(ਸਮਾਜ ਵੀਕਲੀ)
ਕਿਤਾਬ- ਕਿਹੜਾ ਵਕਤ ਰੁਕ ਜਾਣਾ
ਸ਼ਾਇਰ- ਅਮਿਤ ਕਾਦੀਆਂ
ਪੰਨੇ-101, ਮੁੱਲ – 220
ਪਬਲੀਕੇਸ਼ਨ -ਮਾਝਾ ਪਬਲੀਕੇਸ਼ਨ ਨਿੱਕੇ ਘੁੰਮਣ (ਗੁਰਦਾਸਪੁਰ)
ਅਮਿਤ ਕੁਮਾਰ ਕਾਦੀਆਂ ਦੀ ਪਲੇਠੀ ਪੁਸਤਕ ‘ ਕਿਹੜਾ ਵਕਤ ਰੁਕ ਜਾਣਾ’ ਪੜ੍ਹਨ ਦਾ ਮੌਕਾ ਮਿਲਿਆ, ਕਿਤਾਬ ਦੇ ਟਾਈਟਲ ਨੇ ਹੀ ਬੜਾ ਕੁਝ ਸਮਝਾ ਦਿੱਤਾ ਤੇ ਸੋਚਣ ਲਈ ਮਜਬੂਰ ਕੀਤਾ।
ਅਖਾਣ ਹੈ ਕਿ ਸਮਾਂ ਕਿਸੇ ਦਾ ਮਿੱਤ ਨਹੀਂ ਪਰ ਜੇ ਗੰਭੀਰਤਾ ਨਾਲ਼ ਘੋਖਿਆ ਜਾਏ ਤਾਂ ਇਸ ਪਦਾਰਥਵਾਦੀ ਦੌਰ ਵਿੱਚ ਜੇ ਕੋਈ ਸੱਚਾ ਦੋਸਤ, ਮਿੱਤਰ ਤੇ ਯਾਰ ਹੈ ਤਾਂ ਉਹ ਸਮਾਂ ਹੀ ਹੈ। ਅਜੋਕੇ ਪਦਾਰਥਵਾਦੀ ਯੁੱਗ ਵਿੱਚ ਸੱਚਾ ਦੋਸਤ ਢੂੰਢਣਾ ਬਹੁਤ ਮੁਸ਼ਕਿਲ ਹੈ। ਸਭ ਦਾ ਮੋਹ ਪਿਆਰ ਪਦਾਰਥ ਦੇ ਨਾਲ਼ ਹੈ।ਰਿਸ਼ਤੇਦਾਰ, ਨਾਤੀ, ਮਿੱਤਰ ਪਿਆਰੇ ਉਦੋਂ ਤੱਕ ਹੀ ਤੁਹਾਡੇ ਨਾਲ਼ ਹਨ ਜਦੋਂ ਤੱਕ ਉਹਨਾਂ ਦੀ ਗਰਜ਼ ਪੂਰੀ ਹੁੰਦੀ ਹੈ । ਜਦੋਂ ਲੋੜ ਪੂਰੀ ਹੋ ਗਈ ਜਾਂ ਕਿਸੇ ਮਜਬੂਰੀ ਵੱਸ ਨਾਂਹ ਹੋ ਗਈ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ, ਕੋਈ ਰਿਸ਼ਤਾ ਨਹੀਂ, ਕੋਈ ਸਾਂਝ ਨਹੀਂ।
ਰਹੀ ਵਾਸਤੇ ਘੱਤ
‘ਸਮੇਂ’ ਨੇ ਇੱਕ ਨਾ ਮੰਨੀ
ਫੜ-ਫੜ ਰਹੀ ਧਰੀਕ
‘ਸਮੇਂ’ ਖਿਸਕਾਈ ਕੰਨੀ।
ਅਮਿਤ ਦੀਆਂ ਲਿਖਤਾਂ ਤੋਂ ਸਹਿਜੇ ਹੀ ਅੰਦਾਜ਼ਾ ਲੱਗਦਾ ਹੈ ਕਿ ਜੋ ਉਸਨੇ ਹੰਢਾਇਆ ਉਹੀ ਲਿਖਿਆ ਹੈ ।ਉਹ ਸਦਕੇ ਜਾਂਦਾ ਹੈ,, ਕੁਦਰਤ ਦੀ ਹਰ ਸ਼ੈਅ ਦਾ ਧੰਨਵਾਦ ਕਰਦਾ ਹੈ।
ਉਹ ਮਾਂ ਦਾ ਬਹੁਤ ਸਤਿਕਾਰ ਕਰਦਾ ਹੈ ਤੇ ਹੋਣੀ ਨੇ ਸਮੇਂ ਤੋਂ ਪਹਿਲਾਂ ਹੀ ਉਸ ਨੂੰ ਉਸ ਛਾਂ ਤੋਂ ਅੱਡ ਕਰ ਦਿੱਤਾ ਸੀ ਪਰ ਆਪਣੇ ਪਰਿਵਾਰ ਤੇ ਮਿੱਤਰਾਂ ਦਾ ਸ਼ੁਕਰੀਆ ਅਦਾ ਕਰਦਾ ਹੈ,,ਪਰ ਅਜੋਕੇ ਭ੍ਰਿਸ਼ਟ ਤੰਤਰ ਤੋਂ ਲੇਖਕ ਬਹੁਤ ਨਿਰਾਸ਼ ਹੈ ਤੇ ਕਰਾਰੀ ਚੋਟ ਕਰਦਾ ਹੈ
‘ਅਮਿਤ’ ਜਦ ਦੀ ਹੋਸ਼ ਸੰਭਾਲੀ
ਤੱਕੀ ਨਾ ਕਿਧਰੇ ਖੁਸ਼ਹਾਲੀ,
ਆਈ ਕਈਆਂ ਹੱਥ ਦੇਸ਼ ਦੀ ਡੋਰ,
ਇਹ ਵੀ ਚੋਰ ਉਹ ਵੀ ਚੋਰ!
ਇਸ ‘ਵਕਤ ਦਾ ਕੀ ਪਤਾ, ਪਰਛਾਵਾਂ ਕਦੋਂ ਢਲ਼ ਜਾਵੇ। ਵਕਤ ਬਦਲਦਿਆਂ ਦੇਰ ਨਹੀਂ ਲੱਗਦੀ। ਵਕਤ ਰੁਕਦਾ ਨਹੀਂ, ਇਹ ਸਦਾ ਤੁਰਦਾ ਰਹਿੰਦਾ ਹੈ। ਇਨਸਾਨ ਦੀ ਜਮੀਰ ਮਰ ਚੁੱਕੀ ਹੈ ਇੱਥੇ ਸਭ ਕੁਝ ਹੀ ਵਿਕਾਊ ਹੋਇਆ ਪਿਆ ਹੈ।
ਲੇਖਕ ਆਪਣੀ ਤਸਬੀਹ ਪੱਥਰ ਨਾਲ ਕਰਦਾ ਹੈ ਤੇ ਪੱਥਰ ਬਣੇ ਰੱਬ ਨੂੰ ਵੀ ਮਾਤ ਲੋਕ ਵਿੱਚ ਆਉਣ ਦੀ ਅਰਜ਼ ਕਰਦਾ ਹੈ ਅਤੇ ਅੱਜ ਕੱਲ ਦੇ ਹਾਲਾਤਾਂ ਤੋਂ ਜਾਣੂ ਕਰਵਾਉਣ ਦੀ ਅਰਜ਼ ਕਰਦਾ ਹੈ ਕਿ ਤੇਰੇ ਹੁੰਦਿਆਂ ਕਿਸ ਤਰ੍ਹਾਂ ਲੋਕੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ।ਪਾਕ ਮੁਹੱਬਤ ਦੇ ਮਾਇਨੇ ਵੀ ਮੋਬਾਇਲ ਦੇ ਡਾਟੇ ਵਾਂਗ ਡਿਲੀਟ ਹੋ ਗਏ ਜਾਪਦੇ ਹਨ। ਜਦੋਂ ਪੁਰਾਣੇ ਯਾਰ ਤੇ ਸੱਚੇ ਰਿਸ਼ਤੇਦਾਰ ਨਾ ਮਿਲਣ ਤਾਂ ਲੇਖਕ ਦੇ ਅੰਦਰੋਂ ਆਹ ਨਿਕਲਦੀ ਹੈ। ਉਸ ਦੀਆਂ ਲਿਖਤਾਂ ਵਿੱਚ ਸਾਦਗੀ ਤੇ ਸੱਚਾਈ ਹੈ ਤੇ ਬਹੁਤ ਹੀ ਸਰਲ ਭਾਸ਼ਾ ਵਿੱਚ ਲਿਖੀਆਂ ਗਈਆਂ ਹਨ। ਪੰਜਾਬੀ ਵਿੱਚ ਵੀ ਕਈ ਨਵੇਂ ਸ਼ਬਦ ਵਰਤੇ ਹਨ, ਉਹ ਵਧਾਈ ਦਾ ਪਾਤਰ ਹੈ ਉਸਦੀ ਵਿਆਕਰਨ ਵੀ ਚੰਗੀ ਹੈ। ਉਸਦੀਆਂ ਲਿਖਤਾਂ ਬਹੁਤ ਭਾਵੁਕ ਹਨ ਤੇ ਉੱਚ ਦਰਜੇ ਦੀ ਸਿੱਖਿਆ ਵੀ ਦਿੰਦੀਆਂ ਹਨ। ਉਸ ਦੀਆਂ ਰਚਨਾਵਾਂ ਸਮਾਜਿਕ, ਆਰਥਿਕ ਤੌਰ ਤੇ ਪੀੜਿਤ ਬਸ਼ਿੰਦਿਆਂ ਦੀ ਵਿਥਿਆ ਦਾ ਰੂਪ ਵੀ ਪ੍ਰਗਟ ਕਰਦੀਆਂ ਹਨ।
ਮੈਂ ਦਿਲੋਂ ਦੁਆ ਕਰਦੀ ਹਾਂ ਕਿ ਉਹ ਵਕਤ ਦਾ ਹਾਣੀ ਬਣੇ ਤੇ ਆਪਣੇ ਸਫਰ ਤੇ ਕਾਮਯਾਬ ਹੋਵੇ ।ਉਸ ਦੇ ਇਸ ਅਕੀਦੇ ਨੂੰ ਪ੍ਰਫੁੱਲਤ ਕਰਨ ਲਈ ਢੇਰ ਸਾਰੀਆਂ ਦੁਆਵਾਂ। ਉਸ ਦੀਆਂ ਐਸੀਆਂ ਹੀ ਹੋਰ ਪੁਸਤਕਾਂ ਦੇ ਆਗਮਨ ਦੀ ਉਡੀਕ ਵਿੱਚ …।
ਕੁਲਜੀਤ ਕੌਰ ‘ਜੀਤ’ (ਪਟਿਆਲਾ)
9872983914
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



