HOME ਬੀ.ਐਸ.ਐਫ ਫਿਰੋਜ਼ਪੁਰ ਦੇ ਡੀ.ਆਈ.ਜੀ ਨੇ ਹੜ੍ਹ ਪੀੜਤਾਂ ਦੀ ਮੱਦਦ ਲਈ ਯੂਨਾਈਟਿਡ ਸਿੱਖਜ਼...

ਬੀ.ਐਸ.ਐਫ ਫਿਰੋਜ਼ਪੁਰ ਦੇ ਡੀ.ਆਈ.ਜੀ ਨੇ ਹੜ੍ਹ ਪੀੜਤਾਂ ਦੀ ਮੱਦਦ ਲਈ ਯੂਨਾਈਟਿਡ ਸਿੱਖਜ਼ ਵੱਲੋ ਚੱਲ ਰਹੇ ਕਾਰਜਾਂ ਦੀ ਕੀਤੀ ਸ਼ਲਾਘਾ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਬੀ.ਐਸ.ਐਫ  ਫਿਰੋਜ਼ਪੁਰ ਦੇ ਡੀ.ਆਈ.ਜੀ ਸ਼੍ਰੀ ਵਿਜੈ ਰਾਣਾ ਨੇ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਯੂਨਾਈਟਿਡ ਸਿੱਖਸ ਸੰਸਥਾ ਦੇ ਵਲੰਟੀਅਰਾਂ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਹੈ । ਅੱਜ ਯੂਨਾਈਟਿਡ ਸਿੱਖਸ ਦੇ ਪ੍ਰਮੁੱਖ ਸ੍ਰ: ਸੁਖਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਮਿਲਣੀ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸ਼੍ਰੀ ਵਿਜੈ ਰਾਣਾ ਡੀ.ਆਈ.ਜੀ, ਬੀ.ਐਸ.ਐਫ (ਪੰਜਾਬ ਫਰੰਟੀਅਰ )ਨੇ ਕਿਹਾ ਕਿ ਪੰਜਾਬ ਦੇ ਵੱਖ- ਵੱਖ ਜ਼ਿਲ੍ਹਿਆਂ ਖਾਸ ਕਰਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਅੰਦਰ ਆਏ ਹੜ੍ਹਾਂ ਦੌਰਾਨ ਹੜ੍ਹ ਪੀੜਤਾਂ ਦੀ ਮੱਦਦ ਕਰਨ ਲਈ ਬੀ. ਐਸ.ਐਫ ਦੇ ਅਧਿਕਾਰੀਆਂ ਤੇ ਜਵਾਨਾਂ ਨਾਲ ਮਿਲ ਕੇ ਉਨ੍ਹਾਂ ਨੂੰ ਖਾਣ ਪੀਣ ਦੀਆਂ ਵਸਤਾਂ, ਪੀਣ ਵਾਲਾ ਪਾਣੀ, ਕੱਪੜੇ, ਦਵਾਈਆਂ ਅਤੇ ਪਸੂਆਂ ਲਈ ਚਾਰਾ ਅਤੇ ਕਿਸ਼ਤੀਆਂ ਆਦਿ ਪਹਿਲ ਦੇ ਅਧਾਰ ਤੇ ਉਪਲੱਬਧ ਕਰਵਾਉਣ ਵਿੱਚ ਯੂਨਾਈਟਿਡ ਸਿੱਖਸ ਸੰਸਥਾ ਦੇ ਵਲੰਟੀਅਰਾਂ ਦਾ ਮਹਾਨ ਯੋਗਦਾਨ ਹੈ । ਇਸ ਦੌਰਾਨ ਯੂਨਾਈਟਿਡ ਸਿੱਖਸ ਦੇ ਪ੍ਰਮੁੱਖ ਸ੍ਰ: ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਬੀ.ਐਸ.ਐਫ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸਾਸ਼ਨ ਫਿਰੋਜ਼ਪੁਰ ਦੇ ਸਮੂਹ ਅਧਿਕਾਰੀਆਂ ਦਾ ਵੀ ਦਿਲੋਂ ਧੰਨਵਾਦ ਪ੍ਰਗਟ ਕਰਦੀ ਹੈ, ਜਿਨ੍ਹਾਂ ਨੇ ਮਨੁੱਖੀ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਅੱਗੇ ਤੌਰਨ ਵਿੱਚ ਸਾਨੂੰ ਆਪਣਾ ਨਿੱਘਾ ਸਹਿਯੋਗ ਦਿੱਤਾ । ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਜਾਣਕਾਰੀ ਦੇਂਦਿਆਂ ਹੋਇਆਂ ਕਿਹਾ ਕਿ ਯੂਨਾਈਟਿਡ ਸਿੱਖਸ ਵੱਲੋਂ ਕੀਤੇ ਜਾ ਰਹੇ ਵਡਮੁੱਲੇ ਸਹਾਇਤਾ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲ੍ਹਾ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪ ਸ਼ਿਖਾ ਸ਼ਰਮਾ ਨੇ ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਜ਼ਿਲ੍ਹੇ ਦੇ ਗਿਆਰਾਂ ਪਿੰਡਾਂ ਵਿੱਚ ਵੱਸਦੇ ਵਸਨੀਕਾਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਸਾਰੀਆਂ ਬੁਨਿਆਦੀ  ਤੇ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੀ ਸੇਵਾ ਯੂਨਾਈਟਿਡ ਸਿੱਖਜ਼ ਸੰਸਥਾ ਨੂੰ ਸੌਪੀ ਹੈ। ਜਿਸ ਨੂੰ ਸਾਡੀ ਸੰਸਥਾ ਦੇ ਵਲੰਟੀਅਰ ਬੜੀ ਬਾਖੂਬੀ ਨਾਲ ਨਿਭਾ ਰਹੇ ਹਨ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਯੂਨਾਈਟਿਡ ਸਿੱਖਸ ਵੱਲੋਂ ਅਪਣਾਏ ਗਏ ਕੁੱਲ ਗਿਆਰਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ, ਖੇਤੀ ਯੋਗ ਜ਼ਮੀਨ ਨੂੰ ਸਾਫ਼ ਕਰਨ, ਡੀਜ਼ਲ, ਬੀਜ਼, ਖਾਦਾਂ ਤੇ ਦਵਾਈਆਂ ਉਪਲੱਬਧ ਕਰਵਾਉਣ, ਨਵੇ ਘਰਾਂ ਦਾ ਨਿਰਮਾਣ, ਸਕੂਲੀ ਬੱਚਿਆਂ ਨੂੰ ਨਵੀਆਂ ਯੂਨੀਫਾਰਮਾਂ, ਕਿਤਾਬਾਂ, ਕਾਪੀਆਂ ਦਿਵਾਉਣ, ਗਰਮ ਕੱਪੜੇ, ਕੰਬਲ, ਦਵਾਈਆਂ ਤੇ ਰਸਦ ਸਮੱਗਰੀ ਪਹੁੰਚਣ ਦੇ ਵੱਡੇ ਪ੍ਰੋਜੈਕਟ ਨੂੰ ਸੰਗਤਾਂ ਦੇ ਸਹਿਯੋਗ  ਨਾਲ ਸੰਪੂਰਨ ਕੀਤਾ ਜਾਵੇਗਾ । ਇਸ ਸਮੇਂ ਉਨ੍ਹਾਂ ਦੇ ਨਾਲ ਬੀ.ਐਸ.ਐਫ ਦੇ ਕਈ ਅਧਿਕਾਰੀ ਤੇ ਸੰਸਥਾ ਦੇ ਮੈਂਬਰ ਵਿਸੇਸ਼ ਤੌਰ ਤੇ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐੱਸ.ਐੱਸ.ਡੀ. ਕਾਲਜ ਬਰਨਾਲਾ ‘ਚ ਵਿਦਿਆਰਥੀਆਂ ਦੇ ਰੰਗੋਲੀ ਮੁਕਾਬਲੇ ਕਰਵਾਏ ਗਏ
Next articleਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਤੇ ਸਕੂਲ ਦਾ ਨਿਰੀਖਣ