
ਜਲੰਧਰ (ਸਮਾਜ ਵੀਕਲੀ) ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ’ਚ ਵੱਖ-ਵੱਖ ਜਗ੍ਹਾ ’ਤੇ ਮੀਟਿੰਗਾਂ ਕੀਤੀਆਂ। ਇਸ ਦੌਰਾਨ ਹੋਏ ਭਾਰੀ ਇਕੱਠਾਂ ਕਰਕੇ ਮੀਟਿੰਗਾਂ ਨੇ ਰੈਲੀਆਂ ਦਾ ਰੂਪ ਧਾਰ ਲਿਆ। ਇਸ ਮੌਕੇ ਸੰਬੋਧਿਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਪੇਂਡੂ ਤੇ ਸ਼ਹਿਰੀ ਹਲਕਿਆਂ ’ਚ ਲੋਕਾਂ ਦੇ ਹੋਣ ਵਾਲੇ ਭਾਰੀ ਇਕੱਠ ਦੱਸਦੇ ਹਨ ਕਿ ਬਸਪਾ ਇਹ ਸੀਟ ਜਿੱਤਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਸੱਤਾ ’ਚ ਰਹੀਆਂ ਭਾਜਪਾ, ਕਾਂਗਰਸ ਸਰਕਾਰਾਂ ਤੇ ਸੂਬੇ ਦੀ ਮੌਜ਼ੂਦਾ ਆਪ ਸਰਕਾਰ ਨੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਈ ਵੀ ਵਿਸ਼ੇਸ਼ ਉਪਰਾਲਾ ਨਹੀਂ ਕੀਤਾ, ਜਿਸ ਕਾਰਨ ਲੋਕਾਂ ’ਚ ਭਾਰੀ ਨਿਰਾਸ਼ਾ ਹੈ। ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਕੀਤੇ ਗਏ ਵਾਅਦੇ ਖੋਖਲੇ ਸਾਬਿਤ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਗਰਮੀ ਦੇ ਮੌਸਮ ’ਚ ਲੰਮੇ-ਲੰਮੇ ਬਿਜਲੀ ਕੱਟ ਲੱਗ ਰਹੇ ਹਨ। ਇਸ ਨਾਲ ਲੋਕ ਪਰੇਸ਼ਾਨ ਹਨ। ਸੱਤਾ ’ਚ ਰਹੀਆਂ ਪਾਰਟੀਆਂ ਦੀਆਂ ਮਾੜੀਆਂ ਨੀਤੀਆਂ ਕਰਕੇ ਪਰੇਸ਼ਾਨ ਜਲੰਧਰ ਦੇ ਲੋਕ ਇਸ ਵਾਰ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ ਤੇ ਬਦਲ ਦੇ ਰੂਪ ’ਚ ਬਸਪਾ ਨੂੰ ਚੁਣਨਗੇ।