“ਬ੍ਰੇਨ ਡਰੇਨ ਟੂ ਕਨੇਡਾ”

(ਸਮਾਜ ਵੀਕਲੀ)

ਸਾਡੇ ਦੇਸ਼ ਖਾਸ ਕਰਕੇ ਪੰਜਾਬ ਵਿਚੋਂ ਚੰਗੇ ਪੜੇ ਲਿਖੇ ਨੌਜਵਾਨਾਂ ਦਾ ਬਾਹਰਲੇ ਮੁਲਕਾਂ ਵਿੱਚ ਜਾਣ ਦਾ ਲਗਾਤਾਰ ਵਧ ਰਿਹਾ ਰੁਝਾਨ ਸਾਡੇ ਸਾਰਿਆਂ ਲਈ ਖਾਸ ਕਰਕੇ ਸਰਕਾਰਾ ਲਈ ਇਕ ਮੰਥਨ ਕਰਨ ਵਾਲਾ ਵਿਸ਼ਾ ਹੈ। ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਅੰਗਰੇਜ਼ ਬਿਨਾਂ ਲੜੇ ਸਾਡੇ ਦੇਸ਼, ਖਾਸ ਕਰਕੇ ਪੰਜਾਬ ਦਾ ਬਹੁਮੁੱਲਾ ਖਜ਼ਾਨਾ ਲੁਟ ਕੇ ਲੈ ਜਾ ਰਹੇ ਹਨ ਜਾਂ ਕਹਿ ਲਓ ਕਿ ਪੰਜਾਬ ਦੀ ਕਰੀਮ ਕੱਢ ਕੇ ਲਿਜਾਈ ਜਾ ਰਹੀ। ਅਗਰ ਇਸ ਬ੍ਰੇਨ ਡਰੇਨ ਲਈ ਕੋਈ ਜ਼ਿਮੇਵਾਰ ਹੈ ਤਾਂ ਉਹ ਸਾਡੇ ਦੇਸ਼ ਦਾ ਸਿਸਟਮ, ਗੰਦੀ ਅਤੇ ਭ੍ਰਿਸ਼ਟ ਰਾਜਨੀਤੀ ਜਿਸ ਕਰਕੇ ਅਸੀਂ ਆਪਣੇ ਨੌਜਵਾਨਾਂ ਨੂੰ ਉਹ ਸਹੁਲਤਾਂ,ਕੰਮ ਅਤੇ ਚੰਗਾ ਸਿਸਟਮ ਦੇਣ ਵਿੱਚ ਕਾਮਯਾਬ ਨਹੀਂ ਹੋ ਪਾਏ ਜਿਹੋ ਜਿਹਾ ਉਹ ਦੁਜੇ ਮੁਲਕਾਂ ਵਿੱਚ ਲੱਭਦੇ ਫਿਰਦੇ ਹਨ। ਨੌਜਵਾਨ ਕਿਸੇ ਵੀ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ। ਕਿਸੇ ਵੀ ਦੇਸ਼ ਦਾ ਵਿਕਾਸ ਨੌਜਵਾਨ ਸ਼ਕਤੀ ’ਤੇ ਹੀ ਨਿਰਭਰ ਕਰਦਾ ਹੈ।

ਜਿਹਨਾਂ ਮੁਲਕਾਂ ਨੇ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇ ਨਾਲ ਨਾਲ ਚੰਗੀਆਂ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਹਨ, ਉਹ ਦੇਸ਼ ਅੱਜ ਵਿਕਸਤ ਦੇਸ਼ਾਂ ਦੀ ਮੋਹਰਲੀ ਕਤਾਰ ਵਿੱਚ ਹਨ, ਕਿਉਂਕਿ ਸਿੱਖਿਆ ਤੇ ਸਿਹਤ ਹੀ ਕਿਸੇ ਦੇਸ਼ ਦੇ ਵਿਕਾਸ ਲਈ ਦੋ ਪੌੜੀਆਂ ਹੁੰਦੀਆਂ ਹਨ। ਨੌਜਵਾਨ ਕਿਸੇ ਵੀ ਦੇਸ਼ ਦੇ ਵਿਕਾਸ ਲਈ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ। ਵਧੀਆ ਸਿਹਤ ਸਹੂਲਤਾਂ ਤੇ ਮਿਆਰੀ ਸਿੱਖਿਆ ਦੀ ਅਣਹੋਂਦ ਕਾਰਨ ਦੇਸ਼ ਵਿਕਾਸ ਦੇ ਪੱਖ ਤੋਂ ਪਛੜ ਜਾਂਦੇ ਹਨ। ਪਰ ਅਫਸੋਸ ਦੀ ਗੱਲ ਹੈ ਕਿ ਭਾਰਤ ਵਿੱਚ ਮਿਆਰੀ ਸਿੱਖਿਆ ਤੇ ਸਿਹਤ ਸੇਵਾਵਾਂ ਲਈ ਠੋਸ ਯੋਜਨਾਵਾਂ ਦੀ ਬਹੁਤ ਵੱਡੀ ਘਾਟ ਹੈ। ਮੁਲਕ ਭਰ ਵਿੱਚ ਨੌਜਵਾਨਾਂ ਨੂੰ ਨਾ ਤਾਂ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਿਹਤ ਸਹੂਲਤਾਂ। ਭਲਾ ਮਿਆਰੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਤੋਂ ਬਗੈਰ ਚੰਗੇ ਰਾਸ਼ਟਰ ਦਾ ਨਿਰਮਾਣ ਅਤੇ ਚੰਗੇ ਸਮਾਜ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ।

ਸਿੱਖਿਆ ਪ੍ਰਾਪਤ ਕਰ ਲੈਣ ਤੋਂ ਬਾਅਦ ਵੀ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਮੁਲਕ ਭਰ ਵਿੱਚ ਨੌਜਵਾਨ ਧਰਨੇ ਤੇ ਰੋਸ ਮੁਜ਼ਾਹਰੇ ਕਰ ਰਹੇ ਹਨ। ਸਰਕਾਰ ਵੱਲੋਂ ਰੁਜ਼ਗਾਰ ਦੇਣ ਦੀ ਬਜਾਏ ਨੌਜਵਾਨਾਂ ਨੂੰ ਡਾਂਗਾ ਨਾਲ ਨਿਵਾਜਿਆ ਜਾ ਰਿਹਾ ਹੈ। ਰੁਜ਼ਗਾਰ ਦੇ ਮੌਕੇ ਲਗਾਤਾਰ ਘਟ ਰਹੇ ਹਨ। ਨੌਜਵਾਨਾਂ ਦੀਆਂ ਨੌਕਰੀਆਂ ਖੁਸ ਰਹੀਆਂ ਹਨ। ਸਰਕਾਰੀ ਨੌਕਰੀਆਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਵਧਦੀ ਆਬਾਦੀ, ਗਰੀਬੀ, ਅਮਨ ਕਾਨੂੰਨ ਦੀ ਮਾੜੀ ਹਾਲਤ, ਅਪਰਾਧਿਕ ਘਟਨਾਵਾਂ ਵਿੱਚ ਲਗਾਤਾਰ ਵਾਧਾ, ਆਰਥਿਕ ਮੰਦਵਾੜਾ ਅਤੇ ਨਸ਼ਿਆਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਨੌਜਵਾਨ ਦੇਸ਼ ਛੱਡਣ ਲਈ ਮਜਬੂਰ ਹਨ। ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਕਈ ਵਾਰ ਨੌਜਵਾਨ ਨਿਰਾਸ਼ਾ ਦੇ ਆਲਮ ਵਿੱਚ ਖੁਦਕਸ਼ੀ ਵੀ ਕਰ ਲੈਂਦੇ ਹਨ ਜਾਂ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਅਗਰ ਇਕੱਲੇ ਕਨੇਡਾ ਦੀ ਗੱਲ ਕਰੀਏ ਤਾਂ ਇਥੇ ਲੱਗਭਗ 13‌ ਲੱਖ ਤੋਂ ਵੀ ਵੱਧ ਪੰਜਾਬੀ ਹਨ ਜੋ ਕਿ ਉਥੋਂ ਦੀ ਵਸੋਂ ਦਾ ਲੱਗਭਗ 3% ਹਿੱਸਾ ਬਣਦਾ ਹੈ ਅਤੇ ਇਹ ਵਾਧਾ ਲਗਾਤਾਰ ਵਧਦਾ ਜਾ ਰਿਹਾ ਹੈ।

ਜਿੰਨੀ ਤੇਜ਼ੀ ਨਾਲ ਨੌਜਵਾਨ ਵਰਗ ਪਰਵਾਸ ਕਰ ਰਿਹਾ ਹੈ, ਉਸਦੇ ਮੱਦੇਨਜ਼ਰ ਮੁਲਕ ਭਰ ਵਿੱਚ ਨੌਜਵਾਨ ਪੀੜ੍ਹੀ ਦੀ ਗਿਣਤੀ ਘਟਣ ਦੇ ਆਸਾਰ ਹਨ। ਮਾਂ ਬਾਪ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਕਰਾਉਣ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜਣ ਨੂੰ ਤਰਜੀਹ ਦੇ ਰਹੇ ਹਨ। ਵਿਦੇਸ਼ਾਂ ਵਿੱਚ ਪੜ੍ਹਾਈ ਦੇ ਨਾਲ ਨਾਲ 20-25 ਘੰਟੇ ਹਫਤੇ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ। ਕੰਮ ਦੇ ਬਦਲੇ ਵਾਜਬ ਮਜ਼ਦੂਰੀ ਮਿਲਦੀ ਹੈ। ਜਦਕਿ ਸਾਡੇ ਦੇਸ਼ ਵਿੱਚ ਸਿੱਖਿਆ ਪ੍ਰਾਪਤ ਕਰਦੇ ਹੋਏ ਕੰਮ ਕਰਨ ਦੀ ਵਿਵਸਥਾ ਨਹੀਂ ਹੈ। ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਪੀ.ਆਰ. ਮਿਲਣ ਦੀ ਸੰਭਾਵਨਾ ਹੁੰਦੀ ਹੈ। ਇਸਦੇ ਨਾਲ ਹੀ ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਵੀ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾਂ ਉਹਨਾਂ ਮੁਲਕਾਂ ਵਿੱਚ ਸ਼ੁੱਧ ਖੁਰਾਕ, ਸਾਫ-ਸੁਥਰਾ ਪੌਣ-ਪਾਣੀ, ਸੁਰੱਖਿਅਤ ਮਾਹੌਲ, ਸ਼ਾਂਤਮਈ ਵਾਤਾਵਰਣ ਅਤੇ ਵਧੀਆ ਅਰਥਿਕ ਤੇ ਸਮਾਜਿਕ ਢਾਂਚਾ ਵੀ ਵਧੇਰੇ ਕਰਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਦਾ ਹੈ। ਅਗਰ
ਪੰਜਾਬ ਦੇ ਪੈਸੇ ਦੀ ਗੱਲ ਕਰੀਏ ਤਾਂ ਹਰ ਸਾਲ ਲਗਭਗ 1.45 ਲੱਖ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਲਈ 25 ਅਰਬ 30 ਕਰੋੜ ਰੁਪਏ ਖਰਚ ਕਰਦੇ ਹਨ।

80 ਫੀਸਦੀ ਮਾਪੇ ਬਾਰ੍ਹਵੀਂ ਜਮਾਤ ਤੋਂ ਬਾਅਦ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਇਛੁੱਕ ਹਨ ਅਤੇ 90 ਫੀਸਦੀ ਵਿਦਿਆਰਥੀ ਪੰਜਾਬ ਦੀ ਬਜਾਏ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਯੂਰਪੀਅਨ ਅਤੇ ਹੋਰ ਦੇਸ਼ਾਂ ਵਿੱਚ ਜਾਣ ਦੇ ਪੱਖ ਵਿੱਚ ਹਨ। ਪੰਜਾਬ ਦੇ ਬਜਟ ਦਾ ਲੱਗਭਗ 17 ਫੀਸਦੀ ਰੁਪਇਆ ਹਰ ਸਾਲ ਮਾਪਿਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਦੂਜੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਗੈਰ-ਕਾਨੂੰਨੀ ਢੰਗ ਨਾਲ ਟ੍ਰੈਵਲ ਏਜੰਟ ਨੌਜਵਾਨਾਂ ਤੋਂ 10 ਤੋਂ 20 ਲੱਖ ਲੈ ਕੇ ਬਾਹਰ ਭੇਜਦੇ ਹਨ, ਜਿਸ ਨਾਲ ਬਾਹਰ ਜਾਣ ਵਾਲੇ ਧਨ ਦੀ ਮਾਤਰਾ ਹੋਰ ਵਧ ਜਾਂਦੀ ਹੈ ਜੋ ਪੰਜਾਬ ਦੀ ਅਰਥ ਵਿਵਸਥਾ ਲਈ ਕਿਸੇ ਦਿਨ ਮੁਸ਼ਕਿਲ ਪੈਦਾ ਕਰ ਸਕਦੀ ਹੈ। ਬੱਚਿਆਂ ਵਲੋਂ ਵਿਦੇਸ਼ਾਂ ਵਿੱਚ ਕਮਾਇਆ ਧਨ ਹੁਣ ਵਾਪਸ ਪੰਜਾਬ ਨਹੀਂ ਆ ਰਿਹਾ। ਸਗੋਂ ਵਿਦੇਸ਼ ਪੜ੍ਹਦੇ ਬੱਚੇ ਉੱਥੇ ਹੀ ਰੀਅਲ ਅਸਟੇਟ, ਟਰਾਂਸਪੋਰਟ, ਕੋਠੀਆਂ ਜਾਂ ਕਾਰਾਂ ’ਤੇ ਹੀ ਖਰਚ ਕਰ ਰਹੇ ਹਨ।

ਦੇਸ਼ ਦੇ ਬਹੁਗਿਣਤੀ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਨਿਕਲਣਾ ਚਾਹੁੰਦੇ ਹਨ। ਇਸ ਵਾਸਤੇ ਜਿੱਧਰ ਵੀ ਕਿਧਰੇ ਮੌਕਾ ਮਿਲਣ ਦੀ ਸੰਭਾਵਨਾ ਹੁੰਦੀ ਹੈ, ਨੌਜਵਾਨ ਉੱਧਰ ਨੂੰ ਕਿਨਾਰਾ ਕਰ ਲੈਂਦੇ ਹਨ। ਹੁਣ ਤੱਕ ਸਾਡੇ ਦੇਸ਼ ਦੇ ਹੁਕਮਰਾਨਾਂ ਨੇ ਬਹੁਤੇ ਲੋਕਾਂ ਨੂੰ ਨਿਰਾਸ਼ਾ ਹੀ ਦਿੱਤੀ ਹੈ। ਨੌਜਵਾਨ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸਦੇ ਜਾ ਰਹੇ ਹਨ। ਬਹੁਤੇ ਨੌਜਵਾਨ ਆਪਣੀ ਇਸ ਦੌੜ ਵਿੱਚ ਸਫਲ ਵੀ ਹੋ ਜਾਂਦੇ ਹਨ। ਪਰ ਬਹੁਤਿਆਂ ’ਤੇ ਕਠਨਾਈਆਂ ਅਤੇ ਦੁੱਖਾਂ ਦੇ ਪਹਾੜ ਵੀ ਟੁੱਟ ਪੈਂਦੇ ਹਨ।

ਨੌਜਵਾਨ ਕਾਨੂੰਨੀ ਤੇ ਗੈਰ-ਕਾਨੂੰਨੀ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ। ਆਈਲੈਟਸ ਨਾ ਹੋਣ ਤੇ ਨੌਜਵਾਨ ਖੁਦ ਜਾਂ ਉਹਨਾਂ ਦੇ ਮਾਪੇ ਆਈਲੈਟਸ ਵਿੱਚ 6-7 ਬੈਂਡ ਪ੍ਰਾਪਤ ਲੜਕੀ ਦੇ ਮਾਪਿਆਂ ਅੱਗੇ ਤਰਲੇ ਕੱਢਣੇ ਸੂਰੁ ਕਰ ਦਿੰਦੇ ਹਨ ਤਾਂ ਜੋ ਵਿਦੇਸ਼ ਪਹੁੰਚਿਆ ਜਾ ਸਕੇ। ਜਾਤ-ਪਾਤ ਵਰਗੇ ਕਲੰਕ ਨੂੰ ਮਿਟਾਉਣ ਦਾ ਜਿਹੜਾ ਕੰਮ ਸਾਡੇ ਧਾਰਮਿਕ ਰਹਿਨੁਮਾ ਨਹੀਂ ਕਰ ਸਕੇ, ਉਸ ਨੂੰ ਆਈਲੈਟਸ ਨੇ ਕਰ ਵਿਖਾਇਆ ਹੈ। ਵਿਆਹ ਵੇਲੇ ਸਿਰਫ ਬੈਂਡ ਵੇਖੇ ਜਾਂਦੇ ਹਨ, ਜਾਤ-ਪਾਤ ਕੋਈ ਨਹੀਂ ਪੁੱਛਦਾ। ਪੜ੍ਹਾਈ ਵਿੱਚ ਹਰ ਪੱਧਰ ’ਤੇ ਕੁੜੀਆਂ ਦੀ ਝੰਡੀ ਹੈ। ਵੱਡੇ-ਵੱਡੇ ਲੈਂਡਲਾਰਡ ਹੁਣ ਦਾਜ ਲੈਣ ਦੀ ਬਜਾਏ ਪੰਜਾਹ ਪੰਜਾਹ ਲੱਖ ਰੁਪਇਆ ਕੁੜੀ ਵਾਲਿਆਂ ਨੂੰ ਦੈਣ ਲਈ ਚੁੱਕੀ ਫਿਰਦੇ ਹਨ ਕਿ ਕਿਸੇ ਤਰ੍ਹਾਂ ਮੁੰਡਾ ਬਾਹਰ ਚਲਾ ਜਾਵੇ। ਇੱਥੋਂ ਤਕ ਕਿ ਵਿਆਹ ਦਾ ਸਾਰਾ ਖਰਚਾ ਵੀ ਮੁੰਡੇ ਵਾਲੇ ਹੀ ਕਰਦੇ ਹਨ। ਭਾਰਤ ਵਿੱਚ ਆਈਲੈਟਸ ਨੇ ਧੀਆਂ ਦੀ ਕਿਸਮਤ ਖੋਲ੍ਹ ਦਿੱਤੀ ਹੈ। ਹੁਣ ਗਰੀਬ ਤੇ ਮੱਧ ਵਰਗ ਦੀਆਂ ਲੜਕੀਆਂ ਵੀ ਵਿਦੇਸ਼ ਜਾ ਰਹੀਆਂ ਹਨ।

ਸਰਕਾਰ ਨੂੰ ਆਪਣੇ ਪੜ੍ਹੇ ਲਿਖੇ ਕਾਬਿਲ ਬੱਚਿਆਂ ਨੂੰ ਦੇਸ਼ ਵਿੱਚ ਰੱਖਣ ਲਈ ਨਵੇਂ ਨਵੇਂ ਉਪਾਅ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੇਸ਼ ਨੂੰ ਕਨੇਡਾ, ਅਮਰੀਕਾ ਜਪਾਨ, ਅਤੇ ਜਰਮਨ ਵਰਗੇ ਮੁਲਕਾਂ ਦੇ ਹਾਣ ਦਾ ਬਣਾਉਣ ਲਈ ਨਵੇਂ ਕਾਨੂੰਨ ਬਣਾਉਣ ਦੀ ਲੋੜ ਹੈ ਅਤੇ ਦੇਸ਼ ਨੂੰ ਅੰਧਵਿਸ਼ਵਾਸ,ਜ਼ਾਤੀ ਵਿਵਸਥਾ ਅਤੇ ਧਰਮਾਂ ਤੋਂ ਉੱਪਰ ਉੱਠਕੇ ਨਵੀਂ ਟੈਕਨੌਲੋਜੀ ਅਤੇ ਵਿਗਿਆਨ ਤੇ ਕੰਮ ਕਰਨ ਦੀ ਲੋੜ ਹੈ ਨਹੀਂ ਤਾਂ ਦੇਸ਼ ਵਿੱਚੋਂ ਬੇਨ-ਡਰੇਨ ਹੁੰਦਾ ਰਹੇਗਾ, ਜਿਸਦਾ ਦੇਸ਼ ਦੀ ਕਾਰਜ ਪ੍ਰਣਾਲੀ ’ਤੇ ਬੁਰਾ ਅਸਰ ਪਵੇਗਾ। ਜੇਕਰ ਸਰਕਾਰਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਪੰਜਾਬ ਅਤੇ ਦੇਸ਼ ਦਾ ਭਵਿੱਖ ਧੁੰਦ ਦੇ ਬੱਦਲਾਂ ਵਾਂਗ ਨਜਰ ਆ ਸਕਦਾ ਹੈ।

ਕੁਲਦੀਪ ਸਿੰਘ ਰਾਮਨਗਰ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆ ਵਿਚ ਚੌਥਾ ਸਭ ਤੋਂ ਕਮਜ਼ੋਰ ਪਾਕਿਸਤਾਨ ਦਾ ਪਾਸਪੋਰਟ, ਜਾਣੋ ਕਿਹੜੇ ਨੰਬਰ ’ਤੇ ਹੈ ਭਾਰਤ
Next articleਮਤਲਬਖੋਰੀ ਦੁਨੀਆਂ ਦਾ ਵਸੇਬਾ