“ਦਿਲ ਦੀਆਂ ਆਖ ਸੁਣਾਵਾਂ” ਕਾਵਿ ਸੰਗ੍ਰਹਿ “ਸਰਬਜੀਤ ਕੌਰ ਹਾਜੀਪੁਰ ” ਦਾ 111 ਸਫ਼ਿਆਂ ਦਾ ਪਲੇਠਾ ਕਾਵਿ ਸੰਗ੍ਰਹਿ ਹੈ। (ਸਮਾਜ ਵੀਕਲੀ)
ਕਵਿੱਤਰੀ ਨੇ ਬੜੀ ਖੂਬਸੂਰਤੀ ਦੇ ਨਾਲ਼ ਕਵਿਤਾ ਦੇ ਮਾਧਿਅਮ ਰਾਂਹੀ ਪੰਜਾਬ ਦੇ ਸਮਾਜਿਕ ਵਿਸ਼ਿਆਂ ਤੇ ਆਪਣੀ ਕਲਮ ਦੇ ਨੁਕੀਲੇ ਵਾਰ ਕੀਤੇ ਹਨ। ਪੰਜਾਬ ਦੇ ਸੱਭਿਆਚਾਰ ਵਿੱਚ ਫੈਲ਼ੀਆਂ ਸਮਾਜਿਕ ਕੁਰੀਤੀਆਂ ਤੇ ਚਿੰਤਨ ਕਰਦਿਆਂ ਆਪਣੇ ਜ਼ਜ਼ਬਾਤੀ ਵੇਗ਼ ਦੇ ਸੁਹਜਮਈ ਸ਼ਬਦਾਂ ਨੂੰ ਲੈਅ ਬੱਧ ਕਰਦਿਆਂ ਕਵਿੱਤਰੀ ਹੋਣ ਦਾ ਮਾਣ ਹਾਸਿਲ ਕਰਦੀ ਹੈ।
” ਦਿਲ ਦੀਆਂ ਆਖ ਸੁਣਾਵਾਂ” ਕਾਵਿ ਸੰਗ੍ਰਹਿ ਦੀ ਹਰ ਕਵਿਤਾ ਸ਼ਬਦ ਅਲੰਕਾਰਾਂ ਦੀ ਸੁਚੱਜੀ ਨਗ਼ੀਨਾਕਾਰੀ ਹੈ। ਸਰਬਜੀਤ ਦੀ ਆਪਣੀ ਕਾਵਿ ਸ਼ੈਲ਼ੀ ਉਸ ਨੂੰ ਦੂਸਰਿਆਂ ਤੋਂ ਅਲੱਗ ਕਰਦੀ ਹੈ।”ਸਰਬ” ਦੀ ਕਵਿਤਾ ਦੇ ਸ਼ੁਰੂ ਵਿੱਚ ਉਤਸੁਕਤਾ ਅੰਤ ਵਿੱਚ ਸਮਾਜ ਲਈ ਇਕ ਸੰਦੇਸ਼ ਹੈ।
ਕਵਿੱਤਰੀ ਬੜੀ ਬੇਬਾਕੀ ਅਤੇ ਸੂਖ਼ਮਤਾ ਨਾਲ਼ ਸਮਾਜਿਕ ਰਿਸ਼ਤਿਆਂ ਦੇ ਯਥਾਰਥ ਨੂੰ ਬਿਆਨਦੀ ਹੈ। ਉਸ ਕੋਲ ਸ਼ਬਦਾ ਦਾ ਬੇਅੰਤ ਭੰਡਾਰ ਹੈ। ਆਪ ਹੀ ਟੁੱਟਦੇ-ਬਿਖ਼ਰਦੇ ਰਿਸ਼ਤਿਆਂ ਦਾ ਸਵਾਲੀਆ ਨਿਸ਼ਾਨ ਹੈ ਅਤੇ ਆਪ ਹੀ ਉਸ ਦਾ ਉੱਤਰ ਹੈ। ਜਿੱਥੇ ਮਹਿੰਗਾਈ, ਕਰਜ਼ਿਆਂ ਦਾ ਮੂਲ ਕਾਰਣ, ਖੁਦਕੁਸ਼ੀ, ਭਰੂਣ ਹੱਤਿਆ, ਦਿਖਾਵੇ ਦਾ ਬੇਲੋੜਾ ਫ਼ੈਸਨ ਉਸ ਦੀ ਕਵਿਤਾਵਾਂ ਦਾ ਵਿਸ਼ੇਸ ਵਿਸ਼ੇ ਰਹੇ ਹਨ, ਉੱਥੇ ਹੀ ਉਹ ਚੇਤਨਤਾ ਦਾ ਸਿਖ਼ਰ ਛੂੰਹਦੀ ਹੈ।
ਉਸ ਦੀਆਂ ਕਵਿਤਾਵਾਂ ਤੇ ਆਓ ਇਕ ਝਾਤ ਮਾਰਦੇ ਹਾਂ।
ਭਰੂਣ ਹੱਤਿਆ ਉਪਰ ਕਵਿਤਾ:-
“ਨਾ ਮਾਰ, ਨਾ ਮਾਰ ਨੀ ਮਾਏ–
ਨਾ ਕਰ ਮੈਨੂੰ ਦੂਰ !!
ਜੇ ਧੀ ਹਾਂ ਮੈਂ ਤੇਰੀ ਕੁੱਖ ਦੇ ਅੰਦਰ”
“ਸੂਝਵਾਨ ਪਰਿਵਾਰ” ਕਵਿਤਾ ਦੇ ਸਿਰਲੇਖ ਹੇਠ ਦੇਖੋ ਕੁੱਝ ਸਤਰਾਂ:- “ਮੇਰੇ ਨਾਲੋਂ ਵੱਧ ਕਿਉਂ ਦਾਜ ਪਿਆਰਾ ਹੋਇਆ ?
ਬੇਕਦਰੇ ਕਿਉਂ ਕਦਰ ਨਾ ਜਾਣੀ ਮੇਰੀ ? ”
ਰੱਬ ਦੀ ਹੋਂਦ ਨੂੰ ਸਵੀਕਾਰਦੀ “ਸਰਬ” ਆਸ਼ਾਵਾਦੀ ਹੁੰਦੀ ਸਮਾਜ ਲਈ “ਮੰਗਤੀ” ਬਣ ਜੋ ਇਨਸਾਨੀ ਕਦਰਾਂ ਕੀਮਤਾਂ ਅਤੇ ਸਮਾਜਿਕ ਭਾਈਚਾਰੇ ਦੀ ਅਰਦਾਸ ਕਰਦੀ ਹੈ। ਉਸ ਦੀ ਕਵਿਤਾ ਦੀ ਰਵਾਨਗ਼ੀ ਤੇ ਤੁਕਾਂਤ ਮੇਲ ਉਸ ਦੀ ਕਾਵਿ ਰਚਨਾ ਤੇ ਕੁਦਰਤ ਦੀ ਬਖਸ਼ਿਸ਼ ਹੈ।
“ਸਬਰ, ਸਿਦਕ,ਸੰਤੋਖ ਤੇ ਚੰਗੀ ਨੀਯਤ ਨਾਲ਼
ਰੱਬਾ ਸਭ ਦੀ ਖਾਲ਼ੀ ਝੋਲੀ ਭਰ ਦੇਵੀਂ
ਉਚ-ਨੀਚ ਤੇ ਜਾਤ-ਪਾਤ ਦਾ ਭੇਦ ਮਿਟਾ ਕੇ
ਸਾਰੇ ਜੱਗ ਨੂੰ ਇਕ ਬਰਾਬਰ ਕਰ ਦੇਵੀਂ”
ਪੱਤਝੜ ਲੱਗੇ ਵਾਂਗ ਬਸੰਤ ਬਹਾਰਾਂ ਦੇ
ਸਰਦ ਰੁੱਤ ਵਿੱਚ ਗਰਮ ਹਵਾਵਾਂ ਭਰ ਦੇਵੀਂ”
ਸਮਾਜਿਕ ਉਲਝੇ ਤਾਣੇ ਬਾਣੇ ਦੀ ਸੱਚਾਈ ਅਤੇ ਕਵਿੱਤਰੀ ਦੀ ਚੇਤਨਤਾ “ਪੁੰਨਿਆ ਦਾ ਚੰਨ” ਕਵਿਤਾ ਅਧੀਨ :-
“ਨਾ ਤੁਰ ਹੋਰਾਂ ਦੀਆਂ ਪੈੜਾਂ ‘ ਤੇ
ਨਾ ਭਾਲ਼ ਕੋਈ ਇਸ਼ਾਰੇ
ਰਾਹ ਚੁਣ ਲੈ ਆਪਣੀ ਮੰਜ਼ਿਲ ਦਾ
ਜਿੱਥੇ ਆਪੇ ਮਿਲਣ ਇਸ਼ਾਰੇ”
“ਜਿੰਦਾ ਭੂਤ–” ਕਵਿਤਾ ਦੇ ਵਿੱਚ ਸਮਾਜ ਦੇ ਅੰਦਰਲ਼ੇ ਕੌੜੇ ਸੱਚ ਨੂੰ ਬਿਆਨਦੀ ਕਲਮ:–
ਹਾਂ, ਇਸ ਜਿੰਦਾ ਭੂਤਾਂ ਦਾ ਸਵਰਗ ਰੂਪੀ ਨਰਕ ਏ
ਇੱਥੇ ਇਨਸਾਨੀ ਭੂਤਾਂ ਦਾ ਵਾਸ ਏ
ਮਖੌਟੇ ਗੋਰੇ, ਕਾਲੇ ਕਣਕ ਵੰਨੇ
ਘੜਿਤ ਹੱਡੀਆਂ ਦੀ, ਢਕਿਆ ਨਾਲ਼ ਮਾਸ ਏ
ਧੀਆਂ ਦੀ ਇੱਜਤ ਵਿਕਦੀ, ਪੱਗਾਂ ਦੇ ਮੁੱਲ ਪੈਂਦੇ
ਭਰੂਣਾਂ ਦਾ ਹੁੰਦਾ ਨਾਸ ਏ ”
ਸਰਬਜੀਤ ਦੀ ਕਵਿਤਾ ਵਿੱਚ ਜਿੱਥੇ ਸਿੱਖ ਇਤਿਹਾਸ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਕਰੁਣਾਮਈ ਚਿਤਰਣ ਕਾਵਿ ਸ਼ਬਦਾਂ ਅੰਦਰ ਹੈ। ਉਸ ਦੀ ਕਵਿਤਾ ਸੂਫ਼ੀਆਨਾ ਕਲਾਮ ਰਚਦੀ ਜਿੰਦਗ਼ੀ ਦੀ ਹਕੀਕਤ ਅਤੇ ਪੰਜਾਬੀ ਸੱਭਿਆਚਾਰ ਨੂੰ “ਮਿੱਟੀ ਦੇ ਭਾਂਡੇ ” ਰਾਂਹੀ ਬਿਆਨਦੀ ਹੈ।
“ਜਦ ਭਾਂਡਾ ਟੁੱਟ ਜਾਂਦਾ, ਇਹ ਦੇਹ ਵੀ ਮੁੱਕ ਜਾਂਦੀ”
ਇਹ ਮਿੱਟੀ ਹੋ ਜਾਂਦਾ,ਦੇਹ ਵੀ ਮਿੱਟੀ ਹੋ ਜਾਂਦੀ”
ਇਸ਼ਕ-ਮਹੁੱਬਤ ਦੀ ਨੈਤਕਿਤਾ ਨੂੰ ਬੜੇ ਰੌਚਿਕ ਅਤੇ ਹਯਾ ਦਾ ਲਿਵਾਸ ਪਹਿਨਾਉਂਦੀ ਕਵਿੱਤਰੀ ਇਸਤਰੀ ਦੇ ਸਮਾਜਿਕ ਹੱਕਾਂ ਦੀ ਵਕਾਲਤ ਕਰਦੀ ਲਿਖਦੀ ਹੈ:–
ਮੇਰੀ ਪਾਕਿ ਮਹੁੱਬਤ ਤੇ, ਇੰਝ ਇਲਜ਼ਾਮ ਨਾ ਧਰ
ਚੰਨਾ ਕਰ ਨਾ ਬੇ-ਵਫ਼ਾਈਆਂ, ਜ਼ਰਾ ਇਨਸਾਫ਼ ਤੇ ਕਰ
ਤੂੰ ਵੀ ਏਂ ਗੁਨਾਹਗਾਰ,ਮੈਨੂੰ ‘ਕੱਲੀ ਨੂੰ ਬਦਨਾਮ ਨਾ ਕਰ”
ਕਵਿਤਾਵਾਂ ਦੀ ਰਚਨਾ ਹੋਣ ਸਮੇਂ ਕਵੀ ਦਾ ਕੋਮਲ ਮਨ ਜੋ ਪ੍ਰਕਿਰਤੀ ਦੇ ਵਿਚੋਂ ਅਨੁਭਵ ਕਰਦਾ ਹੈ ਅਤੇ ਲਿਖਣ ਲਈ ਉਚਾਟ ਹੁੰਦਾ ਹੈ ਉਸ ਦੀ ਇਕ ਤਸਵੀਰ ਕਵਿੱਤਰੀ “ਸਰਬ” ਦੀ ਕਵਿਤਾ ਵਿਚ:–
ਕੀ ਲਿਖਾਂ–
ਕੀ ਪਾਕਿ ਪਵਿੱਤਰ ਪਿਆਰ ਲਿਖਾਂ
ਕੀ ਰਿਸ਼ਤਿਆਂ ਵਿਚਲਾ ਗੰਦ ਲਿਖਾਂ
ਕੀ ਲਿਖਾਂ ਪਵਿੱਤਰ ਰੱਖੜੀ ‘ਤੇ
ਭੈਣ-ਭਰਾ ਕੀ ਚਾੜੇ ਚੰਦ ਲਿਖਾਂ
ਬਾਪੂ ਦੀ ਪੱਗੜੀ ਰੁਲ਼ਦੀ ਏ
ਕੀ ਸਾਫ਼- ਮੈਲ਼ੀ ਦਾ ਰੰਗ ਲਿਖਾਂ
ਮੇਰੇ ਦਿਲ ਵਿੱਚ ਆਏ ਖਿਆਲ਼ ਬੜੇ
ਮੈਂ ਇੰਝ ਲਿਖਾਂ, ਮੈਂ ਉਂਝ ਲਿਖਾਂ”
ਸਮਾਜ ਅੰਦਰ ਨੈਤਕਿਤਾ ਕਿਸ ਪੱਧਰ ਤੇ ਖੜੀ ਹੈ, ਕਵਿੱਤਰੀ ਦੀਆਂ ਸਤਰਾਂ ਵਿੱਚ:-
“ਮਾਏ ਨੀ ਮੈਨੂੰ ਡਰ ਪਿਆ ਖਾਵੇ
ਸਭ ਰਿਸ਼ਤੇ ਹੋ ਗਏ ਖ਼ਾਕ
ਮਾਮੇ , ਮਾਸੜ, ਚਾਚੇ, ਤਾਏ
ਹੋਏ ਜਾਪਣ ਨਾ-ਪਾਕਿ
ਵੀਰ ਨਾ ਰਹਿ ਗਿਆ ਵੀਰ, ਨੀ ਮਾਏ
ਧੀ ਨੂੰ ਮਿਣਦਾ ਬਾਪ”
ਇਕ ਹੋਰ ਕਵਿਤਾ ਰਾਂਹੀ ਸਮਾਜ ਅੰਦਰ ਔਰਤ ਦੀ ਸਮਾਜਿਕ ਦਸ਼ਾ ਦੀ ਪ੍ਤੀ ਨਿੱਧਤਾ ਕਰਦੀ ਕਵਿਤਾ:-
ਮਾਏ ਨੀ
“ਮਾਏ ਮੇਰੇ ਮੱਥੇ ਉੱਤੇ
ਬਿੰਦੀ ਦੀ ਥਾਂ ਫ਼ਿਕਰ ਮੜੇ
ਗਮਾਂ ਦਾ ਮੇਰੇ ਵਟਣਾ ਮਲ਼ਿਆ
ਫ਼ਿਕਰਾਂ ਦਾ ਮੈਨੂੰ ਤੇਲ ਚੜੇ।
ਮਾਏ ਮੇਰੇ ਪੈਰਾਂ ਵਿੱਚ
ਝਾਂਜਰ ਦੀ ਥਾਂ ਬੇੜੀਆਂ
ਕਿਉਂ ਮਿਲਣ ਸਜਾਵਾਂ ਮੈਨੂੰ ਮਾਏ
ਮੈਥੋਂ ਗਲ਼ਤੀਆਂ ਹੋਈਆਂ ਕਿਹੜੀਆਂ”
“ਸਰਬਜੀਤ ਹਾਜੀਪੁਰ” ਸਮੇਂ ਦੇ ਹਾਣ ਦੀਆਂ ਕਵਿਤਾਵਾਂ ਰਚਦੀ ਹੈ।ਆਪਣੇ ਇਸ ਕਾਵਿ ਸੰਗ੍ਰਹਿ ਰਾਂਹੀ ਪ੍ਗਤੀਵਾਦੀ ਵਿਚਾਰਧਾਰਾ ਨਾਲ ਆਪਣੀ ਕਲਮ ਰਾਂਹੀ ਪਾਠਕਾਂ ਦੇ ਰੂਬਰੂ ਹੋਈ ਹੈ। ਉਮੀਦ ਕਰਦਾ ਹਾਂ ਭਵਿੱਖ ਵਿੱਚ ਉਹ ਹੋਰ ਉਚ ਪੱਧਰ ਦੀਆਂ ਕਵਿਤਾਵਾਂ ਰਚਦੀ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰੇਗੀ । ਉਸਦੇ ਕਾਵਿ ਸਫ਼ਰ ਦੇ ਪਹਿਲੇ ਕਦਮ ਨੂੰ ਪੰਜਾਬੀ ਸਾਹਿਤ ਵਲੋਂ , ਪੰਜਾਬੀ ਮਾਂ ਬੋਲੀ ਵਲੋਂ ਜੀ ਆਇਆ ਆਖਦਾ ਹਾਂ।
ਆਮੀਨ।
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly