’ ਅਸੀਂ ਤਾਂ ਬਣੇ ਬਣਾਏ ਰਸਤਿਆਂ ਉਪਰ ਤੁਰਨ ਦੇ ਆਦੀ ਹੋ ਗਏ ਹਾਂ। ਅਸੀਂ ਕਦੋਂ ਤੱਕ ਆਪਣੇ ‘ਫਰਜ਼ਾਂ ਵੱਲ ਪਿੱਠ ਕਰੀ ਰੱਖਾਂਗੇ? ਸਾਡੇ ਮਹਾਨ ਗੁਰੂ ਇਸ ਧਰਤੀ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਗਏ ਸਨ। ਅਜੋਕੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਮਹਾਂ ਨਾਇਕ ਹਨ, ਜਿੱਥੋਂ ਸੇਧ ਲੈਕੇ ਅਸਾਂ ਆਪਣੀ ਆਜ਼ਾਦ ਹਸਤੀ ਕਾਇਮ ਰੱਖਣੀ ਹੈ। ਜਦੋਂ ਤੱਕ ਅਸੀਂ ਸ਼ਬਦ-ਗੁਰੂ ਦੇ ਲੜ ਨਹੀਂ ਲੱਗਦੇ ਅਸੀਂ ਨਾਇਕ ਵਿਹੂਣੇ ਹੀ ਰਹਾਂਗੇ। ਸ਼ਬਦ ਨੇ ਸਾਨੂੰ ਚੇਤਨਾ ਦੇਣੀ ਹੈ ਪਰ ਅਸੀਂ ਤਾਂ ‘ਸ਼ਬਦ’ ਦੀ ਰਮਜ਼ ਪਛਾਨਣ ਦੀ ਥਾਂ ਮਨਘੜਤ ਸਾਖੀਆਂ ਤੇ ਨਿਰਭਰ ਹੋ ਗਏ ਹਾਂ। ਸ਼ਬਦ ਗੁਰੂ ਨਾਲ਼ੋਂ ਟੁੱਟ ਕੇ ਦੇਹਧਾਰੀਆਂ ਦੇ ਡੇਰਿਆਂ ਵੱਲ ਤੁਰ ਪਏ ਹਾਂ । ਕੀ ਉਹ ਡੇਰੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਵੀ ਹਨ ? ਉਹ ਤਾਂ ਉਹਨਾਂ ਸਿਰਫ਼ ਮੱਥਾ ਟਿਕਵਾਉਣ, ਪੈਸੇ ਕਮਾਉਣ ਤੇ ਲੋਕਾਂ ਨੂੰ ਭਰਮਾਉਣ ਖਾਤਰ ਹੀ ਰੱਖਿਆ ਹੋਇਆ ਹੈ। ਉਹ ਸਭ ਗੁਰਮਤਿ ਦਾ ਰਾਹ ਛੱਡਕੇ ਕਰਮਕਾਂਡਾਂ ਦੇ ਜੰਗਲ਼ ਵਿਚ ਗਵਾਚਦੇ ਜਾ ਰਹੇ ਹਨ। ਉਹਨਾਂ ਮਗਰ ਲੱਗ ਕੇ ਅਸੀਂ ਵੀ ਸ਼ਬਦ ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਾਂ ! ਪਤਾ ਨਹੀਂ ਹੁਣ ਕਦੋਂ ਵਾਪਸ ਪਰਤਾਂਗੇ ਆਪਾਂ ? ਕਦੋਂ ਜਿਊਂਦੇ ਜਾਗਦੇ ਹੋਣ ਦਾ ਸਾਨੂੰ ਹੋਵੇਗਾ ਅਹਿਸਾਸ? ਸਾਡੇ ਅੰਦਰੋਂ ਮਰ ਚੁੱਕੀ ਮਨੁੱਖਤਾ ਕਦੋਂ ਜਾਗੇਗੀ? ਹਾਲਾਤ ਕਹਿੰਦੇ ਹਨ ਕਿ ਹੁਣ ਸਾਨੂੰ ਆਪਣਾ ਨਾਇਕ ਖੁਦ ਹੀ ਬਣਨਾ ਪਵੇਗਾ। ਗਰਜਾਂ ਛੱਡਕੇ ਫਰਜ਼ਾਂ ਦੀ ਜੰਗ ਲੜਨ ਲਈ ਤੁਰਨਾ ਪਵੇਗਾ। ਹੁਣ ਕਿਸੇ ਸ਼ਹੀਦ ਭਗਤ ਸਿੰਘ ਨੇ ਵਾਪਸ ਨਹੀਂ ਆਉਣਾ। ਸਾਡੇ ਕੋਲ਼ ਇੱਕ ਹੀ ਰਸਤਾ ਹੈ ਕਿ ਖੁਦ ਭਗਤ ਸਿੰਘ ਬਣ ਜਾਈਏ। ਖੁਦ ਨਾਇਕ ਬਣੀਏ, ਜ਼ਾਲਮਾਂ ਦੀ ਹਿੱਕ ਦਲੀਏ।
ਲੋਕਾ ਜਾਗ ਬਈ ਆ…
ਹੁਣ ਜਾਗੋ ਆਈ ਆ.
ਸ਼ਬਦ ਗੁਰੂ ਦੀ ਜੋਤ ਜਗਾ ਲੈ,
ਸਭ ਨੂੰ ਆਪਣੇ ਨਾਲ਼ ਰਲ਼ਾ ਲੈ,
ਬਈ ਹੁਣ ਜਾਗੋ ਆਈ ਆ…
ਬਿਨਾਂ ਕਿਤਾਬਾਂ ਅਕਲ ਨਾ ਆਉਂਦੀ,
ਹਰ ਕਿਤਾਬ ਕੁੱਝ ਨਵਾਂ ਸਿਖਾਉਂਦੀ,
ਦੋਸਤ ਇਹਨੂੰ ਬਣਾ ਲੈ,
ਬਈ ਹੁਣ ਜਾਗੋ ਆਈ ਆ…
ਕਿਤਾਬ ਨੂੰ ਨਾਇਕ ਬਣਾ ਲੈ
ਬਈ ਹੁਣ ਜਾਗੋ ਆਈ ਆ…
ਹੁਣ ਪੰਜਾਬੀਓ ਸੋਚੋ, ਤੁਹਾਡਾ ਕੀ ਬਣੇਗਾ ?
ਅਬ ਤੇਰਾ ਕਿਆ ਹੋਗਾ….ਪੰਜਾਬ ਸਿਆਂ…
ਸਾਰੀ ਗੁਰਬਾਣੀ ਬੰਦੇ ਦੇ ਮਨ ਨੂੰ ਸੰਬੋਧਨ ਕਰਦੀ ਹੈ, ਆਪਣੇ ਫ਼ਰਜ਼ਾਂ ਤੋਂ ਭਟਕ ਗਏ ਲੋਕਾਂ ਨੂੰ ਗੁਰਬਾਣੀ ਤਾਅਨੇ ਮਿਹਣੇ ਦੇਂਦੀ ਹੈ, ਫਿਟਕਾਰਾਂ ਪਾਉਂਦੀ ਹੈ। ਤਾਂਹੀ ਤਾਂ ਕਹਿੰਦੀ ਹੈ:
ਖਤ੍ਰੀਆ ਤ ਧਰਮ ਛੋਡਿਆ ਮਲੇਛ ਭਾਖਿਆ ਗਹੀ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਕਹੀ ॥ (੬੬੨-੬੩)
ਹੱਕ ਸੱਚ ਦੀ ਲੜਾਈ ਲੜਨ ਵਾਲੇ ਸਾਡੇ ਪੈਂਤੀ ਮਹਾਂਪੁਰਖ, ਮੁਗਲਾਂ ਤੋਂ ਰਾਜ ਖੋਹਣ ਵਾਲ਼ੇ ਅਠਾਰਵੀਂ ਸਦੀ ਦੇ ਸਿੰਘ ਸ਼ਹੀਦ, ਵੀਹਵੀਂ ਸਦੀ ਦੇ ਦੇਸ਼ ਭਗਤ ਗਦਰੀ ਬਾਬੇ, ਸਾਰੇ ਹੀ ਜਰੂਰ ਤੁਹਾਨੂੰ ਲਾਹਨਤਾਂ ਪਾ ਰਹੇ ਹੋਣਗੇ ! ਪਰ ਤੁਹਾਨੂੰ ਤੇ ਉਹ ਸੁਣਦੀਆਂ ਹੀ ਨਹੀਂ ! ਤੁਹਾਨੂੰ ਤੇ ਚਾਰ ਚੁਫੇਰੇ ਈਡੀ ਵਾਲ਼ੀਆਂ ਕੀੜੀਆਂ ਦੇ ਭੌਣ ਹੀ ਦਿਸ ਰਹੇ ਹਨ ! ਯਾਦ ਰੱਖਿਓ ਜਿਵੇਂ ‘ਗਦਰ ਲਹਿਰ’ ਦੇ ਗੱਦਾਰ ਕਿਰਪਾਲ ਸਿੰਘ ਨੂੰ ਲੋਕ ਅੱਜ ਤਕ ਲਾਹਨਤਾਂ ਪਾਉਂਦੇ ਹਨ, ਉਸੇ ਤਰ੍ਹਾਂ ਪੰਜਾਬ ਦੇ ਹਿੱਤ ਵੇਚਣ ਵਾਲ਼ੇ ਟਕੇ ਟਕੇ ਲਈ ਵਿਕਾਊ ਸਿਆਸਤਦਾਨੋਂ, ਇਤਿਹਾਸ ਨੇ ਤੁਹਾਨੂੰ ਬਖਸ਼ਣਾ ਨਹੀਂ ਹੈ !
…..
ਬੁੱਧ ਸਿੰਘ ਨੀਲੋਂ
94643 70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly