
(ਸਮਾਜ ਵੀਕਲੀ) ਸਵੈਜੀਵਨੀ ਮੂਲਕ ਨਿਬੰਧਾਂ ਤੇ ਸੁਹਜਮਈ ਪ੍ਰਵਚਨਾਂ ਨਾਲ ਓਤਪੋਤ ਇਸ ਕਿਤਾਬ ਦੀ ਰਚਨਾ ਕਰਨ ਨਾਲ ਦੇਸ਼ ਬੀਰ ਆਪਣੀ ਤੀਜੀ ਪੁਸਤਕ ਲੈ ਕੇ ਪਾਠਕਾਂ ਦੇ ਸਨਮੁੱਖ ਹੋ ਰਿਹਾ ਹੈ।ਉਹ ਅੰਗਰੇਜ਼ੀ,ਹਿੰਦੀ ਤੇ ਪੰਜਾਬੀ ਭਾਸ਼ਾਵਾਂ ਵਿੱਚ ਰਚਨਾ ਕਰਦਾ ਹੈ ਅਤੇ ਇਨ੍ਹਾਂ ਭਾਸ਼ਾਵਾਂ ਦੇ ਪ੍ਰਬੁੱਧ ਪ੍ਰਵਕਤਾ ਵਜੋਂ ਵੀ ਉਹ ਵਿਸ਼ੇਸ਼ ਪਛਾਣ ਰੱਖਦਾ ਹੈ। ਕਵਿਤਾ ਦੀ ਰਚਨਾ ਕਰਨ ਤੇ ਵਾਰਤਕ ਰਾਹੀਂ ਆਪਣੇ ਵਿਚਾਰਾਂ ਦੀ ਅਭਿਵਿਅਕਤੀ ਕਰਨ ਵਿੱਚ ਉਸਨੂੰ ਵਿਸ਼ੇਸ਼ ਮੁਹਾਰਤ ਹਾਸਿਲ ਹੈ।ਵਿਸਤ੍ਰਿਤ ਕੈਨਵਸ ਉਪਰ ਮਿਆਰੀ ਰਚਨਾ ਕਰਨ ਦੇ ਨਾਲ-ਨਾਲ ਸਮਕਾਲ ਦੇ ਚਲੰਤ ਮਸਲਿਆਂ ਉਪਰ ਲਿਖੇ ਉਸਦੇ ਨਿਬੰਧ ਤੇ ਕਵਿਤਾਵਾਂ ਚਰਚਾ ਵਿੱਚ ਰਹਿੰਦੇ ਹਨ।ਪੁਸਤਕ ਵਿੱਚ ਦਰਜ ਬਹੁਤੇ ਨਿਬੰਧ ਦੇਸ਼ ਵਿਦੇਸ਼ ਦੀਆਂ ਵਿਭਿੰਨ ਤੇ ਸੁਪ੍ਰਸਿੱਧ ਪੱਤ੍ਰਕਾਵਾਂ ਵਿੱਚ ਅੰਗਰੇਜ਼ੀ ਵਿੱਚ ਛਪ ਚੁੱਕੇ ਹਨ ਜਿਨ੍ਹਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਪ੍ਰਿੰ.ਰਜਿੰਦਰ ਕੌਰ ਨੇ ਬਾਖੂਬੀ ਨਿਭਾਈ ਹੈ। ਪੁਸਤਕ ਸਵਾਲ ਦਰ ਸਵਾਲ ਉਠਾਉਂਦੀ ਹੈ,ਉਨ੍ਹਾਂ ਦੇ ਜਵਾਬ ਮੰਗਦੀ ਹੈ ਤੇ ਪ੍ਰਗਟ ਹੁੰਦਾ ਹੈ ਇਕ ਮੁੱਲਵਾਨ ਦਸਤਾਵੇਜ਼ : ‘ਜਵਾਬ ਅਜੇ ਬਾਕੀ ਹੈ…’। ਦੇਸ਼ ਬੀਰ ਨੇ ਆਪਣੇ ਬਚਪਨ ਦੀਆਂ ਯਾਦਾਂ ਦੇ ਅਮੀਰ ਖ਼ਜ਼ਾਨੇ ਨੂੰ ਸਾਂਭਣ ਦਾ ਯਤਨ ਕੀਤਾ ਹੈ।ਉਨ੍ਹਾਂ ਦਾ ਆਪਣਾ ਜੱਦੀ ਪਿੰਡ ਮਨਵੀਂ, ਜ਼ਿਲ੍ਹਾ ਹਮੀਰਪੁਰ, ਹਿਮਾਚਲ ਪ੍ਰਦੇਸ਼ (ਉਸ ਸਮੇਂ ਪੰਜਾਬ) ਵਿੱਚ ਸੀ।ਉਸਦੇ ਦਾਦਾ ਜੀ 19ਵੀਂ ਸਦੀ ਦੇ ਅਖੀਰਲੇ ਵਰ੍ਹਿਆਂ ਵਿੱਚ ਇਥੇ ਆ ਕੇ ਵੱਸੇ ਸਨ। ਮੂਲ ਰਵਾਇਤਾਂ ਦੇ ਧਾਰਨੀ ਘੁੱਗ ਵੱਸਦੇ ਪਰਿਵਾਰ ਉਪਰ ਸਭ ਨੂੰ ਮਾਣ ਸੀ। ਉਥੇ ਹੀ ਉਨ੍ਹਾਂ ਦੀ ਜ਼ਮੀਨ ਤੇ ਘਰ ਸੀ।ਪਿੰਡ ਵਿੱਚ ਜ਼ਮੀਨ ਦੇ ਇਕ ਸਰਵ ਸਾਂਝੇ ਟੁਕੜੇ,ਜਿਸਨੂੰ ‘ਘੋੜੀ ਕਾ ਖੇਤ’ ਕਿਹਾ ਜਾਂਦਾ ਸੀ, ‘ਤੇ ਉਸਦੇ ਦਾਦਾ ਜੀ ਦਾ ਵਿਸ਼ੇਸ਼ ਅਧਿਕਾਰ ਹੁੰਦਾ ਸੀ।ਇਹ ਨਿਸਚੇ ਹੀ ਆਪਣੇ ਪੁਰਖਿਆਂ ‘ਤੇ ਫ਼ਖ਼ਰ ਮਹਿਸੂਸ ਕਰਨ ਵਾਲੀ ਗੱਲ ਹੈ।
ਭੋਲ਼ੇ-ਭਾਲ਼ੇ ਤੇ ਚੁਲਬੁਲੇ ਬਚਪਨ ਦੀਆਂ ਛੋਟੀਆਂ ਛੋਟੀਆਂ ਸ਼ਰਾਰਤਾਂ ਬਾਰੇ ਦੇਸ਼ ਬੀਰ ਬੜੀ ਬੇਬਾਕੀ ਨਾਲ ਲਿਖਦਾ ਹੈ।ਲੇਖਕ ਜਦੋਂ ਆਪਣੇ ਪਿਤਾ ਜੀ ਨਾਲ ਆਪਣੇ ਮਾਤਰ ਸਕੂਲ ਵਿੱਚ ਜਾਂਦਾ ਹੈ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ।ਇਸੇ ਸਕੂਲ ਵਿੱਚ ਉਸਦੇ ਪਿਤਾ ਜੀ ਨੇ ਵੀ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ ਸੀ।ਸਕੂਲ ਪੜ੍ਹਨ ਵੇਲੇ ਦੀਆਂ ਕੁਝ ਸਿਮ੍ਰਤੀਆਂ ਉਸਦੇ ਮਨ ਦੇ ਚਿਤਰਪਟ ‘ਤੇ ਉਭਰ ਆਉੰਦੀਆਂ ਹਨ।ਜਿਵੇਂ ਡਾ.ਡੀ.ਐਸ.ਰਾਣਾ ਆਪਣੇ ਸਕੂਲ ਪ੍ਰਤੀ ਸ਼ਰਧਾ ਤੇ ਸਨੇਹ ਰੱਖਦੇ ਹਨ,ਤਿਵੇਂ ਹੀ ਪੁਸਤਕ ਦਾ ਲੇਖਕ ਵੀ ਆਪਣੇ ਸਕੂਲ ਪ੍ਰਤੀ ਪਿਆਰ ਭਾਵਨਾ ਦੇ ਸੂਤਰ ਵਿੱਚ ਬੱਝਾ ਹੋਇਆ ਹੈ।ਹੈਡਮਾਸਟਰ ਦਾ ਬੇਟਾ ਹੋਣ ਦੇ ਨਾਤੇ ਵਿਦਿਆਰਥੀ ਜੀਵਨ ਵਿੱਚ ਹੀ ਲੇਖਕ ਅੰਦਰ ਸਵੈ-ਵਿਸ਼ਵਾਸ ਦੀ ਭਾਵਨਾ ਪਨਪਣ ਲੱਗਦੀ ਹੈ।
ਦੇਸ਼ ਬੀਰ 60ਵਿਆਂ ਦੌਰਾਨ ਉਸ ਖਿੱਤੇ ਦੇ ਲੋਕਾਂ ਦੀਆਂ ਕਠਿਨ ਤੇ ਕਠੋਰ ਜੀਵਨ ਹਾਲਤਾਂ ਵੱਲ ਸੰਕੇਤ ਕਰਦਾ ਹੈ।ਖੂਹਾਂ,ਬਉਲੀਆਂ,ਫੁਹਾਰਿਆਂ,ਜਾਂ ਜਲਧਾਰਾ ਵਾਲੇ ਖੂਹਾਂ ਤੋਂ ਕੱਚੇ ਘੜਿਆਂ ਵਿੱਚ ਪਾਣੀ ਭਰ ਕੇ ਲਿਆਉਣ ਦੇ ਦ੍ਰਿਸ਼ਾਂ ਨੂੰ ਲੇਖਕ ਬਾਖੂਬੀ ਸਾਕਾਰ ਕਰਦਾ ਹੈ।ਬਹੁਤੇ ਬੱਚੇ ਨੰਗੇ ਪੈਰੀਂ ਸਕੂਲ ਜਾਂਦੇ ਸਨ।ਉਨ੍ਹਾਂ ਸਾਲਾਂ ਵਿੱਚ ਬੱਸਾਂ ਦੀ ਆਵਾਜਾਈ ਬਹੁਤ ਘੱਟ ਹੁੰਦੀ ਸੀ। ਇਲਾਕੇ ਵਿੱਚ ਕਾਰ ਜਾਂ ਮੋਟਰ ਸਾਈਕਲ ਜਿਹਾ ਵਾਹਨ ਕਿਸੇ ਵਿਰਲੇ-ਟਾਂਵੇਂ ਕੋਲ ਹੀ ਹੁੰਦਾ ਸੀ। ਕਦੇ-ਕਦੇ ਚੀਲ ਦੇ ਬਿਰਖਾਂ ਨੂੰ ਅੱਗ ਲੱਗ ਜਾਂਦੀ ਸੀ,ਜੋ ਰਾਤ ਨੂੰ ਬਹੁਤ ਡਰਾਵਣਾ ਤੇ ਦਹਿਲਾਅ ਦੇਣ ਵਾਲਾ ਦ੍ਰਿਸ਼ ਪੇਸ਼ ਕਰਦੀ ਸੀ।
ਲੇਖਕ ਨੂੰ ਇਕ ਵਾਰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਦੀ ਕਾਂਗੂ ਵਿਖੇ ਫੇਰੀ ਦੇ ਮੌਕੇ ‘ਤੇ ਰਚੇ ਇਕ ਸਮਾਗਮ ਵਿੱਚ ਉਸਦੇ ਸਵਾਗਤ ਵਿੱਚ ਇਕ ਕਵਿਤਾ ਪੜ੍ਹਨ ਦਾ ਅਵਸਰ ਪ੍ਰਾਪਤ ਹੋਇਆ ਸੀ।ਉਹ ਮੌਕਾ ਲੇਖਕ ਦੀਆਂ ਸਥਾਈ ਯਾਦਾਂ ਦਾ ਹਿੱਸਾ ਬਣ ਜਾਂਦਾ ਹੈ।
ਲੇਖਕ ਨੂੰ ਆਪਣੇ ਨਾਂ ਦੇਸ਼ ਬੀਰ ਉਪਰ ਬਹੁਤ ਮਾਣ ਹੈ।ਉਸਦੇ ਮਾਪਿਆਂ ਨੇ ਇਹ ਨਾਂ ਦੇਸ਼ ਪ੍ਰਤੀ ਪਿਆਰ ਪ੍ਰਗਟਾਉਣ ਦੇ ਜਜ਼ਬੇ ਅਧੀਨ ਸਰਸ਼ਾਰ ਹੋਇਆਂ ਨੇ ਹੀ ਰੱਖਿਆ ਹੋਵੇਗਾ।ਅਸਲ ਵਿੱਚ ਦੇਸ਼ ਦੀ ਆਜ਼ਾਦੀ ਉਪਰੰਤ ਕੁਝ ਵਰ੍ਹਿਆਂ ਦੌਰਾਨ ਦੇਸ਼ ਵਾਸੀਆਂ ਵਿੱਚ ਵਤਨ ਪ੍ਰਤੀ ਪਿਆਰ ਦੀਆਂ ਭਾਵਨਾਵਾਂ ਬਹੁਤ ਪ੍ਰਬਲ ਸਨ।ਹਰ ਕੋਈ ਦੇਸ਼ ਦੇ ਨਿਰਮਾਣ ਤੇ ਤਰੱਕੀ ਵਿੱਚ ਆਪਣਾ ਬਣਦਾ ਹਿੱਸਾ ਪਾਉਣ ਲਈ ਉਤਾਵਲਾ ਰਹਿੰਦਾ ਸੀ।
ਨਿਮਰ,ਨੇਕ-ਦਿਲ ਤੇ ਦਿਆਲੂ ਪੁਰਸ਼ ਜਦੋਂ ਕਿਸੇ ਦੀ ਮਦਦ ਕਰਦਾ ਹੈ ਤਾਂ ਉਸਦੇ ਬਦਲੇ ਵਿੱਚ ਉਹ ਕੁਝ ਮਿਲਣ ਦੀ ਉਮੀਦ ਨਹੀਂ ਰੱਖ ਰਿਹਾ ਹੁੰਦਾ। ਕਾਲਜ ਵਿੱਚ ਦਾਖਲਾ ਲੈਣ ਦੀਆਂ ਚਾਹਵਾਨ ਗ਼ਰੀਬ ਘਰ ਦੀਆਂ ਲੜਕੀਆਂ ਦੀ ਸਹਾਇਤਾ ਕਰ ਕੇ ਲੇਖਕ (ਜਦੋਂ ਉਹ ਇਕ ਵੱਡੇ ਕਾਲਜ ਦਾ ਪ੍ਰਿੰਸੀਪਲ ਸੀ) ਅਪਾਰ ਖੁਸ਼ੀ ਮਹਿਸੂਸ ਕਰਦਾ ਹੈ।ਅਹਿਸਾਨ ਨਾ ਭੁੱਲਣ ਵਾਲੀਆਂ ਉਹ ਲੜਕੀਆਂ ਜਦੋਂ ਲੇਖਕ ਦੀ ਰੀਟਾਇਰਮੈਂਟ ਵਾਲੇ ਦਿਨ,ਆਪਣੀ ਜਾਣ-ਪਛਾਣ ਕਰਾਉਂਦਿਆਂ,ਉਸਨੂੰ ਇਕ ਸੌਗਾਤ ਭੇਂਟ ਕਰਦੀਆਂ ਹਨ ਤਾਂ ਉਹ ਹੈਰਾਨੀ ਭਰੀ ਖੁਸ਼ੀ ਮਹਿਸੂਸ ਕਰਦਾ ਹੈ। ਉਹ ਲਿਖਦਾ ਹੈ-“ਚਮਕੀਲੇ ਕਾਗਜ਼ ਵਿੱਚ ਲਿਪਟਿਆ ਹੋਇਆ ‘ਸੈਲੋ ਜੈਲ ਪੈਨ’ ਦੇਖ ਕੇ ਮੈਂ ਫੁੱਲਿਆ ਨਹੀਂ ਸਮਾਇਆ। ਇਹ ਸੀ ਮੇਰਾ ਤੋਹਫ਼ਾ, ਕਿਸੇ ਜਵਾਹਰ ਨਾਲੋਂ ਜ਼ਿਆਦਾ ਕੀਮਤੀ।ਇਸ ਤੋਹਫੇ ਨੇ ਇਕ ਪਲ ਲਈ ਮੇਰਾ ਗੱੱਚ ਭਰ ਦਿੱਤਾ।”( ਪੰਨਾ 20)। ਉਹ ਭਾਵੁਕ ਪਲ ਲੇਖਕ ਲਈ ਬਹੁਤ ਅਮੋਲਵੇ ਸਨ।
ਬੱਚਾ ਫਰਿਸ਼ਤੇ ਵਾਂਗ ਹੁੰਦਾ ਹੈ।ਰੱਬ ਦਾ ਰੂਪ ! ਕੋਈ ਵਲ਼-ਛਲ਼,ਕੂੜ-ਕਪਟ ਨਹੀਂ ਹੁੰਦਾ ਉਸ ਅੰਦਰ ! ਬੱਚੇ ਪ੍ਰਤੀ ਸੰਵੇਦਨਸ਼ੀਲਤਾ ਪ੍ਰਗਟ ਕਰਦਿਆਂ ਦੇਸ਼ ਬੀਰ ਭਾਵੁਕ ਹੋ ਜਾਂਦਾ ਹੈ।ਬਾਤਾਂ ਸੁਣਨ ਤੇ ਉਨ੍ਹਾਂ ਨੂੰ ਮਾਨਣ ਵਿੱਚ ਬੱਚੇ ਦੀ ਸੁਭਾਵਿਕ ਦਿਲਚਸਪੀ ਦਾ ਉਲੇਖ ਕਰਦਿਆਂ ਲੇਖਕ ਬੱਚੇ ਦੀ ਉਤਸੁਕਤਾ ਦੀ ਗੱਲ ਕਰਦਾ ਹੈ।
ਜ਼ਿੰਦਗੀ ਭਰ ਦੇ ਅਨੁਭਵ ਉਪਰੰਤ ਲੇਖਕ ਇਸ ਨਿਰਣੇ ‘ਤੇ ਪਹੁੰਚਦਾ ਹੈ ਕਿ ਨਵੇਂ ਰਾਹਾਂ ਦੀ ਤਲਾਸ਼ ਕਰਨ ਦੀ ਚਾਹਤ ਕਦੇ ਤਿਆਗਣੀ ਨਹੀਂ ਚਾਹੀਦੀ।ਮਿਥੇ ਹੋਏ ਆਦਰਸ਼ ਤੱਕ ਪਹੁੰਚਣ ਲਈ ਜੇ ਜੋਖ਼ਮ ਵੀ ਉਠਾਉਣਾ ਪਵੇ ਤਾਂ ਉਠਾ ਲੈਣਾ ਚਾਹੀਦਾ ਹੈ। ਕਈ ਵਾਰ ਖੜੋਤ ਤੋਂ ਇਨਕਾਰੀ ਹੋਣ ਨਾਲ ਨਵੇਂ ਰਸਤੇ ਖੁੱਲ੍ਹਦੇ ਨਜ਼ਰ ਆਉਂਦੇ ਹਨ।
ਮਨਮੋਹਕ ਕੁਦਰਤੀ ਨਜ਼ਾਰਿਆਂ ਨੂੰ ਫੋਟੋਆਂ ਵਿੱਚ ਸੰਭਾਲ ਕੇ ਰੱਖ ਲੈਣ ਦੀ ਮਨੁੱਖੀ ਖਾਹਿਸ਼ ਸੁਭਾਵਿਕ ਹੈ।ਫੋਟੋ ਲੈਣ ਵਕਤ ਮਦਦਗਾਰ ਬਣ ਕੇ ਪ੍ਰਗਟ ਹੋਣ ਵਾਲੇ ਬੱਚਿਆਂ ਦੇ ਵਿਵਹਾਰ ਦਾ ਚਿਰ-ਸਥਾਈ ਪ੍ਰਭਾਵ ਲੇਖਕ ਨੂੰ ਚੰਗਾ ਲੱਗਦਾ ਹੈ।ਮਨੁੱਖੀ ਵਿਵਹਾਰ,ਸੰਵੇਦਨਾ ਤੇ ਵਿਵੇਕ ਬਾਰੇ ਕਿਸੇ ਨਾ ਕਿਸੇ ਪ੍ਰਸੰਗ ਵਿੱਚ ਕੀਤੀ ਗਈ ਗੱਲ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।
ਪਤਨੀ, ਗ੍ਰਹਿਣੀ ਜਾਂ ਮਾਂ ਜਦੋਂ ‘ਖਾਣੇ ਵਿੱਚ ਕੀ ਬਣਾਵੇ’ ਦਾ ਸਵਾਲ ਆਪਣੇ ਪਤੀ ਜਾਂ ਪੁੱਤਰ ਨੂੰ ਪੁੱਛਦੀ ਹੈ ਤਾਂ ਇਸ ਪਿੱਛੇ ਔਰਤ ਦੀ ਮੌਲਿਕਤਾ ਜਾਂ ਕਾਰਜਸ਼ੀਲਤਾ ਕੰਮ ਕਰ ਰਹੀ ਹੁੰਦੀ ਹੈ। ਸਮਾਜ ਵਿੱਚ ਪੁਰਸ਼ ਦੀ ਪ੍ਰਧਾਨਤਾ ਕਾਰਨ ਵੀ ਅਜਿਹਾ ਸਵਾਲ ਪੁੱਛਿਆ ਜਾ ਰਿਹਾ ਹੋ ਸਕਦਾ ਹੈ।ਲੇਖਕ ਸਵਾਲ ਉਠਾਉਂਦਾ ਹੈ ਕਿ ਖਾਣਾ ਸਿਰਫ ਔਰਤ ਹੀ ਕਿਉਂ ਬਣਾਵੇ? ਹੁਣ ਦੀ ਪੀੜ੍ਹੀ ਰਾਤ ਵੇਲੇ ਲੇਟ ਸੌਣ ਤੇ ਸਵੇਰੇ ਲੇਟ ਉੱਠਣ ਦੀ ਆਦੀ ਹੋ ਗਈ ਹੈ। ਇਹ ਅਜੋਕੇ ਸਮੇਂ ਦਾ ਸੰਕਟ ਹੈ। ਮਨੁੱਖ ਅਤੇ ਸਮਾਜ ਦੀ ਸਿਹਤ ਵਾਸਤੇ ਅਜਿਹੇ ਨਾਕਾਰਾਤਮਕ ਪਹੁੰਚ ਵਾਲੇ ਚਲਨ ਦੀ ਲੇਖਕ ਪੁਰਜ਼ੋਰ ਨਿਖੇਧੀ ਕਰਦਾ ਹੈ। ਅਜੋਕਾ ਮਨੁੱਖ ਬਹੁਤ ਜਾਣਕਾਰਾਂ ਦੇ ਸੰਪਰਕ ਵਿੱਚ ਹੋਣ ਦੇ ਬਾਵਜੂਦ ਵੀ ਇਕੱਲਾ ਮਹਿਸੂਸ ਕਰਦਾ ਹੈ। ਉਸਨੂੰ ਸਮੇਂ ਤੇ ਸਥਾਨ ਦੇ ਬਦਲਣ ਦੇ ਹਾਲਾਤ ਵਸ ਆਪਣੀ ਪਛਾਣ ਖੋਹੀ ਜਾ ਰਹੀ ਹੋਣ ਦਾ ਸੰਕਟ ਤੇ ਅਜਨਬੀਅਤ ਦਾ ਸੰਕਟ ਪਰੇਸ਼ਾਨ ਕਰ ਰਿਹਾ ਹੈ। ਆਪਣੇ ਆਪ ਨੂੰ ਖੁਸ਼ਹਾਲ ਵਿਖਾਉਣ ਲਈ ਤੇ ਆਪਣੇ ਸਮਾਜਕ/ਆਰਥਕ ਰੁਤਬੇ ਦਾ ਵਿਖਾਵਾ ਕਰਨ ਲਈ ਵੱਡੇ ਪੱਧਰ ‘ਤੇ ਰੀਸੈਪਸ਼ਨ ਕਰਨ ਨੂੰ ਫੋਕੇ ਵਿਖਾਵੇ ਤੋਂ ਵੱਧ ਕੁਝ ਨਹੀਂ ਸਮਝਿਆ ਜਾਣਾ ਚਾਹੀਦਾ।ਇਸ ਸਮਾਜਕ ਅਹੁਰ ਵੱਲ ਸੰਕੇਤ ਕਰਨ ਵਿੱਚੋਂ ਵੀ ਲੇਖਕ ਦੀ ਸਮਾਜ ਪ੍ਰਤੀ ਫਿਕਰਮੰਦੀ ਪ੍ਰਗਟ ਹੁੰਦੀ ਹੈ।
ਦੇਸ਼ ਬੀਰ ਬਿਨਾਂ ਕਿਸੇ ਸ਼ੋਰ ਤੋਂ ਕੰਮ ਕਰਨ ਵਿੱਚ ਯਕੀਨ ਰੱਖਦਾ ਹੈ ਤੇ ਲੋਕ ਉਸਦੀ ਕਦਰ ਵੀ ਕਰਦੇ ਹਨ।ਇਹ ਪੁਸਤਕ ਉਸਦੀ ਬਹੁ ਪੱਖੀ ਸ਼ਖ਼ਸੀਅਤ ਦੇ ਸਮੁੱਚ ਨੂੰ ਬਿਆਨ ਕਰਦੀ ਹੈ।ਮੈਂ ਮਹਿਸੂਸ ਕਰਦਾ ਹਾਂ ਕਿ ਦੇਸ਼ ਬੀਰ ਜਦ ਲਿਖਦਾ ਹੈ ਤਾਂ ਉਹ ਅੰਤਰ-ਸੰਵਾਦ ਰਚਾਉਣ ਦੀ ਸਥਿਤੀ ਵਿੱਚ ਹੁੰਦਾ ਹੈ।ਇਸ ਪੁਸਤਕ ਵਿੱਚੋਂ ਉਸਦੀਆਂ ਮਿਹਨਤ ਕਰਨ ਦੀਆਂ ਰਮਜ਼ਾਂ,ਉਸਦੇ ਭਾਵਾਂ,ਉਸਦੇ ਉਦਗਾਰਾਂ, ਉਸਦੇ ਦ੍ਰਿੜ੍ਹ ਨਿਹਚੇ, ਉਸਦੇ ਜਜ਼ਬੇ ਆਦਿ ਦੀ ਟੋਹ ਮਹਿਸੂਸ ਕੀਤੀ ਜਾ ਸਕਦੀ ਹੈ।ਜ਼ਿੰਦਗੀ ਦੀ ਸ਼ਾਲੀਨਤਾ,ਸੁਹਜਾਤਮਿਕਤਾ,ਨੇਮਬੱਧਤਾ,
ਪੁਸਤਕ ਵਿਚਲੀਆਂ ਜਾਣਕਾਰੀਆਂ ਮੁੱਲਵਾਨ ਹਨ।ਕਿਧਰੇ ਕਿਧਰੇ ਦਿੱਤੀ ਜਾ ਰਹੀ ਕਿਸੇ ਜਾਣਕਾਰੀ ਨੂੰ ਲੇਖਕ ਕਿਸੇ ਪ੍ਰਸੰਗ ਸੂਤਰ ਨਾਲ ਜੋੜ ਕੇ ਪੇਸ਼ ਕਰਦਾ ਹੈ।ਵਰ੍ਹਿਆਂ ਬੱਧੀ ਲਗਾਤਾਰ ਸਖਤ ਮਿਹਨਤ ਕਰਦੇ ਰਹਿਣ ਦੇ ਅਮਲ ਨੂੰ ਉਹ ਬੜੀ ਸ਼ਿੱਦਤ ਤੇ ਨਿਸੰਗਤਾ ਨਾਲ ਪ੍ਰਗਟ ਕਰਦਾ ਹੈ।ਇਕ ਗੱਲ ਨਿਸਚਿਤ ਹੈ ਕਿ ਮਨੁੱਖ ਦੀ ਜ਼ਿੰਦਗੀ ਬਹੁਤ ਅਮੋਲਵੀਂ ਹੈ।ਪੁਸਤਕ ਵਿੱਚੋਂ ਇਕ ਸਵੈ ਸਿਰਜਕ,ਮਨੁੱਖੀ ਕਦਰਾਂ ਕੀਮਤਾਂ ਨਾਲ ਪ੍ਰਣਾਏ ਤੇ ਕਾਮਯਾਬ ਮਨੁੱਖ ਦੀ ਛਵੀ ਵੇਖੀ ਜਾ ਸਕਦੀ ਹੈ।ਲੇਖਕ ਅੰਦਰ ਵਿਚਾਰਾਂ ਦਾ ਅਨੰਤ ਤੇ ਅਸੀਮ ਸੋਮਾ ਹੈ।ਉਹ ਆਤਮਸਾਤ ਕਰਦਾ ਹੈ ਤੇ ਇਕਾਗਰਤਾ ਤੇ ਬਾਰੀਕ ਨੀਝ ਨਾਲ ਲਿਖਦਾ ਜਾਂਦਾ ਹੈ।ਜ਼ਿੰਦਗੀ ਨੂੰ ਨਵੇਂ ਪਾਸਾਰ ਪ੍ਰਦਾਨ ਕਰਦਾ ਹੈ।ਉਸਦੀ ਲਿਖਤ ਪਾਠਕ ਨੂੰ ਆਪਣੇ ਵਿਚਾਰ ਪ੍ਰਵਾਹ ਨਾਲ ਵਹਾਉਂਦੀ ਚਲੀ ਜਾਂਦੀ ਹੈ। ਰਵਾਂ-ਰਵੀਂਂ ਉਪਜਦੇ ਉਸਦੇ ਵਿਚਾਰ ਗਿਆਨ ਦਾ ਉਤਪਾਦਨ ਕਰਦੇ ਚਲੇ ਜਾਂਦੇ ਹਨ। ਆਪਣੇ ਵਿਚਾਰ ਉਹ ਤਰਕ ਦੇ ਆਧਾਰ ‘ਤੇ ਉਸਾਰਦਾ ਹੈ।ਉਹ ਨਵੀਂ ਘਾੜਤ ਘੜਦਾ ਜਾਂਦਾ ਹੈ ਤੇ ਨਵੇਂ ਨਵੇਲੇ ਅਰਥ ਸਿਰਜਦਾ ਜਾਂਦਾ ਹੈ।ਇਹ ਪੁਸਤਕ ਦੇਸ਼ ਬੀਰ ਦੇ ਚਿੰਤਨ ਤੇ ਉਸਦੀ ਰਚਨਾ ਦ੍ਰਿਸ਼ਟੀ ਬਾਰੇ ਬੱਝਵਾਂ ਪ੍ਰਭਾਵ ਸਿਰਜਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਪੁਸਤਕ ਨੂੰ ਪੜ੍ਹ ਕੇ ਪਾਠਕ ਆਪਣੇ ਆਪ ਨੂੰ ਪਹਿਲਾਂ ਨਾਲੋਂ ਵਧੇਰੇ ਸਿਖਿਅਤ ਤੇ ਵਧੇਰੇ ਅਨੁਭਵੀ ਮਹਿਸੂਸ ਕਰੇਗਾ।ਇਹ ਇਸ ਪੁਸਤਕ ਦੀ ਵੱਡੀ ਪ੍ਰਾਪਤੀ ਹੋਵੇਗੀ।ਇਹ ਪੁਸਤਕ ਮਨੁੱਖ ਕੋਲੋਂ,ਸਮਾਜ ਕੋਲੋਂ,ਸਿਸਟਮ ਕੋਲੋਂ ਅਨੇਕ ਸਵਾਲ ਪੁੱਛਦੀ ਹੈ।ਫਿਰ ਵੀ ਕਈ ਸਵਾਲ ਅਜੇ ਬਾਕੀ ਹਨ। ਸੰਵਾਦ ਰਚਾਉਂਦੀ ਇਹ ਨਿਬੰਧਕਾਰੀ ਦੇਸ਼ ਬੀਰ ਦੀ ਰਚਨਾ ਦੀ ਅੰਤਰੀਵ ਸੁਰ ਬਣ ਕੇ ਪ੍ਰਗਟ ਹੋਣ ਵਾਲੇ ਸਹਿਜ ਤੇ ਸੁਹਜ ਦਾ ਅਹਿਸਾਸ ਵੀ ਕਰਾਉਂਦੀ ਹੈ। ਸੰਵਾਦ ਦੌਰਾਨ ਸਵਾਲਾਂ ਦੇ ਜਵਾਬ ਮਿਲਣ ਦੀ ਉਡੀਕ ਦੀ ਉਮਰ ਕਿੰਨੀ ਕੁ ਲੰਮੀ ਹੋਵੇਗੀ,ਕੁਝ ਕਿਹਾ ਨਹੀਂ ਜਾ ਸਕਦਾ।
ਇਸ ਪੁਸਤਕ ਦੀ ਭਾਸ਼ਾ ਸਰਲ ਹੋਣ ਦੇ ਨਾਲ-ਨਾਲ ਆਪਣਾ ਸਾਹਿਤਕ ਮੁਹਾਵਰਾ ਬਣਾਈ ਰੱਖਦੀ ਹੈ।ਆਤਮਕਥਾਤਮਿਕ ਸ਼ੈਲੀ ਵਿੱਚ ਲਿਖੇ ‘ਕੁਝ ਨਿੱਜੀ ਪੰਨੇ’ ਲੇਖਕ ਦੇ ਸਹਿਜ ਪ੍ਰਵਚਨ ਬਣ ਕੇ ਪ੍ਰਗਟ ਹੋਣ ਵਾਲੇ ਸੰਸਮਰਣ ਹਨ, ਜੋ ਸੁਹਜਾਤਮਿਕ ਰੂਪ ਅਖਤਿਆਰ ਕਰ ਕੇ ਪੇਸ਼ ਹੁੰਦੇ ਹਨ। ਲਿਖਤ ਦੇ ਮਜ਼ਮੂਨ ਅਨੁਸਾਰ ਲੇਖਕ ਲੋੜੀਂਦਾ ਵਾਤਾਵਰਨ ਸਿਰਜ ਲੈਂਦਾ ਹੈ ਤੇ ਲੋੜੀਂਦਾ ਪ੍ਰਭਾਵ ਸਿਰਜਣ ਵਿੱਚ ਵੀ ਕਾਮਯਾਬ ਹੁੰਦਾ ਹੈ। ਲੇਖਕ ਦੀ ਆਲੋਚਨਾਤਮਿਕ ਦ੍ਰਿਸ਼ਟੀ, ਸੰਵੇਦਨਸ਼ੀਲਤਾ, ਸੁਹਜਬੋਧ ਤੇ ਸੰਰਚਨਾਤਮਿਕ ਸੰਗਠਨ ਇਸ ਪੁਸਤਕ ਨੂੰ ਕਲਾਤਮਿਕ ਰੰਗਾਂ ਨਾਲ ਸ਼ਿੰਗਾਰਨ ਵਿੱਚ ਸਹਾਈ ਹੁੰਦੇ ਹਨ।ਵਿਚਾਰਾਂ ਦੀ ਕਲਾਤਮਿਕ ਅਭਿਵਿਅਕਤੀ ਇਸ ਪੁਸਤਕ ਦਾ ਵੱਡਾ ਹਾਸਲ ਬਣਦੀ ਹੈ।ਇਹ ਪੁਸਤਕ, ਲੇਖਕ ਦਾ ਪਾਠਕ ਨਾਲ ਸੂਝ ਤੇ ਸਮਝ ਦਾ ਰਿਸ਼ਤਾ ਸਥਾਪਤ ਕਰਦੀ ਹੈ। ਜੀਵਨ ਵਿੱਚ ਉਮੰਗਾਂ ਦੇ ਰੰਗ ਭਰਨ ਦਾ ਸੁਨੇਹਾ ਦਿੰਦੀ ਹੈ। ਸਿਧਾਂਤਾਂ ਵਿੱਚ ਬੱਝੀ ਜ਼ਿੰਦਗੀ ਮਨੁੱਖ ਦੇ ਸਵੈ ਵਿਸ਼ਵਾਸ ਵਿੱਚ ਵਾਧਾ ਕਰਦੀ ਹੈ ਤੇ ਉਸਨੂੰ ਤਾਕਤ ਪ੍ਰਦਾਨ ਕਰਦੀ ਹੈ। ਲੇਖਕ ਦੀ ਸਿਧਾਂਤਕ ਪਕਿਆਈ,ਅਧਿਐਨ ਕਾਰਜ,ਪ੍ਰਾਧਿਆਪਕ ਵਜੋਂ ਨਾਮਣਾ ਖੱਟਣ ਤੇ ਫਿਰ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਕੁਸ਼ਲਤਾ ਪੂਰਵਕ ਅੰਜਾਮ ਦੇਣ ਦੀ ਜੁਗਤੀ ਉਸਦੀਆਂ ਵਿਸ਼ੇਸ਼ ਪ੍ਰਾਪਤੀਆਂ ਹਨ। ਜੀਵਨ ਜਾਚ ਦੇ ਕੁਝ ਪਹਿਲੂ ਜਿਨ੍ਹਾਂ ਨੂੰ ਦੇਸ਼ ਬੀਰ ਨੇ ਵਰ੍ਹਿਆਂ ਦੀ ਮਿਹਨਤ ਬਾਅਦ ਅਪਣਾਇਆ ਹੈ,ਇਸ ਪੁਸਤਕ ਵਿੱਚ ਦਰਜ ਹਨ।
ਮੈਂ ਅਪਾਰ ਖੁਸ਼ੀ ਮਹਿਸੂਸ ਹਰ ਰਿਹਾ ਹਾਂ ਕਿ ਦੇਸ਼ ਬੀਰ ਇਸ ਪੁਸਤਕ ਦੇ ਰੂਪ ਵਿੱੱਚ ਪੰਜਾਬੀ ਸਾਹਿਤ ਨੂੰ ਇਕ ਮੁੱਲਵਾਨ ਸੌਗਾਤ ਭੇਂਟ ਕਰ ਰਿਹਾ ਹੈ।ਇਸ ਪੁਸਤਕ ਦੀ ਆਮਦ ‘ਤੇ ਮੈਂ ਇਸਦਾ ਨਿੱਘਾ ਸਵਾਗਤ ਕਰਦਾ ਹਾਂ ਤੇ ਲੇਖਕ ਨੂੰ ਇਸ ਸ਼ਾਨਦਾਰ ਰਚਨਾਕਾਰੀ ਲਈ ਹਾਰਦਿਕ ਮੁਬਾਰਕਬਾਦ ਭੇਂਟ ਕਰਦਾ ਹਾਂ।
ਮੈਨੂੰ ਵਿਸ਼ਵਾਸ ਹੈ ਕਿ ਇਸ ਪੁਸਤਕ ਦੀ ਰਚਨਾ ਕਰਨ ਨਾਲ ਦੇਸ਼ ਬੀਰ ਦੀ ਸਿਰਜਣਾਤਮਿਕ ਸਮਰੱਥਾ ਨੂੰ ਹੋਰ ਰਚਨਾਤਮਿਕ ਉਛਾਲ ਮਿਲੇਗਾ।ਮੈਂ ਇਹ ਵੀ ਕਹਿ ਸਕਦਾ ਹਾਂ ਕਿ ਇਸ ਪੁਸਤਕ ਦੀ ਵਰਣਾਤਮਿਕ ਅਭਿਵਿਅਕਤੀ ਨੂੰ ਪਾਠਕ ਹੁੱਬ ਕੇ ਪੜ੍ਹਨਗੇ। ਬਾਰੀਕ ਪਾਠਗਤ ਅਧਿਐਨ ਕਰਨ ਵਾਲੇ ਪਾਠਕ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਗੇ ਕਿ ਉਨ੍ਹਾਂ ਨੂੰ ਅਜਿਹੀ ਬਹੁਮੁੱਲੀ ਪੁਸਤਕ ਨੂੰ ਪੜ੍ਹਨ ਦਾ ਅਵਸਰ ਪ੍ਰਾਪਤ ਹੋ ਸਕਿਆ ਹੈ।



