ਲਖਨਊ (ਸਮਾਜ ਵੀਕਲੀ): ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ 53 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਆਪਣੇ ਜਨਮ ਦਿਨ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਸਪੱਸ਼ਟ ਕੀਤਾ ਕਿ ਉਹ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਪਰ ਜੇਕਰ ਪਾਰਟੀ ਸੱਤਾ ’ਚ ਆਈ ਤਾਂ ਉਹ ਵਿਧਾਨ ਪ੍ਰੀਸ਼ਦ ਦਾ ਰਾਹ ਅਪਣਾਉਣਗੇ। ਮਾਇਆਵਤੀ ਨੇ ਸਮਾਜਵਾਦੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਉਸ ਦੇ ਪਿਛਲੇ ਰਿਕਾਰਡ ਤੋਂ ਸਾਬਤ ਹੁੰਦਾ ਹੈ ਕਿ ਉਹ ਦਲਿਤ ਵਿਰੋਧੀ ਹਨ। ਉਨ੍ਹਾਂ ਕਿਹਾ ਕਿ 2012 ’ਚ ਸੱਤਾ ’ਚ ਆਉਣ ’ਤੇ ਅਖਿਲੇਸ਼ ਯਾਦਵ ਦੀ ਅਗਵਾਈ ਹੇਠਲੀ ਪਾਰਟੀ ਨੇ ਸੰਤ ਰਵਿਦਾਸ ਨਗਰ ਦਾ ਨਾਮ ਮੁੜ ਭਦੋਹੀ ਕਿਉਂ ਕਰ ਦਿੱਤਾ ਸੀ। ਇਕ ਹੋਰ ਮਿਸਾਲ ਦਿੰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਨੇ ਦਲਿਤਾਂ ਨੂੰ ਸਰਕਾਰੀ ਨੌਕਰੀਆਂ ’ਚ ਤਰੱਕੀ ਦੇਣ ਵਾਲੇ ਬਿੱਲ ਨੂੰ ਪਾੜ ਦਿੱਤਾ ਸੀ ਜੋ ਅਜੇ ਤੱਕ ਬਕਾਇਆ ਪਿਆ ਹੈ।
ਬਸਪਾ ਮੁਖੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਕੈਬਨਿਟ ਮੰਤਰੀ ਅਤੇ ਓਬੀਸੀ ਆਗੂ ਸਵਾਮੀ ਪ੍ਰਸਾਦ ਮੌਰਿਆ ਸਮੇਤ ਕੁਝ ਹੋਰ ਆਗੂ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਇਨ੍ਹਾਂ ਆਗੂਆਂ ਨੇ ਯੋਗੀ ਆਦਿੱਤਿਆਨਾਥ ਸਰਕਾਰ ’ਤੇ ਦਲਿਤਾਂ ਅਤੇ ਪੱਛੜੇ ਵਰਗਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਸਨ। ਅਜਿਹੇ ਹੀ ਦੋਸ਼ ਮਾਇਆਵਤੀ ਖ਼ਿਲਾਫ਼ ਵੀ ਲਾਏ ਗਏ ਸਨ। ਬਸਪਾ ਵਿਧਾਇਕਾਂ ਵੱਲੋਂ ਪਾਰਟੀ ਛੱਡੇ ਜਾਣ ’ਤੇ ਮਾਇਆਵਤੀ ਨੇ ਦਲ-ਬਦਲੀ ਵਿਰੋਧੀ ਕਾਨੂੰਨ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ ਹੈ। ਬਸਪਾ ਦੀ ਟਿਕਟ ’ਤੇ ਚੁਣ ਕੇ ਆਏ 19 ਵਿਧਾਇਕਾਂ ’ਚੋਂ 13 ਪਾਰਟੀ ਛੱਡ ਕੇ ਜਾ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ ਨੇ ਪਹਿਲਾਂ ਮੁਸਲਿਮ ਵੋਟਾਂ ਦਾ ਲਾਹਾ ਲਿਆ ਸੀ ਪਰ ਉਨ੍ਹਾਂ ਨੂੰ ਨਾ ਤਾਂ ਸਰਕਾਰ ’ਚ ਢੁੱਕਵੀਂ ਨੁਮਾਇੰਦਗੀ ਦਿੱਤੀ ਗਈ ਅਤੇ ਨਾ ਹੀ ਟਿਕਟਾਂ ਦਿੱਤੀਆਂ ਗਈਆਂ। ਉਨ੍ਹਾਂ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਦੇ ਰਾਜ ਦੌਰਾਨ ਫਿਰਕੂ ਦੰਗੇ ਵੀ ਆਮ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly