ਆਪਣੇ ਰਾਹ ਦਸੇਰੇ ਅਧਿਆਪਕਾਂ ਨੂੰ ਨਮਨ ਕਰਦਿਆਂ….,

ਕੰਵਰ ਇਕਬਾਲ ਸਿੰਘ

– ਅਧਿਆਪਕ ਦਿਵਸ ਮੌਕੇ

(ਸਮਾਜ ਵੀਕਲੀ)- ਰਣਧੀਰ ਸਕੂਲ ‘ਚੋਂ 1980 ਵਿੱਚ ਨੌਵੀਂ ਜਮਾਤ ਪਹਿਲੇ ਦਰਜੇ ਵਿੱਚ ਪਾਸ ਕਰਦਿਆਂ ਹੀ ਮੈਂ ਕਪੂਰਥਲਾ ਸ਼ਹਿਰ ਦੀ ਮਾਰਕਫੈੱਡ ਰੋਡ ਤੇ ਸਥਿੱਤ ਮੁਹੱਲਾ ਆਰਫਵਾਲਾ ਵਿਖੇ ਮੁਨਿਆਰੀ ਅਤੇ ਸਟੇਸ਼ਨਰੀ ਆਦਿ ਦੀ ਦੁਕਾਨ ਖੋਲ੍ਹ ਲਈ ! ਸਾਡੇ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਸਨ ਉਦੋਂ, ਤੰਗੀਆਂ ਤੁਰਸ਼ੀਆਂ ਦੀ ਵਾਹਵਾ ਭਰਮਾਰ ਸੀ ਘਰੇ ! ਮੇਰਾ ਮਜ਼ਦੂਰ ਬਾਪ, ਪਿਤਾ ਪੁਰਖੀ ਕਿਸੇ ਵੀ ਜਾਇਦਾਦ ਦਾ ਵਾਰਿਸ ਨਹੀਂ ਸੀ, ਸਿਰਫ਼ 30 ਰੁਪਏ ਮਹੀਨਾ ਤਨਖਾਹ ਤੇ ਐਸ.ਐਸ.ਕੇ ਸਵਿੱਚ ਫੈਕਟਰੀ ਵਿੱਚ ਕਿਰਤ ਕਰਦੇ ਸਨ ! ਮੈਂ ਗ਼ੁਰਬਤ ਦਾ ਝੰਬਿਆ ਅਧਵਾਟਿਓਂ ਹੀ ਪੜ੍ਹਾਈ ਛੱਡਕੇ ਪਰਿਵਾਰ ਦੀ ਮਦਦ ਕਰਨ ਦੇ ਇਰਾਦੇ ਨਾਲ ਦੁਕਾਨਦਾਰੀ ਨੂੰ ਤਰਜੀਹ ਦੇਣ ਲੱਗ ਪਿਆ !

ਦਸਵੀਂ ਜਮਾਤ ਵਿੱਚ ਦਾਖ਼ਲਾ ਨਾ ਲੈਣ ਉਪਰੰਤ, ਮੇਰੇ ਸੰਗੀਆਂ ਸਾਥੀਆਂ ਨੇ ਮੇਰੇ ਅਧਿਆਪਕਾਂ ਵੱਲੋਂ ਪੁੱਛਣ ਤੇ ਮੇਰੇ ਪਰਿਵਾਰ ਦੀ ਵਿਥਿਆ ਆਖ ਸੁਣਾਈ ! ਹਿਸਾਬ ਦੇ ਮਾਸਟਰ ਰਾਜਨ ਪੁਰੀ ਜੀ ਅਤੇ ਪੰਜਾਬੀ ਦੇ ਅਧਿਆਪਕ ਸ੍ਰ ਬਲਬੀਰ ਸਿੰਘ ਜੀ ਨੇ ਲੱਭਦੇ ਲਭਾਉਂਦਿਆਂ ਨੇ ਮੇਰੇ ਘਰ ਦਾ ਖੁਰਾ ਆ ਨੱਪਿਆ !

ਉਸਤਾਦਾਂ ਦੇ ਆਉਂਣ ਦਾ ਸੁਨੇਹਾ ਮਿਲਦਿਆਂ ਹੀ ਮੈਂ ਦੁਕਾਨ ਵਧਾ ਕੇ ਝਵਦੇ ਹੀ ਘਰ ਆ ਗਿਆ ! ਉਨ੍ਹਾਂ ਨੇ ਜਾਣਦਿਆਂ ਹੋਇਆਂ ਵੀ ਮੈਥੋਂ ਪੜ੍ਹਾਈ ਤੋਂ ਬੇਮੁੱਖ ਹੋਣ ਦਾ ਕਾਰਣ ਪੁੱਛਿਆ ਤਾਂ ਮੇਰੀਆਂ ਅੱਖੀਆਂ ਨੇ ਸੌਂਣ ਭਾਦਰੋਂ ਦੀ ਝੜੀ ਲਾ ਦਿੱਤੀ ! ਮੈਂ ਹਟਕੋਰੇ ਭਰਦਿਆਂ ਉਨ੍ਹਾਂ ਨੂੰ ਘਰ ਦੇ ਮੌਜੂਦਾ ਹਾਲਾਤਾਂ ਤੋਂ ਜਾਣੂਂ ਕਰਵਾਇਆ, ਤੇ ਇਹ ਵੀ ਦੱਸਿਆ ਕਿ ਪੰਜ ਹਜ਼ਾਰ ਰੁਪਏ ਕਿਸੇ ਸ਼ਾਹੁਕਾਰ ਕੋਲੋਂ ਵਿਆਜੀਂ ਫੜ ਕੇ ਦੁਕਾਨ ਵਿੱਚ ਸਮਾਨ ਪਾਇਆ ਹੈ ! ਚਾਹ ਦੇ ਪਿਆਲੇ ਦੀ ਸਾਂਝ ਉਪਰੰਤ ਉਨ੍ਹਾਂ ਨੇ ਮੈਥੋਂ ਭਲਕੇ ਸਕੂਲ ਆਉਂਣ ਦਾ ਵਾਅਦਾ ਲੈਣ ਦੇ ਨਾਲ਼ ਹੀ ਰੁਖਸਤੀ ਲੈ ਲਈ !

ਕੀਤੇ ਕੌਲ ਮੁਤਾਬਿਕ ਮੈਂ ਸਕੂਲ ਪੁੱਜਾ ! ਮਾਸਟਰ ਜਗਦੀਸ਼ ਆਨੰਦ ਜੀ, ਮਾਸਟਰ. ਬਲਬੀਰ ਸਿੰਘ ਜੀ, ਮਾ. ਰਾਜਨ ਪੁਰੀ ਜੀ, ਮਾ.ਰਾਮ ਕੁਮਾਰ ਸੇਖੜੀ ਜੀ ਅਤੇ ਮਾ. ਨਰਿੰਦਰ ਕੁਮਾਰ ਪੰਛੀ ਜੀ ਸਮੇਤ ਕੁੱਲ 5 ਅਧਿਆਪਕਾਂ ਨੇ ਵੱਖਰੇ ਕਮਰੇ ਵਿੱਚ ਬਿਠਾ ਕੇ ਮੈਨੂੰ ਸਮਝਾਇਆ ਕਿ ਪੁੱਤਰਾ ਅਸੀਂ ਤੇਰੀ ਮਜਬੂਰੀ ਸਮਝਦੇ ਹਾਂ ਪਰ ਸਾਡੀ ਦਿਲੀ ਇੱਛਾ ਹੈ ਕਿ ਤੂੰ ਘੱਟ ਤੋਂ ਘੱਟ ਦਸਵੀਂ ਜਮਾਤ ਤਾਂ ਪਾਸ ਹੋਵੇਂ !

ਸ਼ਾਇਦ ਤੈਨੂੰ ਇਲਮ ਨਹੀਂ ਕਿ ਸਰਕਾਰ ਵੱਲੋਂ ਦਸਵੀਂ ਪਾਸ ਵਿਦਿਆਰਥੀਆਂ ਨੂੰ ਸਰਕਾਰੀ ਬੈਂਕਾਂ ਰਾਹੀਂ ਕਾਰੋਬਾਰ ਕਰਨ ਵਾਸਤੇ ਬਹੁਤ ਹੀ ਘੱਟ ਵਿਆਜ਼ ਤੇ ਅਤੇ ਸਬਸਿਡੀ ਦੇ ਅਧਾਰ ਤੇ ਕਰਜ਼ਾ ਦਿੱਤਾ ਜਾਂਦਾ ਹੈ ! ਤੂੰ ਸਿਰਫ਼ ਪੰਦਰੀਂ ਦਿਨੀਂ ਸਕੂਲ ਆ ਕੇ ਹਾਜ਼ਰੀ ਲਗਵਾਉਣੀਂ ਐ, ਸਾਲ ਦੀਆਂ ਹਾਜ਼ਰੀਆਂ ਤੇਰੀਆਂ ਅਸੀਂ ਪੂਰੀਆਂ ਕਰਾਂਗੇ, ਵਰਦੀ ਅਤੇ ਕਾਪੀਆਂ ਕਿਤਾਬਾਂ ਦਾ ਤੂੰ ਫ਼ਿਕਰ ਨਹੀਂ ਕਰਨਾਂ ਉਹ ਸਾਡੀ ਜ਼ਿੰਮੇਵਾਰੀ ਰਹੀ !

ਤੂੰ ਬੜਾ ਹੀ ਹੋਂਣਹਾਰ ਵਿਦਿਆਰਥੀ ਹੈਂ, ਅਸੀਂ ਜਾਂਣਦੇ ਹਾਂ ਕਿ ਤੂੰ ਕਾਰੋਬਾਰ ਕਰਨ ਦੇ ਨਾਲ-ਨਾਲ ਦੁਕਾਨ ਤੇ ਬਹਿ ਕੇ ਹੀ ਪੜ੍ਹਾਈ ਵਿੱਚ ਵੀ ਪੂਰੀ ਮਿਹਨਤ ਕਰੇਂਗਾ ਤੇ ਚੰਗੇ ਨੰਬਰਾਂ ਨਾਲ ਪਾਸ ਹੋ ਕੇ ਸਾਡੇ ਸਕੂਲ ਦੇ ਅਗਾਮੀ ਵਧੀਆ ਨਤੀਜੇ ਵਿੱਚ ਆਵਦਾ ਬਣਦਾ ਯੋਗਦਾਨ ਪਾਵੇਂਗਾ ! ਮੇਰੇ ਹਾਂ ਕਹਿਣ ਦੀ ਦੇਰ ਸੀ ਕਿ ਮੇਰਿਆਂ ਸਾਰਿਆਂ ਹੀ ਉਸਤਾਦਾਂ ਨੇ ਮੈਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ !

ਵਕ਼ਤ ਆਪਣੀ ਤੋਰੇ ਤੁਰਦਾ ਰਿਹਾ, ਸਾਲ ਵਿੱਚ ਸਿਰਫ਼ 24 ਦਿਨਾਂ ਦੀ ਸਕੂਲੀ ਹਾਜ਼ਰੀ ਅਤੇ ਹੱਟੀ ਤੇ ਕੀਤੀ ਕਿਰਤ ਦੇ ਨਾਲ-ਨਾਲ ਕੀਤੀ ਪੜ੍ਹਾਈ ਸਦਕਾ ਮੈਂ ਕੁੱਲ 800 ਨੰਬਰਾਂ ਵਿੱਚੋਂ 608 ਨੰਬਰ ਲੈ ਕੇ ਪਾਸ ਹੋਣ ਉਪਰੰਤ ਆਵਦੇ ਸਭਨਾਂ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕਰਨ ਵਾਸਤੇ ਸਕੂਲ ਗਿਆ, ਪੜ੍ਹਾਈ ਪੱਖੋਂ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦਾ ਯਤਨ ਹੀ ਨਹੀਂ ਕੀਤਾ ਸਗੇਰੋਂ ਉਨ੍ਹਾਂ ਦਾ ਭਰੋਸਾ ਵੀ ਕਾਇਮ ਰੱਖਿਆ !

ਸਰਟੀਫਿਕੇਟ ਮਿਲਦਿਆਂ ਹੀ ਇੰਡਸਟਰੀ ਡਿਪਾਰਟਮੈਂਟ ਰਾਹੀਂ ਪ੍ਰਿੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਜੀ ਦੀ ਕੋਠੀ ਲਾਗਲੇ ਸੈਂਟਰਲ ਬੈਂਕ ਵਿੱਚੋਂ 25 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਆਪਣੀ ਹੱਟੀ ਨੱਕੋ-ਨੱਕ ਭਰ ਲਈ, ਪੰਜ ਸਾਲ ਦੀਆਂ ਕਿਸ਼ਤਾਂ ਵਿੱਚ ਕਰਜ਼ ਅਦਾ ਕੀਤਾ, ਜਿਸ ਵਿੱਚੋਂ ਚੌਥਾ ਹਿੱਸਾ (ਸਵਾ ਛੇ ਹਜ਼ਾਰ ਰੁਪਏ) ਸਬਸਿਡੀ ਵਜੋਂ ਮੁਆਫ਼ ਹੋ ਗਿਆ,

ਫ਼ਿਰ ਚੱਲ ਸੋ ਚੱਲ, ਲਗਨ ਮਿਹਨਤ ਅਤੇ ਇਮਾਨਦਾਰੀ ਨਾਲ ਕਾਰੋਬਾਰ ਅੱਜ ਹੋਰ ਕੱਲ੍ਹ ਹੋਰ ! 1981 ਵਿੱਚ ਪੁਰਾਣੀਆਂ ਜ਼ਿਲ੍ਹਾ ਕਚਹਿਰੀਆਂ ਨੇੜਲੀ ਗੁਰੂ ਨਾਨਕ ਦੇਵ ਲਾਇਬਰੇਰੀ ਕਪੂਰਥਲਾ ਦੀ 30 ਰੁਪਏ ਦੇ ਕੇ ਮੈਂਬਰਸ਼ਿਪ ਕਾਹਦੀ ਲਈ ਕਿ 1990 ਤੱਕ ਮੈਂ ਲਾਇਬਰੇਰੀ ਵਿਚਲੀਆਂ ਹਰ ਸਿਨਫ਼, ਭਾਵ ਕਿ ਕਵਿਤਾ, ਗੀਤ, ਗ਼ਜ਼ਲ, ਕਹਾਣੀਂ ਸੰਗ੍ਰਹਿ ਅਤੇ ਨਾਵਲ ਇਤਿਆਦਿ ਨਾਲ ਲੱਦੀ ਸਮੁੱਚੀ ਲਾਇਬ੍ਰੇਰੀ ਹੀ ਘੋਟ-ਘੋਟ ਕੇ ਪੀ ਲਈ!

ਸ਼ਾਇਦ ਇਹੀਓ ਹੀ ਕਾਰਣ ਏ ਕਿ ਬੀਤੇ ਲੰਮੇ ਸਮੇਂ ਤੋਂ ਪੀ. ਐੱਚ. ਡੀ. ਕਰ ਕੇ ਕਾਲਜਾਂ ਵਿੱਚ ਸੇਵਾਵਾਂ ਦੇ ਰਹੇ ਕੁਝ ਪ੍ਰੋਫ਼ੈਸਰ ਮਿੱਤਰ ਅਤੇ ਹੋਰ ਸਿਖਿਆਰਥੀ ਸਮੇਂ-ਸਮੇਂ ਮੈਥੋਂ ਆਪਣੀਆਂ ਰਚਨਾਵਾਂ ਬਾਬਤ ਇਸਲਾਹ ਲੈ ਰਹੇ ਨੇ,

ਦੇਸ਼ ਵਿਦੇਸ਼ ਤੋਂ ਛਪਦੀਆਂ ਅਖ਼ਬਾਰਾਂ ਮੈਗ਼ਜ਼ੀਨਾਂ ਵਿੱਚ ਮੇਰੀਆਂ ਲਿਖਤਾਂ ਛਪਦੀਆਂ ਰਹਿੰਦੀਆਂ ਨੇ, ਕੁੱਲ ਦੁਨੀਆਂ ਦੇ ਟੀ.ਵੀ ਰੇਡੀਓ ਚੈਨਲਾਂ ਦੇ ਸਰੋਤੇ ਅਤੇ ਦਰਸ਼ਕ ਮੇਰੀ ਸ਼ਾਇਰੀ ਅਤੇ ਪੇਸ਼ਕਾਰੀ ਦਾ ਅਕਸਰ ਆਨੰਦ ਲੈ ਰਹੇ ਨੇ, ਛੇਵੀਂ ਅਤੇ ਅਠਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪਾਠ ਪੁਸਤਕਾਂ ਵਿੱਚ ਮੇਰੀਆਂ ਰਚਨਾਵਾਂ ਪ੍ਰਕਾਸ਼ਿਤ ਨੇ, ਦਿੱਲੀ ਸਰਕਾਰ ਵੱਲੋਂ ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਤੇ ਕਰਵਾਏ ਜਾਂਦੇ ਰਾਸ਼ਟਰੀ ਪੰਜਾਬੀ ਕਵੀ ਦਰਬਾਰਾਂ ਵਿੱਚ ਪਿਛਲੇ ਤਕਰੀਬਨ 13 ਚੌਦਾਂ ਵਰ੍ਹਿਆਂ ਤੋਂ ਹਿੰਦੋਸਤਾਨ ਦੇ 24 ਪੰਜਾਬੀ ਸ਼ਾਇਰਾਂ ਵਿੱਚ ਬੁਲਾਇਆ ਜਾਂਦਾ ਹਾਂ,

ਰਾਜਨੀਤਕ ਕੱਦ-ਕਾਠ ਕਾਇਮ ਰੱਖਣ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਵੀ ਬਣਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹਾਂ,

ਵਪਾਰਕ ਪੱਖੋਂ ਵੀ ਮਹਾਂਰਾਜ ਜੀ ਨੇ ਮਾਲਾਮਾਲ ਕੀਤਾ ਹੋਇਐ ਕੁਝ ਵੀ ਲੁਕੋ ਕੇ ਨਹੀਂ ਰੱਖਿਆ,

ਪਾਤਸ਼ਾਹ ਜੀ ਨੇ ਹਰ ਪੱਖੋਂ ਸਰਦਾਰੀਆਂ ਬਖਸ਼ੀਆਂ ਹੋਈਆਂ ਨੇ, ਤਕਰੀਬਨ 40-41ਵਰ੍ਹੇ ਪਹਿਲਾਂ ਦਸਵੀਂ ਜਮਾਤ ਤੀਕ ਕੀਤੀ ਪੜ੍ਹਾਈ ਅਜੋਕੇ ਯੁੱਗ ਦੀ ਡਬਲ PHD ਜਾਪਦੀ ਐ ਮੈਨੂੰ,

ਇਹ ਸਭ ਕੁਝ ਮੇਰੇ ਅਧਿਆਪਕਾਂ ਸਦਕਾ ਹੀ ਸੰਭਵ ਹੋ ਸਕਿਐ,
ਉਨ੍ਹਾਂ ਨੂੰ ਉਦੋਂ ਪਤਾ ਨਹੀਂ ਮੇਰੇ ਵਿੱਚੋਂ ਕੀ ਦਿਸਿਆ ਸੀ, ਪਰ ਸੱਚੀਂ-ਮੁੱਚੀਂ ਉਨ੍ਹਾਂ ਅਧਿਆਪਕਾਂ ਵਿੱਚੋਂ ਮੈਨੂੰ ਹਮੇਸ਼ਾ ਹੀ ਰੱਬ ਦਿਸਦਾ ਰਿਹਾ ਹੈ ਅਤੇ ਤਾ-ਉਮਰ ਦਿਸਦਾ ਰਹੇਗਾ !

ਸੰਖੇਪ ਰੂਪ ਵਿੱਚ ਇਹ ਹਾਵ-ਭਾਵ ਪ੍ਰਵਾਨ ਕਰੋ
ਵਿਸਥਾਰ ਸਹਿਤ ਹੋਰ ਗੱਲਾਂਬਾਤਾਂ ਫ਼ਿਰ ਕਦੇ ਜ਼ਰੂਰ ਕਰਾਂਗੇ !

ਆਮੀਨ

ਕੰਵਰ ਇਕਬਾਲ ਸਿੰਘ
ਸੰਪਰਕ :- 98149-73578
kanwariqbals@gmail.com

Previous articleਪਿੰਡ ਕੋਲੀਆਂਵਾਲ ਚ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਦੇ ਹੱਕ ਚ ਹੋਈ ਵਿਸ਼ਾਲ ਬੈਠਕ
Next articleसद्भाव यात्रा आजमगढ़ पहुँची