(ਸਮਾਜ ਵੀਕਲੀ)
ਕਣੀਆਂ ਆਈਆਂ, ਕਣੀਆਂ ਆਈਆਂ।
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਬਿਰਖਾਂ-ਬੂਟਿਆਂ ‘ਤੇ ਰੌਣਕਾਂ ਛਾਈਆਂ।
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਸੋਨੂੰ, ਮਿੰਟਾ, ਬਿੱਲਾ, ਹੋਏ ਇਕੱਠੇ ਸਾਰੇ।
ਕਣੀਆਂ ਵਿੱਚ ਭਿੱਜ-ਭਿੱਜ ਲੈਣ ਨਜ਼ਾਰੇ।
ਕੁੜੀਆਂ ਨੇ ਰਲ ਕਿੱਕਲੀਆਂ ਪਾਈਆਂ,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਕੰਮੋ, ਪ੍ਰੀਤੀ, ਸੁੱਖੀ ਨੂੰ ਵੀ ਸੱਦ ਲਿਆਈ।
ਸਾਰੀਆਂ ਨੇ ਇੱਕ-ਇੱਕ ਕਿਸ਼ਤੀ ਬਣਾਈ।
ਰੰਗ-ਬਰੰਗੀਆਂ ਲੀਕਾਂ ਨਾਲ ਸਜਾਈਆਂ,
ਨਿੱਕੀਆਂ ਨਿੱਕੀਆਂ ਕਣੀਆਂ ਆਈਆਂ।
ਜਿਵੇਂ-ਜਿਵੇਂ ਕਣੀਆਂ ਤੇਜ਼ ਮੀਂਹ ਹੋ ਜਾਣਾ।
ਗਲੀਆਂ ਦੇ ਵਿੱਚ ਪਾਣੀ ਪਾਣੀ ਹੋ ਜਾਣਾ।
ਵੇਖਿਓ ਜਦ ਕਿਸ਼ਤੀਆਂ ਦੌੜਾਂ ਲਾਈਆਂ,
ਨਿੱਕੀਆਂ ਨਿੱਕੀਆਂ ਕਣੀਆਂ ਆਈਆਂ।
ਬਿਜਲੀ ਲਿਸ਼ਕੇ, ਬੱਦਲ ਗਰਜਣ ਲੱਗੇ।
ਮਾਪੇ ਸਭ ਨੂੰ ਝਿੜਕਣ-ਵਰਜਣ ਲੱਗੇ।
ਅਵਾਜਾਂ ਲਗਾਉਣ ਚਾਚੀਆਂ, ਤਾਈਆਂ,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਰੌਲਾ ਸੁਣ ਬਾਪੂ ਜੀ ਵੀ ਬਾਹਰ ਆ ਗਏ।
ਫਸਲਾਂ-ਮੌਸਮਾਂ ਦੇ ਉਹ ਮਾਹਰ ਆ ਗਏ।
ਬੁੱਲਾਂ ‘ਤੇ ਸ਼ੁਕਰ ਨੇ ਹਾਜ਼ਰੀਆਂ ਲਵਾਈਆਂ,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਕਹਿੰਦੇ ਕਿਸਾਨਾਂ ਨੂੰ ਸੌਖਾ ਸਾਹ ਹੋ ਜਾਣਾ।
ਫਸਲਾਂ ਨੇ ਹੁਣ ਵਾਧੇ ਦੇ ਰਾਹ ਹੋ ਜਾਣਾ।
ਘਾਹ-ਚਾਰੇ ਨਾਲ ਰੱਜਣ ਮੱਝਾਂ-ਗਾਈਆਂ,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਹੌਲ਼ੀ-ਹੌਲ਼ੀ ਇੱਧਰ ਬੱਦਲ ਆਉਣ ਲੱਗੇ।
ਠੰਢੀ-ਠੰਢੀ ਹਵਾ ਦੇ ਬੁੱਲੇ ਲਿਆਉਣ ਲੱਗੇ।
‘ਬੋਲੋ ਬੱਦਲੋ! ਕਿਉਂ ਦੇਰੀਆਂ ਲਗਾਈਆਂ?’
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਆਪਣੀਆਂ ਮਾਵਾਂ ਦੀ ਕੋਈ ਗੱਲ ਨਾ ਸੁਣੇ।
ਆਖੀ ਜਾਂਦੇ ਨੇ ਸਾਰੇ ਆ ਜਾਂਦੇ ਹਾਂ ਹੁਣੇ।
ਮੋਰਾਂ ਨੇ ਵੀ ਤਾਂ ਬਾਹਰ ਹੀ ਪੈਲਾਂ ਪਾਈਆਂ,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
‘ਅੰਦਰ ਆਵੋ ਸਾਰੇ’, ਹੁਣ ਬੇਬੇ ਜੀ ਬੁਲਾਉਣ।
‘ਕਿਤੇ ਢਿੱਲੇ ਨਾ ਹੋ ਜਾਈਓ’, ਉਹ ਸਮਝਾਉਣ।
‘ਤਾਂ ਸੁਣੋਗੇ ਜੇ ਕੰਨਾਂ ‘ਤੇ, ਦੋ-ਦੋ ਲਗਾਈਆਂ?’
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
(ਮਨਜੀਤ ਸਿੰਘ ਬੱਧਣ 9417635053)



