ਬਸਪਾ ਦੀ ਪੰਜਾਬ ਸੰਭਾਲੋ ਰੈਲੀ ਵਿੱਚ ਮੀਂਹ ਦੇ ਬਾਵਜੂਦ ਲੋਕਾਂ ਦਾ ਆਇਆ ਹੜ੍ਹ, ਲੋਕਾਂ ਦੇ ਭਾਰੀ ਇਕੱਠ ਵਿਚਕਾਰ ਬਸਪਾ ਨੇ ਪੰਜਾਬ ਵਿੱਚੋਂ ਡਰੱਗ ਮਾਫੀਆ ਦੇ ਖਾਤਮੇ ਦਾ ਲਿਆ ਸੰਕਲਪ

ਸੂਬੇ ਵਿੱਚ 2027 ਵਿੱਚ ਸਰਕਾਰ ਬਣਾ ਕੇ ਬਸਪਾ ਖੁਸ਼ਹਾਲ ਪੰਜਾਬ ਦਾ ਨਿਰਮਾਣ ਕਰੇਗੀ — ਰਣਧੀਰ ਬੈਣੀਵਾਲ, ਡਾ. ਅਵਤਾਰ ਸਿੰਘ ਕਰੀਮਪੁਰੀ

ਫਗਵਾੜਾ (ਸਮਾਜ ਵੀਕਲੀ)  ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਥਾਪਕ ਸਾਹਿਬ ਕਾਂਸ਼ੀਰਾਮ ਦੇ ਜਨਮਦਿਵਸ ਮੌਕੇ ਅੱਜ 15 ਮਾਰਚ ਨੂੰ ਪਾਰਟੀ ਵੱਲੋਂ ਫਗਵਾੜਾ ਦੀ ਦਾਣਾ ਮੰਡੀ ਵਿੱਚ ਪੰਜਾਬ ਸੰਭਾਲੋ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਲੋਕਾਂ ਦਾ ਭਾਰੀ ਇਕੱਠ ਹੋਇਆ, ਜਿਸ ਕਰਕੇ ਪੰਡਾਲ ਵੀ ਛੋਟਾ ਪੈ ਗਿਆ। ਰੈਲੀ ਵਾਲੇ ਸਥਾਨ ਦੇ ਬਾਹਰ ਵੀ ਪੰਡਾਲ ਨਾਲੋਂ ਦੁੱਗਣੀ ਗਿਣਤੀ ਵਿੱਚ ਲੋਕ ਮੀਂਹ ਵਿੱਚ ਹੀ ਖੜੇ ਰਹੇ। ਖਰਾਬ ਮੌਸਮ ਦੇ ਬਾਵਜੂਦ ਇਸ ਸੂਬਾ ਪੱਧਰੀ ਰੈਲੀ ਵਿੱਚ ਪੰਜਾਬ ਦੇ ਲੋਕ ਭਾਰੀ ਉਤਸ਼ਾਹ ਨਾਲ ਪਹੁੰਚੇ ਅਤੇ ਔਰਤਾਂ, ਬੱਚੇ, ਬਜ਼ੁਰਗ ਤੇ ਨੌਜਵਾਨ ਮੀਂਹ ਵਿੱਚ ਹੀ ਬੈਠੇ ਰਹੇ। ਇਸ ਰੈਲੀ ਦੌਰਾਨ ਨਸ਼ਾ, ਬੇਰੁਜ਼ਗਾਰੀ, ਮਾੜੀ ਸਿਹਤ-ਸਿੱਖਿਆ ਵਿਵਸਥਾ, ਬਦਹਾਲ ਕਾਨੂੰਨ ਵਿਵਸਥਾ ਆਦਿ ਮੁੱਦੇ ਚੁੱਕੇ ਗਏ ਤੇ ਨਾਲ ਹੀ ਸਾਲ 2027 ਵਿੱਚ ਸੂਬੇ ਵਿੱਚ ਬਸਪਾ ਸਰਕਾਰ ਬਣਾ ਕੇ ਖੁਸ਼ਹਾਲੀ, ਤਰੱਕੀ ਅਤੇ ਭਾਈਚਾਰੇ ’ਤੇ ਆਧਾਰਿਤ ਪੰਜਾਬ ਦਾ ਨਿਰਮਾਣ ਕਰਨ ਦਾ ਸੰਕਲਪ ਲਿਆ ਗਿਆ।
ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਪ੍ਰਧਾਨਗੀ ਵਿੱਚ ਹੋਈ ਇਸ ਰੈਲੀ ਵਿੱਚ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ, ਜਦਕਿ ਸੂਬਾ ਇੰਚਾਰਜ ਵਿਪੁਲ ਕੁਮਾਰ, ਵਿਧਾਇਕ ਡਾ. ਨਛੱਤਰ ਪਾਲ, ਪ੍ਰਜਾਪਤੀ ਅਜੀਤ ਸਿੰਘ ਭੈਣੀ ਤੇ ਕੁਲਦੀਪ ਸਿੰਘ ਸਰਦੂਲਗੜ ਵਿਸ਼ੇਸ਼ ਤੌਰ ’ਤੇ ਰੈਲੀ ਵਿੱਚ ਸ਼ਾਮਲ ਹੋਏ। ਇਸ ਦੌਰਾਨ ਸਾਹਿਬ ਕਾਂਸ਼ੀ ਰਾਮ ਦੇ ਭੈਣ ਕੁਲਵੰਤ ਕੌਰ ਵੀ ਪਹੁੰਚੇ। ਮੰਚ ਦਾ ਸੰਚਾਲਨ ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕੀਤਾ। ਇਸ ਰੈਲੀ ਨੂੰ ਸੰਬੋਧਿਤ ਕਰਦਿਆਂ ਪਾਰਟੀ ਦੇ ਰਾਸ਼ਟਰੀ ਕੋਆਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਸਾਹਿਬ ਕਾਂਸ਼ੀਰਾਮ ਨੇ ਪੰਜਾਬ ਦੀ ਧਰਤੀ ਤੋਂ ਉਠ ਕੇ ਦੇਸ਼ ਭਰ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦੇ ਅੰਦੋਲਨ ਨੂੰ ਅੱਗੇ ਵਧਾਇਆ। ਉਹ ਪੰਜਾਬ ਦੀ ਧਰਤੀ ਨੂੰ ਕਰੋੜਾਂ ਵਾਰ ਸਿਜਦਾ ਕਰਦੇ ਹਨ, ਜਿੱਥੇ ਸਾਹਿਬ ਕਾਂਸ਼ੀ ਰਾਮ ਨੇ ਜਨਮ ਲਿਆ। ਸ੍ਰੀ ਬੈਣੀਵਾਲ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਨੇ ਮਿਲ ਕੇ ਬਸਪਾ ਨੂੰ ਖਤਮ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਇਹ ਸਭ ਫੇਲ੍ਹ ਸਾਬਿਤ ਹੋਈਆਂ। ਬਸਪਾ ਸੰਗਠਨ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਜਿਸਦੀ ਬਦੌਲਤ ਦੇਸ਼ ਦੇ ਦੂਜੇ ਸੂਬਿਆਂ ਦੇ ਨਾਲ-ਨਾਲ ਪੰਜਾਬ ਵਿੱਚ ਵੀ ਬਸਪਾ ਦਾ ਉਭਾਰ ਹੋ ਰਿਹਾ ਹੈ ਤੇ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਵਿੱਚ ਬਸਪਾ ਸੂਬੇ ਦੀ ਸੱਤਾ ਦਾ ਕੇਂਦਰ ਬਣੇਗੀ। ਉਨ੍ਹਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਸਾਹਿਬ ਕਾਂਸ਼ੀ ਰਾਮ ਦੇ ਜਨਮਦਿਵਸ ਦੀ ਵਧਾਈ ਦਿੱਤੀ।
ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਅੱਜ ਪੰਜਾਬ ਨਸ਼ੇ, ਬੇਰੁਜ਼ਗਾਰੀ, ਕਰਜ਼ੇ, ਮਾੜੀ ਕਾਨੂੰਨ ਵਿਵਸਥਾ, ਬਦਹਾਲ ਸਿਹਤ-ਸਿੱਖਿਆ ਵਿਵਸਥਾ ਆਦਿ ਮੁਸ਼ਕਿਲਾਂ ਵਿੱਚ ਘਿਰਿਆ ਨਜ਼ਰ ਆਉਂਦਾ ਹੈ। ਸੂਬੇ ਦੀਆਂ ਪਿਛਲੀਆਂ ਭਾਜਪਾ, ਅਕਾਲੀ ਦਲ, ਕਾਂਗਰਸ ਤੇ ਮੌਜ਼ੂਦਾ ਆਪ ਸਰਕਾਰਾਂ ਦੇ ਰਾਜ ਵਿੱਚ ਨਸ਼ਾ ਖਤਮ ਹੋਣ ਦੀ ਜਗ੍ਹਾ ਹੋਰ ਵਧਿਆ ਹਨ। ਡਰੱਗ ਮਾਫੀਆ ਪੰਜਾਬ ਦੀ ਜਵਾਨੀ ਨੂੰ ਨਿਗਲਦਾ ਆ ਰਿਹਾ ਹੈ ਤੇ ਦੂਜੇ ਪਾਸੇ ਇਹ ਸਰਕਾਰਾਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੀ ਜਗ੍ਹਾ ਸਿਰਫ ਖਾਨਾਪੂਰਤੀ ਕਰਨ ਲੱਗੀ ਹੋਈ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ 2027 ਵਿੱਚ ਬਸਪਾ ਸੂਬੇ ਵਿੱਚ ਸਰਕਾਰ ਬਣਾ ਕੇ ਡਰੱਗ ਮਾਫੀਆ ਦਾ ਸਫਾਇਆ ਕਰੇਗੀ।
ਇਸੇ ਤਰ੍ਹਾਂ ਉਨ੍ਹਾਂ ਬੇਰੁਜ਼ਗਾਰੀ ਦਾ ਮੁੱਦੇ ਚੁੱਕਦੇ ਹੋਏ ਕਿਹਾ ਕਿ ਸੂਬੇ ਵਿੱਚ ਰਾਜ ਕਰਨ ਵਾਲੀਆਂ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ, ਜਿਸ ਕਰਕੇ ਮਜਬੂਰੀ ਵਿੱਚ ਉਨ੍ਹਾਂ ਨੂੰ ਘਰ-ਪਰਿਵਾਰ ਛੱਡ ਕੇ ਵਿਦੇਸ਼ਾਂ ਦਾ ਰੁਖ਼ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਇਨ੍ਹਾਂ ਸਰਕਾਰਾਂ ਨੇ ਮਾਂਵਾਂ ਤੋਂ ਪੁੱਤ ਤੇ ਧੀਆਂ ਤੋਂ ਭਰਾਵਾਂ ਨੂੰ ਅਲੱਗ ਕਰਕੇ ਪਰਿਵਾਰ ਵਿਛੋੜੇ ਦਾ ਪ੍ਰੋਗਰਾਮ ਬਣਾਇਆ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਸੂਬੇ ਵਿੱਚ ਬਸਪਾ ਲੋਕਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੇਗੀ ਅਤੇ ਉਨ੍ਹਾਂ ਨੂੰ ਉਜੜਨ ਤੋਂ ਰੋਕੇਗੀ। ਸਿੱਖਿਆ ਦਾ ਮੁੱਦਾ ਚੁੱਕਦੇ ਹੋਏ ਉਨ੍ਹਾਂ ਕਿਹਾ ਸਰਕਾਰੀ ਸਕੂਲਾਂ ਵਿੱਚ ਟੀਚਰਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਉਨ੍ਹਾਂ ਦੀਆਂ ਸੀਟਾਂ ਖਾਲੀ ਹਨ। ਇਸੇ ਤਰ੍ਹਾਂ ਸੂਬੇ ਵਿੱਚ ਬਣੀਆਂ ਸਰਕਾਰਾਂ ਨੇ ਮੁਫਤ ਸਿੱਖਿਆ ਦਾ ਕਾਨੂੰਨ ਲਾਗੂ ਨਹੀਂ ਕੀਤਾ। ਆਪ ਸਰਕਾਰ ਦੇ ਸਿਹਤ ਕ੍ਰਾਂਤੀ ਦੇ ਦਾਅਵੇ ’ਤੇ ਸਵਾਲ ਚੁੱਕਦੇ ਹੋਏ ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਵਿੱਚ ਸਿਹਤ ਵਿਵਸਥਾ ਬਦਹਾਲ ਹੈ। ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰ ਦੇ ਮੰਤਰੀ ਖੁਦ ਆਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾ ਰਹੇ ਹਨ। ਬਸਪਾ ਸੂਬਾ ਪ੍ਰਧਾਨ ਨੇ ਸੂਬੇ ਦੀ ਮਾੜੀ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਕਤਲ, ਫਿਰੌਤੀ, ਲੁੱਟ ਖੋਹ ਦੀਆਂ ਘਟਨਾਵਾਂ ਹੋ ਰਹੀਆਂ ਹਨ, ਜਿਸ ਕਰਕੇ ਲੋਕ ਖੁਦ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ। ਜਿਸ ਤਰ੍ਹਾਂ ਬਸਪਾ ਨੇ ਆਪਣੀ ਸਰਕਾਰ ਦੌਰਾਨ ਉਤਰ ਪ੍ਰਦੇਸ਼ ਵਿੱਚ ਅਪਰਾਧੀਆਂ ’ਤੇ ਸ਼ਿਕੰਜਾ ਕੱਸ ਕੇ ਉੱਥੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ, ਉਸੇ ਤਰ੍ਹਾਂ 2027 ਵਿੱਚ ਸੂਬੇ ਦੀ ਕਮਾਨ ਸੰਭਾਲ ਕੇ ਬਸਪਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਰੁੱਸਤ ਕਰੇਗੀ। ਇਸੇ ਤਰ੍ਹਾਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਸਾਨੀ, ਵਪਾਰ, ਇੰਡਸਟਰੀ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਚੁੱਕਦੇ ਹੋਏ ਇਨ੍ਹਾਂ ਦੇ ਹੱਲ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੀਂਹ ਦੇ ਬਾਵਜੂਦ ਪੰਜਾਬ ਸੰਭਾਲੋ ਰੈਲੀ ਵਿੱਚ ਸੂਬੇ ਦੇ ਲੋਕ ਹੜ੍ਹ ਵਾਂਗ ਪਹੁੰਚੇ ਹਨ, ਉਹ ਇਸ ਗੱਲ ਦਾ ਸੰਕੇਤ ਹੈ ਕਿ ਉਹ ਬਸਪਾ ਰਾਹੀਂ ਪੰਜਾਬ ਨੂੰ ਸੰਭਾਲਣ ਲਈ ਤਿਆਰ ਹਨ। ਉਨ੍ਹਾਂ ਨੇ ਡਰੱਗ ਮਾਫੀਆ ਦੇ ਖਾਤਮੇ ਲਈ ਬਸਪਾ ਨੂੰ ਅਸ਼ੀਰਵਾਦ ਦੇ ਦਿੱਤਾ ਹੈ।
