(ਸਮਾਜ ਵੀਕਲੀ)
ਪੰਜਾਬੀ ਕੇਵਲ ਇੱਕ ਭਾਸ਼ਾ ਨਹੀਂ ਇਹ ਸਾਡੀ ਹੋਂਦ ਦੀ ਪਹਿਚਾਣ ਹੈ
ਬੋਲੀਆਂ ਸਾਰੀਆਂ ਸਤਿਕਾਰਤ ਹਨ ਪੰਜਾਬੀ ਤੇ ਮੈਨੂੰ ਵੱਧ ਮਾਣ ਹੈ।
ਅੱਜ ਦੇ ਵਿਗਿਆਨ ਤੇ ਤਕਨੀਕੀ ਤਰੱਕੀ ਵਾਲੇ ਯੁੱਗ ਵਿੱਚ ਵਿਦਿਆਰਥੀ ਆਧੁਨਿਕ ਤਕਨੀਕਾਂ,ਵੱਖ ਵੱਖ ਭਾਸ਼ਾਵਾਂ ਅਤੇ ਪੱਛਮੀ ਸਭਿਆਚਾਰ ਵੱਲ ਤੇਜ਼ੀ ਨਾਲ ਪ੍ਰਭਾਵਿਤ ਹੋ ਰਹੇ ਹਨ। ਵਿਦਿਆਰਥੀਆਂ ਅਤੇ ਮਾਂ-ਬੋਲੀ ਪੰਜਾਬੀ ਵਿਚਕਾਰ ਵੱਧਦੇ ਹੋਏ ਪਾੜੇ ਨੇ ਬੁੱਧੀਜੀਵੀ ਵਰਗ ਨੂੰ ਇੱਕ ਗੰਭੀਰ ਚਿੰਤਾ ਵਿੱਚ ਪਾ ਦਿੱਤਾ ਹੈ। ਪੰਜਾਬੀ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਹੀ ਨਹੀਂ ਹੈ ਬਲਕਿ ਇਹ ਪੰਜਾਬੀ ਸਭਿਆਚਾਰ , ਰੀਤੀ ਰਿਵਾਜ਼ ਅਤੇ ਪੰਜਾਬੀਆਂ ਦੀ ਵਿਲੱਖਣ ਪਹਿਚਾਣ ਦਾ ਅਹਿਮ ਅੰਗ ਹੁੰਦੀ ਹੈ।
ਪੰਜਾਬੀ ਤੋਂ ਦੂਰੀ ਦੇ ਕਾਰਨ?
ਵਿਦਿਆਰਥੀਆਂ ਵਿਚੋਂ ਬਹੁਤੇ ਪੰਜਾਬੀ ਨੂੰ ਸਿਰਫ਼ ਇੱਕ ਵਿਸ਼ੇ ਤੱਕ ਹੀ ਸੀਮਤ ਕਰਕੇ ਦੇਖਦੇ ਹਨ। ਸਕੂਲਾਂ, ਕਾਲਜਾਂ ਅਤੇ ਪਰਿਵਾਰਾਂ ਵਿੱਚ ਅਕਸਰ ਅੰਗਰੇਜ਼ੀ ਭਾਸ਼ਾ ਬੋਲਣ ਨੂੰ ਹੀ ਸਿਆਣਪ, ਸੂਝਵਾਨਤਾ ਅਤੇ ਸੱਮਰਥਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਸਮਾਜਕ ਮੀਡੀਆ, ਟੈਲੀਵਿਜ਼ਨ ਅਤੇ ਵੈੱਬ ਸੀਰੀਜ਼ ਦੇ ਘਰਾਂ ਵਿੱਚ ਵੱਧ ਰਹੇ ਪ੍ਰਭਾਵ ਨੂੰ ਵੀੜਇਸ ਦਿਸ਼ਾ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਪੰਜਾਬੀ ਨਾਲ ਜੋੜਨ ਦੇ ਉਪਾਅ
1. ਘਰ ਤੋਂ ਸ਼ੁਰੂਆਤ: ਮਾਂ-ਬੋਲੀ ਦੀ ਸਿਖਲਾਈ ਦੀ ਪਹਿਲੀ ਜ਼ਿੰਮੇਵਾਰੀ ਪਰਿਵਾਰ ਦੀ ਹੁੰਦੀ ਹੈ। ਮਾਪੇ ਆਪਣੇ ਬੱਚਿਆਂ ਨਾਲ ਘਰ ਵਿੱਚ ਪੰਜਾਬੀ ਵਿਚ ਗੱਲਬਾਤ ਕਰਨ ਅਤੇ ਬਾਲ ਅਵਸਥਾ ਤੋਂ ਹੀ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਦੇ ਅਮੀਰ ਵਿਰਸੇ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕਰਨ।
2. ਸਿੱਖਿਆ ਪ੍ਰਣਾਲੀ ਵਿੱਚ ਬਦਲਾਅ: ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀ ਭਾਸ਼ਾ ਨੂੰ ਮਜ਼ਬੂਤ ਬਣਾਉਣ ਲਈ ਰਚਨਾਤਮਕ ਢੰਗ ਵਰਤਣੇ ਚਾਹੀਦੇ ਹਨ। ਨਾਟਕ, ਕਵਿਤਾ ਪਾਠ, ਲੇਖਨ ਮੁਕਾਬਲੇ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬੀ ਵਿਚ ਰੁਚੀ ਲੈਣ ਲਈ ਉਤਸ਼ਾਹਤ ਕੀਤਾ ਜਾ ਸਕਦਾ ਹੈ।
3. ਤਕਨੀਕ ਦਾ ਸਹੀ ਉਪਯੋਗ: ਪੰਜਾਬੀ ਵਿਚ ਐਪ, ਈ-ਬੁਕਸ, ਆਡੀਓ ਕਹਾਣੀਆਂ, ਅਤੇ ਪੋਡਕਾਸਟ ਤਿਆਰ ਕਰਕੇ ਵਿਦਿਆਰਥੀਆਂ ਨੂੰ ਮਾਂ-ਬੋਲੀ ਦੇ ਨਵੇਂ ਰੂਪਾਂ ਨਾਲ ਜੋੜਿਆ ਜਾ ਸਕਦਾ ਹੈ।
4. ਪੰਜਾਬੀ ਸੱਭਿਆਚਾਰਕ ਈਵੈਂਟ: ਸਕੂਲਾਂ ਅਤੇ ਸਮਾਜਕ ਸੰਸਥਾਵਾਂ ਵੱਲੋਂ ਲੋਹੜੀ, ਵੈਸਾਖੀ ਆਦਿ ਦੇ ਮੂਲ ਪੰਜਾਬੀ ਤਿਉਹਾਰਾਂ ਤੇ ਲੋਕ ਨਾਚ ਗਿੱਧਾ-ਭੰਗੜਾ, ਲੋਕ-ਗੀਤ ਅਤੇ ਪੰਜਾਬੀ ਲੇਖਕਾਂ ਦੀਆਂ ਕਵਿਤਾਵਾਂ ਨੂੰ ਪੇਸ਼ ਕਰਕੇ ਵਿਦਿਆਰਥੀਆਂ ਵਿੱਚ ਮਾਂ-ਬੋਲੀ ਵੱਲ ਲਗਾਅ ਵਧਾਇਆ ਜਾ ਸਕਦਾ ਹੈ।
5. ਪ੍ਰੇਰਕ ਰੋਲ ਮਾਡਲ: ਅਜੋਕੇ ਸਮੇਂ ਦੇ ਪੰਜਾਬੀ ਕਵੀ, ਲੇਖਕ, ਗਾਇਕ ਅਤੇ ਅਦਾਕਾਰ ਜਿਹੜੇ ਆਪਣੀ ਭਾਸ਼ਾ ਵਿਚ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਰੂਬਰੂ ਕਰਾ ਕੇ ਉਹਨਾਂ ਲਈ ਪ੍ਰੇਰਣਾ ਦਾ ਸਰੋਤ ਬਣਾਇਆ ਜਾ ਸਕਦਾ ਹੈ।
ਮਾਂ-ਬੋਲੀ ਪੰਜਾਬੀ ਸਾਡੀ ਰੂਹ ਦੀ ਅਵਾਜ਼ ਹੈ। ਜੇਕਰ ਅਸੀਂ ਅੱਜ ਦੇ ਵਿਦਿਆਰਥੀਆਂ ਨੂੰ ਇਸ ਨਾਲ ਨਾ ਜੋੜ ਸਕੇ ਤਾਂ ਭਵਿੱਖ ਵਿੱਚ ਇਹ ਧੁੰਦਲੀ ਹੋ ਰਹੀ ਪਛਾਣ ਲਈ ਸਾਡੀ ਨਮੋਸ਼ੀ ਬਣ ਜਾਵੇਗੀ। ਪੰਜਾਬੀ ਨੂੰ ਮਾਣ ਦੇਣਾ ਤੇ ਮਾਂ ਬੋਲੀ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਸੁਰਿੰਦਰਪਾਲ ਸਿੰਘ



