(ਸਮਾਜ ਵੀਕਲੀ)
ਪੁਸਤਕ: ਕਿਹੜਾ ਵਕਤ ਰੁਕ ਜਾਣਾ
ਸ਼ਾਇਰ: ਅਮਿਤ ਕਾਦੀਆਂ
ਪੰਨੇ: 101
ਮੁੱਲ: 220 ਰੁਪਏ
ਪ੍ਰਕਾਸ਼ਕ:ਮਾਝਾ ਪਬਲੀਕੇਸ਼ਨ
ਅਮਿਤ ਕਾਦੀਆਂ ਮੇਰਾ ਪਿਆਰਾ ਮਿੱਤਰ ਹੈ। ਜਿਸ ਨੇ ਆਪਣੀ ਪਹਿਲੀ ਕਿਤਾਬ ‘ਕਿਹੜਾ ਵਕਤ ਰੁਕ ਜਾਣਾ’ ਨਾਲ ਸਾਹਿਤ ਜਗਤ ਵਿੱਚ ਪੈਰ ਧਰਿਆ ਹੈ। ‘ਕਿਹੜਾ ਵਕਤ ਰੁਕ ਜਾਣਾ’ ਕਿਤਾਬ ਕਾਵਿ ਸੰਗ੍ਰਹਿ ਹੈ। ਜਿਸ ਦੇ ਕੁੱਲ 101 ਸਫ਼ੇ ਹਨ। ਇਹ ਪੁਸਤਕ ਪਾਠਕ ਇੱਕੋ ਬੈਠਕ ਵਿੱਚ ਪੜ੍ਹ ਸਕਦਾ ਹੈ।ਅਮਿਤ ਕਾਦੀਆਂ ਨੂੰ ਆਸ ਪਾਸ ਵਾਪਰ ਰਹੀਆਂ ਘਟਨਾਵਾਂ ਦਾ ਅੱਖਰੀ ਰੂਪ ਦੇਣ ਵਿੱਚ ਬੜੀ ਮੁਹਾਰਤ ਹਾਸਲ ਹੈ। ਉਹ ਗਜ਼ਲ ਦੇ ਸ਼ੇਅਰ ਨਿੱਕੀ ਬਹਿਰ, ਵੱਡੀ ਬਹਿਰ ਵਿੱਚ ਘੜਦਾ ਹੋਇਆ ਸਮਾਜ ਦੇ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਸ਼ੇਅਰਾਂ ਵਿੱਚ ਸਮੋ ਲੈਂਦਾ ਹੈ।
ਲਿਖਦਾ ਹੈ :-
ਲੀਡਰ ਆਖਣ ਹੈ ਖੁਸ਼ਹਾਲੀ
ਲੱਭਦੀ ਕਿੱਧਰੇ ਨਾ ਭਰਾ ਜੀ,
ਗੱਭਰੂ ਪੁੱਤਰ ਸ਼ੇਰ ਮਾਵਾਂ ਦੇ
ਲਏ ਨਸ਼ਿਆਂ ਨੇ ਖਾ ਭਰਾ ਜੀ,
ਪੜ੍ਹ ਲਿਖ ਕੇ ਫਿਰਦੇ ਨੇ ਵਿਹਲੇ
ਕੁੜੀਆਂ ਮੁੰਡੇ ਅਥਾਹ ਭਰਾ ਜੀ ।
ਲੇਖਕ ਅਮਿਤ ਕਾਦੀਆਂ ਆਪਣੇ ਸਵੈ ਮਨ ਨਾਲ ਗੱਲਬਾਤ ਕਰਦਾ ਤੇ ਪ੍ਰੇਮ, ਦਰਦ, ਮਹਿਰਮ ਅਤੇ ਦਿਲ ਨੂੰ ਆਰੇ ਲਾਉਣ ਦੀਆਂ ਬਾਤਾਂ ਪਾਉਂਦਾ ਹੋਇਆ ਇਸ ਦੁਨੀਆ ਤੋਂ ਉਪਰਾਮ ਜਿਹਾ ਹੋਇਆ ਲਿਖਦਾ ਹੈ-
ਚੈਨ ਕਰਾਰਾਂ ਪਾਵਾਂ ਕਿੱਦਾਂ?
ਦਿਲ ਨੂੰ ਆਹਰੇ ਲਾਵਾਂ ਕਿੱਦਾਂ?
ਜ਼ਹਿਰ ਦੇ ਗਿਐ ਮਹਿਰਮ ਮੇਰਾ
ਖਾ ਤਾਂ ਲਿਐ,ਪਚਾਵਾਂ ਕਿੱਦਾਂ?
ਦਰਦਾਂ ਦਾ ਮੈਂ ਭਰਿਆ ਗੁੰਨਿਆ
ਹੱਸਾ,ਨੱਚਾ,ਗਾਵਾਂ ਕਿੱਦਾਂ?
ਸ਼ਾਇਰ ਅਮਿਤ ਕਾਦੀਆਂ ਆਪਣੀ ਕਿਤਾਬ ‘ਕਿਹੜਾ ਵਕਤ ਰੁਕ ਜਾਣਾ’ ਵਿੱਚ ਗਜ਼ਲ ਦੀ ਰਵਾਨੀ ਦਾ ਵੀ ਪੂਰਾ ਖਿਆਲ ਰੱਖਦਾ ਹੈ ਤੇ ਆਪਣੇ ਸ਼ਬਦਾਂ ਵਿੱਚ ਭਰਪੂਰ ਰਸ ਭਰਦਾ ਹੈ।
ਇੱਕ ਵੰਨਗੀ ਵੇਖੋ
ਮਿੱਠਾ,ਪੱਤੀ,ਦੁੱਧ ਤੇ ਓਹੋ
ਪਿਆਰ ਗਵਾਚਾ ਤਾਂ ਨਹੀਂ ਰਹਿ ਗਈ।
ਹੋ ਗਏ ਨੇ ਸਭ ਵੱਖੋ-ਵੱਖਰੇ
ਸਾਂਝੀ ਘਰ ਦੀ ਥਾਂ ਨਹੀਂ ਰਹਿ ਗਈ।
ਘਰ ਨਾ ਜਾਪੇ ਪਹਿਲਾਂ ਵਰਗਾ
ਜਦ ਦੀ ਘਰ ਵਿੱਚ ਮਾਂ ਨਹੀਂ ਰਹਿ ਗਈ।
ਚਲੰਤ ਮੁੱਦਿਆਂ ਬਾਰੇ ਵੀ ਉਸਦਾ ਇੱਕ ਸ਼ੇਅਰ ਧਿਆਨਯੋਗ ਹੈ
ਵੰਨਗੀ –
ਪੈਂਤੀ ਲੱਖ ਦੇ ਕੇ ਪੁੱਤ ਤੋਰਿਆ ਵਿਦੇਸ਼, ਪਰ
ਮਾਂ ਦੀਆਂ ਘਬਰਾਹਟਾਂ ਤੋਂ,ਡਰ ਜਿਹਾ ਹੈ ਲੱਗ ਰਿਹਾ!
ਹੈ ਗਨੀਮਤ ਟੱਪ ਜਾਏ ਸੱਠ ਕੋਈ ਇਸ ਦੌਰ ‘ਚ
ਅੰਨ੍ਹੇਵਾਹ ਮਿਲਾਵਟਾਂ ਤੋਂ,ਡਰ ਜਿਹਾ ਹੈ ਲੱਗ ਰਿਹਾ!
ਅਜੋਕੀ ਮੁਹੱਬਤ ਤੇ ਵਿਅੰਗ ਕਰਦਾ ਹੈ
ਅੱਜ ਕੱਲ ਵਾਲੀ ਯਾਰ ਮੁਹੱਬਤ।
ਹੈ ਜਿਸਮਾਨੀ ਬੁਖਾਰ ਮੁਹੱਬਤ।
ਸ਼ਕਲਾਂ,ਪੈਸਾ,ਤਕ ਕੇ ਹੋਵੇ
ਰੂਹਾਂ ਤੋਂ ਬੀਮਾਰ ਮੁਹੱਬਤ।
ਅਮਿਤ ਕਾਦੀਆਂ ਆਪਣੇ ਸਮਾਜ ਦੇ ਚੰਗੇ ਭਵਿੱਖ ਲਈ ਦਿਲੋਂ ਚਿੰਤਤ ਹੈ। ਸਮਾਜਿਕ,ਰਾਜਨੀਤਿਕ,ਧਰਮ ਵਿੱਚ ਫੈਲੇ ਹੋਏ ਕੂੜ ਪ੍ਰਚਾਰ ਦਾ ਉਹ ਬੜਾ ਬੇਬਾਕੀ ਨਾਲ ਖੰਡਨ ਕਰਦਾ ਹੈ।
ਹਿੰਦੂ,ਮੁਸਲਿਮ,ਸਿੱਖ,ਇਸਾਈ ਮੈੰ ਨਾ ਕੁੱਝ
ਨਾ ਮੈਥੋਂ ਇਹ ਕੁਝ ਲੱਭ, ਮੈਂ ਇੰਝ ਹੀ ਚੰਗਾ!
ਇਹਨਾਂ ਕਵਿਤਾਵਾਂ ਤੋਂ ਇਲਾਵਾ ਅਮਿਤ ਕਾਦੀਆਂ ਦੀ ਇਸ ਕਿਤਾਬ ਵਿੱਚ ਮੇਰੀਆਂ ਹੋਰ ਪਸੰਦੀ ਦੀਆ ਕਵਿਤਾਵਾਂ ਹਨ-
ਜ਼ਿਕਰਯੋਗ – ਕੌਣ ਕਿਸੇ ਦਾ ਸੱਕਾ, ਮਾਂ,ਸਭ ਕੁਝ ਨਹੀਂ,ਖ਼ੌਰੇ ਕਾਹਤੋਂ, ਗੁੰਝਲ,ਕਿਹੜਾ ਵਕਤ ਰੁੱਕ ਜਾਣਾ, ਸਭ ਵਿਕਾਊ ਹੈ ਆਦਿ।
ਅਮਿਤ ਕਾਦੀਆਂ ਦੀ ਕਿਤਾਬ ਦਾ ਕਵਰ ਬਹੁਤ ਸੋਹਣਾ ਅਤੇ ਦਿਲ ਨੂੰ ਟੁੰਬਣ ਵਾਲਾ ਹੈ। ਇਸ ਕਿਤਾਬ ਦਾ ਨਾਮ ਵੀ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ।
ਇਸ ਟਾਈਟਲ ਵਾਲੀ ਗਜ਼ਲ –
ਘੜੀ ਦਾ ਸੈੱਲ ਜੇ ਮੁੱਕ ਜਾਊ,ਤਾਂ
ਕਿਹੜਾ ਵਕਤ ਰੁਕ ਜਾਣਾ?
ਜੇ ਮੁਰਗਾ ਬਾਂਗ ਨਾ ਲਾਊ,ਤਾਂ
ਕਿਹੜਾ ਵਕਤ ਰੁਕ ਜਾਣਾ?
ਅਮੀਰ ਹੈ ਉਹ ਤਾਂ ਕੀ ਹੋਇਆ,
ਅਸੀਂ ਵੀ ਮੰਗ ਨਹੀਂ ਖਾਂਦੇ
ਨਹੀਂ ਸਾਡੇ ਕੋਲ ਜੇ ਆਊ,ਤਾਂ
ਕਿਹੜਾ ਵਕਤ ਰੁਕ ਜਾਣਾ?
ਆਪਣੀਆਂ ਰਚਨਾਵਾਂ ਵਿੱਚ ਸੰਜੀਦਾ ਦਿਸਣ ਵਾਲਾ ਅਮਿਤ ਕਾਦੀਆਂ ਬੜਾ ਸਧਾਰਨ ਅਤੇ ਸਿੱਧ ਪੱਧਰਾ ਬੰਦਾ ਹੈ। ਵਲ ਛਲ,ਚਲਾਕੀ,ਫਰੇਬ ਤੋ ਕੋਹਾਂ ਦੂਰ।
ਉਹ ਲਿਖਦਾ ਹੈ-
ਜੀ ਹਜੂਰੀ ਚਮਚਾਗਿਰੀਆਂ ਆਵਣ ਨਾ
ਦਿੰਦਾ ਨਹੀ ਕੋਈ ਦਾਣੇ,ਭਾਊ ਤੁਰਿਆ ਚੱਲ!
ਸਿੱਧਾ ਪੱਧਰਾ ਬੰਦਾ ਆਲਮ ਫਾਜ਼ਿਲ ਨਹੀਂ
ਕਿੰਝ ਲਿਖਦਾਂ ਅੱਲ੍ਹਾ ਜਾਣੇ,ਭਾਊ ਤੁਰਿਆ ਚੱਲ!
ਸਾਹਿਤ ਦੀ ਦੁਨੀਆਂ ਵਿੱਚ ਅਮਿਤ ਕਾਦੀਆਂ ਦੀ ਕਿਤਾਬ ‘ਕਿਹੜਾ ਵਕਤ ਰੁਕ ਜਾਣਾ’ ਬਹੁਤ ਵਧੀਆ ਪ੍ਰਾਪਤੀ ਹੈ।ਸਰਲ ਸੌਖੇ ਸ਼ਬਦਾਂ ਵਿੱਚ ਅਮਿਤ ਕਾਦੀਆਂ ਨੇ ਸਧਾਰਨ,ਠੇਠ ਪੰਜਾਬੀ ਵਰਤੀ ਹੈ।ਕਿਤਾਬ ਵਿਚਲੀਆਂ ਰਚਨਾਵਾਂ ਪੜ੍ਹਦੇ ਸਾਨੂੰ ਅਕਾਊਪਨ ਬਿਲਕੁਲ ਮਹਿਸੂਸ ਨਹੀਂ ਹੁੰਦਾ।
ਇਹ ਕਿਤਾਬ ਮਾਝਾ ਪਬਲੀਕੇਸ਼ਨ ਗੁਰਦਾਸਪੁਰ ਵੱਲੋਂ ਛਪੀ ਹੈ।ਅਮਿਤ ਕਾਦੀਆਂ ਨੂੰ ਆਪਣੀ ਪਲੇਠੀ ਕਿਤਾਬ ਲਈ ਢੇਰ ਮੁਬਾਰਕਾਂ।
ਸੁਖਬੀਰ ਮੁਹੱਬਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



