
ਬਰੈਂਪਟਨ ਕੈਨੇਡਾ (ਸਮਾਜ ਵੀਕਲੀ) (ਸੁਰਜੀਤ ਸਿੰਘ ਫਲੋਰਾ) ਬਾਬਾ ਗੁਰਦੇਵ ਸਿੰਘ ਜੀ ਦੇ ਅਸਥਾਨ ਟਿੰਬਰਲੇਨ ਰੋਡ ਤੇ ਸਥਿਤ ਗੁਰਦੁਆਰਾ ਨਾਨਕਸਰ ਬਰੈਂਪਟਨ ਵਿਖੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਗੁਰਪੁਰਬ ਮਨਾਇਆ ਗਿਆ।ਜਿਸ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਸਿੰਘਾਂ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਕਥਾ ਵਿਖਿਆਨ ਨਾਲ ਸੰਗਤਾ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ। ਭੋਗ ਉਪਰੰਤ ਆਰਤੀ ਤੇ ਫਿਰ ਗੁਰੂਘਰ ਦੇ ਮਹੰਤ ਸ੍ਰ ਸਵਰਨਜੀਤ ਸਿੰਘ ਹੋਰਾਂ ਵਲੋਂ ਅਰਦਾਸ ਤੇ ਹੁਕਨਾਮਾ ਲਿਆ ਗਿਆ।ਇਸ ਉਪਰੰਤ ਭਾਈ ਸੇਵਾ ਸਿੰਘ ਜੀ ਵਲੋਂ ਹਾਜ਼ਰ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ।ਉਹਨਾਂ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ ਤੇ ਬਚਨ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਅਸਲ ਕਾਰਨ ਛੁਪਾ ਕੇ ਕਈ ਤਰ੍ਹਾਂ ਦੇ ਬੇਬੁਨਿਆਦ ਕਾਰਨ ਘੜ ਕੇ ਪ੍ਰਚੱਲਿਤ ਕੀਤੇ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਅਤੇ ਤੰਗਦਿਲੀ ਸੀ। ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ, ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਅਤੇ ਉਨ੍ਹਾਂ ਦੇ ਮੁਖੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਸਲਮਾਨ ਬਣਾ ਲਵੇ ਜਾਂ ਸ਼ਹੀਦ ਕਰ ਦੇਵੇ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ‘ਤੁਜਕੇ-ਜਹਾਂਗੀਰੀ’ ਵਿਚ ਵੀ ਕਰਦਾ ਹੈ। ਅਖਿਰ ਜਹਾਂਗੀਰ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਚ 1606 ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਨੂੰ ਸ਼ਹੀਦ ਕਰਨ ਸਮੇਂ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ, ਤੱਤੀ ਤਵੀ ਵੀ ਸੜ-ਬਲ ਰਹੀ ਸੀ, ਰੇਤਾ ਵੀ ਗਰਮ ਸੀ ਅਤੇ ਸੂਰਜ ਵੀ ਸ਼ਿਖਰ ਦੀ ਗਰਮੀ ਵਰਸਾ ਰਿਹਾ ਸੀ, ਪਰ ਜੇ ਕੋਈ ਠੰਡਾ ਸ਼ਾਤ ਸੀ ਤਾਂ ਉਹ ਸਨ ਸ਼ਹੀਦਾ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਿਸ਼ਾਹ। ਅੱਗੇ ਬਚਨ ਕਰਦੇ ਹੋਏ ਬਾਬਾ ਸੇਵਾ ਸਿੰਘ ਜੀ ਨੇ ਕਿਹਾ ਕਿ ਉਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦਿਆਂ ‘ਤੇਰਾ ਕੀਆ ਮੀਠਾ ਲਾਗੈ’ ਦੇ ਮਹਾਂਵਾਕ ਅਨੁਸਾਰ ਤੱਤੀ ਤਵੀ ਉਪਰ ਚੌਂਕੜਾ ਮਾਰ ਤੱਤਾ ਰੇਤਾ ਸੀਸ ਤੇ ਪਵਾ ਲਿਆ। ਦੇਗ ਵਿਚ ਉਬਾਲੇ ਵੀ ਖਾਧੇ ਪਰ ਜ਼ੋਰ ਤੇ ਜਬਰ ਅੱਗੇ ਸੀਸ ਨਹੀਂ ਝੁਕਾਇਆ। ਉਹ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਸਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਉਤਸਾਹਿਤ ਕੀਤਾ। ਗੁਰੂਘਰ ਦੇ ਬਾਹਰ ਸੇਵਾਦਰਾਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।ਇਸ ਮੌਕੇ ਕਥਾ ਵਾਚਕਾਂ ਨੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj