ਸਾਂਝਾ ਅਧਿਆਪਕ ਫਰੰਟ ਨੇ ਸਕੂਲਾਂ ਵਿੱਚ ਮਿਡ ਡੇ ਮੀਲ ਦੇ ਖਾਤੇ ਕੇਨਰਾ ਬੈਂਕ ਚ ਤਬਦੀਲ ਕਰਾਉਣ ਦੇ ਆਦੇਸ਼ਾਂ ਦਾ ਕੀਤਾ ਵਿਰੋਧ

ਸੂਬੇ ਵਿੱਚ ਕਈ ਸਥਾਨਾਂ ਤੇ ਕੇਨਰਾ ਬੈਂਕ ਦੀਆਂ ਸ਼ਾਖਾਵਾਂ ਨਾ ਹੋਣ ਕਾਰਣ ਅਧਿਆਪਕਾਂ ਨੂੰ ਹੋਣਾ ਪਵੇਗਾ ਖੱਜਲ ਖਰਾਬ

ਸਿੱਖਿਆ ਵਿਭਾਗ ਤੁਗਲਕੀ ਫਰਮਾਨ ਬੰਦ ਕਰਕੇ ਅਧਿਆਪਕਾਂ ਨੂੰ ਸੁਖਾਵੇਂ ਮਾਹੌਲ ਵਿੱਚ ਪੜ੍ਹਾਉਣ ਦਾ ਦੇਵੇ ਮੌਕਾ- ਅਧਿਆਪਕ ਆਗੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਦੇ ਜਨਰਲ ਮੈਨੇਜਰ ਨੇ ਪੰਜਾਬ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਪੰਜਾਬ ਦੇ ਸਮੂਹ ਸਕੂਲਾਂ ਦੇ ਮਿਡ ਡੇ ਮੀਲ ਨਾਲ ਸਬੰਧਤ ਖਾਤਿਆਂ ਨੂੰ ਕੇਨਰਾ ਬੈਂਕ ਵਿੱਚ ਤਬਦੀਲ ਕੀਤਾ ਜਾਵੇ। ਨਵੇਂ ਆਦੇਸ਼ਾਂ ਦੇ ਬਾਅਦ ਕਈ ਜ਼ਿਲ੍ਹਿਆਂ ਵਿੱਚ ਅਧਿਆਪਕ ਪ੍ਰੇਸ਼ਾਨ ਹੋ ਰਹੇ ਹਨ। ਜਿੱਥੇ ਇਨ੍ਹਾਂ ਬੈਂਕਾਂ ਦੀਆਂ ਸ਼ਾਖਾਵਾਂ ਨਹੀਂ ਹਨ । ਸਾਂਝਾ ਅਧਿਆਪਕ ਫਰੰਟ ਦੇ ਆਗੂ ਈ ਟੀ ਯੂ ਦੇ ਸੂਬਾਈ ਆਗੂ ਰਵੀ ਵਾਹੀ , ਈ ਟੀ ਟੀ ਯੂਨੀਅਨ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਸ਼ਪਾਲ ਸਿੰਘ ਵੜੈਚ , ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ , ਇੰਦਰਜੀਤ ਸਿੰਘ ਬਿਧੀਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ , ਅਵਤਾਰ ਸਿੰਘ,ਅਪਿੰਦਰ ਸਿੰਘ , ਹਰਜਿੰਦਰ ਸਿੰਘ ਢੋਟ, ਰਜਿੰਦਰ ਸਿੰਘ, ਬੀ ਐੱਡ ਫਰੰਟ ਦੇ ਆਗੂ ਸਰਤਾਜ ਸਿੰਘ , ਡੀ ਟੀ ਐਫ ਆਗੂ ਸੁਖਚੈਨ ਸਿੰਘ ਬੱਧਣ, ਬਲਜੀਤ ਸਿੰਘ ਬੱਬਾ , ਸੁਖਦੇਵ ਸਿੰਘ ਬੂਲਪੁਰ,ਕੁਲਦੀਪ ਠਾਕੁਰ, ਅਸ਼ਵਨੀ ਕੁਮਾਰ,ਸਰਬਜੀਤ ਸਿੰਘ, ਵੀਨੂੰ ਸੇਖਡ਼ੀ , ਆਦਿ ਨੇ ਸਿੱਖਿਆ ਵਿਭਾਗ ਦੇ ਖਾਤੇ ਖੁਲ੍ਹਵਾਉਣ ਸਬੰਧੀ ਦਿੱਤੇ ਨਿਰਦੇਸ਼ਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਵਿਭਾਗ ਦੁਆਰਾ ਪਹਿਲਾਂ ਆਦੇਸ਼ ਜਾਰੀ ਕਰਕੇ ਸਮੂਹ ਰਾਜ ਵਿੱਚ ਖਾਤਾ ਸਟੇਟ ਬੈਂਕ ਆਫ ਇੰਡੀਆ ਵਿੱਚ ਖੁਲ੍ਹਵਾਏ ਸਨ ਤੇ ਹੁਣ ਕੇਨਰਾ ਬੈਂਕ ਵਿਚ ਖੁਲ੍ਹਵਾਉਣ ਦੇ ਨਿਰਦੇਸ਼ ਜਾਰੀ ਹੋਏ ਹਨ।

ਵਿਭਾਗ ਦੁਆਰਾ ਸਮੇਂ ਸਮੇਂ ਤੇ ਜਾਰੀ ਕੀਤੇ ਐਸੇ ਆਦੇਸ਼ਾਂ ਨਾਲ ਅਧਿਆਪਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਇਲਾਕਿਆਂ ਵਿਚ ਐਸੇ ਵੀ ਹਨ । ਜਿਥੇ ਕੇਨਰਾ ਬੈਂਕ ਦੀਆਂ ਸ਼ਾਖਾਵਾਂ ਨਹੀਂ ਹਨ। ਇਸ ਨਾਲ ਅਧਿਆਪਕਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਆਪਣੇ ਪੈਸੇ ਕਢਵਾਉਣ ਤੇ ਹੋਰ ਬੈਂਕ ਦੇ ਕੰਮ ਲਈ ਦੂਰ ਦਰਾਡੇ ਕੇਨਰਾ ਬੈਂਕ ਦੀ ਸ਼ਾਖਾ ਵਿੱਚ ਜਾਣਾ ਪਵੇਗਾ। ਆਗੂਆਂ ਨੇ ਮੰਗ ਕੀਤੀ ਹੈ ਐਸੇ ਆਦੇਸ਼ ਵਾਪਸ ਲਏ ਜਾਣ ਅਤੇ ਸਕੂਲਾਂ ਨੂੰ ਜਲਦ ਤੋਂ ਜਲਦ ਕੁਕਿੰਗ ਕਾਸਟ ਦੀ ਰਾਸ਼ੀ ਜਾਰੀ ਕੀਤੀ ਜਾਵੇ। ਕਿਉਂਕਿ ਪਿਛਲੇ ਤਿੰਨ ਮਹੀਨੇ ਤੋਂ ਕੁਕਿੰਗ ਕਾਸਟ ਦੀ ਰਾਸ਼ੀ ਤੇ ਰਾਸ਼ਣ ਜਾਰੀ ਨਾ ਹੋਣ ਦੇ ਕਾਰਣ ਅਧਿਆਪਕ ਆਪਣੀਆਂ ਜੇਬਾਂ ਵਿੱਚੋਂ ਪੈਸਾ ਖ਼ਰਚ ਕਰਕੇ ਮਿਡ ਡੇ ਮੀਲ ਚਲਾ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਵਿਭਾਗ ਐਸੇ ਤੁਗਲਕੀ ਫਰਮਾਨ ਬੰਦ ਕਰਕੇ ਅਧਿਆਪਕਾਂ ਨੂੰ ਪੜ੍ਹਾਈ ਦਾ ਸੁਖਾਵਾਂ ਮਾਹੌਲ ਸਿਰਜਣ ਦਾ ਮੌਕਾ ਦੇਣ ਤਾਂ ਕਿ ਬੱਚਿਆਂ ਦੀ ਕੋਰੋਨਾ ਕਾਲ ਦੌਰਾਨ ਹੋਏ ਪੜ੍ਹਾਈ ਦੇ ਨੁਕਸਾਨ ਦੀ ਭਰਪਾਈ ਹੋ ਸਕੇ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਟਰੀ ਕਲੱਬ ਕਪੂਰਥਲਾ ਇਲੀਟ ਦਾ ਤਾਜਪੋਸ਼ੀ ਸਮਾਗਮ-
Next articleਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ: ਕਿਸਾਨ ਮੋਰਚਾ