ਬਸਪਾ ਸੂਬਾ ਇੰਚਾਰਜ ਵਿਪੁਲ ਕੁਮਾਰ, ਵਿਧਾਇਕ ਡਾ. ਨਛੱਤਰ ਪਾਲ, ਪ੍ਰਜਾਪਤੀ ਅਜੀਤ ਸਿੰਘ ਭੈਣੀ ਤੇ ਕੁਲਦੀਪ ਸਿੰਘ ਸਰਦੂਲਗੜ ਨੇ ਵੀ ਇਸ ਰੈਲੀ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਭਲਾ ਸਿਰਫ ਬਸਪਾ ਰਾਹੀਂ ਹੀ ਹੋ ਸਕਦਾ ਹੈ। ਇਸ ਲਈ ਸੂਬੇ ਦੇ ਲੋਕ ਬਸਪਾ ਦੇ ਬੈਨਰ ਹੇਠ ਆ ਕੇ ਖੁਸ਼ਹਾਲ ਪੰਜਾਬ ਬਣਾਉਣ ਵੱਲ ਕਦਮ ਵਧਾਉਣ। ਬਸਪਾ ਦੀ ਪੰਜਾਬ ਸੰਭਾਲੋ ਰੈਲੀ ਲਈ ਪੂਰੇ ਫਗਵਾੜਾ ਨੂੰ ਨੀਲੀਆਂ ਝੰਡੀਆਂ, ਫਲੈਕਰਾਂ ਤੇ ਝੰਡਿਆਂ ਨਾਲ ਸਜਾਇਆ ਗਿਆ ਸੀ। ਇਸ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਬਸਪਾ ਆਗੂ ਹਰਭਜਨ ਬਲਾਲੋਂ, ਹਰਭਜਨ ਸਿੰਘ ਬਜਹੇੜੀ, ਪ੍ਰਵੀਨ ਬੰਗਾ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਚੌਧਰੀ ਗੁਰਨਾਮ ਸਿੰਘ, ਭਗਵਾਨ ਸਿੰਘ ਚੌਹਾਨ, ਗੁਰਮੇਲ ਚੁੰਬਰ, ਇੰਜ. ਜਸਵੰਤ ਰਾਏ, ਲਾਲ ਸਿੰਘ ਸੁਲਹਾਣੀ, ਓਮ ਪ੍ਰਕਾਸ਼ ਸਰੋਏ, ਪਰਮਜੀਤ ਮੱਲ, ਤਰਸੇਮ ਥਾਪਰ, ਤੀਰਥ ਰਾਜਪੁਰਾ, ਲਾਲ ਚੰਦ ਔਜਲਾ, ਰਾਜਾ ਰਜਿੰਦਰ ਸਿੰਘ ਨਨਹੇੜੀਆ, ਲੇਖਰਾਜ ਜਮਾਲਪੁਰੀ, ਹਰਭਜਨ ਖਲਵਾੜਾ, ਪਰਮਜੀਤ ਖਲਵਾੜਾ, ਇੰਜ ਪ੍ਰਦੀਪ ਮੱਲ, ਕੌਂਸਲਰ ਚਿਰੰਜੀ ਲਾਲ, ਕੌਂਸਲਰ ਅਮਨਦੀਪ ਕੌਰ, ਕੌਂਸਲਰ ਦਵਿੰਦਰ ਗੋਗਾ, ਦਲਜੀਤ ਰਾਏ, ਗੁਰਬਖਸ਼ ਸਿੰਘ ਚੌਹਾਨ, ਸੰਤ ਰਾਮ ਮੱਲੀਆਂ, ਬਲਦੇਵ ਮਹਿਰਾ, ਮੱਖਣ ਸਿੰਘ, ਚਮਕੌਰ ਵੀਰ, ਅਮਰਜੀਤ ਝਲੂਰ, ਰਾਕੇਸ਼ ਦਾਤਾਰਪੁਰੀ, ਸ਼ੀਤਲ ਕਪੂਰਥਲਾ , ਸੁਰਜੀਤ ਭੁੱਲਾਰਾਈ, ਕੁਲਦੀਪ ਭੱਟੀ, ਰਮੇਸ਼ ਕੌਲ, ਪਰਮਿੰਦਰ ਬੋਧ, ਮਨੋਹਰ ਜੱਖੂ ਆਦਿ ਆਗੂ ਵੀ ਮੌਜ਼ੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸਾਹਿਬ ਸ਼੍ਰੀ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਨੇ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦੇ ਕੇ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆ
Next articleਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਦਾ ਨਵਾਂਸ਼ਹਿਰ ਪਹੁੰਚਣ ਤੇ ਕੀਤਾ ਨਿਘਾਹ ਸਵਾਗਤ।