ਕਿਹਾ ਰਾਹੁਲ ਗਾਂਧੀ ਭਾਰਤ ਦਾ ਨੇਤਾ ਨਹੀਂ ਬਣ ਸਕਦਾ
ਫਗਵਾੜਾ (ਸਮਾਜ ਵੀਕਲੀ)(ਬੀ.ਕੇ.ਰੱਤੂ)
ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵਲੋਂ ਬਾਮਸ਼ੇਫ, ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਪਤੀ (ਡੀ.ਐਸ.ਫੋਰ) ਅਤੇ ਬਹੁਜਨ ਸਮਾਜ ਪਾਰਟੀ ਦੀ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਖਿਲਾਫ ਕੀਤੀ ਟਿੱਪਣੀ ਨਿੰਦਣ ਯੋਗ ਹੈ। ਮੈਨੂੰ ਲੱਗਦਾ ਹੈ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸੰਘਰਸ਼ ਤੋਂ ਰਾਹੁਲ ਗਾਂਧੀ ਅਣਜਾਣ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਇੰਚਾਰਜ ਮੱਖਣ ਲਾਲ ਚੌਹਾਨ ਨੇ ਕੀਤਾ ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਰਾਜਨੀਤੀ ਵਿੱਚ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਰਾਹੁਲ ਗਾਂਧੀ ਦੇ ਪਿਤਾ (ਉਸ ਵਕਤ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ) ਨੂੰ ਰੋਡ ਮਾਸਟਰ ਬਣਾਉਣ ਵਾਲੇ ਅਤੇ ਭਾਰਤ ਵਿੱਚ ਮਜਬੂਰ ਸਰਕਾਰਾਂ ਦੀ ਸ਼ੁਰੂਆਤ ਕਰਨ ਵਾਲੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਹੀ ਹਨ।ਇਸ ਕਰਕੇ ਰਾਹੁਲ ਗਾਂਧੀ ਨੂੰ ਤਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਬਿਲਕੁਲ ਹੀ ਨਹੀਂ ਭੁੱਲਣਾ ਚਾਹੀਦਾ। ਬਹੁਜਨ ਸਮਾਜ ਨੂੰ ਰਾਜ ਸਤ੍ਹਾ ਦਾ ਚਸਕਾ ਪਾਉਣ ਵਾਲੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜੀਵਨ ਸੰਘਰਸ਼ ਬਹੁਤ ਹੀ ਕਠਿਨ ਰਿਹਾ ਹੈ। ਕਾਂਗਰਸ ਦੀ ਮਹਾਰਾਸ਼ਟਰ ਸਰਕਾਰ ਨੇ 1964 ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਅਤੇ ਬੁੱਧ ਪੂਰਨਮਾ ਦੀ ਛੁੱਟੀਆਂ ਖਤਮ ਕੀਤੀਆਂ ਜਿਸ ਨਾਲ ਕਾਂਗਰਸ ਦੀ ਬਹੁਜਨ ਰਹਿਬਰਾਂ ਪ੍ਰਤੀ ਨਫਰਤ ਜੱਗ ਜ਼ਾਹਰ ਹੋਈ ਤਾਂ ਸੰਗਠਨ ਨੇ ਆਪਣੇ ਇਹਨਾਂ ਰਹਿਬਰਾਂ ਦੇ ਸਨਮਾਨ ਵਿੱਚ ਛੁੱਟੀਆਂ ਬਹਾਲ ਕਰਵਾਉਣ ਲਈ ਸੰਘਰਸ਼ ਸ਼ੁਰੂ ਕੀਤਾ, ਉਸ ਸੰਘਰਸ਼ ਅੱਗੇ ਸਰਕਾਰ ਨੂੰ ਝੁੱਕਣਾ ਪਿਆ ਤੇ ਮੁੜ ਛੁੱਟੀਆਂ ਬਹਾਲ ਕਰਨੀਆਂ ਪਈਆ। ਉਸ ਦਿਨ ਹੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਡੀ.ਆਰ.ਡੀ.ਓ. ਤੋਂ ਵਿਗਿਆਨੀ ਦੀ ਨੌਕਰੀ ਨੂੰ ਤਿਆਗ ਦਿੱਤਾ ਅਤੇ ਸਮਾਜਿਕ ਪਰਿਵਰਤਨ ਤੇ ਆਰਥਿਕ ਮੁੱਕਤੀ ਅੰਦੋਲਨ ਵਿਚ ਕੁੱਦ ਪਏ। ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ 1984 ਵਿੱਚ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਮਾਤਰ 5 ਸਾਲ ਬਾਅਦ 1989 ਦੀਆਂ ਚੋਣਾਂ ਵਿੱਚ 3 ਮੈਂਬਰ ਪਾਰਲੀਮੈਂਟ ਜਿਤਾਏ, ਉੱਤਰ ਪ੍ਰਦੇਸ਼ ਵਰਗੇ ਵਿਸ਼ਾਲ ਸੂਬੇ ਵਿਚ 1995 ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਹੇਠ ਸਰਕਾਰ ਬਣਾਈ ਅਤੇ ਪਾਰਟੀ ਦੇ ਸਥਾਪਨਾ ਤੋਂ ਠੀਕ 12 ਸਾਲਾਂ ਬਾਅਦ ਬਹੁਜਨ ਸਮਾਜ ਪਾਰਟੀ ਨੂੰ ਰਾਸ਼ਟਰੀ ਮਾਨਤਾ ਪ੍ਰਾਪਤ ਹੋਈ।ਇਹ ਸੰਘਰਸ਼ ਹੈ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਿਨ੍ਹਾਂ ਨੇ ਭਾਜਪਾ ਵਲੋਂ ਰਾਸ਼ਟਰਪਤੀ ਦੇ ਪੇਸ਼ ਕੀਤੇ ਅਹੁਦੇ ਨੂੰ ਵੀ ਲੈਣ ਤੋਂ ਨਾਂਹ ਕਰ ਦਿੱਤੀ।
ਅੱਜ ਵੀ ਸਮੰਤਵਾਦੀ ਪਾਰਟੀਆਂ ਰੈਲੀਆਂ ਵਿੱਚ ਭੀੜ ਦਿਖਾਉਣ ਲਈ ਕਰੋੜਾਂ ਰੁਪਏ ਖਰਚ ਕਰਦੀਆਂ ਹਨ ਪਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਜਾਤੀ ਦੇ ਅਧਾਰ ਤੇ ਵੰਡੇ ਹੋਏ ਲੋਕਾਂ ਵਿੱਚ ਮਾਨਵਤਾਵਾਦੀ/ਭਾਈਚਾਰਕ ਸਾਂਝ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਵਰਕਰਾਂ ਦੇ ਸਿਰ ਤੇ ਲੱਖਾਂ ਲੋਕਾਂ ਨੂੰ ਇਕੱਠੇ ਕਰ ਦਿਖਾਇਆ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਕੀਤੇ ਹੋਏ ਇਕੱਠਾਂ ਦੇ ਰਿਕਾਰਡ ਨੂੰ ਅੱਜ ਵੀ ਕੋਈ ਪਾਰਟੀ ਤੋੜ ਨਹੀਂ ਸਕੀ। ਬਹੁਜਨ ਸਮਾਜ ਪਾਰਟੀ ਦੇ ਸਾਬਕਾ ਨੈਸ਼ਨਲ ਕੋਆਰਡੀਨੇਟਰ ਉਪ ਪ੍ਰਧਾਨ ਡਾਕਟਰ ਜੈਪ੍ਰਕਾਸ਼ ਸਿੰਘ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਭਾਰਤ ਦਾ ਨੇਤਾ ਨਹੀਂ ਬਣ ਸਕਦਾ। ਰਾਹੁਲ ਗਾਂਧੀ ਨੂੰ ਬਹੁਜਨ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।ਇਸ ਮੌਕੇ ਤੇ ਸੁਰਜੀਤ ਕਰੀਮਪੁਰੀ, ਸੰਦੀਪ ਗੜ੍ਹੀ, ਜਸਵਿੰਦਰ ਮਹਿਮੀ, ਸੁਰਜੀਤ ਸਿੰਘ ਉੜਾਪੜ,ਰਾਜ ਕੁਮਾਰ, ਅਵਤਾਰ ਸਿੰਘ ਆਲੋਵਾਲ ਆਦਿ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