ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੁਸਤਕ ਸਭਿਆਚਾਰ ਦੀ ਜਦੋਂ ਵੀ ਗੱਲ ਛਿੜੇਗੀ ਤਾਂ ਪੁਸਤਕ ਸਭਿਆਚਾਰ ਵਿੱਚ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੇ ਉਚੇਚੇ ਯਤਨਾਂ ਸਦਕਾ ਛਪੀਆਂ ਪੁਸਤਕਾਂ..’ਤੇ ਦੇਵ ਪੁਰਸ਼ ਹਾਰ ਗਏ’ ਅਤੇ ‘ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ’ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲਂ’ ਪ੍ਰਕਾਸ਼ਿਤ ਪੁਸਤਕ ‘ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ’ ਦੀ ਗੱਲ ਜ਼ਰੂਰ ਤੁਰੇਗੀ। ਇਹਨਾਂ ਕਿਤਾਬਾਂ ਨੇ ਪੁਸਤਕ ਸਭਿਆਚਾਰ ਦੇ ਖੇਤਰ ਵਿੱਚ ਨਿਵੇਕਲੀ ਹਲ ਚਲ ਪੈਦਾ ਕੀਤੀ। ਤਰਕਸ਼ੀਲ ਸੁਸਾਇਟੀ ਵੱਲੋਂ ਤਰਕਸ਼ੀਲ ਵਿਗਿਆਨਕ ਵਿਚਾਰਾਂ ਦੀ ਮੁਹਿੰਮ ਦੇ ਰੂਪ ਵਿੱਚ ਪੰਜਾਬ ਅੰਦਰ ਹੋਇਆ ਵਧਾਰਾ ਪਸਾਰਾ ਪੰਜਾਬੀ ਪੁਸਤਕ ਸਭਿਆਚਾਰ ਲਈ ਨਵੇਂ ਦੁਆਰ ਖੋਲ੍ਹਣ ਵਿੱਚ ਸਫਲ ਹੋਇਆ। ਪੰਜਾਬ ਦੀ ਨੌਜਵਾਨ ਪੀੜ੍ਹੀ ਖਾਸ ਕਰਕੇ ਅਤੇ ਵੱਖ-ਵੱਖ ਤਬਕਿਆਂ ਦੀਆਂ ਲੋਕ- ਪੱਖੀ ਲਹਿਰਾਂ ਦੇ ਕਾਮਿਆਂ ਦੇ ਹੱਥਾਂ ਚ ਤਰਕਸ਼ੀਲ ਸਾਹਿਤ ਅਤੇ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਦਾ ਸਾਹਿਤ ਇਉਂ ਆਇਆ ਜਿਵੇਂ ਕਿਸੇ ਦੌਰ ਵਿੱਚ ਪ੍ਰੀਤ ਲੜੀ ਜਾਂ ਉਸ ਦੁਆਰਾ ਪ੍ਰਕਾਸ਼ਿਤ ਸਾਹਿਤ ਨੇ ਥਾਂ ਮੱਲਿਆ ਸੀ। ਇੱਕ ਸਮਾਂ ਉਹ ਵੀ ਆਇਆ ਜਦੋਂ ਪੁਸਤਕਾਂ ਰੰਗ ਮੰਚ ਦੇ ਪਿੜ ਰਾਹੀਂ ਲੋਕਾਂ ਤੱਕ ਪੁੱਜੀਆਂ। ਵੰਨ- ਸੁਵੰਨੀਆਂ ਕਿਤਾਬਾਂ ਗੁਰਸ਼ਰਨ ਭਾਅ ਜੀ ਦੇ ਉਚੇਚੇ ਯਤਨ ਰਾਹੀਂ ਲੋਕਾਂ ਤੱਕ ਪੁੱਜੀਆਂ। ਇੱਕ ਸ਼ਖ਼ਸੀਅਤ ਦਾ ਉੱਦਮ ਪੁਸਤਕ ਸਭਿਆਚਾਰ ਦੇ ਖੇਤਰ ਵਿਚ ਐਨਾ ਰੰਗ ਲੈ ਕੇ ਆਇਆ ਜਿੰਨਾ ਰੰਗ ਸ਼ਾਇਦ ਜੱਥੇਬੰਦੀਆਂ ਵੀ ਨਹੀਂ ਖੇੜ ਰਹੀਆਂ ਜਦੋਂ ਕਿ ਉਹ ਕਰਨ ਦੇ ਸਮਰੱਥ ਵੀ ਨੇ ਜੇ ਥੋੜ੍ਹਾ ਜਿਹਾ ਵੀ ਹੋਰ ਧਿਆਨ ਦੇਣ ਤਾਂ ਉਹ ਅੱਜ ਪੰਜਾਬ ਦੇ ਹਜ਼ਾਰਾਂ ਹੱਥਾਂ ਤੱਕ ਕਿਤਾਬਾਂ ਪੁੱਜਦੀਆਂ ਕਰ ਸਕਦੀਆਂ ਹਨ। ਇਹਨਾਂ ਕਿਤਾਬਾਂ ਰਾਹੀਂ ਉਹ ਮਨ ਅੰਦਰ ਰੌਸ਼ਨੀ ਦਾ ਪੂਰਾ ਖੇੜਾ ਲਿਆ ਸਕਦੀਆਂ ਹਨ। ਇਹ ਵਿਚਾਰਾਂ ਦੀ ਰੌਸ਼ਨੀ ਜੱਥੇਬੰਦੀਆਂ ਦੀਆਂ ਦੀਆਂ ਸਰਗਰਮੀਆਂ ਨੂੰ ਸਰਵ- ਪੱਖੀ ਤਾਕਤ ਮੁੱਹਈਆ ਕਰਨ ਦਾ ਕੰਮ ਕਰੇਗੀ। ਨਿੱਕੜੇ ਕਿਤਾਬਚੇ ਤੋਂ ਸ਼ੁਰੂ ਕਰਕੇ ਪੜ੍ਹਨ ਦੀ ਰੁਚੀ ਪੈਦਾ ਕਰਦੇ ਹੋਏ ਘੋਲਾਂ ਵਿਚ ਸਰਗਰਮ ਕਾਮਿਆਂ ਲਈ ਸਟੱਡੀ ਸਰਕਲ ਦਾ ਸਿਲੇਬਸ ਮੰਨ ਕੇ ਪੁਸਤਕ ਸਭਿਆਚਾਰ ਨੂੰ ਗਿਣਨਯੋਗ ਹੁਲਾਰਾ ਦੇ ਸਕਦੀਆਂ ਨੇ ਇਹ ਸੰਸਥਾਵਾਂ।
ਇਸ ਦਿਸ਼ਾ ਵੱਲ ਵਿਸ਼ੇਸ਼ ਉੱਦਮ ਜੁਟਾਉਣ ‘ਚ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ, ਤਰਕਸ਼ੀਲ ਵੈਨ ਦਾ ਸਕੂਲ ਤੋਂ ਸਕੂਲ ਤੱਕ ਪਹੁੰਚ ਕਰਨ ਅਤੇ ਪ੍ਰੀਖਿਆਵਾਂ ਲੈਣ ਦਾ ਰੁਝਾਨ ਕਾਬਲੇ ਤਾਰੀਫ਼ ਹੈ। ਇਸ ਰੌਸ਼ਨੀ ਦੇ ਕਾਫ਼ਲੇ ਦੀ ਇੱਕ ਕਿਰਨ, ਅਮਿਤ ਮਿੱਤਰ ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਆਮਦ ਤੇ ਅੱਜ ਸਨਮਾਨ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਅਮਿਤ ਮਿੱਤਰ ਦਾ ਕਿਤਾਬਾਂ ਦੇ ਸੈੱਟ ਭੇਂਟ ਕਰਦੇ ਹੋਏ ਕਮੇਟੀ ਵੱਲੋਂ ਸਨਮਾਨ ਕੀਤਾ। ਅਮਿਤ ਮਿੱਤਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਅੰਦਰ ਵਿਗਿਆਨਕ, ਸਮਾਜਿਕ ਅਤੇ ਜਮਾਤੀ ਸੂਝ ਬੂਝ ਦੇ ਚਾਨਣ ਦਾ ਛੱਟਾ ਦੇਣ ਲਈ ਹਮੇਸ਼ਾਂ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਆਪਣੀਆਂ ਸੇਵਾਵਾਂ ਅਰਪਿਤ ਕਰਦੇ ਹੋਏ ਖੁਸ਼ੀ ਅਤੇ ਮਾਣ ਮਹਿਸੂਸ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly