ਜੀਜੇ ਨੇ ਸਾਲੇ ਨੂੰ ਦਿਖਾਈਆਂ ਸਿਆਸੀ ਅੱਖਾਂ

ਪੱਟੀ ਵਿੱਚ ਵਿਰਸਾ ਸਿੰਘ ਵਲਟੋਹੇ ਦਾ ਬੂਥ ਨਾ ਲੱਗਾ
ਬਲਬੀਰ ਸਿੰਘ ਬੱਬੀ-ਸਿਆਸਤ,ਪੁਰਾਣੇ ਸਮੇਂ ਦੀ ਸਿਆਸਤ ਵੱਲ ਦੇਖੀਏ ਤਾਂ ਉਸ ਵੇਲੇ ਪਾਰਟੀਆਂ ਘੱਟ ਸਨ ਅਲੱਗ ਅਲੱਗ ਸਿਆਸੀ ਪਾਰਟੀ ਵਿੱਚ ਹੁੰਦਿਆਂ ਹੋਇਆਂ ਵੀ ਸਿਆਸੀ  ਆਗੂਆਂ ਵਲੋਂ ਵਫਾਦਾਰੀਆਂ ਪਾਲੀਆਂ ਜਾਂਦੀਆਂ ਸਨ। ਵੱਡੇ ਸਿਆਸੀ ਆਗੂਆਂ ਦਾ ਛੋਟੇ ਤੇ ਨਵੇਂ ਰੰਗਰੂਟ ਸਿਆਸੀ ਆਗੂ ਸਤਿਕਾਰ ਕਰਦੇ ਸਨ ਸਿਆਸੀ ਆਗੂਆਂ ਦੀਆਂ ਦੋਸਤੀਆਂ ਯਾਰੀਆਂ ਰਿਸ਼ਤੇਦਾਰੀਆਂ ਵਿੱਚ ਵੀ ਬਦਲਦੀਆਂ ਰਹੀਆਂ। ਕੁੜਮ ਕਿਸੇ ਹੋਰ ਪਾਰਟੀ ਵਿੱਚ ਤੇ ਦੂਜਾ ਕੜਮ ਕਿਸੇ ਹੋਰ ਪਾਰਟੀ ਵਿੱਚ ਸਾਫ ਸੁਥਰੀ ਸਿਆਸਤ ਕਰ ਰਹੇ ਸਿਆਸੀ ਆਗੂਆਂ ਨੇ ਆਪਣੇ ਰਿਸ਼ਤੇਦਾਰਾਂ ਸਕੇ ਸਬੰਧੀਆਂ ਵਿੱਚੋਂ ਸਿਆਸਤ ਦਾ ਮੁਸ਼ਕ ਨਾ ਆਉਣ ਦਿੱਤਾ।
     ਮੌਜੂਦਾ ਸਮੇਂ ਸਿਆਸਤ ਦੇ ਅਨੇਕਾਂ ਰੰਗਾਂ ਵਿੱਚੋਂ ਇਹ ਰੰਗ ਵੀ ਜਿਆਦਾ ਹੀ ਗਲਤ ਝਲਕਾਰਾ ਮਾਰ ਰਿਹਾ ਹੈ ਕਿ ਜਿਹੜੇ ਸਿਆਸੀ ਆਗੂਆਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਯਾਰੀਆਂ ਲਿਹਾਜਾਂ ਹਨ ਮੌਜੂਦਾ ਸਮੇਂ ਚੱਲ ਰਹੀ ਸਿਆਸਤ ਦੀ ਭੇਟ ਇਹ ਵੀ ਚੜਦੀਆਂ ਨਜਰ ਆ ਰਹੀਆਂ ਹਨ। ਮੌਜੂਦਾ ਸਮੇਂ ਜੋ ਲੋਕ ਸਭਾ ਚੋਣਾਂ ਦਾ ਸਮਾਂ ਲੰਘ ਕੇ ਗਿਆ ਹੈ ਉਸ ਵਿੱਚ ਖਾਸ਼ ਤੌਰ ਉਤੇ ਦਲ ਬਦਲੂਆਂ ਨੇ ਕਮਾਲ ਹੀ ਕਰ ਦਿੱਤੀ ਤੇ ਲੋਕ ਆਖਰ ਯਕੀਨ ਕਰਨ ਕਰੀਦੇ ਉੱਤੇ ਕਰਨ ਤੇ ਦੂਜੇ ਪਾਸੇ ਪੰਜਾਬ ਦੇ ਮਾਝੇ ਵਿਚਲੇ ਸਿਆਸੀ ਮੰਚ ਤੋਂ ਜੋ ਕੁਝ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਸਾਹਮਣੇ ਆਇਆ ਹੈ ਉਹ ਬਹੁਤ ਹੀ ਗਲਤ ਵਰਤਾਰਾ ਹੈ। ਚਰਚਿਤ ਸੀਟ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੇ ਚੋਣ ਮੈਦਾਨ ਵਿੱਚ ਆ ਜਾਣ ਕਾਰਨ ਇਹ ਸੀਟ ਚਰਚਾ ਵਿੱਚ ਤਾਂ ਰਹੀ ਤੇ ਇਸ ਉੱਤੇ ਅਕਾਲੀ ਦਲ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਸ਼ੁਰੂਆਤੀ ਸਮੇਂ ਵਿੱਚ ਹੀ ਜਦੋਂ ਅੰਮ੍ਰਿਤ ਪਾਲ ਦਾ ਚੋਣਾਂ ਦਾ ਐਲਾਨ ਹੋਇਆ ਤਾਂ ਹਲਕਾ ਖਡੂਰ ਸਾਹਿਬ ਦੇ ਹੀ ਨਹੀਂ ਸਮੁੱਚੇ ਪੰਜਾਬ ਦੇ ਦੇਸ਼ ਵਿਦੇਸ਼ ਦੇ ਲੋਕਾਂ ਨੇ ਅੰਮ੍ਰਿਤਪਾਲ ਦੀ ਹਿਮਾਇਤ ਕੀਤੀ। ਵੋਟਾਂ ਦਾ ਸਿਰਫ ਖਡੂਰ ਸਾਹਿਬ ਹਲਕੇ ਦੇ ਹੀ ਲੋਕਾਂ ਦੀਆਂ ਪੈਣੀਆਂ ਸਨ ਪਰ ਉਤਸ਼ਾਹ ਸਭ ਨੂੰ ਹੀ ਸੀ ਇਸ ਲੋਕ ਚੋਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਵਿਰਸਾ ਸਿੰਘ ਵਲਟੋਹਾ ਨੇ ਇੱਕ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੀਤੀ ਕਿ ਖਡੂਰ ਸਾਹਿਬ ਹਲਕੇ ਵਿੱਚ ਪੈਂਦਾ ਪੱਟੀ ਦਾ ਇਲਾਕਾ, ਜਿੱਥੋਂ ਪ੍ਰਤਾਪ ਸਿੰਘ ਕੈਰੋਂ ਮਰਹੂਮ ਮੁੱਖ ਮੰਤਰੀ ਦੇ ਪਰਿਵਾਰ ਵਿੱਚੋਂ ਸਿਆਸੀ ਫਰਜ਼ੰਦ ਤੇ ਉਧਰ ਮਰਹੂਮ ਸ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਜਵਾਈ ਜਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉੱਤੇ ਇਹ ਦੋਸ਼ ਲਾਏ ਕਿ ਆਦੇਸ਼ ਪ੍ਰਤਾਪ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਆਦੇਸ਼ ਦਿੰਦਾ ਹੋਇਆ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ ਇਸ ਲਈ ਉਸ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ। ਬਸ ਇਨੀ ਗੱਲ ਹੋਈ ਨਾ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਨਾ ਕਿਸੇ ਹੋਰ ਬਾਡੀ ਸਾਹਮਣੇ ਕੁਝ ਰੱਖਿਆ ਬਲਵਿੰਦਰ ਸਿੰਘ ਭੂੰਦੜ ਰਾਹੀਂ ਇਹ ਫਰਮਾਨ ਕਰ ਦਿੱਤਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਅਕਾਲੀ ਦਲ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ। ਉਸ ਵੇਲੇ ਸੁਖਬੀਰ ਬਾਦਲ ਨੇ ਇਹ ਕਿਹਾ ਸੀ ਕਿ ਮੈਨੂੰ ਪਾਰਟੀ ਹਿਤ ਪਿਆਰੇ ਹਨ ਨਾ ਕਿ ਰਿਸ਼ਤੇਦਾਰੀ, ਬੀਬੀ ਜਗੀਰ ਕੌਰ ਤੇ ਹੋਰ ਅਕਾਲੀ ਆਗੂਆਂ ਨੇ ਉਸ ਵੇਲੇ ਹੀ ਕਿਹਾ ਸੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਬਾਹਰ ਕਰਨਾ ਬਹੁਤ ਗਲਤ ਹੈ ਪਰ ਚੱਕੀ ਹੋਈ ਮਿੱਤਰਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ…  ਸੁਖਬੀਰ ਸਿੰਘ ਬਾਦਲ ਨੇ ਇਹ ਫਰਮਾਨ ਆਪਣੇ ਜੀਜੇ ਵਿਰੋਧੀ ਜਾਰੀ ਕਰ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਅੱਜ ਚੋਣਾਂ ਹੋਈਆਂ ਤਾਂ ਆਦੇਸ ਪ੍ਰਤਾਪ ਸਿੰਘ ਕੈਰੋਂ ਨੇ ਆਪਣਾ ਸਿਆਸੀ ਰੰਗ ਦਿਖਾਉਂਦਿਆਂ ਹੋਇਆਂ ਪੱਟੀ ਦੇ 19 ਵਾਰਡਾਂ ਦੇ ਵਿੱਚ 18 ਵਾਰਡਾਂ ਵਿੱਚ ਵਿਰਸਾ ਸਿੰਘ ਵਲਟੋਹਾ ਦਾ ਚੋਣਾ ਲਈ ਬੂਥ ਹੀ ਨਾ ਲੱਗਣ ਦਿੱਤਾ ਸਿਰਫ ਇੱਕ ਵਾਰਡ ਵਿੱਚ ਵਲਟੋਹਾ ਦਾ ਬੂਥ ਲੱਗਾ ਤੇ ਉਹ ਵੀ ਨਾ ਵਰਗਾ ਹੀ ਕਿਉਂਕਿ ਉਥੇ ਕੋਈ ਵੀ ਬੈਠਾ ਨਹੀਂ ਸੀ। ਇਹ ਸਭ ਕੁਝ ਸਾਹਮਣੇ ਆਉਣ ਤੋਂ ਬਾਅਦ ਇਕੱਲੇ ਪੱਟੀ ਵਿਚ ਹੀ ਨਹੀਂ ਸਮੁੱਚੇ ਪੰਜਾਬ ਵਿੱਚ ਇਹ ਚਰਚਾ ਛਿੜ ਗਈ ਕਿ ਜੀਜੇ ਨੇ ਆਪਣੇ ਸਾਲੇ ਨੂੰ ਅੱਜ ਚੋਣਾਂ ਮੌਕੇ ਸਿਆਸੀ ਅੱਖਾਂ ਦਿਖਾ ਹੀ ਦਿੱਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -594
Next articleਸ਼ਬਦ ਗੁਰੂ ਪ੍ਰਚਾਰ ਕੇਂਦਰ ਦੇ ਵਾਈਸ ਚੇਅਰਮੈਨ ਗੁਰਨੂਰ ਸਿੰਘ ਨੇ ਪਹਿਲੀ ਵਾਰ ਵੋਟ ਪਾਈ ਗਈ