ਚੰਡੀਗੜ੍ (ਸਮਾਜ ਵੀਕਲੀ): ਸਟੇਟ ਕੰਜ਼ਿਊਮਰ ਕਮਿਸ਼ਨ ਨੇ ਬ੍ਰਿਟਿਸ਼ ਸਕੂਲ ਨੂੰ ਵਿਦਿਆਰਥੀ ਦੀ ਫੀਸ ਦੇ ਮਾਮਲੇ ਵਿਚ ਜੁਰਮਾਨਾ ਲਾਇਆ ਹੈ। ਕਮਿਸ਼ਨ ਨੇ ਇਸ ਸਬੰਧੀ ਸਕੂਲ ਦੀ ਫੀਸ ਮਾਮਲੇ ’ਤੇ ਅਪੀਲ ਖਾਰਜ ਕਰ ਦਿੱਤੀ ਹੈ। ਕਮਿਸ਼ਨ ਨੇ ਸਕੂਲ ਨੂੰ ਵਿਦਿਆਰਥੀ ਦੀ 77 ਹਜ਼ਾਰ ਰੁਪਏ ਫੀਸ ਤੋਂ ਇਲਾਵਾ 10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ।
ਜਾਣਕਾਰੀ ਅਨੁਸਾਰ ਰਾਹੁਲ ਪਠਾਨੀਆ ਨੇ ਸਟੇਟ ਕੰਜ਼ਿਊਮਰ ਕਮਿਸ਼ਨ ਨੂੰ ਦੋ ਸਾਲ ਪਹਿਲਾਂ ਸ਼ਿਕਾਇਤ ਕੀਤੀ ਸੀ ਕਿ ਉਕਤ ਸਕੂਲ ਵਲੋਂ ਉਸ ਦੇ ਬੱਚੇ ਦੀ ਫੀਸ ਵਾਪਸ ਨਹੀਂ ਕੀਤੀ ਜਾ ਰਹੀ। ਉਸ ਨੇ ਅਗਸਤ 2018 ਵਿਚ ਆਪਣੀ ਲੜਕੀ ਨੂੰ ਇਸ ਸਕੂਲ ਵਿਚ ਨੌਵੀਂ ਜਮਾਤ ਵਿਚ ਦਾਖਲ ਕਰਵਾਇਆ ਸੀ। ਉਸ ਨੇ ਉਸ ਵੇਲੇ 77,300 ਰੁਪਏ ਵੀ ਜਮ੍ਹਾਂ ਕਰਵਾਏ ਸਨ। ਉਸ ਵੇਲੇ ਉਸ ਨੂੰ ਕਿਹਾ ਗਿਆ ਸੀ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਵਿਦਿਆਰਥੀਆਂ ਨਾਲ ਅੰਗਰੇਜ਼ੀ ਵਿਚ ਹੀ ਗੱਲ ਕੀਤੀ ਜਾਵੇਗੀ ਪਰ ਦੋ ਦਿਨ ਬਾਅਦ ਉਸ ਨੂੰ ਅਸਲੀਅਤ ਹੋਰ ਮਿਲੀ। ਉਸ ਨੇ ਸਕੂਲ ਕੋਲ ਸਹੂਲਤਾਂ ਨਾ ਮਿਲਣ ’ਤੇ ਇਤਰਾਜ਼ ਜਤਾਇਆ। ਕੰਜ਼ਿਊਮਰ ਕਮਿਸ਼ਨ ਨੇ ਸਕੂਲ ਨੂੰ ਫੀਸ ਵਾਪਸ ਕਰਨ ਅਤੇ ਮੁਆਵਜ਼ਾ ਦੇਣ ਦੇ ਹੁਕਮ ਸੁਣਾਏ।
ਪੰਜਵੀਂ ਤੇ ਛੇਵੀਂ ਦੇ ਸਕੂਲ 2 ਸਤੰਬਰ ਨੂੰ ਖੁੱਲ੍ਹਣਗੇ
ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਪੰਜਵੀਂ ਤੇ ਛੇਵੀਂ ਜਮਾਤ ਲਈ ਸਕੂਲ ਦੋ ਸਤੰਬਰ ਤੋਂ ਖੋਲ੍ਹੇ ਜਾਣਗੇ। ਵਿਦਿਆਰਥੀਆਂ ਲਈ ਸਕੂਲ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਇਕ ਵਜੇ ਤਕ ਰਹੇਗਾ ਜਦਕਿ ਸਕੂਲ ਦਾ ਸਟਾਫ ਸਵੇਰ ਅੱਠ ਤੋਂ ਦੋ ਵਜੇ ਤਕ ਆਵੇਗਾ। ਇਸ ਦੌਰਾਨ ਸਕੂਲ ਮੁਖੀਆਂ ਨੂੰ ਕਰੋਨਾ ਸਾਵਧਾਨੀਆਂ ਦਾ ਪਾਲਣ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਜਮਾਤ ਲਈ ਆਉਣ ਤੋਂ ਪਹਿਲਾਂ ਮਾਪਿਆਂ ਦੀ ਸਹਿਮਤੀ ਲਿਆਉਣੀ ਜ਼ਰੂਰੀ ਹੋਵੇਗੀ ਤੇ ਇਸ ਸਮੇਂ ਦੌਰਾਨ ਆਨਲਾਈਨ ਜਮਾਤਾਂ ਵੀ ਜਾਰੀ ਰਹਿਣਗੀਆਂ।
ਸਰਕਾਰੀ ਸਕੂਲਾਂ ਦੀ ਕੱਟਆਫ ਦਰ ਵਧੀ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲਿਆਂ ਲਈ ਅੱਜ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ। ਮੈਰਿਟ ਲਿਸਟ ਜਾਰੀ ਹੋਣ ਨਾਲ ਵਿਦਿਆਰਥੀਆਂ ਨੂੰ ਸਕੂਲ ਤੇ ਸਟਰੀਮ ਅਲਾਟ ਕਰ ਦਿੱਤੀ ਗਈ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਕਰੋਨਾ ਕਾਰਨ ਆਨਲਾਈਨ ਪ੍ਰੀਖਿਆਵਾਂ ਹੋਣ ਕਰ ਕੇ ਇਸ ਵਾਰ ਵਿਦਿਆਰਥੀਆਂ ਨੇ ਅੱਗੇ ਨਾਲੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ ਜਿਸ ਕਾਰਨ ਸਰਕਾਰੀ ਸਕੂਲਾਂ ਦੀ ਕੱਟਆਫ ਵੀ ਵਧ ਗਈ ਹੈ। ਸਰਕਾਰੀ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮਾਡਰਨ ਹਾਊਸਿੰਗ ਕੰਪਲੈਕਸ ਮਨੀਮਾਜਰਾ ਵਿਚ ਵਿਗਿਆਨ ਸਟਰੀਮ ਦੀ ਕੱਟ-ਆਫ 96 ਫੀਸਦੀ ਰਹੀ ਹੈ। ਸਿੱਖਿਆ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਹਿਲੀ ਕਾਊਂਸਿੰਗ ਵਿਚ 13158 ਵਿਦਿਆਰਥੀਆਂ ਨੂੰ ਸੀਟਾਂ ਅਲਾਟ ਕਰ ਦਿੱਤੀਆਂ ਗਈਆਂ ਹਨ।.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly