HOME ਪੁਸਤਕ- ਮੁਰਗਾਬੀਆਂ -2 ( ਡਬਲ ਧਮਾਕਾ )

ਪੁਸਤਕ- ਮੁਰਗਾਬੀਆਂ -2 ( ਡਬਲ ਧਮਾਕਾ )

1
ਲੇਖਕ     : ਜਸਵਿੰਦਰ ਪੰਜਾਬੀ 
ਸਮਾਂ, ਸ਼ੀਸ਼ਾ, ਸਮਾਜ ਤੇ ਸਾਹਿਤ ਕਲਾ ਦੀ ਤਸਵੀਰ
   (ਸਮਾਜ ਵੀਕਲੀ)  ਮਨੁੱਖ ਅੰਦਰ ਸੁੱਤੀ ਚੇਤਨਾ ਜਗਾਉਣ ਦੀ ਕਲਾ ਹੈ, ਜਸਵਿੰਦਰ ਪੰਜਾਬੀ ਅੰਦਰ। ਜੇ ‘ਰੱਬ’ ਨੂੰ ਵੇਖਣਾ ਤਾਂ ਨਾਵਲ ਵਿਚਲੇ ਕੁਝ ਕੁ ਸਮੇਂ ਦੀ ਪਾਤਰਤਾ ਨੂੰ ਘੋਖਣਾ ਪਵੇਗਾ। ਇਤਹਾਸ, ਮਿੱਥਹਾਸ ਜਾਂ ਕਲਪਨਾ ਦੀ ਨਹੀਂ, ਬਲਕਿ ਸਮਾਜਿਕ ਯਥਾਰਥੀ ਗੋਂਦ ਦੀ ਬੁਣਤੀ ਹੈ। ਇੱਕ ਸੁਚੱਜੇ ਘੁਮਿਆਰ ਦੀ ਘਾੜਤ ਵਾਂਗ,ਜੋ ਟਕਸਾਲੀ ਮਿੱਟੀ ਦੀ ਪਹਿਚਾਣ ਜਾਣਦਾ ਏ।ਨਾਵਲ ਵਿਚਲੀ ਕਹਾਣੀ ਪੇਂਡੂ ਸ਼ਹਿਰੀ ਜੀਵਨ ਸਾਰ ਨੂੰ ਮੋਹ ਪਿਆਰ ਰਿਸ਼ਤਿਆਂ ਦੀਆਂ ਤੰਦਾਂ ਨੂੰ ਟੁੱਟਣ ਨਹੀਂ, ਬਲਕਿ ਜੋੜਨ ਲਈ ਏ। ਆਰਥਿਕਤਾ ਦੀ ਗਵਾਹੀ ਨੂੰ ਸਾਰਥਿਕਤਾ ਭਾਵ, ਕਾਮਰੇਡੀ ਫ਼ਲਸਫ਼ੇ ਨੂੰ ਸ਼ੀਸ਼ਾ ਵਿਖਾਉਣ ਲਈ ਗਹਿਰੀ ਸ਼ਬਦਾਵਲੀ ਸੋਚ ਨਾਲ ਨਿਭਾਇਆ ਏ। ਸਮੁੱਚੇ ਦੇਸ਼ਕਾਲ ‘ਚ ਸਿਰਜੇ ਹਰ ਪਾਤਰ ਦੀ ਹੋਂਦ ਹੀ ਇੱਕ ਨਾਇਕ ਵਰਗੀ ਹੈ। ਕਥਾਰਸਿਸ ਵਿੱਚ ਵੀ ਬਦਲਦੇ ਸਮੇਂ ਦੀ ਨੁਹਾਰ ‘ਚੋ ਰੰਗੀਨ ਮਿਜਾਜ਼ੀ ਦੀ ਅਸਲੀਅਤ ਨੂੰ ਚਿਤਰਿਆ ਹੈ ਪਾਤਰ ਮਹਿੰਦਰ ਤੇ ਚੰਨੀ ਚਰਨਜੀਤ ਦੇ ਰੂਪ ਵਿਚ। ਇੱਥੋਂ ਤੱਕ ਗੁਰਮੁੱਖ ਤੇ ਗੁਰਦੀਪ ਦੇ ਪ੍ਰਤੀਕ ਪਾਤਰ ਵੀ ਮੰਡੀਕਰਣ ਬਜਾਰ ਦੀ ਬਣਤਰ ਨੂੰ ਦਰਸਾ ਜਾਂਦੇ ਨੇ। ਇਸ ਤੋਂ ਪਹਿਲੇ ਭਾਗ ਦੇ ਨਾਵਲ ਮੁਰਗਾਬੀਆਂ ਤੇ ਇਸ ਦੂਜੇ ਭਾਗ ਦੀ ਲੜੀਬੱਧਤਾ ਨੂੰ ਤੁਲਨਾਤਮਕ ਦ੍ਰਿਸ਼ਟੀ ਤੋਂ ਵੇਖੀਏ, ਤਾਂ ਮੱਧਵਰਗੀ ਸੋਚ ਨੂੰ ਆਧੁਨਿਕ ਅਜੋਕੇ ਯੁੱਗ ਦੀ ਵਿਕਾਸ ਯਾਤਰਾ ਨਾਲ ਜੋੜਿਆ। ਰਮਨ ਨਾਇਕਾ ਨੂੰ ਇੱਕ ਤਰ੍ਹਾਂ ਪੁਨਰ-ਜਨਮ ਹੀ ਦੇ ਦਿੱਤਾ। ਓਸਦੀ ਕਹਾਣੀ ਕਿੱਥੋਂ ਸ਼ੁਰੂ ਹੋਈ, ਕਿੱਥੇ ਮੱਧ ਆਇਆ ਤੇ ਕਿੱਥੋਂ ਓਹ ਨਵਿਆਂ ਰਾਹਾਂ ‘ਤੇ ਤੁਰਨ ਨਹੀਂ, ਬਲਕਿ ਦੌੜਨ ਲੱਗੀ। ਪਹਿਲੇ ਭਾਗ ਵਿੱਚ ਹੋ ਸਕਦਾ ਕਿ ਕੁਝ ਪਾਠਕਾਂ ਨੂੰ ਕਿਸੇ ਰੂਪ ਵਿੱਚ, ਰਮਨ ਦਾ ਪਾਤਰ ਚੰਗਾ ਨਾ ਲੱਗਿਆ ਹੋਵੇ ! ਦ੍ਰਿਸ਼ਟੀਕੋਣ ਆਪੋ ਆਪਣਾ ਹੈ। ਪਰ ਇਸ ਦੁਸਰੇ ਭਾਗ ਵਿੱਚ ਜਸਵਿੰਦਰ ਪੰਜਾਬੀ ਨੇ ਰਮਨ ਨੂੰ ਇੱਕ ਨਿਵੇਕਲੇ ਰੂਪ ‘ਚ ਪਾਠਕਾਂ ਦੇ ਸਨਮੁੱਖ ਕੀਤਾ ਹੈ। ਮੁਰਗਾਬੀਆਂ ਦੇ ਪਹਿਲੇ ਭਾਗ ਵਾਂਗ ਹੀ ਇਸ ਦੂਸਰੇ ਭਾਗ ਵਿੱਚ ਵੀ, ਕਹਿ ਸਕਦੇ ਹਾਂ ਕਿ ਲੇਖਕ ਨੇ ਪਰੰਪਰਾਗਤ ਨਾਵਲ – ਕਲਾ ਦੀ ਪਿਰਤ ਨੂੰ ਤੋੜਿਆ ਏ। ਮੇਰੇ ਵੱਲੋਂ ਸਾਰੀਆਂ ਦੀਆਂ ਸਾਰੀਆਂ ਸ਼ੁੱਭਕਾਮਨਾਵਾਂ ਜਸਵਿੰਦਰ ਪੰਜਾਬੀ ਨੂੰ। ਵਧਾਈਆਂ ਏਸ ਪੱਖੋਂ ਵੀ ਕਿ ਓਸਦੇ ਪਲੇਠੇ ਨਾਵਲ ਉੱਤੇ ‘ ਵੈੱਬ ਸੀਰੀਜ ‘ ਮੁਰਗ਼ਾਬੀਆਂ’ ਦਾ ਨਿਰਮਾਣ ਹੋਇਆ, ਜਿਸ ਨੂੰ ਦਰਸ਼ਕ ਵਰਗ ਨੇ ਭਰਵਾਂ ਹੁੰਗਾਰਾ ਦਿੱਤਾ।
ਹਰੀਸ਼ ਗਰੋਵਰ (ਡਾ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੰਤਰਰਾਸ਼ਟਰੀ ਸੰਕੇਤ ਭਾਸ਼ਾਵਾਂ ਦਿਵਸ
Next article*ਬਲਾਚੌਰ ਤਹਿਸੀਲ ਪੱਧਰੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ*